ਦਰਸ਼ਨ ਸਿੰਘ
ਅਸੀਂ ਜਦੋਂ ਮਿਲਦੇ ਤਾਂ ਆਪਸੀ ਗੱਲਬਾਤ ਕਰਦਿਆਂ ਮੈਨੂੰ ਜਾਪਦਾ ਜਿਵੇਂ ਸਾਰੀ ਸਿਆਣਪ ਉਸ ਦੇ ਬੋਲਾਂ ਅੰਦਰ ਝਲਕ ਪੈਂਦੀ ਹੋਵੇ। ਖੁੱਲ੍ਹੀਆਂ ਸੋਚਾਂ, ਖੁੱਲ੍ਹੇ ਖਿਆਲ…; ਤੇ ਉਸ ਕੋਲ ਜੁੜ ਬੈਠਣ ਦੇ ਪਲ ਮੇਰੇ ਚੇਤੇ ਅੰਦਰ ਕਿਸੇ ਸੋਹਣੀ ਤਸਵੀਰ ਵਾਂਗ ਵਸ ਜਾਂਦੇ। ਉਸ ਨੂੰ ਸੁਣਨ, ਮਿਲਣ ਦੀ ਤਾਂਘ ਹਰ ਪਲ ਬਣੀ ਰਹਿੰਦੀ। ਕਦੀ ਕਿਸੇ ਦੁੱਖ-ਮੁਸੀਬਤ ਵਿਚ ਘਿਰਿਆ ਹੁੰਦਾ ਤਾਂ ਉਸ ਦਾ ਕਿਹਾ ਚੇਤੇ ਆਉਂਦਾ, “ਕਿਉਂ ਐਵੇਂ ਦਿਮਾਗ ਉੱਪਰ ਬੋਝ ਲੱਦਿਐ। ਉੱਠ, ਇਸ ਦਾ ਕੋਈ ਹੱਲ ਲੱਭੀਏ। ਲੰਮੇ ਹਉਕੇ ਕਾਸਤੋਂ ਭਰਦੈਂ?” ਗੱਲਾਂ ਉਸ ਦੀਆਂ ਹਿੰਮਤ ਦਿੰਦੀਆਂ, ਹੌਸਲੇ ਵਧਾਉਂਦੀਆਂ, ਚਿੰਤਾਵਾਂ ਘਟਾਉਂਦੀਆਂ ਤੇ ਇਰਾਦੇ ਜਗਾਉਂਦੀਆਂ। ਬੇਚੈਨੀਆਂ ਭਰੇ ਵਕਤ ਵਿਚ ਵੀ ਮੈਂ ਕਦੀ ਉਸ ਨੂੰ ਬੇਚੈਨ ਨਹੀਂ ਸੀ ਦੇਖਿਆ। ਨਾ ਹੀ ਕਿਸੇ ਖ਼ੌਫ਼ ਦਾ ਪ੍ਰਛਾਵਾਂ ਉਸ ਦੇ ਚਿਹਰੇ ਉੱਤੇ ਤੱਕਿਆ। ਉਸ ਦੇ ਉਦਾਸ ਹੋਣ ਦਾ ਮੈਨੂੰ ਜੇ ਕਦੀ ਭੁਲੇਖਾ ਵੀ ਪੈਂਦਾ, ਜਾਂ ਉਸ ਨੂੰ ਚੁੱਪ ਦੇਖਦਾ ਤਾਂ ਪੁੱਛਣ ’ਤੇ ਆਖਦਾ, “ਕੋਈ ਤਕਲੀਫ ਜ਼ਰੂਰ ਹੈ ਪਰ ਇੰਨੀ ਵੱਡੀ ਨਹੀਂ ਕਿ ਮੈਨੂੰ ਮੂਧੇ ਮੂੰਹ ਢਾਹ ਲਵੇਗੀ…।”
ਉੱਠਦੇ ਬੈਠਦੇ, ਸੌਂਦੇ ਜਾਗਦੇ ਉਸ ਬਾਰੇ ਕਈ ਤਰ੍ਹਾਂ ਦੀਆਂ ਸੋਚਾਂ ਮੇਰੇ ਅੰਦਰ ਉੱਠਦੀਆਂ। ਸੋਚਦਾ ਸਾਂ, ਸੋਚ-ਵਿਚਾਰਾਂ ਦੀ ਵੀ ਕੋਈ ਸ਼ਕਤੀ ਹੁੁੰਦੀ ਹੈ। ਕਦੀ ਪੜ੍ਹਿਆ ਸੀ- ‘ਰਾਹ ਪੱਧਰੇ ਨਾ ਵੀ ਹੋਣ, ਉਡੀਕ ਨਾ ਰੱਖੋ ਕਿ ਕੋਈ ਉਂਗਲ ਫੜੇਗਾ’। ਉਹ ਵੀ ਇਹੋ ਕਹਿੰਦਾ, “ਜ਼ਿੰਦਗੀ ਵਗਦੇ ਦਰਿਆ ਵਾਂਗ ਹੈ, ਨਿਰੰਤਰ ਚਲਦੇ ਰਹੋ, ਖੜ੍ਹੇ ਪਾਣੀਆਂ ਦੇ ਪੱਲੇ ਤਾਂ ਮੁਸ਼ਕ ਹੀ ਹੁੰਦੈ…।”
ਖ਼ੂਬੀਆਂ ਉਸ ਦੀਆਂ ਮੇਰਾ ਮਨ ਟੁੰਬਦੀਆਂ। ਕਦੀ ਉਸ ਦੇ ਅੰਦਰ ਝਾਕਦਾ, ਕਦੀ ਉਸ ਵੱਲ ਦੇਖਦਾ ਰਹਿੰਦਾ। ਹੌਲੀ ਹੌਲੀ ਉਸ ਦੀਆ ਸੋਚਾਂ ਮੇਰੀਆਂ ਸੋਚਾਂ ਬਣਦੀਆਂ ਗਈਆਂ। ਵੀਹ ਸਾਲ ਹੋ ਗਏ। ਕਦੀ ਉਹ ਮੇਰੇ ਕੋਲ ਆਇਆ, ਕਦੀ ਮੈਂ ਉਸ ਕੋਲ ਗਿਆ। ਰਾਹਾਂ ਦੀਆਂ ਸਾਂਝੀਆਂ ਪੈੜਾਂ ਕਈ ਨਵੇਂ ਸਿਰਨਾਵੇਂ ਉਲੀਕ ਗਈਆਂ। ‘ਜੈਸੀ ਸੰਗਤ, ਵੈਸੀ ਰੰਗਤ’ ਵਾਲੀ ਗੱਲ ਸੀ । ਬੜੀਆਂ ਸੇਧਾਂ ਮੈਨੂੰ ਉਸ ਤੋਂ ਮਿਲੀਆਂ।
ਮੱਧਵਰਗੀ ਪਰਿਵਾਰ ’ਚ ਜੰਮਿਆ, ਪਿੰਡ ਦੇ ਸਰਕਾਰੀ ਸਕੂਲ ਤੋਂ ਪੜ੍ਹਿਆ… “ਸਾਰੀ ਗੱਲ ਤਾਂ ਸਮਰਪਿਤ ਹੋਣ ਦੀ ਹੈ। ਕਾਮਯਾਬੀ ਮਿਹਨਤ ਮੰਗਦੀ ਹੈ। ਸਾਰੇ ਰਾਹ ਇਸੇ ’ਚੋਂ ਨਿਕਲਦੇ ਨੇ।”
ਕਈ ਵਾਰ ਤਾਂ ਮੈਨੂੰ ਬੜੀ ਹੈਰਾਨੀ ਹੁੰਦੀ। ਸੋਚਦਾ, ਬੰਦਾ ਇਹ ਜੀਅ ਕਿਵੇਂ ਰਿਹਾ ਹੈ?… ਜਵਾਨ ਪੁੱਤ ਇਸ ਦਾ ਗੁਜ਼ਰ ਗਿਆ, ਫਿਰ ਵੀ ਇਸ ਨੇ ਕਦੀ ਅਸਹਿ ਸਦਮੇ ਦਾ ਰੋਣਾ ਕਿਸੇ ਅੱਗੇ ਨਹੀਂ ਰੋਇਆ। ਇਕ ਦਿਨ ਪੁੱਛ ਹੀ ਲਿਆ, “ਯਾਰ ਦੱਸ, ਮਨ ਸਬਰ ਵਿਚ ਕਿਵੇਂ ਆਉਂਦੈ?” ਉਡੀਕ ’ਚ ਸਾਂ ਕਿ ਉਸ ਵੱਲੋਂ ਕੀ ਉੱਤਰ ਆਉਂਦਾ ਹੈ; ਸੁਣ ਕੇ ਉਸ ਦਾ ਚਿਹਰਾ ਗੰਭੀਰ ਹੋ ਗਿਆ। ਦੋ ਕੁ ਮਿੰਟ ਚੁੱਪ ਹੀ ਰਿਹਾ। ਫਿਰ ਕਹਿਣ ਲੱਗਾ, “ਮਨ ਸਮਝਾਉਣਾ ਪੈਂਦਾ। ਕੁਝ ਗੱਲਾਂ ਮਨੁੱਖੀ ਹੱਥ ਵਸ ਨਹੀਂ ਹੁੰਦੀਆਂ, ਨਾ ਹੀ ਹਰ ਵੇਲੇ ਸਾਰਾ ਕੁਝ ਬੰਦੇ ਦੀ ਮਰਜ਼ੀ ਨਾਲ ਹੁੰਦਾ ਹੈ।”
ਪਰ ਮੇਰਾ ਇਹ ਸੁਆਲ ਫਜ਼ੂਲ ਨਹੀਂ ਸੀ। ਮੈਂ ਆਪ ਘਰ ’ਚ ਹੋਈ ਮੌਤ ਕਾਰਨ ਮਾਨਸਿਕ ਕਸ਼ਟ ’ਚੋਂ ਲੰਘ ਰਿਹਾ ਸੀ। ਹਰ ਵੇਲੇ ਉਖੜਿਆ ਤੇ ਨਾਖ਼ੁਸ਼ ਜਿਹਾ ਰਹਿੰਦਾ। ਭਟਕਣ ਤੇ ਉਦਾਸ ਸੋਚ ਮੇਰੇ ਅੰਦਰ ਪਨਪ ਰਹੀ ਸੀ। ਜਿਵੇਂ ਜ਼ਿੰਦਗੀ ਵਿਚ ਕੋਈ ਚਾਅ ਬਾਕੀ ਨਾ ਰਹਿ ਗਿਆ ਹੋਵੇ। ਗੁਆਚਾ ਤੇ ਬੁਝਿਆ ਮਨ। ਖ਼ਾਲੀ ਖ਼ਾਲੀ ਕੰਧਾਂ ਨੂੰ ਬਿੱਟ ਬਿੱਟ ਦੇਖਦਾ।
“ਚੱਲ, ਕੋਈ ਹੋਰ ਗੱਲ ਕਰੀਏ। ਨਵੀਂ ਰੁੱਤ ਦੀ। ਸਵੇਰੇ ਪਈਆਂ ਕਣੀਆਂ ਦੀ। ਫੁੱਲਾਂ ਅਤੇ ਤਿਤਲੀਆਂ ਦੀ। ਪੌਣਾਂ ਦੀ। ਬੜੀਆਂ ਗੱਲਾਂ ਕਰਨੀਆਂ ਬਾਕੀ ਨੇ… ਮੌਤ ਦੀਆਂ ਗੱਲਾਂ ਨੇ ਕੀ ਪੱਲੇ ਪਾਉਣਾ? ਇਹ ਜੱਗ ਹੱਸਦਿਆਂ ਦਾ ਮੇਲਾ ਹੈ।” ਹੱਸਦਿਆਂ ਹੀ ਉਸ ਨੇ ਕਿਹਾ। ਮਨ ਨੂੰ ਇਹ ਗੱਲਾਂ ਵਧੀਆ ਲੱਗੀਆਂ ਜਿਵੇਂ ਅਨੂਠਾ ਸਕੂਨ ਤੇ ਡੂੰਘੀ ਤਸੱਲੀ ਮਿਲੀ ਹੋਵੇ। “ਬੰਦੇ ਨੂੰ ਆਪਣੀਆਂ ਵਰਤਮਾਨ ਜ਼ਿੰਮੇਵਾਰੀਆਂ ਵੱਲ ਧਿਆਨ ਮੋੜਨਾ… ਤੇ ਸੁਪਨਿਆਂ ਨੂੰ ਜਿਊਂਦਾ ਰੱਖਣਾ ਚਾਹੀਦੈ।”
ਉਸ ਦੀਆਂ ਗੱਲਾਂ ਸਿਆਣਪ ਨਾਲ ਭਰੀਆਂ ਹੋਈਆਂ ਸਨ।
“ਜਿਹੋ ਜਿਹਾ ਸੋਚਦੇ ਹਾਂ, ਉਹੋ ਜਿਹਾ ਹੀ ਬਣ ਜਾਂਦੇ ਹਾਂ। ਸੋਚ ਬੰਦੇ ਨੂੰ ਕੀ ਕੀ ਬਣਾ ਦਿੰਦੀ ਹੈ। ਕਿੱਥੇ ਦੀ ਕਿੱਥੇ ਲੈ ਜਾਂਦੀ ਹੈ।”
ਹੰਭੇ-ਹਾਰੇ ਹੋਏ ਮੇਰੇ ਹੌਸਲੇ ਫਿਰ ਧੜਕਣ ਲੱਗੇ।
ਹਾਸੇ ਭਰੀ ਕੋਈ ਗੱਲ ਉਸ ਨੇ ਕਹਿ ਦਿੱਤੀ। ਮੀਚੇ ਹੋਏ ਮੇਰੇ ਮੂੰਹ ’ਚੋਂ ਮਸਾਂ ਹੀ ਮੁਸਕਾਣ ਨਿਕਲੀ।
“ਖੁੱਲ੍ਹ ਕੇ ਹੱਸ। ਕਿਹੜਾ ਮੁੱਲ ਲਗਦੈ…।”
ਅਸੀਂ ਇਕੱਠੇ ਬੈਠੇ ਸਾਂ। ਅੰਦਰੋ-ਅੰਦਰੀ ਜ਼ਿੰਦਗੀ ਬਾਰੇ ਸੋਚ ਰਿਹਾ ਸਾਂ। ਸਮਝ ਆ ਗਈ ਸੀ ਕਿ ਔਕੜਾਂ, ਕਠਿਨਾਈਆਂ, ਮੁਸ਼ਕਿਲਾਂ ਤੇ ਜਨਮ ਮਰਨ ਸਭ ਜ਼ਿੰਦਗੀ ਦਾ ਹਿੱਸਾ ਹਨ। ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਧੁੱਪ ਛਾਂ ਵਾਂਗ…।
ਇਕ ਦਿਨ ਉਸ ਨਾਲ ਗੱਲਾਂ ਹੋਈਆਂ। ਆਪਣੀ ਗੱਲ ਸੰਪੂਰਨ ਕਰਦਿਆਂ ਉਸ ਕਿਹਾ, “ਕਦੀ ਮੱਸਿਆ, ਕਦੀ ਪੁੰਨਿਆ। ਜ਼ਿੰਦਗੀ ਦੀ ਕਹਾਣੀ ਵੀ ਇਹੋ ਹੈ।”
… ਤੇ ਫਿਰ ਉਸ ਨੇ ਮੇਰੇ ਮੋਢੇ ਹੱਥ ਰੱਖਿਆ, ਮੂੰਹ ਮੇਰੇ ਵੱਲ ਕੀਤਾ ਤੇ ਬੋਲਿਆ, “ਕੋਈ ਕਹਿੰਦਾ ਜ਼ਿੰਦਗੀ ਪਹਾੜ ਜਿੱਡੀ ਲੰਮੀ ਆ, ਕਿਵੇਂ ਕੱਟੂ? ਕੋਈ ਸੋਚਦਾ ਕਿ ਜ਼ਿੰਦਗੀ ਚਾਰ ਦਿਹਾੜੇ ਦੀ ਹੈ। ਕਦੋਂ ਬੀਤ ਜਾਣੀ, ਪਤਾ ਵੀ ਨੀ ਲੱਗਣਾ, ਮਰੂੰ ਮਰੂੰ ਕਰਦਿਆਂ ਕਿਉਂ ਲੰਘਾਈਏ।”
ਬੈਠੇ ਬੈਠੇ ਸਾਨੂੰ ਰਾਤ ਹੋ ਗਈ। ਉਸ ਨੇ ਅਕਾਸ਼ ਵੱਲ ਦੇਖਿਆ, “ਚੱਲ ਰਤਾ ਬਾਹਰ ਚੱਲੀਏ।” ਅੱਧਾ ਚੰਨ ਸੀ… “… ਤੇ ਥੋੜ੍ਹੇ ਕੁ ਦਿਨਾਂ ਚ ਚੰਨ ਪੂਰਾ ਗੋਲ ਹੋ ਜਾਵੇਗਾ… ਪੂਰੀ ਤਰ੍ਹਾਂ ਚਾਨਣੀ ਰਾਤ ਹੋਵੇਗੀ। ਉਦੋਂ ਤੱਕ ਅਸੀਂ ਉਡੀਕ ਕਰੀਏ। ਅਸੀਂ ਵੀ ਕਦੀ ਅਧੂਰੇ ਹੁੰਦੇ ਆਂ, ਕਦੀ ਪੂਰੇ। ਰਾਤ ਹੈ ਤਾਂ ਸਵੇਰ ਵੀ ਦੂਰ ਨਹੀਂ ਹੈ…।” … … ਸੁਣਦਿਆਂ ਆਪ ਮੁਹਾਰੇ ਉਸ ਨੂੰ ਗਲਵਕੜੀ ’ਚ ਲੈ ਲਿਆ ਸੀ।
ਸੰਪਰਕ: 94667-37933