ਡਾ. ਮਨਜੀਤ ਸਿੰਘ ਬੱਲ
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਸਿੱਖਾਂ ਯਾਤਰੂਆਂ ਦੇ ਜਥੇ ਨਾਲ 1979 ਵਿਚ ਜਦ ਮੈਂ ਪਹਿਲੀ ਵਾਰ ਲਾਹੌਰ ਗਿਆ ਸਾਂ। ਉਦੋਂ ਬੜੇ ਹੀ ਨਵੇਂ ਤਜਰਬੇ ਲੈ ਕੇ ਮੁੜਿਆ ਸਾਂ। ਉਸ ਵਕਤ ਦੀਆਂ ਯਾਦਾਂ ਨੇ ਅਜੇ ਤੱਕ ਦਿਲ ਦਾ ਵਿਹੜਾ ਭਰਿਆ ਹੋਇਆ ਹੈ। ਉਦੋਂ ਮੈਂ ਕੁਵਾਰਾ ਸਾਂ ਅਤੇ ਇਕੱਲਾ ਹੀ ਉੱਥੇ ਗਿਆ ਸਾਂ। ਸ਼ਾਹੀ ਕਿਲ੍ਹਾ, ਬਾਦਸ਼ਾਹੀ ਮਸਜਿਦ ਤੇ ਮੀਨਾਰ-ਏ-ਪਾਕਿਸਤਾਨ ਦੇ ਨਜ਼ਦੀਕ ਸਥਿਤ ਗੁਰਦੁਆਰਾ ਡੇਰਾ ਸਾਹਿਬ ਦੇ ਵਿਹੜੇ ਵਿਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ। ਜਥੇ ਦੇ ਠਹਿਰਨ ਦਾ ਪ੍ਰਬੰਧ ਗੁਰਦੁਆਰਾ ਡੇਰਾ ਸਾਹਿਬ ਵਿਚ ਹੀ ਸੀ। ਮੇਰਾ ਜਨਮ 1947 ਵਾਲੇ ਰੌਲਿਆਂ (ਵੰਡ) ਤੋਂ ਬਾਅਦ ਦਾ ਹੈ। ਮੁਲਕ ਦੀ ਵੰਡ ਵੇਲੇ ਪਾਕਿਸਤਾਨ ਰਹਿ ਗਈ ਵਿਛੜੀ ਹੋਈ ਆਪਣੀ ਸਕੀ ਭੂਆ ਜੱਸੀ ਨੂੰ ਪਹਿਲੀ ਵਾਰ ਮਿਲਣ ਦਾ ਮੌਕਾ ਮਿਲਿਆ ਸੀ ਮੈਨੂੰ … ਉਸ ਗੇੜੇ ਦੌਰਾਨ! ਮੇਰੀ ਇਹ ਫੇਰੀ ਬੱਸ ਇਤਿਹਾਸ ਬਣ ਗਈ ਸੀ!
ਮੋਹ ਭਿੱਜੇ ਜਜ਼ਬਾਤ ਨਾਲ ਭੂਆ ਵੱਲੋਂ ਤੋਹਫੇ ਵਜੋਂ ਦਿੱਤੇ ਖੇਸ ਦੀਆਂ ਡੱਬੀਆਂ ਜੋ ਗਲੇਡੂਆਂ ਨਾਲ ਸਿੱਲ੍ਹੀਆਂ ਹੋ ਗਈਆਂ ਸਨ, ਕਦੀ ਨਹੀਂ ਭੁੱਲਦੀਆਂ। ਇਸ ਬੇਹੱਦ ਨੇੜਲੇ ਖ਼ੂਨ ਦੇ ਰਿਸ਼ਤੇ ਨੂੰ ਮਿਲ ਕੇ ਬੜੀਆਂ ਭਾਵਨਾਵਾਂ ਅਤੇ ਵਲਵਲੇ ਜਾਗ ਉਠੇ ਸਨ। ਇਸ ਗੇੜੇ ਤੋਂ ਹੀ ‘ਡੱਬੀਆਂ ਵਾਲੇ ਖ਼ੇਸ’ ਵਾਰਤਕ ਦਾ ਜਨਮ ਹੋਇਆ ਸੀ। ਇਸੇ ਗੇੜੇ ਦੌਰਾਨ ਹੀ ਲਾਹੌਰ ਦੇ ਫਿਰੋਜ਼ਪੁਰ ਰੋਡ ਦੇ ਇੱਛਰਾ ਇਲਾਕੇ ਦਾ ਮਾਜਿਦ ਬੁਖ਼ਾਰੀ ਮਿਲਿਆ ਸੀ… ਉਹਦੀ ਮਿਲਣੀ ਤੋਂ ‘ਮਸੱਰਤ’ ਨਾਂ ਦੀ ਕਹਾਣੀ ਅਤੇ ਬਾਅਦ ਵਿਚ ਫਿਲਮ ‘ਏਕ ਥੀ ਮਸੱਰਤ’ ਬਣਾਉਣ ਦਾ ਸਬਬ ਬਣਿਆ। ਇਹ ਗੱਲਾਂ ਹੁਣ ਜਿ਼ੰਦਗੀ ਦਾ ਹਿੱਸਾ ਬਣ ਗਈਆਂ ਸਨ, ਭੁਲਾਇਆਂ ਵੀ ਨਹੀਂ ਸਨ ਭੁੱਲ ਸਕਦੀਆਂ।
