ਫ਼ਿਲਮੀ ਦੁਨੀਆਂ ਦਾ ਕੋਹਿਨੂਰ ਹੀਰਾ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਅਸਲ ਵਿਚ ਐੱਸ.ਪੀ. ਬਾਲਾਸੁਬਰਾਮਣੀਅਮ ਭਾਰਤੀ ਫ਼ਿਲਮਾਂ ਦੀ ਪਿੱਠਵਰਤੀ ਗਾਇਕੀ ਦੇ ਇਤਿਹਾਸ ਵਿਚ ਇਕ ਅਜਿਹਾ ਜ਼ਿੰਦਾਦਿਲ ਗਾਇਕ ਹੋਇਆ ਹੈ ਜਿਸ ਨੇ ਕਲਪਨਾ ਤੋਂ ਜ਼ਿਆਦਾ ਹਾਸਲ ਕੀਤਾ। ਉਸ ਨੇ 40,000 ਤੋਂ ਜ਼ਿਆਦਾ ਗੀਤ ਦੇਸ਼ ਦੀਆਂ 16 ਵਿਭਿੰਨ ਭਾਸ਼ਾਵਾਂ ਵਿਚ ਵੱਖ-ਵੱਖ ਸਿਤਾਰਿਆਂ ਲਈ ਗਾਏ।
ਅਸਲ ਵਿਚ ਅਸੀਂ ਉਸ ਦੇ ਚੇਨੱਈ ਵਾਲੇ ਘਰ ਅਤੇ ਮੁੰਬਈ ਵਿਚ ਜਦੋਂ ਵੀ ਮਿਲੇ ਤਾਂ ਇਉਂ ਲੱਗਦਾ ਸੀ ਜਿਵੇਂ ਤੁਸੀਂ ਮਿਠਾਸ ਵਿਚ ਭਿੱਜ ਕੇ ਕਿਸੇ ਨਾਲ ਗੱਲ ਕਰ ਰਹੇ ਹੋ। ਸ਼ਬਦਾਂ ਦੀ ਜਾਦੂਗਰੀ ਤੇ ਆਪਣੀ ਮਖ਼ਮਲੀ ਆਵਾਜ਼ ਨਾਲ ਬਾਲਾ ਨੇ ਆਪਣੀ ਖੁਸ਼ਬੂ ਇਉਂ ਬਿਖੇਰੀ ਕਿ ਜ਼ਮਾਨਾ ਅਸ਼-ਅਸ਼ ਕਰ ਉੱਠਿਆ।
ਆਪਣੀ ਮਾਂ ਬੋਲੀ ਹਿੰਦੀ ਨਾ ਹੋਣ ਦੇ ਬਾਵਜੂਦ ਉਸ ਨੂੰ ਕਦੇ ਹਿੰਦੀ ਤੇ ਉਰਦੂ ਉਚਾਰਣ ਵਿਚ ਕੋਈ ਦਿੱਕਤ ਨਹੀਂ ਸੀ ਹੋਈ। ਇਕ ਹੋਰ ਮਜ਼ੇਦਾਰ ਗੱਲ ਹੈ ਕਿ ਉਹ ਕਈ ਭਾਸ਼ਾਵਾਂ ਵਿਚ ਫ਼ਿਲਮਾਂ ਦੇ ਸੰਵਾਦ ਦੀ ਡਬਿੰਗ ਵੀ ਕਰਦਾ ਸੀ। ਯਕੀਨ ਹੀ ਨਹੀਂ ਆਉਂਦਾ ਕਿ ਇਹ ਬੇਹੱਦ ਸ਼ਾਨਦਾਰ ਕਲਾਕਾਰ ਇੰਜ ਕਰੋਨਾ ਦੀ ਭੇਟ ਚੜ੍ਹ ਗਿਆ।
ਹਿੰਦੀ ਵਿਚ ਸੈਂਕੜੇ ਫ਼ਿਲਮਾਂ ਦੇ ਗੀਤ ਬਾਲਾ ਨੇ ਗਾਏ। ਬੇਹੱਦ ਚਰਚਿਤ ਫ਼ਿਲਮ ‘ਹਮ ਆਪਕੇ ਹੈਂ ਕੌਨ’ ਅਤੇ ‘ਰੋਜ਼ਾ’ ਦੇ ਬੇਹੱਦ ਮਕਬੂਲ ਗੀਤ ਗਾਏ। ‘ਰੋਜ਼ਾ’ ਦੇ ਲਰਜ਼ਦੇ ਗੀਤਾਂ ਤੇ ਏ.ਆਰ. ਰਹਿਮਾਨ ਦੀਆਂ ਸੰਗੀਤਕ ਧੁਨਾਂ ਨੇ ਭਾਰਤੀ ਫ਼ਿਲਮੀ ਸੰਗੀਤ ਨੂੰ ਇਕ ਨਵੀਂ ਜ਼ਮੀਨ ਦਿੱਤੀ।
ਬਾਲਾ ਨਾਲ ਜਦੋਂ ਵੀ ਗੱਲ ਹੋਈ ਉਹ ਜ਼ਿੰਦਗੀ ਦੀ ਰਵਾਨੀ ਨਾਲ ਭਰੇ ਲੱਗੇ ਸਨ। ਇਹ ਸਮਾਂ ਉਹ ਹੁੰਦਾ ਸੀ ਜਦੋਂ ਉਹ ਪੂਣੇ, ਮੁੰਬਈ, ਚੇਨੱਈ ਆਪਣੀ ਰਿਕਾਰਡਿੰਗ ਦੇ ਛਿਣਾਂ ’ਚੋਂ ਕੁਝ ਪਲ ਆਪਣੇ ਦੋਸਤਾਂ ਲਈ ਕੱਢਦਾ ਸੀ ਤੇ ਹਮੇਸ਼ਾ ਕੁਝ ਨਾ ਕੁਝ ਗੁਣਗੁਣਾਉਂਦਾ ਰਹਿੰਦਾ।
ਕਈ ਦਿਨਾਂ ਤੋਂ ਉਹ ਕਰੋਨਾ ਨੂੰ ਮਾਤ ਦੇ ਰਿਹਾ ਸੀ ਤੇ ਉਸ ਦਾ ਪੁੱਤਰ ਚਰਨ ਵੀ ਇਹ ਹੀ ਕਹਿੰਦਾ ਸੀ ਕਿ ਪਾਪਾ ਜ਼ਿੰਦਾ ਰਹਿਣਗੇ, ਪਰ ਇਸ ਲੜਾਈ ’ਚ ਮੌਤ ਨੇ ਉਸ ਨੂੰ ਹਰਾ ਦਿੱਤਾ।
ਬਾਲਾਸੁਬਰਾਮਣੀਅਮ ਇੰਜਨੀਅਰ ਬਣਨਾ ਚਾਹੁੰਦਾ ਸੀ, ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਉਸ ਦੇ ਹਿੱਸੇ ਵਿਚ ਤਾਂ ਸੰਗੀਤ ਦੀਆਂ ਬੁਲੰਦੀਆਂ ਲਿਖੀਆਂ ਸਨ। ਬਾਲਾ ਨੇ ਇਕੋ ਦਿਨ ਵਿਚ 21 ਕੰਨੜ ਗੀਤ ਰਿਕਾਰਡ ਕਰਵਾ ਕੇ ਨਵਾਂ ਰਿਕਾਰਡ ਬਣਾ ਲਿਆ ਸੀ।
ਬਾਲਾਸੁਬਰਾਮਣੀਅਮ ਦਾ ਪੂਰਾ ਨਾਂ ਸ੍ਰੀਪਤੀ ਪੰਡਿਤਅਰਾਧੇਉਲਾ ਬਾਲਾਸੁਬਰਾਮਣੀਅਮ ਸੀ। ਮਦਰਾਸ ਦੇ ਕੋਨੇਟਾਮਾਪੇਟ ਵਿਚ ਪੈਦਾ ਹੋਇਆ। 