ਡਾ. ਸਤਿੰਦਰ ਪਾਲ ਸਿੰਘ
ਵਿਕਾਰ ਅਤੇ ਮਾਇਆ ਦੇ ਬੰਧਨ ਮਨ ਨੂੰ ਕਠੋਰ ਬਣਾ ਦਿੰਦੇ ਹਨ। ਸੱਚ ਦੂਰ ਹੁੰਦਾ ਜਾਂਦਾ ਹੈ। ਜੀਵਨ ਭਰਮਾਂ ਤੇ ਭਟਕਣ ਦਾ ਪ੍ਰਤੀਕ ਬਣ ਜਾਂਦਾ ਹੈ। ਗੁਰੂ ਅਮਰਦਾਸ ਜੀ ਨੂੰ ਬਿਰਧ ਅਵਸਥਾ ਵਿਚ ਗੁਰੂ ਸ਼ਬਦ ਰਾਹੀਂ ਅੰਤਰ-ਪ੍ਰੇਰਨਾ ਮਿਲੀ। 61 ਵਰ੍ਹਿਆਂ ਤੋਂ ਭਟਕਦਾ ਮਨ ਗੁਰੂ ਅੰਗਦ ਜੀ ਦੇ ਪ੍ਰੇਮ ਵਿਚ ਸਿੰਝ ਕੇ ਸ਼ਾਂਤ ਹੋ ਗਿਆ। ਮਨ ਨਿਰਮਲ ਤੇ ਸਹਿਜ ਹੋ ਗਿਆ:
ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ॥ (ਪੰਨਾ 26)
ਮਨ ਦੀਆਂ ਤ੍ਰਿਸ਼ਨਾਵਾਂ ਸੋਚ ਤੇ ਭਰੋਸੇ ਨੂੰ ਕਦੇ ਵੀ ਥਿਰ ਨਹੀਂ ਹੋਣ ਦਿੰਦੀਆਂ। ਲੋਭ, ਕ੍ਰੋਧ, ਕਾਮ, ਮੋਹ ਵੱਸ ਜੀਵਨ ਕੂੜ ਕਿਰਿਆਵਾਂ ਨਾਲ ਭਰ ਜਾਂਦਾ ਹੈ। ਗੁਰੂ ਅਮਰਦਾਸ ਜੀ ਨੇ ਵਚਨ ਕੀਤੇ ਕਿ ਮਨੁੱਖ ਦਾ ਭੇਖ ਭਾਵੇਂ ਧਰਮੀਆਂ ਵਾਲਾ ਹੁੰਦਾ ਹੈ ਪਰ ਮਨ ਕਪਟ ਨਾਲ ਭਰਿਆ ਹੁੰਦਾ ਹੈ। ਮਨੁੱਖ ਭੋਗ ਵਿਲਾਸ ਦੇ ਜਿੰਨੇ ਵੀ ਸਾਧਨ ਇਕੱਠੇ ਕਰ ਲਵੇ, ਵੱਡਾ ਰਾਜ-ਪਾਟ ਕਾਇਮ ਕਰ ਲਵੇ ਪਰ ਸੱਚੇ ਪਾਤਿਸ਼ਾਹ ਦੀ ਕਿਰਪਾ ਬਿਨਾ ਸੁੱਖ ਤੋਂ ਦੂਰ ਰਹਿੰਦਾ ਹੈ। ਕਈ ਲੋਕ ਗ੍ਰੰਥ ਪੜ੍ਹ ਪੜ੍ਹ ਕੇ ਗਿਆਨੀ, ਵਿਦਵਾਨ, ਸ੍ਰੇਸ਼ਟ ਧਰਮ ਚਰਚਾ ਕਰਨ ਲਾਇਕ ਤਾਂ ਹੋ ਜਾਂਦੇ ਹਨ ਪਰ ਮਨ ਅੰਦਰ ਲੋਭ, ਵਿਕਾਰਾਂ ਕਾਰਨ ਭਰਮਦੇ ਰਹਿੰਦੇ ਹਨ ਤੇ ਜੀਵਨ ਨਿਹਫਲ ਕਰਦੇ ਹਨ। ਗੁਰੂ ਜੀ ਨੇ ਕਿਹਾ ਕਿ ਜਿਸ ਮਨ ਅੰਦਰ ਪਰਮਾਤਮਾ ਦੀ ਭਗਤੀ ਹੁੰਦੀ ਹੈ, ਉਹ ਸਹਿਜ ਹੀ ਪਰਮਾਤਮਾ ਦੇ ਹੁਕਮ ਅੰਦਰ ਆ ਜਾਂਦਾ ਹੈ।
