ਅਵਨੀਤ ਕੌਰ
ਮਾਸੀ ਦੇ ਪਿੰਡ ਪਹੁੰਚ ਕੇ ਖ਼ੁਸ਼ੀ ਉੱਡ ਕੇ ਮਿਲੀ। ਖੇਤ ਵਿਚ ਬਣਿਆ ਘਰ ਅਤੇ ਖੁੱਲ੍ਹਾ ਡੁੱਲ੍ਹਾ ਮਾਹੌਲ ਮਨ ਨੂੰ ਭਾਅ ਗਿਆ। ਦੂਰ ਤੱਕ ਦਿਸਦੀ ਹਰਿਆਵਲ ਦੇਖ ਸੁਫ਼ਨੇ ਅੰਗੜਾਈ ਭਰਦੇ। ਪੁਸਤਕਾਂ ਦਾ ਸਾਥ ਮਨ ਦਾ ਸਕੂਨ ਬਣਦਾ। ਖੇਤ ਰਹਿੰਦਿਆਂ ਖੇਤਾਂ ਦੇ ਪੁੱਤਰਾਂ ਦਾ ਸੰਘਰਸ਼ ਭਵਿੱਖ ਦੀ ਆਸ ਲਗਦਾ। ਮਨ ਸਬਕ ਅਤੇ ਪ੍ਰੇਰਨਾ ਬਣਨ ਵਾਲੇ ਕਾਰਜ ਤਲਾਸ਼ਦਾ। ਇੱਕ ਸੁਹਾਣੀ ਸਵੇਰ ਸੁਖਦ ਰੌਂਅ ਵਿਚ ਸੀਨੀਅਰ ਵਿਦਿਆਰਥਣ ਕਮਲ ਦੇ ਗੁਜ਼ਰੇ ਵਕਤ ਦੀ ਗਾਥਾ ਦੇ ਪੰਨੇ ਪਲਟਣ ਲੱਗੇ। ਉਸ ਦੇ ਬੋਲਾਂ ਨੂੰ ਕਲਮ ਨੇ ਸ਼ਬਦ ਦਿੱਤੇ।
ਦਸਵੀਂ ਵਿਚ ਪੜ੍ਹਦਿਆਂ ਮੈਂ ਕਲਾਸ ਦੀਆਂ ਹੁਸਿ਼ਆਰ ਵਿਦਿਆਰਥਣਾਂ ਵਿਚੋਂ ਇੱਕ ਸਾਂ। ਸਕੂਲ ਵਿਚ ਪੜ੍ਹਾਈ ਦਾ ਮਾਹੌਲ ਉਤਸ਼ਾਹਿਤ ਕਰਦਾ। ਮਨ ਵਿਚ ਪੜ੍ਹ ਲਿਖ ਕੇ ਕੁਝ ਬਣਨ ਦੀ ਰੀਝ ਸੀ। ਮਾਂ ਸਾਰਾ ਦਿਨ ਕੰਮਾਂ ਵਿਚ ਲੱਗੀ ਰਹਿੰਦੀ। ਨਾ ਖਾਣ ਦਾ ਫਿ਼ਕਰ, ਨਾ ਪਹਿਨਣ ਦੀ ਚਾਹ। ਬਸ, ਘਰ ਨੂੰ ਤੋਰਨ ਦਾ ਸੁਪਫ਼ਨਾ ਜਗਦਾ ਰੱਖਣ ਲਈ ਘਾਲਣਾ ਘਾਲਦੀ, ਮੈਨੂੰ ਪੜ੍ਹਨ ਲਈ ਪ੍ਰੇਰਦੀ; ਆਖਦੀ, ਧੀਏ ਮੇਰੇ ਵੱਲ ਦੇਖ, ਪੜ੍ਹ ਲਿਖ ਕੇ ਜਿ਼ੰਦਗੀ ਸੁਆਰ। ਪਾਪਾ ਖੇਤਾਂ ਵਿਚ ਪਸੀਨਾ ਡੋਲ੍ਹਦੇ। ਥੋੜ੍ਹੀ ਜ਼ਮੀਨ ਪਾਪਾ ਦੇ ਹੌਸਲੇ ਨੂੰ ਪਸਤ ਨਾ ਕਰਦੀ। ਉਨ੍ਹਾਂ ਦਾ ਸਿਦਕ ਮੈਨੂੰ ਰਾਹ ਦਿਖਾਉਂਦਾ। ਘਰ ਵਿਚ ਵਿਧਵਾ ਭੂਆ ਵੀ ਸਾਡੇ ਨਾਲ ਰਹਿੰਦੀ। ਦੁੱਖਾਂ ਦੀ ਸਤਾਈ ਭੂਆ ਦੀ ਨਜ਼ਰ ਵਿਚ ਚੰਗੇ ਵਕਤ ਲਈ ਸੁੱਖਣਾਂ, ਟੂਣੇ ਬਹੁਤ ਕਾਰਗਾਰ ਦਿਸਦੇ। ਘਰੇ ਉਸ ਦਾ ਕੋਈ ਰੁਝੇਵਾਂ ਨਹੀਂ ਸੀ। ਉਹ ਆਂਢ-ਗੁਆਂਢ ਦੀਆਂ ਔਰਤਾਂ ਨਾਲ ਮੇਲੇ, ਮੱਸਿਆ ਤੁਰੀ ਰਹਿੰਦੀ।
ਘਰ ਪਰਿਵਾਰ ਦੀ ਤਰੱਕੀ ਲਈ ਉਸ ਦੀ ਨਜ਼ਰ ਡੇਰੇ ਵਾਲੇ ਬਾਬਿਆਂ ’ਤੇ ਹੀ ਅਟਕਦੀ। ਭੂਆ ਘਰ ਵਿਚ ਇਹ ਵਖਿਆਨ ਸੁਣਾਉਂਦੀ। ਬਾਬਿਆਂ ਨੇ ਦੱਸਿਆ, ਤੇਰੇ ਭਰਾ ਦੀ ਸਖ਼ਤ ਮਿਹਨਤ ਤਾਂ ਨਿਹਫਲ ਐ, ਕਿਸੇ ਕੰਮ ਨਹੀਂ ਆਉਂਦੀ। ਘਰ ਤਾਂ ਅਦਿੱਖ ਸ਼ੈਆਂ ਦੇ ਪਹਿਰੇ ਹੇਠ ਐ। ਉਪਾਅ ਨਾ ਕੀਤਾ ਤਾਂ ਘਰ ਦੇ ਸਾਰੇ ਜੀਅ ਭੰਗ ਦੇ ਭਾਣੇ ਜਾਣਗੇ। ਸਵੇਰ ਸ਼ਾਮ ਭੂਆ ਦੀ ਅਜਿਹੀਆਂ ਗੱਲਾਂ ਸੁਣ ਮੇਰੇ ਮਨ ਅੰਦਰ ਡਰ ਘਰ ਕਰ ਗਿਆ। ਰਾਤ ਨੂੰ ਨੀਂਦ ਟਲਣ ਲੱਗੀ। ਪੜ੍ਹਾਈ ਤੋਂ ਮਨ ਉਚਾਟ ਹੋਣ ਲੱਗਾ। ਹਨੇਰੇ ਤੋਂ ਡਰ ਲੱਗਣ ਲੱਗਾ। ਅਧਿਆਪਕ ਮੇਰੀ ਬਦਲ ਰਹੀ ਮਾਨਸਿਕ ਦਸ਼ਾ ਤੋਂ ਹੈਰਾਨ ਸਨ। ਉਨ੍ਹਾਂ ਮੈਨੂੰ ਇਲਾਜ ਕਰਵਾਉਣ ਲਈ ਪ੍ਰੇਰਿਆ। ਮਾਂ ਬਾਪ ਡਾਕਟਰਾਂ ਕੋਲ ਲਿਜਾਂਦੇ ਪਰ ਭੂਆ ਬਾਬਿਆਂ ਦੀਆਂ ਚੌਂਕੀਆਂ ਵੱਲ ਖਿੱਚ ਕਰਦੀ। ਜਦ ਡਾਕਟਰਾਂ ਨੂੰ ਮੇਰੀ ਬਿਮਾਰੀ ਸਮਝ ਨਾ ਆਈ ਤਾਂ ਭੂਆ ਦਾ ਕੰਮ ਸੌਖਾ ਹੋ ਗਿਆ। ਹਰ ਵੀਰਵਾਰ ਚੇਲਿਆਂ ਦੇ ਦਰਾਂ ’ਤੇ ਰੁਲਣ ਲੱਗੇ। ਉਨ੍ਹਾਂ ਖਰਚਾ ਮੂੰਹ ਮੰਗਿਆ ਲਿਆ ਪਰ ਮੇਰੀ ਮਾਨਸਿਕ ਸਿਹਤ ਵਿਚ ਭੋਰਾ ਸੁਧਾਰ ਨਹੀਂ ਹੋਇਆ। ਇੱਕ ਬਾਬੇ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਇਹ ਕੁੜੀ ਹੀ ਕੁਲਿਹਣੀ ਹੈ। ਘਰ ਬਚਾਉਣਾ ਹੈ ਤਾਂ ਇਹਦੇ ਹੱਥ ਪੀਲੇ ਕਰਕੇ ਘਰੋਂ ਵਿਦਾ ਕਰ ਦਿਉ, ਨਹੀਂ ਤਾਂ ਉਮਰ ਭਰ ਪਛਤਾਉਂਦੇ ਰਹੋਗੇ। ਭੂਆ ਨੇ ਇਲਾਜ ਛੱਡ ਮੇਰੇ ਵਿਆਹ ਲਈ ਕੋਸਿ਼ਸ਼ਾਂ ਸ਼ੁਰੂ ਕਰ ਦਿੱਤੀਆਂ।
ਮੈਨੂੰ ਆਪਣਾ ਭਵਿੱਖ ਹਨੇਰਾ ਨਜ਼ਰ ਆਉਣ ਲੱਗਾ। ਮਾਂ ਮੇਰੇ ਨਾਲ ਸੀ ਪਰ ਭੂਆ ਤੇ ਪਾਪਾ ਜੀ ਕਰਕੇ ਉਹ ਚੁੱਪ ਰਹੀ। ਅਜਿਹਾ ਦੇਖ ਸੁਣ ਮੈਂ ਸੁਧ ਬੁਧ ਗੁਆ ਬੈਠੀ। ਮੰਜਾ ਮੱਲ ਲਿਆ। ਪਰਿਵਾਰ ਸਕਤੇ ਵਿਚ ਆ ਗਿਆ। ਆਖਰ ਕਿਸੇ ਭਲੇ ਪੁਰਸ਼ ਨੇ ਮੇਰੇ ਪਾਪਾ ਨੂੰ ਬਰਗਾੜੀ ਮਸ਼ਵਰਾ ਕੇਂਦਰ ਦੀ ਦੱਸ ਪਾਈ। ਮੈਂ ਪਹਿਲੀ ਵਾਰ ਮਾਪਿਆਂ ਨਾਲ ਕੇਂਦਰ ਪਹੁੰਚੀ। ਉੱਥੋਂ ਦਾ ਸੁਖਾਵਾਂ ਮਾਹੌਲ ਦੇਖ ਮੈਨੂੰ ਸਭ ਠੀਕ ਹੋਣ ਦੀ ਆਸ ਬੱਝੀ। ਉਨ੍ਹਾਂ ਪਹਿਲਾਂ ਮੇਰੇ ਮਾਤਾ ਪਿਤਾ ਤੋਂ ਸਾਰੀ ਕਥਾ ਜਾਣੀ। ਫਿਰ ਮੈਨੂੰ ਕੋਲ ਬਿਠਾ ਆਪਣੇ ਧੀ ਪੁੱਤ ਵਾਂਗ ਵਿਹਾਰ ਕੀਤਾ। ਕੇਂਦਰ ਦੇ ਮੁਖੀ ਚੰਨਣ ਅੰਕਲ ਨੇ ਮੇਰੀ ਉਦਾਸੀ ਦਾ ਰਾਜ਼ ਜਾਣਿਆ। ਮਨ ਦੇ ਡਰ ਅਤੇ ਸਹਿਮ ਵਾਲੇ ਕਾਰਨ ਤਲਾਸ਼ ਕੀਤੇ। ਨਿੱਕੀਆਂ ਤੇ ਭਾਵਪੂਰਤ ਗੱਲਾਂ ਨਾਲ ਪ੍ਰੇਰਿਆ, ਸਮਝਾਇਆ। ਮਨ ਦੇ ਅੰਬਰ ਤੇ ਪਈਆਂ ਡਰ ਦੀਆਂ ਪਰਤਾਂ ਹਟਾਈਆਂ। ਆਖਰ ਸੰਮੋਹਨ ਕਿਰਿਆ ਨਾਲ ਮਨ ਮਸਤਕ ਵਿਚ ਆਸਾਂ ਭਰੀਆਂ। ਬਿਖ਼ਰ ਰਹੇ ਸੁਫ਼ਨਿਆਂ ਨੂੰ ਪਰ ਦਿੱਤੇ। ਪੜ੍ਹਨ, ਸਿੱਖਣ ਤੇ ਸਮਝਣ ਲਈ ਤਰਕਸ਼ੀਲ ਪੁਸਤਕਾਂ ਮੇਰੇ ਹੱਥ ਫੜਾਈਆਂ। ਘਰ ਪਰਤਦਿਆਂ ਹੀ ਮੇਰੀ ਉਦਾਸੀ ਕਾਫੂਰ ਹੋਣ ਲੱਗੀ।
ਦਿਨਾਂ ਵਿਚ ਹੀ ਮਨ ਦੀ ਹਾਲਤ ਸੁਖਾਵੀਂ ਹੋਣ ਲੱਗ ਪਈ। ਮੈਂ ਮਿਹਨਤ ਤੇ ਲਗਨ ਨਾਲ ਮਨ ਪੜ੍ਹਾਈ ਵਿਚ ਲਾ ਲਿਆ। ਉਨ੍ਹਾਂ ਅਗਲੀ ਫੇਰੀ ਤੇ ਭੂਆ ਨੂੰ ਕੇਂਦਰ ਵਿਚ ਬੁਲਾ ਕੇ ਉਸ ਦੇ ਸ਼ੱਕ ਦੂਰ ਕੀਤੇ। ਉਨ੍ਹਾਂ ਦੇ ਸੁਝਾਵਾਂ ਅਨੁਸਾਰ ਮੇਰੇ ਪ੍ਰਤੀ ਪਰਿਵਾਰ ਦਾ ਬਦਲਿਆ ਵਤੀਰਾ ਸੁਖਦ ਅਹਿਸਾਸ ਬਣ ਮਿਲਿਆ। ਇਸ ਪੁਲਾਂਘ ਨੇ ਮੈਨੂੰ ਹਨੇਰੇ ਤੋਂ ਚਾਨਣ ਵੱਲ ਤੋਰਿਆ। ਪਰਿਵਾਰ ਵੱਲੋਂ ਮੈਨੂੰ ਅਗਲੇਰੀ ਪੜ੍ਹਾਈ ਲਈ ਹਰ ਸਹੂਲਤ/ਸਹਿਯੋਗ ਮਿਲਿਆ। ਕੁਝ ਹੀ ਮਹੀਨਿਆਂ ਵਿਚ ਮੈਂ ਕਲਾਸ ਵਿਚੋਂ ਮੁੜ ਅੱਵਲ ਆਉਣ ਲੱਗੀ। ਚੰਗੇ ਅੰਕਾਂ ਸਦਕਾ ਹੁਣ ਮੈਂ ਰਾਜਧਾਨੀ ਦੇ ਉੱਤਮ ਕਾਲਜ ਦੀ ਵਿਦਿਆਰਥਣ ਹਾਂ। ਉਮੰਗਾਂ, ਰੀਝਾਂ ਨਾਲ ਭਰਿਆ ਮਨ ਸੁਨਿਹਰੇ ਭਵਿੱਖ ਦੀ ਆਸ ਤੇ ਜਿਊਂਦਾ ਹੈ। ਜ਼ਿੰਦਗੀ ਵਿਚ ਮੇਰਾ ਆਪਣੇ ਆਪਣੇ ਨਾਲ ਅਹਿਦ ਹੈ। ਆਪਣੇ ਹਿੱਸੇ ਦੇ ਜਿਊਣ ਵਿਚੋਂ ਹੋਰਾਂ ਦੇ ਕੰਮ ਆਉਣ ਦਾ ਵਕਤ ਵੀ ਰੱਖਾਂਗੀ। ਪੁਲਾਂਘ ਪਿੱਛੋਂ ਜਾਗੀ ਚੇਤਨਾ ਮੈਨੂੰ ਚੰਗੇਰੇ ਭਵਿੱਖ ਦੀ ਦਸਤਕ ਪ੍ਰਤੀਤ ਹੋ ਰਹੀ ਸੀ।
ਸੰਪਰਕ: salamzindgi88@gmail.com