ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਗੀਤ ਦੀ ਦੁਨੀਆ ਦੀ ਮਸ਼ਹੂਰ ਸ਼ਖ਼ਸੀਅਤ ਲਤਾ ਮੰਗੇਸ਼ਕਰ (28 ਸਤੰਬਰ 1929-6 ਫਰਵਰੀ 2022) ਦੀ ਆਵਾਜ਼ ਖਾਮੋਸ਼ ਹੋ ਗਈ। ਉਨ੍ਹਾਂ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ ਸੰਗੀਤ ਦੇ ਉਸ ਯੁੱਗ ਦਾ ਅੰਤ ਹੋ ਗਿਆ ਹੈ ਜਿਸ ਵਿਚ ਭਾਰਤ ਦੀ ਵਿਰਾਸਤ, ਸੱਭਿਆਚਾਰ ਅਤੇ ਜਨ ਜੀਵਨ ਦਾ ਰੋਸ਼ਨ ਭਵਿੱਖ ਦੇਖਿਆ ਜਾ ਸਕਦਾ ਸੀ। ਉਹ ਭਾਰਤੀ ਸੰਗੀਤ ਦੀ ਆਪਣੀ ਤਰ੍ਹਾਂ ਦੀ ਇੱਕੋ-ਇੱਕ ਵਿਲੱਖਣ ਸ਼ਖ਼ਸੀਅਤ ਸੀ ਜਿਸ ਨੇ ਦੁਨੀਆ ਨੂੰ 75 ਵਰ੍ਹਿਆਂ ਤੱਕ ਆਪਣੀ ਆਵਾਜ਼ ਦੇ ਜਾਦੂ ਨਾਲ ਕੀਲੀ ਰੱਖਿਆ।
ਲਤਾ ਮੰਗੇਸ਼ਕਰ ਦੁਨੀਆ ਵਿਚ ਇੱਕੋ-ਇੱਕ ਅਜਿਹੀ ਗਾਇਕਾ ਸੀ ਜਿਸ ਨੇ 30 ਹਜ਼ਾਰ ਤੋਂ ਜਿ਼ਆਦਾ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਅਤੇ ਸੰਸਾਰ ਦੀਆਂ 36 ਜ਼ੁਬਾਨਾਂ ਵਿਚ ਗੀਤ ਗਾਏ। ਅਜਿਹੀਆਂ ਸ਼ਖ਼ੀਅਤਾਂ ਕਦੀ ਕਦਾਈਂ ਹੀ ਆਉਂਦੀਆਂ ਹਨ ਜੋ ਇਤਿਹਾਸ ਇਤਿਹਾਸ ਬਣ ਜਾਂਦੀਆਂ ਹਨ।
ਲਤਾ ਮੰਗੇਸ਼ਕਰ ਸੰਘਰਸ਼ ਦੀ ਅਜਿਹੀ ਮੂਰਤੀ ਸੀ ਜਿਸ ਨੇ 13 ਵਰ੍ਹਿਆਂ ਦੀ ਉਮਰ ਵਿਚ ਸੰਗੀਤ ਦੀ ਦੁਨੀਆ ਵਿਚ ਆਪਣੀ ਆਵਾਜ਼ ਦਾ ਜਾਦੂ ਜਗਾਇਆ ਸੀ। ਉਨ੍ਹਾਂ ਦਾ ਜਨਮ 28 ਸਤੰਬਰ 1929 ਨੂੰ ਮੱਧ ਭਾਰਤ ਦੇ ਇੰਦੌਰ ਸ਼ਹਿਰ ਵਿਚ ਹੋਇਆ। ਕਲਾ ਪ੍ਰੇਮੀ ਪਰਿਵਾਰ ਵਿਚ ਪੈਦਾ ਹੋਏ ਲਤਾ ਦੇ ਪਿਤਾ ਪੰਡਿਤ ਦੀਨਾਨਾਥ ਮੰਗੇਸ਼ਕਰ ਮਰਾਠੀ ਭਾਸ਼ਾ ਦੇ ਥੀਏਟਰ ਕਲਾਕਾਰ ਸਨ। ਲਤਾ ਮੰਗੇਸ਼ਕਰ ਆਪਣੇ ਪਰਿਵਾਰ ਵਿਚ ਸਭ ਤੋਂ ਵੱਡੀ ਪੁੱਤਰੀ ਸੀ। ਉਨ੍ਹਾਂ ਦਾ ਪਰਿਵਾਰ ਸ਼ਾਸਤਰੀ ਸੰਗੀਤ ਅਤੇ ਥੀਏਟਰ ਨਾਲ ਜੁੜਿਆ ਹੋਇਆ ਸੀ।
