ਗੱਲ 1997-98 ਦੀ ਹੈ। ਉਸ ਵੇਲੇ ਮੈਂ ਸੰਗਰੂਰ ਵਿਖੇ ਸੀਨੀਅਰ ਜ਼ਿਲ੍ਹਾ ਬੱਚਤ ਅਫ਼ਸਰ ਵਜੋਂ ਸੇਵਾ ਨਿਭਾ ਰਿਹਾ ਸਾਂ। ਰੋਸ ਧਰਨਿਆਂ, ਮੁਜ਼ਾਹਰਿਆਂ ਦਾ ਐਨਾ ਜ਼ੋਰ ਨਹੀਂ ਸੀ ਹੁੰਦਾ। ਮੰਤਰੀਆਂ ਦਾ ਘਿਰਾਉ ਕਰਨ ਦੀ ਵੀ ਨੌਬਤ ਨਹੀਂ ਸੀ ਆ ਰਹੀ ਅਤੇ ਨਾ ਹੀ ਬੇਰੁਜ਼ਗਾਰੀ ਦੇ ਝੰਬੇ ਪਏ ਟਰੇਂਡ ਅਧਿਆਪਕ ਟੈਂਕੀਆਂ ਤੇ ਚੜ੍ਹ ਕੇ ਰੁਜ਼ਗਾਰ ਲਈ ਗਿੜਗਿੜਾ ਰਹੇ ਸਨ। ਉਨ੍ਹਾਂ ਦਿਨਾਂ ਵਿਚ ਬੇਰੁਜ਼ਗਾਰ ਅਧਿਆਪਕਾਂ ਦੇ ਹਿੱਸੇ ਹੁਣ ਵਾਲੀ ਭਟਕਣਾ, ਮਾਯੂਸੀ, ਗੁਰਬਤ ਨਹੀਂ ਸੀ ਆਈ ਅਤੇ ਨਾ ਹੀ ਤਪਦੀਆਂ ਸੜਕਾਂ ਤੇ ਬੱਚੇ ਗੋਦੀ ਚੁੱਕ ਕੇ ਬੇਰੁਜ਼ਗਾਰ ਅਧਿਆਪਕਾਂਵਾਂ ਨੂੰ ਰੋਸ਼ ਮੁਜ਼ਾਹਰਿਆਂ ਵਿਚ ਸ਼ਾਮਲ ਹੋਣਾ ਪਿਆ ਸੀ। ਉਨ੍ਹਾਂ ਦਿਨਾਂ ਵਿਚ ਕਿਸੇ ਦੂਰਅੰਦੇਸ਼ੀ ਮੰਤਰੀ ਜਾਂ ਅਧਿਕਾਰੀ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਅਧਿਆਪਕਾਂ ਦੀ ਚੋਣ ਲਈ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਸਿਖਿਆ ਅਧਿਕਾਰੀ, ਸੈਨਿਕ ਵੈਲਫੇਅਰ ਅਫ਼ਸਰ, ਜ਼ਿਲ੍ਹਾ ਭਲਾਈ ਅਫ਼ਸਰ ਅਤੇ ਇੱਕ ਡਿਪਟੀ ਕਮਿਸ਼ਨਰ ਦਾ ਨੁਮਾਇੰਦਾ ਸ਼ਾਮਲ ਕਰ ਕੇ ਚੋਣ ਕਮੇਟੀ ਬਣਾਈ ਜਾਵੇ ਜਿਸ ਦਾ ਚੇਅਰਮੈਨ ਜ਼ਿਲ੍ਹਾ ਸਿਖਿਆ ਅਧਿਕਾਰੀ ਹੋਵੇਗਾ ਅਤੇ ਇਹ ਕਮੇਟੀ ਆਪੋ-ਆਪਣੇ ਜ਼ਿਲ੍ਹੇ ਵਿਚ ਅਧਿਆਪਕਾਂ ਦੀ ਮੈਰਿਟ ਲਿਸਟ ਬਣਾ ਕੇ ਵਿਦਿਆ ਵਿਭਾਗ ਦੇ ਮੁੱਖ ਦਫ਼ਤਰ ਨੂੰ ਭੇਜੇਗੀ ਅਤੇ ਉਥੇ ਹੀ ਸਾਰੇ ਜ਼ਿਲ੍ਹਿਆਂ ਦੀਆਂ ਮੈਰਿਟ ਲਿਸਟਾਂ ਦੇ ਆਧਾਰ ਤੇ ਫਾਈਨਲ ਚੋਣ ਹੋਵੇਗੀ।
ਇੱਕ ਦਿਨ ਰੋਜ਼ਾਨਾ ਵਾਂਗ ਜਦੋਂ ਮੈਂ ਦਫ਼ਤਰ ਪੁੱਜਿਆਂ ਤਾਂ ਮੈਥੋਂ ਪਹਿਲਾਂ ਡੀਸੀ ਦਫ਼ਤਰ ਦਾ ਕਰਮਚਾਰੀ ਜ਼ਰੂਰੀ ਪੱਤਰ ਦੇਣ ਲਈ ਦਫ਼ਤਰ ਵਿਚ ਮੇਰੀ ਉਡੀਕ ਕਰ ਰਿਹਾ ਸੀ। ਪੱਤਰ ਡਿਪਟੀ ਕਮਿਸ਼ਨਰ ਵੱਲੋਂ ਸੀ ਜਿਸ ਵਿਚ ਅਧਿਆਪਕਾਂ ਦੀ ਚੋਣ ਕਮੇਟੀ ਵਿਚ ਡਿਪਟੀ ਕਮਿਸ਼ਨਰ ਨੇ ਆਪਣੇ ਨੁਮਾਇੰਦੇ ਵੱਲੋਂ ਭਾਗ ਲੈਣ ਲਈ ਮੇਰੀ ਜਿ਼ੰਮੇਵਾਰੀ ਲਾਈ ਸੀ।
ਅਗਲੇ ਦਿਨ ਹੀ ਇੰਟਰਵਿਊ ਸ਼ੁਰੂ ਹੋ ਗਈ। ਉਮੀਦਵਾਰਾਂ ਦੀ ਗਿਣਤੀ ਅਨੁਸਾਰ ਇਹ ਕੰਮ ਅੰਦਾਜ਼ਨ ਦੋ ਮਹੀਨੇ ਚੱਲਣਾ ਸੀ। ਕਮੇਟੀ ਮੈਂਬਰਾਂ ਦੀ ਆਪਸੀ ਸਹਿਮਤੀ ਬਣੀ ਕਿ ਦੁਪਹਿਰ ਤੱਕ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਅਤੇ ਬਾਅਦ ਦੁਪਹਿਰ ਦਫ਼ਤਰ ਦੇ ਕੰਮ ਨਬਿੇੜੇ ਜਾਣਗੇ। ਸੈਨਿਕ ਵੈਲਫੇਅਰ ਅਧਿਕਾਰੀ ਦਾ ਕੰਮ ਸੈਨਿਕਾਂ ਦੇ ਹਿੱਤ ਦਾ ਧਿਆਨ ਰੱਖਣਾ, ਵੈਲਫੇਅਰ ਅਧਿਕਾਰੀ ਨੇ ਅਨੁਸੂਚਿਤ ਅਤੇ ਬੈਕਵਰਡ ਕਲਾਸਾਂ ਨਾਲ ਸਬੰਧਤ ਉਮੀਦਵਾਰਾਂ ਦੇ ਹਿੱਤਾਂ ਤੇ ਨਿਗਰਾਨੀ ਕਰਨਾ, ਮੇਰਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁਹ ਉਮੀਦਵਾਰਾਂ ਦੇ ਹਿੱਤ ਨੂੰ ਦੇਖਣਾ ਸੀ। ਇੰਟਰਵਿਊ ਲੈਂਦਿਆਂ ਅਜੇ ਦਸ ਕੁ ਦਿਨ ਹੀ ਹੋਏ ਸਨ। ਇੱਕ ਦਿਨ ਕਮੇਟੀ ਸਾਹਮਣੇ ਕਿਸੇ ਪਿੰਡ ਨਾਲ ਸਬੰਧਤ ਲੜਕੀ ਪੇਸ਼ ਹੋਈ। ਸਾਧਾਰਨ ਜਿਹੇ ਕੱਪੜੇ ਅਤੇ ਚਿਹਰੇ ਤੇ ਨਜ਼ਰ ਮਾਰਿਆਂ ਅਨੁਭਵ ਹੁੰਦਾ ਸੀ ਜਿਵੇਂ ਇਸ ਕੁੜੀ ਨੂੰ ਚੱਜ ਨਾਲ ਹੱਸਿਆਂ ਬਹੁਤ ਸਮਾਂ ਹੋ ਗਿਆ ਹੋਵੇ। ਕਮੇਟੀ ਦੇ ਮੈਂਬਰਾਂ ਨੇ ਜਦੋਂ ਉਸ ਤੇ ਸਵਾਲਾਂ ਦੀ ਝੜੀ ਲਾ ਦਿੱਤੀ ਤਾਂ ਕੁੜੀ ਬੌਂਦਲ ਜਿਹੀ ਗਈ। ਕੁੜੀ ਨੇ ਗੱਚ ਭਰ ਕੇ ਜਵਾਬ ਦਿੱਤਾ, “ਜੀ, ਮੇਰੀ ਇੱਕ ਬੇਨਤੀ ਹੈ। ਛੇ ਮਹੀਨੇ ਪਹਿਲਾਂ ਮੇਰੇ ਬਾਪੂ ਜੀ ਗੁਜ਼ਰ ਗਏ। ਉਹ ਪਿੰਡ ਦੇ ਜਿ਼ੰਮੀਦਾਰ ਕੋਲ ਸੀਰੀ ਸਨ। ਤਿੰਨ ਭੈਣਾਂ ਹਾਂ ਅਸੀਂ ਅਤੇ ਇੱਕ ਛੋਟਾ ਭਰਾ ਹੈ। ਘਰ ਦਾ ਚੁੱਲ੍ਹਾ ਬਲਦਾ ਰੱਖਣ ਲਈ ਮੈਂ ਅਤੇ ਮੇਰੀ ਮਾਂ ਲੋਕਾਂ ਦੇ ਘਰੀਂ ਗੋਹਾ-ਕੂੜਾ ਕਰਨ ਜਾਂਦੀਆਂ ਹਾਂ। ਉਸ ਜਿ਼ੰਮੀਦਾਰ ਦੇ ਘਰ ਵੀ ਕੰਮ ਕਰਨ ਜਾਂਦੀਆਂ ਹਾਂ, ਜਿੱਥੇ ਮੇਰਾ ਬਾਪੂ ਸੀਰੀ ਰਲਿਆ ਹੋਇਆ ਸੀ। ਉਨ੍ਹਾਂ ਤੋਂ ਸੀਰੀ ਰਲਣ ਵੇਲੇ ਲਿਆ ਕਰਜ਼ਾ ਕੰਮ ਕਰ ਕੇ ਮੋੜਨ ਦੀ ਕੋਸ਼ਿਸ਼ ਮਾਂਵਾਂ ਧੀਆਂ ਰਲ ਕੇ ਕਰ ਰਹੀਆਂ ਹਾਂ।” ਕੁੜੀ ਨੇ ਚੁੰਨੀ ਦੇ ਲੜ ਨਾਲ ਅੱਥਰੂ ਪੂੰਝਦਿਆਂ ਆਪਣੀ ਦਰਦ ਭਰੀ ਵਿਥਿਆ ਨੂੰ ਅਗਾਂਹ ਤੋਰਿਆ, “ਆਹ ਦੇਖੋ ਜੀ ਮੇਰੇ ਹੱਥ! ਨਹੁੰਆਂ ਵਿਚ ਗੋਹਾ ਫਸਿਆ ਹੋਇਐ। ਹੱਥ ਵੀ ਗੋਹੇ ਰੰਗੇ ਹੋਏ ਪਏ ਨੇ। ਤੁਸੀਂ ਮੈਥੋਂ ਮੇਰੇ ਪਿੰਡ ਦੇ ਕਿਰਤੀਆਂ ਬਾਬਤ ਸਵਾਲ ਪੁੱਛ ਲਵੋ। ਜਿਹੜੇ ਚੱਜ ਨਾਲ ਰੋਟੀ ਖਾਂਦੇ ਨੇ, ਉਨ੍ਹਾਂ ਸਬੰਧੀ ਵੀ ਮੈਂ ਕੁਝ ਨਾ ਕੁਝ ਦੱਸ ਸਕਦੀ ਹਾਂ। ਸਾਰਾ ਦਿਨ ਊਰੀ ਵਾਂਗ ਘੁੰਮਦਿਆਂ ਹੋਰ ਕੁਝ ਸੁੱਝਦਾ ਹੀ ਨਹੀਂ।” ਕੁੜੀ ਦੀਆਂ ਗੱਲਾਂ ਨੇ ਮਾਹੌਲ ਗੰਭੀਰ ਕਰ ਦਿੱਤਾ ਸੀ। ਉਹਦੀਆਂ ਅੱਖਾਂ ਵਿਚੋਂ ਹੰਝੂ ਛਲਕ ਰਹੇ ਸਨ। ਮੇਰਾ ਆਪਣਾ ਆਪ ਕੁੜੀ ਦੀ ਹਾਲਤ ਨਾਲ ਝੰਜੋੜਿਆ ਜਿਹਾ ਗਿਆ। ਕੁੜੀ ਨੂੰ ਹੌਂਸਲਾ ਦਿੰਦਿਆਂ ਕਿਹਾ, “ਅੱਜ ਮਾੜੇ ਦਿਨ ਨੇ ਤਾਂ ਚੰਗੇ ਦਿਨ ਵੀ ਜ਼ਰੂਰ ਆਉਣਗੇ। ਹਨੇਰੇ ਪਿੱਛੋਂ ਚਾਨਣ ਵੀ ਤਾਂ ਆਉਂਦਾ ਹੈ। ਹੌਂਸਲਾ ਨਾ ਹਾਰੋ।”
ਚੋਣ ਕਮੇਟੀ ਦੇ ਕਿਸੇ ਮੈਂਬਰ ਨੇ ਉਸ ਤੋਂ ਅਗਾਂਹ ਹੋਰ ਕੋਈ ਪ੍ਰਸ਼ਨ ਨਹੀਂ ਪੁੱਛਿਆ ਅਤੇ ਕੁੜੀ ਦੇ ਜਾਣ ਬਾਅਦ ਮੈਂ ਕਮੇਟੀ ਦੇ ਦੂਜੇ ਮੈਂਬਰਾਂ ਨੂੰ ਕਿਹਾ, “ਇਸ ਕੁੜੀ ਦੀ ਮਦਦ ਕਰਨ ਲਈ ਮੈਨੂੰ ਡੀਸੀ ਸਾਹਿਬ ਨੇ ਕਿਹਾ ਸੀ।” ਇੰਜ ਵੱਧ ਤੋਂ ਵੱਧ ਇੰਟਰਵਿਊ ਦੇ ਨੰਬਰ ਸਾਰੇ ਮੈਂਬਰਾਂ ਵੱਲੋਂ ਲਾ ਦਿੱਤੇ ਗਏ। ਕੁੜੀ ਦੇ ਪੜ੍ਹਾਈ ਵਿਚ ਪਹਿਲਾਂ ਹੀ ਨੰਬਰ ਚੰਗੇ ਸਨ। ਰਿਜ਼ਰਵ ਕੈਟਾਗਰੀ ਦਾ ਵੀ ਉਸ ਨੂੰ ਲਾਭ ਮਿਲ ਜਾਣਾ ਸੀ।