ਗੁਰੂ ਅਮਰਦਾਸ ਜੀ 12 ਸਾਲ ਤੱਕ ਗੁਰੂ ਅੰਗਦ ਜੀ ਦੀ ਸੇਵਾ ’ਚ ਲੱਗੇ ਰਹੇ। ਸੇਵਾ ਕਠਿਨ ਸੀ। ਉਨ੍ਹਾਂ ਨੂੰ ਲੋਕਾਂ ਦੇ ਮਖੌਲ ਦਾ ਪਾਤਰ ਵੀ ਬਣਨਾ ਪਿਆ, ਨਿਤ ਵਿਘਨ ਪੈਂਦੇ ਰਹੇ ਪਰ ਉਹ ਕਦੇ ਵਿਚਲਿਤ ਨਾ ਹੋਏ। ਗੁਰੂ ਅੰਗਦ ਜੀ ਅਤੇ ਸਿੱਖ ਸੰਗਤ ਲਈ ਉਨ੍ਹਾਂ ਦਾ ਪ੍ਰੇਮ ਤੇ ਸਮਰਪਣ ਕਦੇ ਘੱਟ ਨਹੀ ਹੋਇਆ ਸਗੋਂ ਵਧਦਾ ਗਿਆ ਕਿਉਂਕਿ ਗੁਰ ਸ਼ਬਦ ਜ਼ਰੀਏ ਮਨ ਦੀ ਤਿਖ ਬੁਝ ਗਈ ਸੀ, ਮਨ ਅੰਦਰ ਸਹਿਜ ਸੀ ਤੇ ਬਾਹਰ ਵੀ ਸਹਿਜ ਹੀ ਪਰਗਟ ਹੋ ਰਿਹਾ ਸੀ। ਕਹਿੰਦੇ ਹਨ ਕਿ ਗੁਰੂ ਅੰਗਦ ਜੀ ਆਪਣੇ ਸਿੱਖਾਂ ਦੀ ਸੇਵਾ ਤੇ ਭਗਤੀ ਤੋਂ ਪ੍ਰਸੰਨ ਹੋ ਕੇ ਹਰ ਛਿਮਾਹੀ ਸਿਰੋਪਾ ਵੰਡਦੇ ਸਨ, ਗੁਰੂ ਅਮਰਦਾਸ ਜੀ ਉਸ ਸਿਰੋਪੇ ਨੂੰ ਕਦੇ ਵੀ ਸਿਰ ਤੋਂ ਨਾ ਉਤਾਰਦੇ ਤੇ ਉੱਪਰ ਮੜਾਸਾ ਬੰਨ੍ਹ ਲੈਂਦੇ। ਲੋਕ ਉਨ੍ਹਾਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਪਰ ਆਪ ਸਦਾ ਸਹਿਜ ਰਹਿੰਦੇ। ਗੁਰਗੱਦੀ ਤੇ ਬਿਰਾਜਮਾਨ ਹੋਣ ਤੱਕ ਆਪ ਦੇ ਸਿਰ ਤੇ 12 ਸਿਰੋਪੇ ਬੰਨ੍ਹੇ ਜਾ ਚੁੱਕੇ ਸਨ। ਇਹ ਲੋਕਾਂ ਨੂੰ ਵੱਡਾ ਭਾਰ ਲੱਗਦਾ ਸੀ ਪਰ ਗੁਰੂ ਅਮਰਦਾਸ ਜੀ ਲਈ ਇਹ ਆਨੰਦ ਤੇ ਮਾਣ ਦੀ ਪੰਡ ਸੀ। ਲੋਕਾਂ ਦੇ ਤਾਹਨੇ ਉਨ੍ਹਾਂ ਦੇ ਸਹਿਜ ਮਨ ਦੇ ਨੇੜੇ ਵੀ ਨਾ ਆ ਸਕਦੇ। ਉਹ ਜਾਣਦੇ ਸਨ ਕਿ ਹੰਕਾਰ ਹੀ ਮਨ ਦੀ ਅਵਸਥਾ ਭੰਗ ਕਰਨ ਵਾਲਾ ਹੈ। ਹੰਕਾਰੀ ਮਨ ਦੀ ਭਗਤੀ ਪ੍ਰਵਾਨ ਨਹੀਂ ਹੁੰਦੀ।
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥ (ਪੰਨਾ 560)