ਲਤਾ ਮੰਗੇਸ਼ਕਰ ਨੇ ਫਿਲਮ ਸੰਗੀਤ ਵਿਚ ਜਿਹੜੀ ਜਗ੍ਹਾ ਬਣਾਈ, ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਈ। ਉਨ੍ਹਾਂ ਪਰਿਵਾਰ ਤੋਂ ਬਿਨਾਂ ਕਿਸੇ ਹੋਰ ਥਾਂ ਤੋਂ ਸੰਗੀਤ ਦੀ ਸਿਖਿਆ ਪ੍ਰਾਪਤ ਨਹੀਂ ਸੀ ਕੀਤੀ। ਘਰ ਵਿਚ ਰਹਿ ਕੇ ਹੀ ਉਨ੍ਹਾਂ ਸੰਗੀਤ ਦੀ ਸਿੱਖਿਆ ਦੇ ਨਾਲ ਨਾਲ ਮਰਾਠੀ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ ਸੀ। ਇਕ ਵੇਲਾ ਅਜਿਹਾ ਆਇਆ ਜਦੋਂ ਉਨ੍ਹਾਂ ਦੇ ਪਿਤਾ ਨੂੰ ਆਪਣੀ ਮਰਾਠੀ ਥੀਏਟਰ ਕੰਪਨੀ ਬੰਦ ਕਰਨੀ ਪਈ ਅਤੇ ਬਾਅਦ ਵਿਚ ਉਨ੍ਹਾਂ ਦਾ ਘਰ ਵੀ ਕਰਜ਼ੇ ਕਾਰਨ ਨਿਲਾਮ ਹੋ ਗਿਆ ਸੀ। ਉਸ ਤੋਂ ਬਾਅਦ ਲਤਾ ਮੰਗੇਸ਼ਕਰ ਨੇ ਮੁੰਬਈ ਨੂੰ ਆਪਣਾ ਟਿਕਾਣਾ ਬਣਾਇਆ।
ਲਤਾ ਮੰਗੇਸ਼ਕਰ ਨੇ ਸ਼ੁਰੂਆਤੀ ਦੌਰ ਵਿਚ ਫਿਲਮਾਂ ਵਿਚ ਵੀ ਕੰਮ ਕੀਤਾ ਸੀ। 1947 ਵਿਚ ਆਈ ਮਰਾਠੀ ਫਿਲਮ ‘ਗਜ ਭਾਊ’ ਵਿਚ ਉਨ੍ਹਾਂ ਕੰਮ ਕੀਤਾ। 1943 ਤੋਂ 1947 ਦੇ ਇਹ ਉਹ ਦਿਨ ਸਨ ਜਦੋਂ ਉਨ੍ਹਾਂ ਨੂੰ ਰੁਜ਼ਗਾਰ ਲਈ ਕਈ ਸਟੂਡੀਓਜ਼ ਦੇ ਚੱਕਰ ਲਗਾਉਣੇ ਪਏ। ਮਗਰੋਂ ਉਨ੍ਹਾਂ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਸੀ ਕਿ ਉਨ੍ਹਾਂ ਨੂੰ ਫਿਲਮਾਂ ਵਿਚ ਕੰਮ ਕਰਨ ਦਾ ਕਦੀ ਵੀ ਚਾਅ ਨਹੀਂ ਰਿਹਾ, ਅਸਲ ਵਿਚ ਉਹ ਇਕਾਂਤ ਚਾਹੁੰਦੀ ਸੀ।