15 ਦਸੰਬਰ 1966 ਨੂੰ ਪਹਿਲੀ ਤੇਲਗੂ ਫ਼ਿਲਮ ਸ੍ਰੀਸ੍ਰੀਸ੍ਰੀ ਰਾਮੰਨਾ ਵਿਚ ਗੀਤ ਗਾਏ ਤੇ ਫਿਰ ਗੁੱਡੀ ਚੜ੍ਹਦੀ ਗਈ। ਬਾਲਾ ਆਪਣੇ ਸਮੇਂ ਦਾ ਮਹਾਨ ਗਾਇਕ ਸੀ। ਦੋ ਬੱਚਿਆਂ ਪਲਵੀ ਤੇ ਚਰਨ ਦਾ ਪਿਤਾ ਬਾਲਾ ਦੂਸਰਿਆਂ ਤੋਂ ਹਮੇਸ਼ਾ ਅਲੱਗ ਰਿਹਾ।
ਸਮੇਂ ਦੀਆਂ ਘਟਨਾਵਾਂ ਦੇ ਨਾਲ ਉਮਰ ਤੇ ਸਮਾਜਿਕ ਸਰੋਕਾਰਾਂ ਨੂੰ ਜੋੜ ਕੇ ਊਸ ਨੇ ਉਨ੍ਹਾਂ ਫ਼ਿਲਮਾਂ ’ਚ ਗਾਇਆ ਜਿਹੜੀਆਂ ਬਾਅਦ ਵਿਚ ਲੋਕਾਂ ਦੀ ਆਵਾਜ਼ ਬਣੀਆਂ ਸਨ। ਹਿੰਦੀ ਜਗਤ ਉਸ ਦੀ ਮਖ਼ਮਲੀ ਆਵਾਜ਼ ਦਾ ਸ਼ੈਦਾਈ ਸੀ। ਗਾਇਕੀ ਦੇ ਸਿਖ਼ਰ ਲਈ ਉਸ ਨੂੰ ਛੇ ਵਾਰ ਨੈਸ਼ਨਲ ਐਵਾਰਡ ਤੇ ਪਦਮਸ਼੍ਰੀ ਤੇ ਪਦਮ ਭੂਸ਼ਣ ਵਰਗੇ ਪੁਰਸਕਾਰਾਂ ਨਾਲ ਵੀ ਨਿਵਾਜਿਆ ਗਿਆ।
ਬਾਲਾ ਨੇ ਤੇਲਗੂ, ਤਾਮਿਲ, ਕੰਨੜ, ਮਲਿਆਲਮ ਤੇ ਹਿੰਦੀ ਫ਼ਿਲਮਾਂ ਲਈ ਪਿੱਠਵਰਤੀ ਗਾਇਨ ਦੇ ਨਾਲ ਨਾਲ ਅਦਾਕਾਰੀ ਵੀ ਕੀਤੀ। ਬਾਲੂ ਅਤੇ ਐਸ.ਪੀ. ਦਾ ਨਾਂ ਉਸ ਦੇ ਦੋਸਤਾਂ ਦੇ ਦਾਇਰੇ ’ਚ ਆਮ ਸੀ। ਉਸ ਦੀ ਇੱਛਾ ਪੰਜਾਬੀ ਵਿਚ ਗੁਰਬਾਣੀ ਨੂੰ ਗਾਉਣ ਦੀ ਸੀ। ਇਸ ਲਈ ਉਹਨੇ ਸਦਾ ਸਮਾਂ ਕੱਢਣ ਦੀ ਗੱਲ ਕੀਤੀ ਸੀ, ਪਰ ਉਹ ਸੁਭਾਗਾ ਸਮਾਂ ਨਹੀਂ ਆ ਸਕਿਆ।
ਬਾਲਾ ਦੀ ਪਹਿਲੀ ਹਿੰਦੀ ਫ਼ਿਲਮ ‘ਏਕ ਦੂਜੇ ਕੇ ਲੀਏ’ ਹਿੱਟ ਹੋਈ ਤਾਂ ਉਹ ਬੇਹੱਦ ਖ਼ੁਸ਼ ਸੀ ਕਿ ਉਸ ਨੂੰ ਹਿੰਦੀ ਵਾਲਿਆਂ ਨੇ ਸਵੀਕਾਰਿਆ ਤਾਂ ਸਹੀ। ਇਸ ਫ਼ਿਲਮ ਲਈ ਵੀ ਬਾਲਾ ਨੂੰ ਕੌਮੀ ਐਵਾਰਡ ਮਿਲਿਆ ਸੀ। ਹਿੰਦੀ ਫ਼ਿਲਮ ‘ਮੈਨੇ ਪਿਆਰ ਕੀਆ’ ਇਕ ਹੋਰ ਸੁਪਰ ਹਿੱਟ ਫ਼ਿਲਮ ਸੀ। ਤੇਲਗੂ ਫਿ਼ਲਮਾਂ ਦਾ ਸਭ ਤੋਂ ਵੱਡਾ ਪੁਰਸਕਾਰ ਨੰਦੀ ਫ਼ਿਲਮ ਐਵਾਰਡ ਵੀ ਉਸ ਨੂੰ ਮਿਲ ਚੁੱਕਿਆ ਹੈ।