ਹੰਕਾਰ ਹੀ ਵਾਦ-ਵਿਵਾਦ ਤੇ ਕ੍ਰੋਧ ਦਾ ਜਨਕ ਹੈ। ਵਿਕਾਰ ਵਿਹੀਣ ਮਨ ਹੀ ਭਗਤੀ ਦੇ ਜੋਗ ਬਣਦਾ ਹੈ। ਗੁਰੂ ਅਮਰਦਾਸ ਜੀ ਦਾ ਜੀਵਨ ਇਸ ਦੀ ਸਰਬੋਤਮ ਮਿਸਾਲ ਸੀ। ਆਪ ਦਾ ਸਾਰਾ ਧਿਆਨ ਗੁਰੂ ਅੰਗਦ ਜੀ ਦੀ ਸੇਵਾ ਵਿਚ ਕੇਂਦਰਤ ਰਹਿੰਦਾ। ਕੋਈ ਕੀ ਕਹਿ ਰਿਹਾ ਹੈ, ਕੀ ਕਰ ਰਿਹਾ ਹੈ, ਇਹ ਆਪ ਦੀ ਸੋਚ ਦਾ ਵਿਸ਼ਾ ਕਦੇ ਵੀ ਨਾ ਬਣਿਆ। ਆਪ ਸਾਰਿਆਂ ਨੂੰ ਖਿਮਾ ਕਰਦੇ ਰਹੇ ਤੇ ਮਨ ਅੰਦਰ ਪ੍ਰੇਮ ਦੇ ਰਸ ਨੂੰ ਗੂੜ੍ਹਾ ਤੋਂ ਗੂੜ੍ਹਾ ਕਰਦੇ ਗਏ।
ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਗੁਰੂ ਅਮਰਦਾਸ ਜੀ ਨੂੰ ਕਈ ਅਣਸੁਖਾਵੇਂ ਹਾਲਾਤ ਦਾ ਸਾਹਮਣਾ ਕਰਨਾ ਪਿਆ ਪਰ ਆਪ ਦਾ ਸਹਿਜ ਸਦਾ ਬਣਿਆ ਰਿਹਾ। ਸਿੱਖ ਸੰਗਤ ਨੂੰ ਵੀ ਗੁਰੂ ਜੀ ਸਦਾ ਸਹਿਜ ਅਤੇ ਸਹਿਣਸ਼ੀਲ ਰਹਿਣ ਦੀ ਪ੍ਰੇਰਨਾ ਦਿੰਦੇ। ਗੁਰੂ ਅੰਗਦ ਜੀ ਦੇ ਹੁਕਮ ਅਨੁਸਾਰ ਗੁਰਗੱਦੀ ਤੇ ਬੈਠਣ ਤੋਂ ਬਾਅਦ ਉਹ ਗੋਇੰਦਵਾਲ ਆ ਗਏ ਸਨ। ਉਨ੍ਹਾਂ ਦੇ ਆਉਣ ਨਾਲ ਇਸ ਨਗਰ ਦੀ ਰੌਣਕ ਵਧ ਗਈ। ਜਨ ਜੀਵਨ ਬੜਾ ਹੀ ਆਨੰਦਮਈ ਸੀ। ਕੁਝ ਅਮੀਰ ਮੁਸਲਮਾਨ ਵੀ ਆ ਕੇ ਰਹਿਣ ਲੱਗੇ। ਗੁਰੂ ਜੀ ਦਾ ਆਦਰ ਮਾਣ ਦੇਖ ਕੇ ਉਨ੍ਹਾਂ ਅੰਦਰ ਈਰਖਾ ਪੈਦਾ ਹੋ ਗਈ। ਉਨ੍ਹਾਂ ਨੇ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਸਿੱਖ ਜਦੋਂ ਗੁਰੂ ਘਰ ਦੇ ਲੰਗਰ ਲਈ ਪਾਣੀ ਲੈ ਕੇ ਆਉਂਦੇ ਤਾਂ ਮੁਸਲਮਾਨਾਂ ਦੇ ਮੁੰਡੇ ਗੁਲੇਲਾਂ ਨਾਲ ਉਨ੍ਹਾਂ ਦੀਆਂ ਮਿੱਟੀ ਦੀਆਂ ਗਾਗਰਾਂ ਤੋੜ ਦਿੰਦੇ ਤੇ ਬਦਸਲੂਕੀ ਕਰਦੇ। ਸਿੱਖਾਂ ਨੇ ਗੁਰੂ ਜੀ ਕੋਲ ਸ਼ਿਕਾਇਤ ਕੀਤੀ। ਗੁਰੂ ਜੀ ਨੇ ਉਨ੍ਹਾਂ ਨੂੰ ਸ਼ਾਂਤ ਕਰਦਿਆਂ ਚਮੜੇ ਦੀਆਂ ਮਸ਼ਕਾਂ ਵਰਤਣ ਲਈ ਕਿਹਾ। ਮੁੰਡੇ ਤੀਰ ਮਾਰ ਕੇ ਮਸ਼ਕਾਂ ਵਿੰਨ੍ਹਣ ਲੱਗ ਪਏ। ਹੁਣ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਪਿੱਤਲ ਦੀਆਂ ਗਾਗਰਾਂ ਵਰਤਣ ਲਈ ਕਿਹਾ। ਹੰਕਾਰੇ ਮੁੰਡੇ ਪਿੱਤਲ ਦੀਆਂ ਗਾਗਰਾਂ ਨੂੰ ਪੱਥਰ ਮਾਰ ਕੇ ਡੇਗਣ ਲੱਗ ਪਏ। ਸਿੱਖਾਂ ਨੇ ਅੱਕ ਕੇ ਗੁਰੂ ਜੀ ਨੂੰ ਕਿਹਾ ਕਿ ਅਸੀਂ ਕਦੋਂ ਤੱਕ ਜ਼ੁਲਮ ਸਹਿੰਦੇ ਰਹੀਏ?
ਗੁਰੂ ਅਮਰਦਾਸ ਜੀ ਨੇ ਵਚਨ ਕੀਤੇ ਕਿ ਧਰਮੀਆਂ ਅੰਦਰ ਕਦੇ ਵੀ ਬਦਲੇ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਸਦਾ ਸਬਰ, ਸੰਤੋਖ ਬਣਿਆ ਰਹਿਣਾ ਚਾਹੀਦਾ। ਸਿੱਖ ਸੰਗਤ ਗੁਰੂ ਜੀ ਦਾ ਹੁਕਮ ਮੰਨ ਕੇ ਸ਼ਾਂਤ ਰਹੀ। ਧਰਮੀ ਨੂੰ ਆਪਣਾ ਸਹਿਜ ਤੇ ਸੰਜਮ ਸਦਾ ਕਾਇਮ ਰੱਖਣਾ ਚਾਹੀਦਾ, ਇਹ ਉਸ ਦੀ ਭਗਤੀ ਦਾ ਅਹਿਮ ਹਿੱਸਾ ਹਨ।
ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ ਅੰਮ੍ਰਿਤ ਨਾਮੁ ਭੁਗਤਿ ਪਾਈ॥
ਧਿਆਨ ਕਾ ਕਰਿ ਡੰਡਾ ਜੋਗੀ ਸਿੰਙੀ ਸੁਰਤਿ ਵਜਾਈ॥
ਮਨੁ ਦ੍ਰਿੜੁ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ ਕਲਪਣਾ ਜਾਈ॥
ਕਾਇਆ ਨਗਰੀ ਮਹਿ ਮੰਗਣਿ ਚੜਹਿ ਜੋਗੀ ਤਾ ਨਾਮੁ ਪਲੈ ਪਾਈ॥ (ਪੰਨਾ 908)
ਪੁਰਾਤਨ ਕਾਲ ਵਿਚ ਧਰਮੀ ਹੋਣ ਦਾ ਪ੍ਰਮਾਣ ਦੇਣ ਲਈ ਖਾਸ ਭੇਖ ਧਾਰਨ ਕਰਦੇ ਸਨ। ਭੇਖ ਕਾਰਨ ਹੀ ਉਹ ਧਰਮੀ ਹੋਣ ਦਾ ਸਨਮਾਨ ਪ੍ਰਾਪਤ ਕਰਦੇ ਸਨ। ਗੁਰੂ ਅਮਰਦਾਸ ਜੀ ਨੇ ਵਚਨ ਕੀਤੇ ਕਿ ਭੇਖ ਨਹੀਂ, ਗੁਣ ਧਾਰਨ ਕਰਨਾ ਭਗਤੀ ਦਾ ਸੱਚਾ ਮਾਰਗ ਹੈ। ਜੋਗੀ ਹੱਥ ਵਿਚ ਭਿਖਿਆ ਦਾ ਪਾਤਰ ਰੱਖਦੇ ਸਨ ਜਿਸ ਵਿਚ ਉਨ੍ਹਾਂ ਨੂੰ ਦਾਨ ਮਿਲਦਾ ਸੀ। ਗੁਰੂ ਜੀ ਨੇ ਕਿਹਾ ਕਿ ਸੱਚਾ ਪਾਤਰ, ਕਮੰਡਲ ਤਾਂ ਸਤ ਤੇ ਸੰਤੋਖ ਦਾ ਹੈ ਜਿਸ ਵਿਚ ਨਾਮ ਦੀ ਅੰਮ੍ਰਿਤ ਦਾਤ ਪ੍ਰਾਪਤ ਹੁੰਦੀ ਹੈ। ਸਤ ਤੇ ਸੰਤੋਖ ਬਿਨਾ ਭਗਤੀ ਨਹੀਂ ਹੋ ਸਕਦੀ। ਮਨ ਵੀ ਤਾਂ ਹੀ ਟਿਕਦਾ ਹੈ ਜੇ ਮਨ ਅੰਦਰ ਸੰਤੋਖ ਤੇ ਸਹਿਜ ਹੋਵੇ। ਇਸ ਵਿਚ ਵਿਕਾਰਾਂ, ਮਾਇਆ ਲਈ ਕੋਈ ਜਗ੍ਹਾ ਨਹੀਂ ਹੈ। ਗੁਰੂ ਅਮਰਦਾਸ ਜੀ ਦੀ ਸਹਿਣਸ਼ੀਲਤਾ ਸੁਭਾਵਕ ਸੀ। ਉਨ੍ਹਾਂ ਇਸ ਨੂੰ ਜੀਵਨ ਅੰਦਰ ਵਰਤ ਕੇ ਦਿਖਾਇਆ। ਆਪ ਨੂੰ ਜਦੋਂ ਗੁਰੂ ਅੰਗਦ ਜੀ ਨੇ ਗੁਰਗੱਦੀ ਬਖਸ਼ੀ ਤਾਂ ਉਨ੍ਹਾਂ ਦੇ ਪੁੱਤਰ ਦਾਸੂ ਜੀ ਅਤੇ ਦਾਤੂ ਜੀ ਬਹੁਤ ਨਾਰਾਜ਼ ਹੋਏ। ਇੱਕ ਵਾਰ ਕ੍ਰੋਧ ਨਾਲ ਭਰੇ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਨਾਲ ਭਾਰੀ ਬੇਅਦਬੀ ਵਾਲਾ ਵਿਹਾਰ ਕੀਤਾ ਤੇ ਉਨ੍ਹਾਂ ਦੇ ਆਸਣ ਤੇ ਬੈਠ ਗਏ। ਗੁਰੂ ਅਮਰਦਾਸ ਜੀ ਪੂਰੀ ਤਰ੍ਹਾਂ ਸ਼ਾਂਤ ਰਹੇ ਅਤੇ ਦਾਤੂ ਜੀ ਨੂੰ ਮੁਆਫ ਕਰ ਦਿੱਤਾ।
ਸਹਿਣਸ਼ੀਲਤਾ ਜਿਹੇ ਗੁਣਾਂ ਕਾਰਨ ਹੀ ਗੁਰੂ ਅਮਰਦਾਸ ਜੀ ਨੂੰ ਭਗਤੀ ਤੇ ਗੁਰੂ ਦੀ ਕਿਰਪਾ ਪ੍ਰਾਪਤ ਹੋਈ ਅਤੇ ਉਹ ਗੁਰਗੱਦੀ ਤੇ ਬੈਠੇ। ਭੱਟ ਸਾਹਿਬਾਨ ਨੇ ਤਾਂ ਆਪ ਅੰਦਰ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਕੀਤੇ:
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਸੰਪਰਕ: 94159-60533