ਰਛਪਾਲ ਸਿੰਘ
21 ਫਰਵਰੀ ਦੀ ਢਲਦੀ ਦੁਪਹਿਰ ਜੁਝਾਰੂ ਕਿਸਾਨ ਆਗੂ ਦਾਤਾਰ ਸਿੰਘ ਦੀ ਜ਼ਿੰਦਗੀ ਦੀ ਆਖਰੀ ਢਲਦੀ ਦੁਪਹਿਰ ਹੋ ਨਿੱਬੜੀ, ਜਦੋਂ ਉਹ ਖੇਤੀ ਕਾਨੂੰਨਾਂ ਦੀ ਵਿਆਖਿਆ ਕਰਦਿਆਂ ਆਪਣੀ ਗੱਲ ਖ਼ਤਮ ਕਰ ਕੇ ਆਪਣੀ ਸੀਟ ਤੇ ਬਹਿੰਦਿਆਂ ਹੀ ਦਿਲ ਦੇ ਦੌਰੇ ਦੀ ਮਾਰ ਹੇਠ ਆ ਗਏ ਅਤੇ ਆਪਣੇ ਪਿਆਰੇ ਲੋਕਾਂ ਤੋਂ ਸਦਾ ਲਈ ਵਿਛੜ ਗਏ। ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਉਸ ਦਿਨ ਦੇਸ਼ ਭਗਤ ਉਜਾਗਰ ਸਿੰਘ ਖਤਰਾਏ ਕਲਾਂ ਦੀ ਯਾਦ ਵਿਚ ਪ੍ਰੋਗਰਾਮ ਹੋ ਰਿਹਾ ਸੀ। ਇਹ ਹਮੇਸ਼ਾਂ ਹੁੰਦਾ ਸੀ ਕਿ ਜਦੋਂ ਦਾਤਾਰ ਸਿੰਘ ਬੋਲਦੇ ਸੀ ਤਾਂ ਵਖ਼ਤ ਖੜ੍ਹ ਗਿਆ ਜਾਪਦਾ ਸੀ। ਉਹ ਆਪਣੀ ਗੱਲ ਇੰਨੀ ਬਾ-ਦਲੀਲ ਰੱਖਦੇ ਸਨ ਕਿ ਪੰਡਾਲ ਵਿਚ ਖਾਮੋਸ਼ੀ ਛਾ ਜਾਂਦੀ ਸੀ, ਜ਼ੋਰਦਾਰ ਨਾਅਰੇ ਲੱਗਦੇ ਸਨ ਤੇ ਫਿਰ ਲਗਾਤਾਰ ਤਾੜੀਆਂ ਵੱਜਦੀਆਂ ਸਨ। ਇਹ ਕਦੇ ਨਹੀਂ ਸੀ ਹੁੰਦਾ ਕਿ ਉਹ ਬੋਲਦੇ ਹੋਣ ਤਾਂ ਕੋਈ ਪੰਡਾਲ ਵਿਚੋਂ ਉੱਠ ਕੇ ਚਲਾ ਜਾਵੇ। ਉਨ੍ਹਾਂ ਦੇ ਬੋਲ ਸਿੱਧਾ ਦਿਮਾਗ ਤੇ ਅਸਰ ਕਰਦੇ ਹੋਏ ਸਰੋਤਿਆਂ ਨੂੰ ਸੋਚਣ ਲਈ ਮਜਬੂਰ ਕਰਦੇ ਸਨ।
ਸਸਕਾਰ ਤੋਂ ਬਾਅਦ ਜਦੋਂ ਵਾਪਸ ਘਰ ਆਏ ਤਾਂ ਸਾਥੀ ਹਰਚਰਨ ਸਿੰਘ ਚੰਨਾ ਜਿਹੜੇ ਡੀਟੀਐੱਫ ਵਿਚ ਕੰਮ ਕਰਦਿਆਂ ਉਨ੍ਹਾਂ ਨਾਲ ਜਨਰਲ ਸਕੱਤਰ ਰਹੇ ਸਨ, ਉਨ੍ਹਾਂ ਦੇ ਬੋਲਣ ਦੇ ਆਮ ਅਧਿਆਪਕਾਂ ਤੇ ਪੈਂਦੇ ਪ੍ਰਭਾਵਾਂ ਬਾਰੇ ਦੱਸਣ ਲੱਗ ਪਏ। ਮਾਲਵੇ ਵਿਚ ਅਧਿਆਪਕਾਂ ਦਾ ਕੋਈ ਪ੍ਰੋਗਰਾਮ ਸੀ। ਸਟੇਜ ਚਲਾਉਂਦਿਆਂ ਉਨ੍ਹਾਂ ਜਦੋਂ ਦਾਤਾਰ ਸਿੰਘ ਦਾ ਨਾਂ ਲਿਆ ਤਾਂ ਇਕ ਅਧਿਆਪਕ ਸਾਥੀ ਉਨ੍ਹਾਂ ਕੋਲ ਆ ਕੇ ਕਹਿੰਦਾ- ‘ਬਾਈ ਜੀ ਮੈਂ ਤਾਂ ਜਾਣਾ ਹੈ’। ਜਦੋਂ ਕਿਹਾ ਗਿਆ ਕਿ ‘ਪ੍ਰਧਾਨ ਜੀ ਨੂੰ ਸੁਣ ਕੇ ਜਾਵੀਂ’ ਤਾਂ ਉਹ ਅਧਿਆਪਕ ਸਾਥੀ ਕਹਿਣ ਲੱਗਾ ਕਿ ‘ਦਾਤਾਰ ਸਿੰਘ ਨੂੰ ਸੁਣਨ ਬਾਅਦ ਤਾਂ ਕਈ ਕਈ ਦਿਨ ਨੀਂਦ ਨਹੀਂ ਆਉਂਦੀ, ਮੈਂ ਬਹੁਤ ਬੇਚੈਨ ਹੋ ਜਾਂਦਾ ਹਾਂ ਕਿ ਮੁਲਾਜ਼ਮ ਵਰਗ ਤੇ ਆਮ ਮਿਹਨਤਕਸ਼ ਲੋਕਾਂ ਦਾ ਹਸ਼ਰ ਇਨ੍ਹਾਂ ਆਰਥਿਕ ਨੀਤੀਆਂ ਨਾਲ ਕਿਸ ਤਰ੍ਹਾਂ ਦਾ ਹੋਵੇਗਾ!’
ਦਾਤਾਰ ਸਿੰਘ ਸਾਮਰਾਜੀ ਨੀਤੀਆਂ ਦੇ ਆਮ ਲੋਕਾਂ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਦੇ ਵੱਡੇ ਵਿਆਖਿਆਕਾਰ ਸਨ। ਸਾਮਰਾਜੀ ਨੀਤੀਆਂ ਦੇ ਵਿਆਖਿਆਕਾਰ ਤਾਂ ਹੋਰ ਵੀ ਬੜੇ ਹਨ ਪਰ ਦਾਤਾਰ ਸਿੰਘ ਆਪਣੀ ਗੱਲ ਲੋਕਾਂ ਦੇ ਪੱਧਰ ਤੇ ਜਾ ਕੇ ਰੱਖਦੇ ਸਨ ਜਿਸ ਕਰ ਕੇ ਲੋਕ ਕੀਲੇ ਜਾਂਦੇ। ਦਿੱਲੀ ਸਿੰਘੂ ਬਾਰਡਰ ਤੇ ਉਨ੍ਹਾਂ ਨੂੰ ਬੋਲਣ ਦਾ ਬਹੁਤ ਘੱਟ ਸਮਾਂ ਮਿਲਿਆ। ਹਰ ਵੇਲੇ ਭੱਜ ਨੱਸ, ਕਦੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ, ਕਦੀ ਪੰਜਾਬ, ਕਦੀ ਦਿੱਲੀ, ਵੱਡੇ ਕਿਸਾਨ ਘੋਲ ਦੀਆਂ ਵੱਡੀਆਂ ਚੁਣੌਤੀਆਂ, ਆਰਾਮ ਕਰਨ ਦਾ ਸਮਾਂ ਵੀ ਬਹੁਤ ਘੱਟ ਹੀ ਲੱਗਦਾ ਪਰ ਉਹ ਜਿੰਨੀ ਵਾਰ ਵੀ ਦਿੱਲੀ ਸਟੇਜ ਤੋਂ ਬੋਲੇ, ਪੂਰੀ ਸਪੱਸ਼ਟਤਾ ਨਾਲ ਸਾਮਰਾਜੀ ਨੀਤੀਆਂ ਦੀ ਨਿੰਦਾ ਕੀਤੀ।
ਉਹ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਵਿਦਿਆਰਥੀ ਜਥੇਬੰਦੀ ਵਿਚ ਸਰਗਰਮ ਹੋ ਗਏ ਸਨ। ਮਾਰਕਸਵਾਦ, ਲੈਨਿਨਵਾਦ ਦੇ ਮੁੱਢਲੇ ਸਬਕ ਉਨ੍ਹਾਂ ਸਿਰਮੌਰ ਕਮਿਊਨਿਸਟ ਆਗੂ ਬਾਬਾ ਬੂਝਾ ਸਿੰਘ ਅਤੇ ਗੰਧਰਵ ਸੈਨ ਕੋਛੜ ਤੋਂ ਲਏ। ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਪੜ੍ਹਦਿਆਂ ਕਾਮਰੇਡ ਯਸ਼ਪਾਲ ਝਬਾਲ ਉਨ੍ਹਾਂ ਨੂੰ ਆਪਣੇ ਸਾਈਕਲ ਤੇ ਬਿਠਾ ਕੇ ਬਾਬਾ ਬੂਝਾ ਸਿੰਘ ਅਤੇ ਚੋਟੀ ਦੇ ਹੋਰ ਆਗੂਆਂ ਕੋਲ ਲੈ ਕੇ ਜਾਂਦੇ ਰਹੇ ਜਿਸ ਕਰ ਕੇ ਬਾਬਾ ਬੂਝਾ ਸਿੰਘ ਜੇ ਕਮਿਊਨਿਸਟ ਵਿਚਾਰਧਾਰਾ ਦੇ ਸਿਖਰ ਦੇ ਅਧਿਆਪਕ ਸਨ, ਤਾਂ ਉਨ੍ਹਾਂ ਦਾ ਚੰਡਿਆ ਹੋਇਆ ਚੇਲਾ ਸਿਖਰ ਦਾ ਕਮਿਊਨਿਸਟ ਬੁਲਾਰਾ ਹੋ ਨਬਿੜਿਆ।
ਅਧਿਆਪਕ ਕਿੱਤੇ ਵਿਚ ਆਉਣ ਤੋਂ ਬਾਅਦ ਉਨ੍ਹਾਂ ਗੌਰਮਿੰਟ ਟੀਚਰ ਯੂਨੀਅਨ ਵਿਚ ਕੰਮ ਕੀਤਾ ਅਤੇ ਅਧਿਆਪਕਾਂ ਦੀ ਖਾੜਕੂ ਜਥੇਬੰਦੀ ਡੀਟੀਐੱਫ ਕਾਇਮ ਕੀਤੀ। ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਨੂੰ ਇਕੱਠਾ ਕਰ ਕੇ ਡੈਮੋਕਰੈਟਿਕ ਮੁਲਾਜ਼ਮ ਫਰੰਟ ਬਣਾਇਆ। ਇਨ੍ਹਾਂ ਦੋਵਾਂ ਜਥੇਬੰਦੀਆਂ ਦੇ ਬਾਨੀ ਪ੍ਰਧਾਨ ਰਹੇ, ‘ਮੁਲਾਜ਼ਮ ਘੋਲ’ ਪਰਚਾ ਕੱਢਿਆ ਜਿਸ ਦੇ ਉਹ ਬਾਨੀ ਸੰਪਾਦਕ ਸਨ। ਰਿਟਾਇਰ ਹੋਣ ਤੋਂ ਬਾਅਦ ਉਹ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਣੇ ਅਤੇ ਬਾਅਦ ਵਿਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਣੇ ਸਨ। ਉਹ ਪੜ੍ਹਦੇ ਬਹੁਤ ਸਨ, ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਆਪਣੇ ਵਿਸ਼ੇ ਦੀ ਪੂਰੀ ਮੁਹਾਰਤ ਹੁੰਦੀ ਸੀ। ਲੌਕਡਾਊਨ ਦੌਰਾਨ ਉਹ ਲਗਾਤਾਰ ਪੜ੍ਹਦੇ ਰਹੇ। ਪੜ੍ਹਨ, ਬੋਲਣ ਦੇ ਨਾਲ ਨਾਲ ਉਨ੍ਹਾਂ ਨੂੰ ਗਾਉਣ ਦਾ ਵੀ ਸ਼ੌਕ ਸੀ। ਸੁਰਜੀਤ ਪਾਤਰ ਦੀ ਗਜ਼ਲ ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ’ ਉਨ੍ਹਾਂ ਦੇ ਮੂੰਹੋਂ ਬਹੁਤ ਵਾਰ ਸੁਣੀ।
