ਸੁਪਿੰਦਰ ਸਿੰਘ ਰਾਣਾ
“ਮੈਨੂੰ ਬਚਾਅ ਲਓ। ਮੈਂ ਮਰਨਾ ਨ੍ਹੀਂ ਚਾਹੁੰਦਾ। ਬੀਬੀ ਮੈਨੂੁੰ ਮੁਆਫ਼ ਕਰ ਦੇ।’’ ਇਹ ਆਵਾਜ਼ਾਂ ਮੈਨੂੰ ਅੱਜ ਵੀ ਕਈ ਵਾਰ ਯਾਦ ਆ ਜਾਂਦੀਆਂ ਨੇ। ਇਹ ਤਰਲੇ ਮਾਮੇ ਦੇ ਮੁੰਡੇ ਦਾ ਆੜੀ ਜਰਨੈਲ ਪਾ ਰਿਹਾ ਸੀ। ਹੁਣ ਵੀ ਜਦੋਂ ਕਿਸੇ ਖ਼ੁਦਕੁਸ਼ੀ ਦੀ ਖ਼ਬਰ ਪੜ੍ਹ, ਸੁਣ ਲੈਂਦਾ ਹਾਂ ਤਾਂ ਉਹ ਯਾਦ ਆ ਜਾਂਦਾ ਹੈ। ਮਾਮੇ ਦਾ ਗਭਲਾ ਮੁੰਡਾ ਤਾਰਾ ਸੋਹਣਾ ਗੱਭਰੂ ਜਵਾਨ ਨਿਕਲਿਆ। ਹਰ ਸਮੇਂ ਚਿਹਰੇ ’ਤੇ ਮੁਸਕਰਾਹਟ। ਉਹ ਵਾਲੀਬਾਲ ਦਾ ਵਧੀਆ ਖਿਡਾਰੀ ਸੀ। ਇਸ ਕਾਰਨ ਉਸ ਦੇ ਮਿੱਤਰ ਬਹੁਤ ਸਨ। ਇਉਂ ਹੀ ਨੇੜਲੇ ਪਿੰਡ ਦੇ ਜਰਨੈਲ ਨਾਲ ਉਸ ਦੀ ਆੜੀ ਪੈ ਗਈ। ਉਹ ਭਾਵੇਂ ਉਮਰ ਵਿੱਚ ਉਸ ਨਾਲੋਂ ਵੱਡਾ ਸੀ, ਪਰ ਮਿਲਣਸਾਰ ਘੱਟ ਨਹੀਂ ਸੀ। ਪਹਿਲੀ ਮੁਲਾਕਾਤ ਵਿੱਚ ਦੂਜੇ ਨੂੰ ਆਪਣਾ ਬਣਾ ਲੈਂਦਾ। ਤਾਰੇ ਨਾਲ ਕਈ ਵਾਰ ਉਹ ਸਾਡੇ ਘਰ ਆਇਆ। ਕਰੀਬ ਸਾਰੀਆਂ ਰਿਸ਼ਤੇਦਾਰੀਆਂ ਵਿੱਚ ਉਸ ਦੀ ਪਛਾਣ ਬਣ ਗਈ। ਤਾਰਾ ਉਸ ਨੂੰ ਵੱਡਾ ਭਰਾ ਹੀ ਸਮਝਦਾ ਸੀ।
ਜਰਨੈਲ ਦੇ ਘਰ ਅਸੀਂ ਕਈ ਵਾਰ ਗਏ। ਵੱਡਾ ਸਾਰਾ ਘਰ। ਉਨ੍ਹਾਂ ਦਾ ਟਰੱਕਾਂ ਦਾ ਕਾਰੋਬਾਰ ਸੀ। ਉਹ ਛੇ ਭਰਾ ਤੇ ਇੱਕ ਭੈਣ ਸਨ। ਸਾਰੇ ਹੀ ਵਿਆਹੇ ਹੋਏ ਸਨ, ਪਰ ਜਰਨੈਲ ਅਜੇ ਕੁਆਰਾ ਸੀ। ਘਰ ਵਿੱਚੋਂ ਸਭ ਨਾਲੋਂ ਵੱਧ ਪੜ੍ਹਿਆ ਲਿਖਿਆ ਹੋਣ ਕਾਰਨ ਬਾਹਰ ਅੰਦਰ ਦੇ ਕੰਮ ਉਹੀ ਕਰਦਾ। ਉਸ ਦੇ ਭਰਾ ਟਰੱਕ ਲੈ ਕੇ ਦੂਰ ਦੁਰਾਡੇ ਜਾਂਦੇ ਰਹਿੰਦੇ ਸਨ। ਪੈਸਿਆਂ ਦੇ ਦੇਣ-ਲੈਣ ਲਈ ਉਸ ਨੂੰ ਸ਼ਹਿਰਾਂ ਵਿੱਚ ਗੇੜੇ ਮਾਰਨੇ ਪੈਂਦੇ। ਇਸ ਕਾਰਨ ਉਹ ਆਨੀ ਬਹਾਨੀ ਸਾਡੇ ਕੋਲ ਆ ਜਾਂਦਾ। ਅਸੀਂ ਉਸ ਨੂੰ ਆਪਣਾ ਭਰਾ ਹੀ ਸਮਝਦੇ ਸਾਂ। ਮਾਮੀ ਨੂੰ ਉਹਦਾ ਤੇ ਮੇਰਾ ਭੁਲੇਖਾ ਪੈਂਦਾ ਰਹਿੰਦਾ ਸੀ। ਉਸ ਦੀ ਸ਼ਕਲ ਮੇਰੇ ਨਾਲ ਕਾਫ਼ੀ ਮਿਲਦੀ ਜੁਲਦੀ ਸੀ। ਉਨ੍ਹਾਂ ਦਿਨਾਂ ਵਿੱਚ ਮੋਬਾਈਲ ਫੋਨ ਨਹੀਂ ਹੁੰਦੇ ਸਨ। ਸਿਰਫ਼ ਲੈਂਡਲਾਈਨ ਵੀ ਪਿੰਡ ਵਿੱਚ ਗਿਣਵੇਂ ਚੁਣਵੇਂ ਘਰਾਂ ਕੋਲ ਸਨ। ਇੱਕ ਦਿਨ ਤਾਰੇ ਦਾ ਫੋਨ ਆਇਆ। ਕਹਿਣ ਲੱਗਿਆ, ‘‘ਵੀਰ, ਛੇਤੀ ਨਾਲ ਚੰਡੀਗੜ੍ਹ ਸੈਕਟਰ 16 ਦੇ ਹਸਪਤਾਲ ਪਹੁੰਚ। ਜਰਨੈਲ ਨੇ ਕੀੜੇਮਾਰ ਦਵਾਈ ਪੀ ਲਈ। ਅਸੀਂ ਉਸ ਨੂੰ ਲੈ ਕੇ ਆ ਰਹੇ ਹਾਂ।’’ ਮੈਂ ਸਕੂਟਰ ਚੁੱਕ ਕੇ ਹਸਪਤਾਲ ਨੂੰ ਹੋ ਤੁਰਿਆ। ਰਸਤੇ ਵਿੱਚ ਸੋਚੀ ਜਾਵਾਂ ਕਿ ਜਰਨੈਲ ਨੂੰ ਅਜਿਹਾ ਕੀ ਹੋ ਗਿਆ ਜੋ ਉਸ ਨੂੰ ਦਵਾਈ ਪੀਣੀ ਪੈ ਗਈ।
ਜਦੋਂ ਹਸਪਤਾਲ ਪਹੁੰਚਿਆ ਤਾਂ ਦਸ ਕੁ ਮਿੰਟਾਂ ਵਿੱਚ ਤਾਰੇ ਹੋਰੀਂ ਜਰਨੈਲ ਨੂੰ ਲੈ ਕੇ ਪਹੁੰਚ ਗਏ। ਉਹ ਹਾੜੇ ਕੱਢ ਰਿਹਾ ਸੀ: ‘‘ਮੈਨੂੰ ਬਚਾਅ ਲਓ। ਮੈਂ ਮਰਨਾ ਨ੍ਹੀਂ ਚਾਹੁੰਦਾ। ਬੀਬੀ ਮੈਨੂੰ ਮੁਆਫ਼ ਕਰ ਦੇ।’’ ਉਹ ਉੱਚੀ-ਉੱਚੀ ਭੁੱਬਾਂ ਮਾਰ ਰਿਹਾ ਸੀ। ਉਸ ਦਾ ਸੰਘ ਬੈਠ ਗਿਆ। ਆਵਾਜ਼ ਆਉਣੀ ਘਟ ਗਈ। ਸਟਰੈਚਰ ’ਤੇ ਪਾ ਕੇ ਅਸੀਂ ਉਸ ਨੂੰ ਐਮਰਜੈਂਸੀ ਵਾਰਡ ’ਚ ਲੈ ਗਏ। ਡਾਕਟਰਾਂ ਨੇ ਸਾਨੂੰ ਬਾਹਰ ਕੱਢ ਦਿੱਤਾ। ਸਿਰਫ਼ ਤਾਰਾ ਹੀ ਅੰਦਰ ਸੀ। ਅਸੀਂ ਸ਼ੀਸ਼ੇ ਵਿੱਚੋਂ ਅੰਦਰ ਦੇਖ ਰਹੇ ਸਾਂ। ਤਾਰਾ ਡਾਕਟਰਾਂ ਕੋਲ ਖੜ੍ਹਾ ਕੁਝ ਬੋਲ ਰਿਹਾ ਸੀ। ਡਾਕਟਰ ਜਰਨੈਲ ਦੀਆਂ ਅੱਖਾਂ ਵਿੱਚ ਬੈਟਰੀ ਦੀ ਰੌਸ਼ਨੀ ਨਾਲ ਕੁਝ ਦੇਖ ਰਹੇ ਜਾਪਦੇ ਸਨ। ਹੋਰ ਮਰੀਜ਼ ਆਉਣ ’ਤੇ ਸੁਰੱਖਿਆ ਕਰਮੀਆਂ ਨੇ ਸਾਨੂੰ ਬਾਹਰ ਕੱਢ ਦਿੱਤਾ। ਅਸੀਂ ਤਿੰਨ ਚਾਰ ਸਾਥੀ ਬਾਹਰ ਜਾ ਕੇ ਬੈਠ ਗਏ। ਅਸੀਂ ਬਾਹਰ ਬੈਠੇ ਅਰਦਾਸਾਂ ਕਰ ਰਹੇ ਸੀ ਕਿ ਜਰਨੈਲ ਨੂੰ ਕੁਝ ਨਾ ਹੋਵੇ। ਸਾਡੇ ਵਿੱਚੋਂ ਇੱਕ ਦੱਸਣ ਲੱਗਿਆ ਕਿ ਜਰਨੈਲ ਸਵੇਰੇ ਆਪਣੇ ਪਿਤਾ ਜੀ ਨਾਲ ਔਖਾ ਭਾਰਾ ਹੋ ਗਿਆ। ਗੁੱਸੇ ਵਿੱਚ ਆ ਕੇ ਉਸ ਨੇ ਦਵਾਈ ਪੀ ਲਈ। ਕਾਫ਼ੀ ਚਿਰ ਬਾਅਦ ਤਾਰਾ ਬਾਹਰ ਸਾਡੇ ਕੋਲ ਪਹੁੰਚ ਗਿਆ। ਅਸੀਂ ਪੁੱਛਿਆ, ‘‘ਕੀ ਹਾਲ ਏ ਹੁਣ?’’ ਉਹ ਕਹਿੰਦਾ ਕਿ ਡਾਕਟਰ ਕਹਿੰਦੇ ‘ਅਜੇ ਕੁਝ ਨਹੀਂ ਕਿਹਾ ਜਾ ਸਕਦਾ।’ ਜਰਨੈਲ ਉਲਟੀਆਂ ਕਰ ਰਿਹਾ ਸੀ।
ਉਸ ਦੀਆਂ ਅੱਖਾਂ ਬਾਹਰ ਨਿਕਲਣ ਵਾਲੀਆਂ ਹੋਈਆਂ ਪਈਆਂ ਹਨ। ਇੰਨੇ ਨੂੰ ਉਸ ਦੇ ਭਰਾ ਤੇ ਘਰ ਦੇ ਹੋਰ ਜੀਅ ਪਹੁੰਚ ਗਏ। ਸਾਰੇ ਸਾਡੇ ਕੋਲੋਂ ਉਸ ਦੀ ਹਾਲਤ ਬਾਰੇ ਪੁੱਛ ਰਹੇ ਸਨ। ਅਸੀਂ ਕਿਹਾ ਕਿ ਅਜੇ ਉਹ ਐਮਰਜੈਂਸੀ ਵਿੱਚ ਕਿਸੇ ਨੂੰ ਅੰਦਰ ਨਹੀਂ ਜਾਣ ਦੇ ਰਹੇ। ਜਰਨੈਲ ਦੇ ਨਾਮ ਦੀ ਪਰਚੀ ਬਾਹਰ ਆਈ ਤੇ ਅਸੀਂ ਦਵਾਈਆਂ ਲੈਣ ਚਲੇ ਗਏ। ਜਦੋਂ ਸਾਮਾਨ ਲੈ ਕੇ ਆਏ ਤਾਂ ਬਾਹਰ ਖੜ੍ਹੇ ਵਿਅਕਤੀ ਨੂੰ ਫੜਾ ਦਿੱਤਾ। ਅਸੀਂ ਦੇਖਿਆ ਕਿ ਉਹਦੇ ਮੂੰਹ ਵਿੱਚ ਪਾਈਪ ਜਿਹੀ ਫਸਾਈ ਹੋਈ ਸੀ। ਉਹ ਨਿਢਾਲ ਪਿਆ ਸੀ। ਛੇ ਸੱਤ ਘੰਟਿਆਂ ਦੀ ਮੁਸ਼ੱਕਤ ਮਗਰੋਂ ਉਸ ਨੇ ਅੱਖਾਂ ਖੋਲ੍ਹ ਲਈਆਂ। ਡਾਕਟਰਾਂ ਨੇ ਗੁਲੂਕੋਜ਼ ਲਾ ਕੇ ਉਸ ਨੂੰ ਐਮਰਜੈਂਸੀ ਵਿੱਚੋਂ ਅੱਗੇ ਰਿਕਵਰੀ ਰੂਮ ਵਿੱਚ ਭੇਜ ਦਿੱਤਾ। ਘਰਦਿਆਂ ਨੇ ਡਾਕਟਰਾਂ ਨੂੰ ਦੱਸਿਆ ਕਿ ਇਸ ਨੇ ਭੁਲੇਖੇ ਨਾਲ ਦਵਾਈ ਪੀ ਲਈ ਸੀ। ਅਸੀਂ ਲਿਖੀਆਂ ਦਵਾਈਆਂ ’ਤੇ ਪਾਸ ਬਣਾ ਲਿਆ। ਦੂਜੇ ਦਿਨ ਸਾਨੂੰ ਛੁੱਟੀ ਦੇ ਦਿੱਤੀ। ਹੌਲੀ-ਹੌਲੀ ਸਮਾਂ ਬੀਤਦਾ ਗਿਆ। ਪੰੰਜ ਕੁ ਦਿਨਾਂ ਮਗਰੋਂ ਤਾਰੇ ਨੂੁੰ ਨਾਲ ਲੈ ਕੇ ਅਸੀਂ ਚਾਰ ਦੋਸਤ ਜਰਨੈਲ ਦੇ ਘਰ ਪਹੁੰਚ ਗਏ।
ਹਾਲ-ਚਾਲ ਜਾਣਨ ਮਗਰੋਂ ਅਸੀਂ ਪੁੱਛਿਆ, ‘‘ਤੂੰ ਅਜਿਹਾ ਬੁਜ਼ਦਿਲੀ ਵਾਲਾ ਕਾਰਾ ਕਰਨ ਦੀ ਕਿਵੇਂ ਸੋਚੀ? ਆਪਣੇ ਮਾਪਿਆਂ, ਭੈਣ-ਭਰਾਵਾਂ ਤੇ ਸਾਡੇ ਬਾਰੇ ਕੁਝ ਨਾ ਸੋਚਿਆ?’’ ਤਾਰਾ ਆਖਣ ਲੱਗਿਆ, ‘‘ਬਾਈ, ਮੈਂ ਤੈਥੋਂ ਬਹੁਤ ਕੁਝ ਸਿੱਖਿਆ ਤੇ ਜਦੋਂ ਮੈਨੂੰ ਘਰਦਿਆਂ ਨੇ ਬਾਹਰ ਜਾਣ ਲਈ ਪੈਸੇ ਨਾ ਦਿੱਤੇ ਤਾਂ ਮੈਂ ਅਜਿਹਾ ਹੀ ਕਰਨ ਲੱਗਿਆ ਸੀ। ਤੈਨੂੰ ਯਾਦ ਏ ਤੂੰ ਮੈਨੂੰ ਕਿਹਾ ਸੀ ‘ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ, ਮੁਰਦਾ ਦਿਲ ਖਾਕ ਜੀਆ ਕਰਤੇ ਹੈਂ।’ ਤੂੰ ਹੀ ਮੈਨੂੰ ਹੌਸਲਾ ਦਿੱਤਾ ਸੀ ਤੇ ਅੱਜ ਤੂੰ ਇਸੇ ਰਾਹ ਪੈ ਗਿਆ!’’ ਅੱਗੋਂ ਜਰਨੈਲ ਕਹਿਣ ਲੱਗਿਆ, ‘‘ਯਾਰ, ਮੈਨੂੰ ਤਾਂ ਆਪ ਸਮਝ ਨ੍ਹੀਂ ਆਉਂਦੀ ਬਈ ਕਿਵੇਂ ਘਰਦਿਆਂ ਨਾਲ ਨਾਰਾਜ਼ ਹੋ ਕੇ ਗੁੱਸੇ ਵਿੱਚ ਇਹ ਕਾਰਾ ਕਰ ਲਿਆ। ਹੁਣ ਮੁੜ ਕੇ ਅਜਿਹਾ ਨਹੀਂ ਕਰਦਾ ਜਿਸ ਨਾਲ ਤੁਹਾਨੂੰ ਨਮੋਸ਼ੀ ਝੱਲਣੀ ਪਵੇ।’’ ਸਮਾਂ ਬੀਤਦਾ ਗਿਆ। ਉਹ ਫੇਰ ਸਾਡੇ ਘਰਾਂ ਵਿੱਚ ਆਉਣ ਲੱਗ ਪਿਆ। ਹੁਣ ਉਹ ਬਹੁਤਾ ਚੁੱਪ-ਚੁੱਪ ਜਿਹਾ ਰਹਿਣ ਲੱਗਿਆ। ਕੁਝ ਸਮੇਂ ਮਗਰੋਂ ਜਰਨੈਲ ਦਾ ਵਿਆਹ ਹੋ ਗਿਆ। ਉਧਰ, ਨੌਕਰੀ ਨਾ ਮਿਲਣ ਕਾਰਨ ਤਾਰਾ ਫਰਾਂਸ ਚਲਾ ਗਿਆ। ਹੁਣ ਜਰਨੈਲ ਸਾਡੇ ਕੋਲ ਤਾਰੇ ਤੋਂ ਬਿਨਾਂ ਹੀ ਆਉਣ ਲੱਗ ਪਿਆ। ਉਸ ਦੇ ਦੋ ਬੱਚੇ ਹਨ। ਉਸ ਦੀ ਪਤਨੀ ਅਕੈਡਮੀ ਵਿੱਚ ਪੜ੍ਹਾਉਣ ਲੱਗ ਪਈ। ਥੋੜ੍ਹੇ ਚਿਰ ਮਗਰੋਂ ਉਹ ਵੀ ਇਧਰੋਂ-ਉਧਰੋਂ ਜੁਗਾੜ ਕਰ ਕੇ ਇਟਲੀ ਚਲਾ ਗਿਆ। ਪਹਿਲਾਂ ਕੰਮ ਨਾ ਮਿਲਣ ਕਾਰਨ ਉਹ ਕਾਫ਼ੀ ਖੁਆਰ ਹੋਇਆ। ਫੇਰ ਕੰਮ ਮਿਲ ਗਿਆ। ਉਸ ਨੇ ਸਖ਼ਤ ਮਿਹਨਤ ਕੀਤੀ। ਬੱਚੇ ਵੱਡੇ ਹੋ ਗਏ। ਪੜ੍ਹਨ ਵਿੱਚ ਕਾਫ਼ੀ ਹੁਸ਼ਿਆਰ ਸਨ।
