ਕਮਲਜੀਤ ਸਿੰਘ ਬਨਵੈਤ
ਉਹਦਾ ਨਾਂ ਹੀ ਦਾਨ ਸਿਹੁੰ ਨਹੀਂ ਸੀ, ਉਹਨੇ ਉਮਰ ਭਰ ਕੰਮ ਵੀ ਦਾਨ ਪੁੰਨ ਵਾਲੇ ਹੀ ਕੀਤੇ ਹਨ। ਸਾਰੀ ਜ਼ਿੰਦਗੀ ਲੋਕ ਭਲਾਈ ਦੇ ਲੇਖੇ ਲਾਈ ਰੱਖੀ। ਪਿੰਡ ਦੇ ਬੱਸ ਅੱਡੇ ’ਤੇ ਉਦੋਂ ਤੋਂ ਗਰਮੀਆਂ ਵਿਚ ਸਵਾਰੀਆਂ ਨੂੰ ਪਾਣੀ ਪਿਲਾ ਰਿਹਾ ਹੈ ਜਦੋਂ ਨਾ ਕੂਲਰ ਹੁੰਦੇ ਸਨ, ਨਾ ਨਾਲ ਠੰਢਾ ਪਾਣੀ ਚੁੱਕਣ ਲਈ ਥਰਮਸ। ਉਨ੍ਹਾਂ ਸਮਿਆਂ ਵਿਚ ਪਿੰਡੋਂ ਬੱਸ ਵੀ ਟਾਵੀਂ ਟਾਵੀਂ ਲੰਘਦੀ ਹੁੰਦੀ ਸੀ। ਫਿਰ ਜਦੋਂ ਬੱਸਾਂ ਦੇ ਗੇੜੇ ਵਧ ਗਏ, ਪਿੰਡ ਦੇ ਕਈ ਹੋਰ ਸੱਜਣ ਵੀ ਵਿਹਲੇ ਵੇਲੇ ਉਹਦੇ ਨਾਲ ਆ ਜੁੜਦੇ।
ਪਿੰਡ ਦੀ ਜ਼ਮੀਨ ਉਹਨੇ ਠੇਕੇ ਉੱਤੇ ਦਿੱਤੀ ਹੋਈ ਸੀ। ਇੱਕੋ-ਇੱਕ ਪੁੱਤਰ ਸੀ ਉਹਦਾ। ਘਰਵਾਲੀ ਉਦੋਂ ਸਾਥ ਛੱਡ ਗਈ ਸੀ ਜਦੋਂ ਪੁੱਤ ਨੇ ਹਾਲੇ ਕਦਮ ਪੁੱਟਣ ਦੀ ਜਾਚ ਸਿੱਖਣੀ ਸ਼ੁਰੂ ਕੀਤੀ ਸੀ। ਪੁੱਤ ਰੁਲ ਖੁਲ ਕੇ ਲੋਕਾਂ ਦੇ ਹੱਥਾਂ ਵਿਚ ਪਲਿਆ। ਉਹ ਪੂਰਾ ਦਿਨ ਬੱਸ ਅੱਡੇ ’ਤੇ ਸਵਾਰੀਆਂ ਨੂੰ ਪਾਣੀ ਪਿਲਾਉਂਦਾ ਰਹਿੰਦਾ। ਮੁੰਡਾ ਮਸਾਂ, ਤੀਂਘੜ ਤੀਂਘੜ ਕੇ ਹਾਈ ਸਕੂਲ ਤੱਕ ਪੁੱਜਿਆ। ਦਾਨ ਸਿਹੁੰ ਸਵੇਰ ਵੇਲੇ ਢਿੱਡ ਭਰਵੀਂ ਲੱਸੀ ਪੀ ਕੇ ਘਰੋਂ ਨਿਕਲ ਜਾਂਦਾ, ਦੁਪਹਿਰ ਦਾ ਖਾਣਾ ਉਹਦਾ ਕਦੇ ਕਿਸੇ ਘਰੋਂ, ਕਦੇ ਕਿਸੇ ਘਰੋਂ ਆ ਜਾਂਦਾ। ਐਤਵਾਰ ਦੇ ਦਿਨ ਤਾਂ ਉਹਨੂੰ ਕਈ ਕਈ ਘਰਾਂ ਤੋਂ ਸੱਦਾ ਆਉਂਦਾ। ਉਦੋਂ ਅੰਨ ਨਵਾਂ ਆਉਣ ਜਾਂ ਨਵਾਂ ਸੂਆ ਪੈਣ ’ਤੇ ਪੰਜ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਦਾ ਰਿਵਾਜ ਵੀ ਵਾਹਵਾ ਹੁੰਦਾ ਸੀ। ਦਿਨ ਢਲੇ ਜਦੋਂ ਉਹ ਆਪਣੇ ਘਰ ਵਾਪਸ ਮੁੜਦਾ ਤਾਂ ਉਹਦੀ ਮਸਤ ਚਾਲ ਦੇਖਣ ਵਾਲੀ ਹੁੰਦੀ। ਉਹ ਚਾਂਭਲ ਕੇ ਲੰਮੇ ਕਦਮੀਂ ਝੂਲ ਝੂਲ ਕੇ ਤੁਰਦਾ ਜਿਵੇਂ ਜ਼ਿੰਦਗੀ ਦੇ ਆਨੰਦ ਨਾਲ ਖੀਵਾ ਹੋਇਆ ਪਿਆ ਹੋਵੇ।
