ਸਾਡੇ ਪਿੰਡ ਮੌੜ ਕਲਾਂ ਦੇ ਲਹਿੰਦੇ ਪਾਸੇ ਗਨੀ ਸਿੱਖ ਦੀ ਹਵੇਲੀ ਤੋਂ ਵੀਹ ਕੁ ਪੁਲਾਂਘਾਂ ਦੂਰ ਮੇਰਾ ਮੁਢਲਾ ਸਕੂਲ ਸੀ। ਚੇਤਿਆਂ ਵਿਚ ਸਕੂਲ ਨਾਲ ਇਹ ਹਵੇਲੀ ਵੀ ਇਸ ਕਰ ਕੇ ਉਕਰੀ ਗਈ ਕਿਉਂਕਿ ਇਸ ਦਾ ਅਕਸ ਗਰਦਿਸ਼ ਦੇ ਦਿਨਾਂ ਵਿਚ ਮਿਲੀ ਪੀੜ ਨੂੰ ਉਚੇੜਦਾ ਰਹਿੰਦਾ। ਕੱਛ ’ਚ ਖਲ਼ ਵਾਲੀ ਬੋਰੀ, ਮੋਢੇ ਬਸਤਾ ਤੇ ਕਪੂਰੇ ਮਿਸਤਰੀ ਦੁਆਰਾ ਪੱਤੀਆਂ ਲਾ ਕੇ ਅੜਕਾਈ ਫੱਟੀ ਹੀ ਮੇਰੀ ਪੜ੍ਹਨ ਸਮੱਗਰੀ ਦਾ ਹਿੱਸਾ ਬਣਦੀ। ਪੈਰ ਨੰਗੇ ਹੁੰਦੇ। ਸਾਰੀ ਛੁੱਟੀ ਵੇਲੇ ਜਦੋਂ ਸੂਰਜ ਅੱਗ ਵਰ੍ਹਾ ਰਿਹਾ ਹੁੰਦਾ, ਗਨੀ ਸਿੱਖ ਦੀ ਹਵੇਲੀ ਦੀ ਕੰਧ ਦਾ ਧੜਵੈਲ ਪ੍ਰਛਾਵਾਂ ਹੀ ਭੁੱਜਦੇ ਪੈਰਾਂ ਨੂੰ ਕੁਝ ਰਾਹਤ ਦਿੰਦਾ। ਗਨੀ ਸਿੱਖ ਦੀ ਹਵੇਲੀ ਦੀ ਸਿਖ਼ਰ ਤੇ ਸੀਮਿੰਟ ਨਾਲ ਬਣਾਏ ਰੋਅਬਦਾਰ ਬੰਦੇ ਜਿਨ੍ਹਾਂ ਦੇ ਗਲਾਂ ਵਿਚ ਬੰਦੂਕਾਂ ਲਟਕਦੀਆਂ ਹੁੰਦੀਆਂ, ਦੇਖ ਕੇ ਮਨ ਵਿਚ ਕਈ ਸਵਾਲ ਉਠਦੇ ਪਰ ਬਾਲ ਮਨ ਉੱਤਰ ਨਾ ਲੱਭ ਸਕਦਾ।
ਸਕੂਲ ਵਿਚ ਦੋ ਹੀ ਕਮਰੇ ਸੀ। ਸਾਡੀ ਛੋਟੀ ਕਲਾਸ ਮਾਸਟਰ ਮਦਨ ਲਾਲ ਹਾੜ੍ਹ ਸਿਆਲ ਵਿਹੜੇ ਵਿਚ ਖੜ੍ਹੀ ਗੋਦਣੀ ਹੇਠ ਹੀ ਲਾਉਂਦਾ। ਉਹ ਅਕਸਰ ਮੇਜ਼ ਤੇ ਪਏ ਹਾਜ਼ਰੀ ਰਜਿਸਟਰ ਦੀ ਗਰਦ ਝਾੜਦਾ ਸਾਨੂੰ ਕਹਿੰਦਾ, “ਓਏ ਕਾਕਾ! ਆਪਣਾ ਤਾਂ ਆਹੀ ਸੰਸਾਰ ਆ। ਆਹ ਗੋਦਣੀ ਨੂੰ ਪਾਣੀ ਪਾਇਆ ਕਰੋ।” ਮੇਰਾ ਕੱਦ ਜ਼ਿਆਦਾ ਲੰਮਾ ਸੀ, ਮੈਂ ਮਜ਼ਦੂਰਾਂ ਦੇ ਮੁੰਡੇ ਮੇਰੇ ਸਹਿਪਾਠੀ ਤਾਰੀ ਨੂੰ ਨਾਲ ਲੈ ਕੇ ਮਾਕੇ ਕੀ ਕਾਲੀ ਗਾਰ ਨਾਲ ਭਰੀ ਛੱਪੜੀ ਵਿਚ ਗੋਡੇ ਤੱਕ ਆਉਂਦੇ ਪਾਣੀ ਵਿਚ ਉਤਰ ਬਾਲਟੀ ਤਾਰੀ ਨੂੰ ਭਰ ਦਿੰਦਾ। ਤਾਰੀ ਬਾਲਟੀ ਗੋਦਣੀ ਦੀਆਂ ਜੜ੍ਹਾਂ ਵਿਚ ਉਲੱਦ ਆਉਂਦਾ।
ਤਾਰੀ ਨਾਲ ਲਿਹਾਜ਼ ਦਾ ਕਾਰਨ ਵੀ ਸਾਡੇ ਅੰਦਰਲਾ ਕੋਈ ਵਿਦਰੋਹੀ ਕਣ ਹੀ ਸੀ। ਇਕ ਦਿਨ ਅਸੀਂ ਪਿੰਡ ਦੇ ਗੁਰਦੁਆਰੇ ਵਿਚ ਲੱਗੇ ਨਿਸ਼ਾਨ ਸਾਹਿਬ ਤੇ ਚੜ੍ਹਦਾ ਖੱਟਾ ਕੱਪੜਾ ਦੇਖੀ ਗਏ। ਬੰਦੇ, ਔਰਤਾਂ ਸਤਿਨਾਮ ਸਤਿਨਾਮ ਕਰਦੇ ਲੋਹੇ ਦੀ ਤਾਰ ਨਾਲ ਬੰਨ੍ਹੀ ਕੁਰਸੀ ਵਿਚ ਅੱਧ ਅਸਮਾਨ ਤੱਕ ਬਿਫ਼ਰੇ ਨਿਸ਼ਾਨ ਸਾਹਿਬ ਤੇ ਕੱਪੜਾ ਲਪੇਟ ਰਹੇ ਭਾਈ ਨੂੰ ਹੌਲੀ ਹੌਲੀ ਹੇਠਾਂ ਲਿਆ ਰਹੇ ਸੀ। ਬੜਾ ਅਲੋਕਾਰੀ ਦ੍ਰਿਸ਼ ਸੀ। ਭਾਈ ਥੱਲੇ ਆਇਆ। ਜੈਕਾਰੇ ਛੱਡੇ ਗਏ। ਗੁਲਾਬ ਦੇ ਫੁੱਲਾਂ, ਬਦਾਮਾਂ ਤੇ ਕਾਲੀਆਂ ਮਿਰਚਾਂ ਘੋਟ ਕੇ ਬਣਾਈ ਸ਼ਰਦਾਈ ਵਰਤਣ ਲੱਗੀ। ਅਸੀਂ ਵੀ ਪੰਗਤ ਵਿਚ ਬੈਠ ਗਏ। ਗੁਰਦੁਆਰੇ ਦਾ ਸਭ ਤੋਂ ਵੱਡਾ ਸਿੱਖ ਆਇਆ। ਉਸ ਤਾਰੀ ਦੀ ਬਾਂਹ ਫੜ ਲਈ। “ਓਏ ਜਵਾਕਾ! ਤੂੰ ਤਾਂ ਚੌਥੇ ਪੌੜੇ ਵਾਲੈਂ। ਵੱਖਰੀ ਪੰਗਤ ਵਿਚ ਬੈਠ।” ਸਾਡੇ ਬਾਲ ਮਨਾਂ ਨੂੰ ਬੜੀ ਠੇਸ ਪੁੱਜੀ। ਇਹ ਬੇਇਨਸਾਫ਼ੀ ਸੀ। ਅਸੀ ਬਿਨਾ ਸ਼ਰਦਾਈ ਪੀਤੇ ਘੂਰੀਆਂ ਵੱਟਦੇ ਬਾਹਰ ਆ ਗਏ। ਮਾਂ ਤਾਉਮਰ ਜ਼ੋਰ ਲਾਉਂਦੀ ਰਹੀ ਪਰ ਮੈਂ ਮੁੜ ਬਾਬੇ ਇਸ਼ਨਾਨ ਦਾ ਪਾਣੀ ਸਿਰ ਵਿਚ ਨਹੀਂ ਪੁਆਇਆ।