ਹੌਲੀ-ਹੌਲੀ ਦੋਵੇਂ ਬੱਚੇ ਜਰਨੈਲ ਨੇ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜ ਦਿੱਤੇ। ਜਰਨੈਲ ਦੇ ਦੋ ਭਰਾ ਗੁਜ਼ਰ ਗਏ। ਇੱਕੋ ਭਣੋਈਆ ਸੀ, ਉਹ ਵੀ ਗੁਜ਼ਰ ਗਿਆ। ਉਸ ਨੇ ਆਪਣੇ ਭਾਣਜੇ ਨੂੰ ਵੀ ਹਿੰਮਤ ਕਰ ਕੇ ਕੈਨੇਡਾ ਭੇਜਿਆ। ਉਸ ਨੇ ਮਿਹਨਤ ਕਰ ਕੇ ਜਿੱਥੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਉੱਥੇ ਭੈਣ ਭਰਾਵਾਂ ਦੇ ਬੱਚੇ ਵੀ ਠੀਹੇ ਲਾਉਣ ਵਿਚ ਕੋਈ ਕਸਰ ਨਾ ਛੱਡੀ। ਇਸ ਲਈ ਉਸ ਨੂੰ ਕਈਆਂ ਕੋਲੋਂ ਪੈਸੇ ਉਧਾਰ ਵੀ ਲੈਣੇ ਪਏ, ਪਰ ਉਸ ਨੇ ਹਿੰਮਤ ਨਾ ਹਾਰੀ। ਹੁਣ ਸਾਲ ਕੁ ਮਗਰੋਂ ਛੁੱਟੀ ਆ ਜਾਂਦਾ ਹੈ। ਸਾਨੂੰ ਮਿਲ ਕੇ ਜ਼ਰੂਰ ਜਾਂਦਾ ਹੈ। ਗੱਲਾਂ-ਬਾਤਾਂ ਵਿੱਚ ਪਿਛਲੇ ਸਮੇਂ ਨੂੰ ਯਾਦ ਕਰਦਾ ਤੇ ਪੁੱਟੀਆਂ ਨਵੀਆਂ ਪੁਲਾਂਘਾਂ ਦੀ ਖ਼ੁਸ਼ੀ ਵੀ ਮਹਿਸੂਸ ਕਰਦਾ ਹੈ। ਅੱਜ ਉਹ ਆਪਣੇ ਭੈਣ-ਭਰਾਵਾਂ ਅਤੇ ਦੋਸਤਾਂ ਦੇ ਕੰਮ ਆਇਆ। ਹੁਣ ਮੈਨੂੰ ਉਹ ਜ਼ਿੰਦਗੀ ਦੇ ਸੰਘਰਸ਼ ਵਿੱਚ ਇੱਕ ਹਾਰ ਮਗਰੋਂ ਜੇਤੂ ਜਰਨੈਲ ਬਣਿਆ ਦਿਖਾਈ ਦਿੰਦਾ ਹੈ।
ਸੰਪਰਕ: 98152-33232