ਹਰੀਕੇ ਵਿਚ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਚਾਹ ਪੀਣ ਦੀ ਤਿਆਰੀ ਕਰ ਰਹੇ ਸਾਂ ਤਾਂ ਦਾਤਾਰ ਸਿੰਘ ਨੂੰ ਧੀ ਜੀਵਨਜੋਤ ਦਾ ਫੋਨ ਆਇਆ- ‘ਪਾਪਾ, ਕੱਲ੍ਹ ਮੰਮੀ ਦੀ ਰਿਟਾਇਰਮੈਂਟ ਪਾਰਟੀ ਐ, ਤੁਸੀਂ ਨਾਲ ਜਾਣਾ ਹੈ’। ਜਵਾਬ ਸੀ- ‘ਮੈਂ ਤਾਂ ਕੱਲ੍ਹ ਨੂੰ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਰੱਖੀ ਐ, ਸਾਰਿਆਂ ਨੂੰ ਸੁਨੇਹੇ ਲੱਗ ਚੁੱਕੇ ਹਨ’। ਉਨ੍ਹਾਂ ਫੈਸਲਾ ਕਰਨ ਵਿਚ ਦੇਰੀ ਨਹੀਂ ਕੀਤੀ- ‘ਮੈਂ ਪਹਿਲਾਂ ਮੀਟਿੰਗ ਚ ਜਾਵਾਂਗਾ, ਬਾਅਦ ਵਿਚ ਤੇਰੀ ਮੰਮੀ ਦੀ ਰਿਟਾਇਰਮੈਂਟ ਪਾਰਟੀ ਵਿਚ ਸ਼ਾਮਲ ਹੋਵਾਂਗਾ’, ਤੇ ਫੋਨ ਕੱਟ ਦਿੱਤਾ।
ਦਿੱਲੀ ਸਟੇਜ ਦੇ ਪਿਛਲੇ ਪਾਸੇਂ ਮੈਂ, ਦਾਤਾਰ ਸਿੰਘ, ਧਨਵੰਤ ਸਿੰਘ ਖਤਰਾਏ ਕਲਾਂ ਅਤੇ ਹਰਦੇਵ ਸਿੰਘ ਸੰਧੂ ਖੜ੍ਹੇ ਸੀ। ਦਾਤਾਰ ਸਿੰਘ ਬੋਲੇ- ‘ਰਛਪਾਲ, ਅਸੀਂ ਹਫ਼ਤੇ ਲਈ ਪੰਜਾਬ ਜਾਣਾ ਹੈ, ਧਨਵੰਤ ਨੇ ਵੀ ਮੇਰੇ ਨਾਲ ਜਾਣਾ ਹੈ। ਹਰਦੇਵ ਸੰਧੂ ਤੁਹਾਡੇ ਕੋਲ ਰਹਿਣਗੇ। ਵਾਪਸ ਆ ਕੇ ਅਸੀਂ ਪੈਰਿਸ ਕਮਿਊਨ (1871) ਦੀ 150ਵੀਂ ਵਰ੍ਹੇਗੰਢ ਦਿੱਲੀ ਮੋਰਚੇ ਦੌਰਾਨ ਮਨਾਵਾਂਗੇ। ਪੈਰਿਸ ਕਮਿਊਨ 1871 ਫਰਾਂਸ ਵਿਚ ਕਿਸਾਨਾਂ ਮਜ਼ਦੂਰਾਂ ਦਾ ਪਹਿਲਾ ਰਾਜ ਕਾਇਮ ਹੋਇਆ ਸੀ, ਭਾਵੇਂ ਉਹ ਬਹੁਤ ਘੱਟ ਸਮੇਂ ਲਈ ਕਾਇਮ ਰਹਿ ਸਕਿਆ ਪਰ ਦਾਤਾਰ ਸਿੰਘ ਦੀ ਸੋਚ ਦ੍ਰਿਸ਼ਟੀ ਵਿਸ਼ਾਲ ਸੀ, ਉਹ ਹਮੇਸ਼ਾਂ ਕੌਮਾਂਤਰੀ ਪੱਧਰ ਤੇ ਸੋਚਦੇ ਸਨ। ਮਜ਼ਦੂਰ ਜਮਾਤ ਦੇ ਦਿਹਾੜੇ ਉਨ੍ਹਾਂ ਦੇ ਪੋਟਿਆਂ ਤੇ ਸਨ। 