ਲਤਾ ਮੰਗੇਸ਼ਕਰ ਨੇ ਆਪਣਾ ਪਹਿਲਾ ਗੀਤ 1949 ਵਿਚ ਰਿਕਾਰਡ ਕਰਵਾਇਆ ਜੋ ਫਿਲਮ ‘ਮਹਿਲ’ ਵਿਚ ਸੀ। ਉਸ ਤੋਂ ਬਾਅਦ ਸੰਗੀਤ ਦਾ ਅਜਿਹਾ ਸਫ਼ਰ ਸ਼ੁਰੂ ਹੋਇਆ ਕਿ ਇਤਿਹਾਸ ਦਾ ਸੁਨਹਿਰੀ ਸਫਾ ਹੋ ਨਿੱਬੜਿਆ। ਉਨ੍ਹਾਂ ਦੇ ਸਭ ਤੋਂ ਜਿ਼ਆਦਾ ਗਾਣੇ ਮੁਹੰਮਦ ਰਫ਼ੀ ਨਾਲ ਹੀ ਗਾਏ। ਆਪਣੇ ਗਾਇਨ ਬਾਰੇ ਇਕ ਵਾਰੀ ਉਨ੍ਹਾਂ ਕਿਹਾ ਸੀ, “ਸੰਗੀਤ ਤਾਂ ਮੇਰੇ ਲਈ ਰੱਬ ਦੀ ਇਬਾਦਤ ਹੈ। ਇਹ ਇਬਾਦਤ ਕਿਸੇ ਕਿਸੇ ਨੂੰ ਨਸੀਬ ਹੁੰਦੀ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਰੱਬ ਤੋਂ ਅਜਿਹੀ ਦਾਤ ਮਿਲੀ ਹੈ ਜਿਸ ਨੂੰ ਮੈਂ ਉਮਰ ਲੋਕਾਂ ਵਿਚ ਵੰਡਿਆ।”
ਲਤਾ ਮੰਗੇਸ਼ਕਰ ਨੇ ਜੀਵਨ ਵਿਚ ਕਦੇ ਸਮਝੌਤਾ ਨਹੀਂ ਕੀਤਾ ਸੀ। ਉਹ ਆਪਣੇ ਕੰਮ ਬਾਰੇ ਬਿਲਕੁਲ ਸਪਸ਼ਟ ਸਨ। ਮੈਨੂੰ ਫਖਰ ਹੈ ਕਿ ਉਨ੍ਹਾਂ ਨਾਲ ਦੋ ਵਾਰ ਮੁਲਾਕਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਕ ਮੌਕਾ ਸੀ ਜਦੋਂ ਭੁਪੇਨ ਹਜ਼ਾਰਿਕਾ ਨਾਲ ਉਨ੍ਹਾਂ ਨੂੰ ਮਿਲਿਆ। ਉਨ੍ਹਾਂ ਦੀ ਸ਼ਖ਼ਸੀਅਤ ਵਿਚ ਕੋਈ ਚੁੰਬਕੀ ਖਿੱਚ ਸੀ। ਮੁਲਾਕਾਤ ਦਾ ਇੱਕ ਹੋਰ ਮੌਕਾ ਉਦੋਂ ਮਿਲਿਆ ਜਦੋਂ ਉਨ੍ਹਾਂ ਦਾ ਇਕ ਮੈਗਾ ਸ਼ੋਅ ਟੈਲੀਵਿਜ਼ਨ ਵਾਸਤੇ ਪ੍ਰਸਾਰਿਤ ਕੀਤਾ ਸੀ।
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਲਤਾ ਮੰਗੇਸ਼ਕਰ ਨੂੰ ਕ੍ਰਿਕਟ ਨਾਲ ਜਨੂਨ ਦੀ ਹੱਦ ਤੱਕ ਪਿਆਰ ਸੀ। ਉਨ੍ਹਾਂ ਨੂੰ ਫੋਟੋਗ੍ਰਾਫੀ ਦਾ ਸ਼ੌਕ ਸੀ ਅਤੇ ਉਨ੍ਹਾਂ ਦੁਨੀਆ ਦੇ ਕਈ ਹਿੱਸਿਆਂ ਵਿਚ ਜਾ ਕੇ ਕਈ ਤਰ੍ਹਾਂ ਦੀਆਂ ਫੋਟੋ ਖਿੱਚੀਆਂ, ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਦੀ ਫੋਟੋਗਰਾਫੀ। ਉਹ ਧੁਨੀਆਂ ਦੇ ਪ੍ਰਸਿੱਧ ਸੰਗੀਤਕਾਰ ਮੋਜ਼ਾਰਟ, ਬੀਥੋਵਨ, ਬਾਰਬਰਾ ਸਟ੍ਰੈਸੈਂਡ ਦੇ ਸੰਗੀਤ ਨੂੰ ਬੇਹੱਦ ਪਿਆਰ ਕਰਦੀ ਸੀ ਅਤੇ ਲਗਾਤਾਰ ਸੁਣਦੀ ਸੀ। ਉਸ ਨੂੰ ਨਾਟਕ ਦੇਖਣਾ ਅਤੇ ਸੰਗੀਤ ਸੁਣਨਾ ਬੇਹੱਦ ਪਸੰਦ ਸੀ। ਕਈ ਫਿ਼ਲਮਾਂ ਤਾਂ ਉਨ੍ਹਾਂ ਵਾਰ ਵਾਰ ਦੇਖੀਆਂ। ਉਨ੍ਹਾਂ ਨੂੰ ਵੱਖ ਵੱਖ ਪਕਵਾਨਾਂ ਦਾ ਬੇਹੱਦ ਸ਼ੌਕ ਸੀ।
ਲਤਾ ਮੰਗੇਸ਼ਕਰ ਨੂੰ ਸੰਗੀਤ ਦੇ ਖੇਤਰ ਵਿਚ ਪ੍ਰਾਪਤੀਆਂ ਲਈ ਕੁਈਨ ਆਫ ਮੈਲੋਡੀ ਅਤੇ ਨਾਈਟਿੰਗੇਲ ਆਫ ਇੰਡੀਆ ਦੇ ਖਿਤਾਬ ਤੋਂ ਬਿਨਾਂ 1989 ਵਿਚ ਦਾਦਾ ਸਾਹਿਬ ਫਾਲਕੇ ਅਵਾਰਡ, 1969 ਪਦਮ ਭੂਸ਼ਨ, 1999 ਵਿਚ ਪਦਮ ਵਿਭੂਸ਼ਣ ਅਤੇ 2001 ਭਾਰਤ ਸਰਕਾਰ ਵੱਲੋਂ ਦੇਸ਼ ਦੇ ਸਭ ਤੋਂ ਵੱਡੇ ਆਵਾਰਡ ਭਾਰਤ ਰਤਨ ਨਾਲ ਸਨਮਾਨਿਆ ਗਿਆ। ਜਦੋਂ ਵੀ ਕਦੀ ਭਾਰਤੀ ਸੰਗੀਤ ਦੀ ਗੱਲ ਚੱਲੇਗੀ, ਲਤਾ ਮੰਗੇਸ਼ਕਰ ਦੀ ਗੱਲ ਵੀ ਚੱਲੇਗੀ। ਉਨ੍ਹਾਂ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਪਰ ਉਨ੍ਹਾਂ ਦਾ ਸੰਗੀਤ ਪਰਿਵਾਰ ਬਹੁਤ ਵਿਸ਼ਾਲ ਹੈ।
ਉਨ੍ਹਾਂ ਦੇ ਚਲੇ ਜਾਣ ਨਾਲ ਭਾਰਤੀ ਸੰਗੀਤ ਦਾ ਇੱਕ ਅਧਿਆਇ ਖਤਮ ਹੋ ਗਿਆ ਹੈ। ਉਨ੍ਹਾਂ ਦਾ ਜਾਦੂ ਭਾਰਤੀ ਸੰਗੀਤ ਦੇ ਖੇਤਰ ਵਿਚ ਸਿਰ ਚੜ੍ਹ ਕੇ ਬੋਲਿਆ। ਲਤਾ ਮੰਗੇਸ਼ਕਰ ਦਾ ਵਿਦਾ ਹੋਣਾ ਅਸਲ ਵਿਚ ਭਾਰਤੀ ਸੰਗੀਤ ਦੀ ਰੂਹ ਦਾ ਵਿਦਾ ਹੋਣਾ ਹੈ। ਸੰਗੀਤ ਦੀ ਦੁਨੀਆ ਦਾ ਇਹ ਘਾਟਾ ਸ਼ਾਇਦ ਹੀ ਕਦੇ ਪੂਰਾ ਹੋ ਸਕੇਗਾ।
*ਲੇਖਕ ਦੂਰਦਰਸ਼ਨ ਦੇ ਸਾਬਕਾ ਉਪ ਮਹਾਨਿਰਦੇਸ਼ਕ ਰਹੇ ਹਨ।
ਸੰਪਰਕ: 94787-30156