… ਤੇ ਕੁੜੀਆਂ ਵਾਲਾ ਇਹ ਇਹ ਪਰਸ ਮੈਂ ਲਾਹੌਰ ਦੇ ਅਨਾਰਕਲੀ ਬਾਜ਼ਾਰ ਤੋਂ ਇਹ ਸੋਚ ਕੇ ਖ਼ਰੀਦਿਆ ਸੀ ਕਿ ਅਗਲੇ ਸਾਲ, ਭਾਵ 1980 ਵਿਚ ਮੇਰੀ ਸ਼ਾਦੀ ਹੋਣੀ ਹੈ, ਨਵੀਂ ਵਿਆਹੀ ਨੂੰ ਲਾਹੌਰ ਦਾ ਤੋਹਫਾ ਦਿਆਂਗਾ। ਲੈਦਰ ਦੇ ਬਣੇ ਇਸ ਬੈਗ ਉਤੇ ਰੁੱਖ ਦੀਆਂ ਟਾਹਣੀਆਂ ਤੇ ਬੈਠੇ ਮੋਰ ਅਤੇ ਮੋਰਨੀ ਦੀ ਤਸਵੀਰ ਮੇਰੇ ਦਿਲ ਨੂੰ ਭਾ ਗਈ ਸੀ। ਲਹਿੰਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲਿਆਂ ਨਾਲ ਬਹੁਤ ਮੁਹੱਬਤ ਅਤੇ ਖ਼ਲੂਸ ਵਾਲੇ ਮਹਿਮਾਨ ਨਿਵਾਜ਼ ਵਾਂਗ ਪੇਸ਼ ਆਉਂਦੇ ਹਨ। ਸੋ, ਦੁਕਨਦਾਰ ਨੇ ਬੇਹੱਦ ਉਮਦਾ ਢੰਗ ਨਾਲ ਮੈਨੂੰ ਖੁਸ਼-ਆਮਦੀਦ ਕਿਹਾ, ਪਾਣੀ-ਧਾਣੀ ਪਿਆਇਆ, ਇੱਜ਼ਤ ਮਾਣ ਕਰਦਿਆਂ ਉਹਨੇ ਮੇਰੇ ਕੋਲੋਂ ਮੁਨਾਫ਼ਾ ਵੀ ਨਹੀਂ ਸੀ ਖੱਟਿਆ, ਭਾਵ ਉਦੋਂ ਦੇ ਹਿਸਾਬ ਨਾਲ ਬੈਗ ਕਾਫੀ ਸਸਤਾ ਮਿਲ ਗਿਆ ਸੀ। ਵਿਆਹ ਵਿਚ ਪਤਨੀ ਨੂੰ ਦੋਹਾਂ ਪਾਸਿਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਕਈ ਬੈਗ ਤੋਹਫੇ ਵਜੋਂ ਮਿਲ ਗਏ ਸਨ; ਤੇ ਇਤਫ਼ਾਕ ਹੀ ਸਮਝੋ ਕਿ ਅਨਾਰਕਲੀ ਬਾਜ਼ਾਰ ਵਾਲਾ ਇਹ ਪਰਸ ਅਲਮਾਰੀਆਂ ਵਿਚ ਹੀ ਬੰਦ ਰਿਹਾ। ਇਸ ਦੌਰਾਨ ਅਸੀਂ ਕਈ ਘਰ ਬਦਲੇ ਤੇ ਫਿਰ ਭੁੱਲ-ਭੁਲਾ ਵੀ ਗਏ ਕਿ ਸਾਡੇ ਕੋਲ ਅਨਾਰਕਲੀ ਬਾਜ਼ਾਰ ਲਾਹੌਰ ਤੋਂ ਖਰੀਦਿਆ ਹੋਇਆ ਮੋਰ ਤੇ ਮੋਰਨੀ ਦੀ ਤਸਵੀਰ ਵਾਲਾ ਨਵਾਂ ਨਕੋਰ ਪੈਕ ਕੀਤਾ ਪਰਸ ਵੀ ਪਿਆ ਹੋਇਆ ਹੈ। ਪੁੱਤਰ ਦੇ ਵਿਆਹ ਵੇਲੇ ਇਹ ਬੈਗ ਅਚਾਨਕ ਇਕ ਅਲਮਾਰੀ ਵਿਚਲੇ ਸਮਾਨ ਵਿਚੋਂ ‘ਲੱਭ’ ਗਿਆ। ਇਹ ਪਰਸ ਹੁਣ ਅਸੀਂ ਆਪਣੀ ਨੂੰਹ ਦੇ ਸਪੁਰਦ ਕਰ ਦਿੱਤਾ। ਉਹ ਹੁਣ ਡਿਊਟੀ ਜਾਣ ਵੇਲੇ ਇਹਨੂੰ ਆਪਣੇ ਨਾਲ ਲੈ ਕੇ ਜਾਂਦੀ ਹੈ ਤਾਂ ਬੜਾ ਫ਼ਖ਼ਰ ਮਹਿਸੂਸ ਕਰਦੀ ਹੈ ਕਿ ਉਹਦੇ ਕੋਲ ਪਿਛਲੀ ਸਦੀ ਵਿਚ ਅਨਾਰਕਲੀ ਬਾਜ਼ਾਰ ਲਾਹੌਰ ਤੋਂ ਖਰੀਦਿਆ ਮੋਰ-ਮੋਰਨੀ ਦੀ ਸੋਹਣੀ ਫੋਟੋ ਵਾਲਾ ਅਸਲੀ ਲੈਦਰ ਦਾ ਬੈਗ ਹੈ। ਮੈਨੂੰ ਜਾਪਿਆ, ਦੋਹਾਂ ਪੰਜਾਬਾਂ ਦੀ ਮੁਹੱਬਤ ਸਫ਼ਰ ‘ਤੇ ਨਿੱਕਲ ਤੁਰੀ ਹੈ।
ਸੰਪਰਕ: 98728-43491