21 ਫਰਵਰੀ ਦੀ ਸਵੇਰ ਮੇਰੀ ਉਨ੍ਹਾਂ ਨਾਲ ਗੱਲ ਹੋਈ; ਕਹਿੰਦੇ, ‘ਸਿਹਤ ਮੇਰੀ ਬਿਲਕੁਲ ਠੀਕ ਐ’ ਪਰ ਬਾਅਦ ਦੁਪਹਿਰ ਲਗਭਗ 3 ਵਜੇ ਧਨਵੰਤ ਸਿੰਘ ਖਤਰਾਏ ਕਲਾਂ ਦਾ ਫੋਨ ਆਉਂਦਾ ਹੈ। ਆਵਾਜ਼ ਠੀਕ ਨਹੀਂ- ਦਾਤਾਰ ਸਿੰਘ ਨੂੰ ਹਾਰਟ ਅਟੈਕ ਹੋ ਗਿਆ ਸੀ ਤੇ ਡਾਕਟਰ ਪੰਪ ਕਰ ਰਹੇ ਸਨ। ‘ਬੱਸ ਖ਼ਤਮ’, ਇਹ ਧਨਵੰਤ ਦਾ ਦੂਜਾ ਫੋਨ ਹੈ। ਮੈਂ ਉਸ ਨੂੰ ਹੌਸਲਾ ਦਿੰਦਾ ਹਾਂ। ਆਪਣੇ ਹੰਝੂ ਰੋਕ ਕੇ ਬਹੁਤ ਪਿਛਾਂਹ ਮੁੜਦਾ ਹਾਂ- 21 ਫਰਵਰੀ ਨੂੰ ਮਾਰਕਸ ਅਤੇ ਏਂਗਲ ਨੇ ਕਮਿਊਨਿਸਟ ਮੈਨੀਫੈਸਟੋ ਜਾਰੀ ਕੀਤਾ ਸੀ ਜਿਸ ਨੇ ਮਗਰੋਂ ਜਾ ਕੇ ਦੁਨੀਆ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ। ਕਮਿਊਨਿਸਟ ਮੈਨੀਫੈਸਟੋ ਕਿਸਾਨਾਂ ਮਜ਼ਦੂਰਾਂ ਨੂੰ ਇਕੱਠਿਆਂ ਕਰ ਕੇ ਉਨ੍ਹਾਂ ਦੀ ਮੁਕਤੀ ਦੀ ਗੱਲ ਕਰਦਾ ਹੈ। ਸਾਥੀ ਦਾਤਾਰ ਸਿੰਘ ਵੀ ਆਪਣੇ ਅੰਤਲੇ ਸਮੇਂ ਤੱਕ ਕਿਸਾਨਾਂ, ਮਜ਼ਦੂਰਾਂ ਦੀ ਗੱਲ ਕਰਦੇ ਹੋਏ ਮੌਜੂਦਾ ਕਿਸਾਨੀ ਘੋਲ ਅਤੇ ਖੇਤੀ ਕਾਨੂੰਨਾਂ ਦੀ ਵਿਆਖਿਆ ਕਰਦੇ ਸਾਡੇ ਕੋਲੋਂ ਵਿਦਾ ਹੋਏ ਹਨ। ਇਹ ਇਤਿਹਾਸਕ ਮੌਕਾ ਮੇਲ ਹੀ ਹੈ। 21 ਫਰਵਰੀ ਸਾਡੇ ਸਭ ਲਈ ਸਬਕ ਦਾ ਦਿਹਾੜਾ ਹੋ ਨਬਿੜਿਆ ਹੈ; ਲੋਕ ਮੁਕਤੀ ਘੋਲ ਨੂੰ ਤੇਜ਼ ਕਰਨ ਦਾ ਸਬਕ।
ਅੱਜ, 5 ਫਰਵਰੀ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿਚ ਸਾਥੀ ਦਾਤਾਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ।
ਸੰਪਰਕ: 98785-00567