ਉਹਦਾ ਪੁੱਤਰ ਮਹਿੰਗਾ ਸਿੰਘ ਸੋਲਾਂ ਨੂੰ ਢੁੱਕਦਿਆਂ ਹੀ ਗੁਆਂਢ ਦੇ ਮੁੰਡਿਆਂ-ਖੁੰਡਿਆਂ ਨਾਲ ਰਲ ਕੇ ਖਰਮਸਤੀਆਂ ਕਰਨ ਲੱਗ ਪਿਆ। ਦਾਨ ਸਿਹੁੰ ਸਾਰੇ ਕੁਝ ਤੋਂ ਅਭਿੱਜ ਪਰ ਲੋਕ ਗੱਲਾਂ ਜ਼ਰੂਰ ਕਰਨ ਲੱਗ ਪਏ ਕਿ ਨਾ ਮਾਂ ਇਹੋ ਜਿਹੀ ਸੀ, ਨਾ ਹੀ ਬਾਪ; ਇਹ ਪਤਾ ਨਹੀਂ ਕਿਸ ’ਤੇ ਗਿਆ? ਦਾਨ ਸਿਹੁੰ ਨੂੰ ਦੋ-ਚਾਰ ਘਰਾਂ ਤੋਂ ਉਲਾਂਭੇ ਵੀ ਮਿਲੇ। ਉਹ ਡੋਰੀ ਕੁਦਰਤ ’ਤੇ ਸੁੱਟ ਲਾਂਭੇ ਹੋ ਜਾਂਦਾ ਰਿਹਾ ਪਰ ਮਹਿੰਗੇ ਨੇ ਦਿਲ ਨੂੰ ਲਾ ਲਈ। ਉਹ ਵੀ ਆਪਣੇ ਬਾਪ ਨਾਲ ਅੱਡੇ ’ਤੇ ਬੱਸਾਂ ਵਿਚ ਪਾਣੀ ਪਿਲਾਉਣ ਆ ਡਟਿਆ। ਦਾਨ ਸਿਹੁੰ ਸੱਤਰਾਂ ਨੂੰ ਢੱਕ ਗਿਆ ਹੋਣਾ, ਹੁਣ ਉਹ ਕਦੇ ਕਦੇ ਪਾਣੀ ਪਿਆਉਣ ਦੀ ਡਿਊਟੀ ਤੋਂ ਟਾਲਾ ਵੱਟਣ ਲੱਗ ਪਿਆ। ਸ਼ਾਇਦ ਉਹ ਮਹਿੰਗੇ ਨੂੰ ਇਸ ਪਾਸੇ ਲਾਉਣਾ ਚਾਹ ਰਿਹਾ ਹੋਵੇ।
ਗੱਲ ਹਾੜ੍ਹ ਦੀ ਸੰਗਰਾਂਦ ਤੋਂ ਅਗਲੇ ਦਿਨ ਦੀ ਹੈ। ਗਰਮੀ ਕਹੇ ਮੈਂ ਹੀ ਮੈਂ ਹਾਂ। ਮਹਿੰਗਾ ਦਿਨ ਢਲੇ ਤੋਂ ਬਾਅਦ ਤੱਕ ਪਾਣੀ ਪਿਆਉਣ ਦੀ ਸੇਵਾ ਕਰਦਾ ਰਿਹਾ। ਭਾਂਡੇ-ਟੀਂਡੇ ਸਮੇਟ ਕੇ ਰਾਤ ਦੇ ਹਨੇਰੇ ਵਿਚ ਘਰ ਜਾ ਰਿਹਾ ਸੀ ਤਾਂ ਕੋਈ ਵਾਹਨ ਵਾਲਾ ਉਹਨੂੰ ਟੱਕਰ ਮਾਰ ਕੇ ਭੱਜ ਗਿਆ। ਮਹਿੰਗੇ ਦੇ ਸਿਰ ਵਿਚ ਡੂੰਘੀ ਸੱਟ ਵੱਜੀ ਸੀ। ਲੋਕ ਉਹਨੂੰ ਹਸਪਤਾਲ ਲੈ ਆਏ। ਡਾਕਟਰਾਂ ਨੇ ਪੀਜੀਆਈ ਭੇਜ ਦਿੱਤਾ। ਪੀਜੀਆਈ ਦੇ ਡਾਕਟਰਾਂ ਨੇ ਮਹਿੰਗੇ ਨੂੰ ਬਚਾਉਣ ਲਈ ਦੋ ਦਿਨ ਬਥੇਰੀ ਵਾਹ ਲਾਈ ਪਰ ਤੀਜੀ ਰਾਤ ਉਹ ਹੱਥੋਂ ਕਿਰਨ ਲੱਗਾ ਤਾਂ ਉਨ੍ਹਾਂ ਨੇ ਦਾਨ ਸਿੰਘ ਨੂੰ ਬੁਲਾ ਕੇ ਪੁੱਤ ਦੇ ਅੰਗ ਦਾਨ ਕਰਨ ਲਈ ਪ੍ਰੇਰਿਆ। ਦਾਨ ਸਿੰਘ ਦੇ ਪੈਂਦੀ ਸੱਟੇ ਗੱਲ ਸਮਝ ਪੈ ਗਈ ਸੀ। ਡਾਕਟਰਾਂ ਨੇ ਮਹਿੰਗੇ ਦੇ ਦੋਵੇਂ ਗੁਰਦੇ, ਅੱਖਾਂ ਅਤੇ ਪੈਨਕਰੀਅਜ਼ ਲੋੜਵੰਦ ਮਰੀਜ਼ਾਂ ਦੇ ਸਰੀਰ ਵਿਚ ਪਾ ਦਿੱਤੇ। ਦਿਲ ਜਹਾਜ਼ ਰਾਹੀਂ ਮੁੰਬਈ ਭੇਜ ਦਿੱਤਾ ਗਿਆ। ਦਾਨ ਸਿਹੁੰ ਚਾਹੇ ਮਹਿੰਗੇ ਦੇ ਜਾਣ ਨਾਲ ਟੁੱਟ ਗਿਆ ਸੀ ਪਰ ਪੀਜੀਆਈ ਵਿਚ ਕੱਟੇ ਦੋ ਚਾਰ ਦਿਨਾਂ ਵਿਚ ਹੀ ਉਹਨੂੰ ਇੱਥੇ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੇ ਦੁੱਖਾਂ ਦੀ ਥਾਹ ਪੈ ਗਈ ਸੀ। ਦੋ ਦਿਨ ਹੋਰ ਉਹ ਪੀਜੀਆਈ ਨੇੜਲੇ ਗੁਰਦੁਆਰੇ ਵਿਚ ਅਟਕਿਆ ਰਿਹਾ। ਤੀਜੇ ਦਿਨ ਪਿੰਡ ਜਾ ਕੇ ਪੁੱਤਰ ਦਾ ਸਸਕਾਰ ਕਰਨ ਤੋਂ ਬਾਅਦ 11ਵੇਂ ਦਿਨ ਭੋਗ ਪਾ ਦਿੱਤਾ।
ਭੋਗ ਤੋਂ ਅਗਲੇ ਦਿਨ ਉਹਨੇ ਪਿੰਡ ਵਾਲੇ ਖੇਤ ਅਤੇ ਘਰ ਵਿਕਰੀ ’ਤੇ ਲਾ ਦਿੱਤੇ। ਦਿਨਾਂ ਵਿਚ ਹੀ ਪਿੰਡ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸਮੇਟ ਕੇ ਉਹਨੇ ਪੀਜੀਆਈ ਡੇਰੇ ਲਾ ਲਏ। ਹੁਣ ਉਹ ਪੀਜੀਆਈ ਦੇ ਚੜ੍ਹਦੇ ਵਾਲੇ ਪਾਸੇ ਇੱਕ ਪਿੰਡ ਵਿਚ ਰਹਿ ਰਿਹਾ ਹੈ। ਤੜਕੇ ਦੋ ਵਜੇ ਉੱਠਦਾ ਹੈ। ਪਿੰਡ ਦੇ ਗੁਰਦੁਆਰੇ ਦੀ ਰਸੋਈ ਵਿਚ ਲੰਗਰ ਤਿਆਰ ਕਰਕੇ ਪੀਜੀਆਈ ਦੇ ਬਾਹਰ ਮਰੀਜ਼ਾਂ ਨੂੰ ਵਰਤਾਉਂਦਾ ਹੈ। ਸ਼ਹਿਰ ਦੇ ਦਾਨੀ ਸੱਜਣ ਉਹਦੇ ਨਾਲ ਆ ਜੁੜੇ ਹਨ। ਪਿੰਡ ਦੇ ਬੱਸ ਅੱਡੇ ’ਤੇ ਸਵਾਰੀਆਂ ਨੂੰ ਪਾਣੀ ਪਿਆਉਣ ਵਾਲਾ ਦਾਨ ਸਿਹੁੰ ਹੁਣ ਚੰਡੀਗੜ੍ਹ ਵਿਚ ਲੰਗਰ ਵਾਲਾ ਬਾਬਾ ਬਣ ਗਿਆ ਹੈ।
ਸੰਪਰਕ: 98147-34035