ਮੇਰੇ ਚੇਤੇ ਦੀ ਚੰਗੇਰ ਵਿਚ ਬਾਲਾ ਦਾ ਸਾਫ਼ਗੋਈ ਵਾਲਾ ਤੇ ਸਾਦਾ ਸੁਭਾਅ ਅੱਜ ਵੀ ਜ਼ਿੰਦਾ ਹੈ। ਅਸਲ ਵਿਚ ਬਾਲਾ ਹਰਫ਼ਨਮੌਲਾ ਸ਼ਖ਼ਸੀਅਤ ਸੀ ਜਿਸ ਦੇ ਕਈ ਰੂਪ ਤੇ ਰੰਗ ਸਨ, ਪਰ ਸਾਰੇ ਸਮਾਜਿਕ ਸਮਰਸਤਾ ਤੇ ਕਲਾ ਸੰਗੀਤ ਨੂੰ ਪ੍ਰਣਾਏ ਹੋਏ।
ਬਾਲਾ ਦੀਆਂ ਯਾਦਾਂ ਅਸਲ ਵਿਚ ਟੁੱਟੇ ਖੰਭਾਂ ਦੀਆਂ ਕਾਤਰਾਂ ਹਨ ਜੋ ਆਪਣੇ ਸੁਰਮਈ ਰੰਗਾਂ, ਕਾਸ਼ਨੀ ਯਾਦਾਂ ਨਾਲ ਦਿਲ ਦੇ ਗੁਲਾਬਾਂ ਨੂੰ ਵਿੰਨ੍ਹ ਰਹੀਆਂ ਹਨ। ਇਕ ਸੱਜਰੀ ਮਹਿਕ ਹੈ ਬਾਲਾ ਦੀ ਯਾਦ ਵਿਚ।
ਉਹ ਪਦਮ ਨੀਲਾ (ਸਿੰਗਿਗ ਮੂਨ) ਅਰਥਾਤ ਗਾਉਂਦਾ ਹੋਇਆ ਚੰਦ ਸੀ। ਉਹ ਜ਼ਿੰਦਗੀ ਨੂੰ ਬੇਹੱਦ ਪਿਆਰ ਕਰਦਾ ਸੀ। ਉਹ ਕਈ ਵਾਰੀ ਕਹਿੰਦਾ ਸੀ: ਮੇਰਾ ਜੀਅ ਕਰਦਾ ਹੈ ਕਿ ਮੈਂ ਕਈ ਸੌ ਵਰ੍ਹੇ ਜ਼ਿੰਦਗੀ ਦੇ ਮਾਣਾਂ। ਆਈ ਲਵ ਲਾਈਫ! ਵੇਖਦਾ ਹਾਂ, ਭਗਵਾਨ ਕਿੰਨੀਆਂ ਜ਼ਿੰਦਗੀਆਂ ਮੈਨੂੰ ਦਿੰਦਾ ਹੈ ਤੇ ਫਿਰ ਹੱਸਦਿਆਂ-ਹੱਸਦਿਆਂ ਕਹਿੰਦਾ ਸੀ, ‘‘ਫਿਰ ਮੈਂ ਭਗਵਾਨ ਦੇ ਦਰਬਾਰ ’ਚ ਗਾਵਾਂਗਾ ‘ਸਾਥੀਆ ਤੂਨੇ…’।’’ ਅਜਿਹੀ ਲਾਸਾਨੀ ਆਵਾਜ਼ ਵਾਲੀ ਬੇਬਾਕ ਅਭਿਵਿਅਕਤੀ ਸੀ ਐੱਸ.ਪੀ. ਬਾਲਾਸੁਬਰਾਮਣੀਅਮ।
ਸੰਪਰਕ: 94787-30156