ਇਸ ਵਿਤਕਰੇ ਦਾ ਮਲਾਲ ਕਰਦੇ ਅਸੀਂ ਅਗਲੀ ਜਮਾਤ ਚੜ੍ਹ ਗਏ। ਸਾਡੇ ਹੱਥ ਲਿਖਤ ਪਰਚੇ ਵੰਡਦਾ ਮਾਸਟਰ ਮਦਨ ਲਾਲ ਅਗਾਂਹ ਤੋਂ ਹੋਰ ਮਿਹਨਤ ਕਰਨ ਦੀਆਂ ਨਸੀਹਤਾਂ ਦੇ ਰਿਹਾ ਸੀ। ਪਾਸ ਹੋਣ ਦੀ ਖੁਸ਼ੀ ਵਿਚ ਅਸੀਂ ਕੂਕਾਂ ਮਾਰਦੇ ਖਲ਼ ਵਾਲੀਆਂ ਬੋਰੀਆਂ ਦੀ ਗਰਦ ਝਾੜਦੇ ਘਰ ਵੱਲ ਤੁਰ ਪਏ। ਉਸ ਦਿਨ ਵੀ ਸਾਡੀ ਹਥਾਈ ਵਿਚ ਅਖੰਡ ਪਾਠ ਚੱਲ ਰਿਹਾ ਸੀ। ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੀ ਮਹਿਕ ਆ ਰਹੀ ਸੀ। ਪਤਾ ਨਹੀਂ, ਸਮੇਂ ਦੀ ਕਿਸੇ ਸ਼ਕਤੀ ਨੇ ਜਾਂ ਧਾਰਮਿਕ ਬੰਦਿਆਂ ਦੀ ਇਕ ਹੋਰ ਪਰਖ ਨੇ ਸਾਡੇ ਪੈਰ ਉਧਰ ਮੋੜ ਦਿੱਤੇ। ਤਿੰਨ ਮੇਲ ਦਾ ਪ੍ਰਸ਼ਾਦ ਤੇ ਪਚਰੰਗਾ ਅਚਾਰ ਜਿਸ ਪੰਗਤ ਵਿਚ ਵਰਤ ਰਿਹਾ ਸੀ, ਅਸੀਂ ਉਹ ਮੱਲ ਲਈ। ਇਸ ਵਾਰ ਗੁਰਦੁਆਰੇ ਵਾਲੇ ਭਾਈ ਨੇ ਨਹੀਂ, ਇਕ ਜ਼ਿਮੀਦਾਰ ਨੇ ਤਾਰੀ ਦੀ ਬਾਂਹ ਆ ਫੜੀ। ਉਸ ਬੰਦੇ ਨੇ ਚਪੇੜ ਵੀ ਉੱਗਰੀ। ਤਾਰੀ ਝਟਕੇ ਨਾਲ ਬਾਂਹ ਛੁਡਾ ਕੇ ਮੇਰੇ ਵੱਲ ਦੇਖਣ ਲੱਗਾ। ਮੈਂ ਵੀ ਉਸ ਬੰਦੇ ਵੱਲ ਤ੍ਰਿਸਕਾਰ ਨਾਲ ਦੇਖਦਾ ਹਥਾਈ ਤੋਂ ਬਾਹਰ ਆ ਗਿਆ। ਰਾਹ ਵਿਚ ਅਸੀਂ ਫਿਰ ਇਸ ਬੇਇਨਸਾਫ਼ੀ ਖਿਲਾਫ਼ ਬੋਲਦੇ ਘਰਾਂ ਵੱਲ ਤੁਰ ਪਏ।
ਜਮਾਤ ਚੜ੍ਹਨ ਦੀ ਖੁਸ਼ੀ ਵੀ ਸੀ। ਹੋਈ ਬੇਇਨਸਾਫ਼ੀ ਦਾ ਰੰਜ ਲੈ ਘਰ ਆਇਆ। ਅਸਾਧ ਰੋਗਾਂ ਦਾ ਸ਼ਿਕਾਰ ਮਾਂ ਜਿਵੇਂ ਅਕਸਰ ਸਾਹ ਸਤਹੀਣ ਹੋਈ ਮੰਜੇ ’ਤੇ ਪਈ ਹੁੰਦੀ, ਉਸ ਦਿਨ ਵੀ ਬਿਮਾਰ ਪਈ ਸੀ। ਉਸ ਨੇ ਬਾਰੀ ’ਚ ਪਏ ਰੋਟੀਆਂ ਵਾਲੇ ਛਾਬੇ ਵੱਲ ਇਸ਼ਾਰਾ ਕੀਤਾ ਤੇ ਮੁੜ ਮੂੰਹ ਢਕ ਲਿਆ, ਜਿਵੇਂ ਆਖ ਰਹੀ ਹੋਵੇ- ਹੁਣ ਮੈਂ ਬਹੁਤਾ ਚਿਰ ਨ੍ਹੀਂ ਬਚਦੀ ਬੱਚੜਿਆ! … ਛਾਬਾ ਖੱਦਰ ਦੇ ਪੋਣੇ ਨਾਲ ਢਕਿਆ ਹੋਇਆ ਸੀ। ਛਾਬੇ ਵਿਚ ਕੋਧਰੇ ਦੀਆਂ ਦੋ ਰੋਟੀਆਂ ਪਈਆਂ ਸੀ। ਜੇ ਕੋਧਰੇ ਵਿਚ ਕਣਕ ਦਾ ਆਟਾ ਰਲਾਇਆ ਜਾਵੇ ਤਾਂ ਰੋਟੀ ਵਿਚ ਲਚਕ ਆ ਜਾਂਦੀ ਹੈ; ਨਹੀਂ ਤਾਂ ਕੋਧਰੇ ਦੀ ਰੋਟੀ ਟੁਕੜਿਆਂ ਵਿਚ ਵੰਡੀ ਜਾਂਦੀ ਹੈ। ਹੱਥ ਪਾਇਆ ਤਾਂ ਰੋਟੀਆਂ ਟੁਕੜਿਆਂ ਵਿਚ ਵੰਡੀਆਂ ਗਈਆਂ। ਮਨ ਵਿਚ ਕਸੀਸ ਉੱਠੀ। ਚਿੱਤ ਰੋਟੀ ਖਾਣ ਤੋਂ ਇਨਕਾਰੀ ਹੋ ਗਿਆ। ਜਿਸ ਬੈਠਕ ਵਿਚ ਰੋਟੀਆਂ ਵਾਲੀ ਬਾਰੀ ਸੀ, ਉਸ ਦੀ ਪਾਂਡੋ ਮਿੱਟੀ ਨਾਲ ਪੋਚਾ ਮਾਰੀ ਕੰਧ ਤੇ ਬਾਬਾ ਨਾਨਕ ਦੀ ਤਸਵੀਰ ਲਟਕ ਰਹੀ ਸੀ। ਬਾਬੇ ਦੇ ਇਕ ਹੱਥ ਮਲਿਕ ਭਾਗੋ ਦਾ ਮਾਲ ਪੂੜਾ ਸੀ; ਇਕ ਹੱਥ ਕਿਰਤੀ ਲਾਲੋ ਦੀ ਕੋਧਰੇ ਦੀ ਰੋਟੀ ਸੀ। ਮਾਲ ਪੂੜੇ ਵਿਚੋਂ ਰੱਤ ਚੋਅ ਰਹੀ ਸੀ; ਕੋਧਰੇ ਦੀ ਰੋਟੀ ਵਿਚੋਂ ਦੁੱਧ ਦੀ ਧਾਰ ਵਗ ਰਹੀ ਸੀ। ਦੁੱਧ ਦੀ ਧਾਰ ਦੇਖ ਮੇਰੇ ਬਾਲ ਮਨ ਨੂੰ ਅਭਾਸ ਹੋ ਗਿਆ ਕਿ ਰੱਤ ਨਾਲੋਂ ਤਾਂ ਦੁੱਧ ਵਾਲੀ ਰੋਟੀ ਬਿਹਤਰ ਹੈ। ਮੈਂ ਟੁਕੜੇ ਚਿੱਥਣ ਲੱਗ ਪਿਆ…। ਸਮੇਂ ਨੇ ਕਈ ਪਲਟੀਆਂ ਮਾਰੀਆਂ। ਹੁਣ ਵੀ ਮਨ ਜਿਨ੍ਹਾਂ ਦੇ ਪੱਲੇ ਕੋਧਰੇ ਦੀ ਰੋਟੀ ਹੈ, ਉਧਰ ਹੀ ਖੜ੍ਹਦਾ ਹੈ।
ਸੰਪਰਕ: 94170-59142