ਅੰਦਾਜ਼ਨ ਦੋ ਮਹੀਨੇ ਇੰਟਰਵਿਊ ਲੈਂਦਿਆਂ ਬੀਤ ਗਏ। ਮੈਰਿਟ ਲਿਸਟ ਡੀਪੀਆਈ ਦਫ਼ਤਰ ਚੰਡੀਗੜ੍ਹ ਵਿਖੇ ਜਮ੍ਹਾ ਕਰਵਾ ਦਿੱਤੀ ਗਈ। ਚਾਰ-ਪੰਜ ਸਾਲ ਬਾਅਦ ਬਾਜ਼ਾਰ ਵਿਚ ਜਾਂਦਿਆਂ ਕਿਸੇ ਕੁੜੀ ਨੇ ਰੁਕਣ ਦਾ ਇਸ਼ਾਰਾ ਕੀਤਾ। ਰੁਕਦਿਆਂ ਹੀ ਅਦਬ ਨਾਲ ਸਿਰ ਝੁਕਾ ਕੇ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਕਿਹਾ, “ਮੈਨੂੰ ਸਿਆਣਿਆ ਜੀ ਤੁਸੀਂ?” ਮੇਰੇ ਨਾ ਵਿਚ ਸਿਰ ਹਿਲਾਉਣ ਤੇ ਉਹਦਾ ਜਵਾਬ ਸੀ, “ਉਹੀ ਹਾਂ ਜੀ ਮੈਂ, ਜਿਹਨੇ ਅਧਿਆਪਕ ਚੋਣ ਕਮੇਟੀ ਸਾਹਮਣੇ ਆਪਣੀ ਕਬੀਲਦਾਰੀ ਦਾ ਰੋਣਾ ਰੋਇਆ ਸੀ। ਗੋਹੇ ਕੂੜੇ ਦਾ ਜ਼ਿਕਰ ਕੀਤਾ ਸੀ…। ਤੁਸੀਂ ਮੈਨੂੰ ਹੌਂਸਲਾ ਦਿੰਦਿਆਂ ਚੰਗੇ ਦਿਨ ਆਉਣ ਦੀ ਆਸ ਬਾਰੇ ਦੱਸਿਆ ਸੀ। ਸੱਚੀਂ ਸਰ, ਥੋਡੇ ਬੋਲ ਮੈਂ ਬੜੀ ਵਾਰ ਯਾਦ ਕੀਤੇ ਨੇ। ਸਰ, ਮੇਰੀ ਸਿਲੈਕਸ਼ਨ ਹੋ ਗਈ ਸੀ।” ਫਿਰ ਉਹਨੇ ਨਾਲ ਖੜ੍ਹੇ ਨੌਜਵਾਨ ਵੱਲ ਇਸ਼ਾਰਾ ਕਰਦਿਆਂ ਕਿਹਾ, “ਇਹ ਮੇਰੇ ਹਸਬੈਂਡ ਨੇ। ਇਹ ਵੀ ਅਧਿਆਪਕ ਨੇ। ਸੱਚੀਂ ਸਰ, ਹੁਣ ਜ਼ਿੰਦਗੀ ਚਾਨਣ ਚਾਨਣ ਹੈ।” ਕੁੜੀ ਦੇ ਖੁਸ਼ੀ ਵਿਚ ਅੱਥਰੂ ਛਲਕ ਆਏ ਸਨ।
ਇੰਟਰਵਿਊ ਦੇਣ ਵੇਲੇ ਕੁੜੀ ਦੇ ਛਲਕਦੇ ਹੰਝੂ ਅਤੇ ਹੁਣ ਨਿਕਲੇ ਅੱਥਰੂਆਂ ਵਿਚ ਜ਼ਮੀਨ ਅਸਮਾਨ ਦਾ ਅੰਤਰ ਸੀ।
ਇੰਟਰਵਿਊ ਦੌਰਾਨ ਕਮੇਟੀ ਮੈਂਬਰਾਂ ਨੂੰ ਡੀਸੀ ਦੀ ਮਦਦ ਲਈ ਕਹਿਣ ਵਾਲੀ ਗੱਲ ਮੈਂ ਝੂਠ ਕਹੀ ਸੀ!
ਸੰਪਰਕ: 94171-48866