ਬਾਕੀ ਸ਼ਹਿਰਾਂ ਵਾਂਗ ਸਾਡੇ ਸ਼ਹਿਰ ਵਿਚ ਵੀ ਨਗਰ ਨਿਗਮ ਦੀਆਂ ਚੋਣਾਂ ਕਾਰਨ ਪੂਰਾ ਰੌਲਾ ਰੱਪਾ ਪਿਆ ਹੋਇਆ ਸੀ। ਉਮੀਦਵਾਰ ਆਪੋ-ਆਪਣੀ ਜਿੱਤ ਲਈ ਪੂਰੀ ਨੱਠ ਭੱਜ ਕਰ ਰਹੇ ਸਨ, ਆਪੋ-ਆਪਣੇ ਸਮਰਥਕਾਂ ਨਾਲ ਘਰ ਘਰ ਜਾ ਰਹੇ ਸਨ। ਇਸ ਤੋਂ ਬਿਨਾਂ ਵੋਟਰਾਂ ਦੀਆਂ ਸਾਕ ਸਕੀਰੀਆਂ ਦੀ ਪੜਤਾਲ ਕਰ ਕੇ ਉਨ੍ਹਾਂ ਤੱਕ ਪਹੁੰਚ ਕੀਤੀ ਜਾ ਰਹੀ ਸੀ। ਜਿੱਤ ਯਕੀਨੀ ਬਣਾਉਣ ਲਈ ਹਰ ਉਮੀਦਵਾਰ ਪੂਰੀ ਵਾਹ ਲਾ ਰਿਹਾ ਹੈ।
ਸਾਡੀ ਭਾਣਜੀ ਸ਼ਹਿਰ ਦੇ ਨਾਲ ਲੱਗਦੇ ਪਿੰਡ ਵਿਆਹੀ ਹੋਈ ਹੈ। ਉਨ੍ਹਾਂ ਦੀ ਰਹਾਇਸ਼ ਪਿੰਡ ਤੋਂ ਬਾਹਰ ਖੇਤਾਂ ਵਿਚ ਹੋਣ ਕਰ ਕੇ ਉਨ੍ਹਾਂ ਦੇ ਘਰ ਸ਼ਹਿਰ ਦੇ ਇੱਕ ਵਾਰਡ ਵਿਚ ਪੈਂਦੇ ਹਨ। ਇਉਂ ਉਮੀਦਵਾਰਾਂ ਨੂੰ ਖੇਤਾਂ ਵਿਚ ਜਾ ਕੇ ਉਨ੍ਹਾਂ ਤੱਕ ਪਹੁੰਚ ਕਰਨੀ ਪੈਂਦੀ ਹੈ। ਇਸ ਵਾਰ ਉਸ ਨੂੰ ਮਿਲਣ ਗਏ ਤਾਂ ਚਾਹ ਪਾਣੀ ਤੋਂ ਬਾਅਦ ਜਿਵੇਂ ਅਕਸਰ ਹਰ ਥਾਂ ਤੇ ਹੁੰਦਾ ਹੈ, ਗੱਲਾਂ ਕਿਸਾਨੀ ਸੰਘਰਸ਼ ਬਾਰੇ ਤੁਰ ਪਈਆਂ। ਉਹ ਦੱਸਣ ਲੱਗ ਪਏ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਨੇ ਮਤਾ ਪਾਇਆ ਕਿ ਹਰ ਘਰ ਦਾ ਬੰਦਾ ਕਿਸਾਨੀ ਸੰਘਰਸ਼ ਵਿਚ ਦਿੱਲੀ ਜਾਵੇਗਾ। ਸਾਰੇ ਘਰਾਂ ਨੂੰ ਗਰੁੱਪਾਂ ਵਿਚ ਵੰਡਿਆ ਗਿਆ ਹੈ ਜੋ ਵਾਰੀ ਸਿਰ ਧਰਨੇ ਵਿਚ ਜਾਣਗੇ ਅਤੇ ਜਾਣ ਸਮੇਂ ਲੋੜੀਂਦੀਆਂ ਵਸਤਾਂ ਵੀ ਲੈ ਕੇ ਜਾਣਗੇ।
ਪੰਚਾਇਤ ਦੇ ਮਤਿਆਂ ਤੋਂ ਬਿਨਾਂ ਲੋਕਾਂ ਵਲੋਂ ਆਪਣੇ ਤੌਰ ਤੇ ਪਾਏ ਜਾ ਰਹੇ ਯੋਗਦਾਨ ਬਾਰੇ ਵੀ ਗੱਲਾਂ ਹੁੰਦੀਆਂ ਰਹੀਆਂ। ਸਾਰੇ ਇਸ ਗੱਲ ਤੇ ਸਹਿਮਤ ਸਨ ਕਿ ਕਿਸਾਨ ਜਥੇਬੰਦੀਆਂ ਅਤੇ ਸਮਰਥਕਾਂ ਵੱਲੋਂ ਕੀਤਾ ਪ੍ਰਚਾਰ ਕਿਸ ਤਰ੍ਹਾਂ ਆਮ ਲੋਕਾਂ ਨੂੰ ਵੀ ਇਹ ਸਮਝਾਉਣ ਵਿਚ ਸਫ਼ਲ ਰਿਹਾ ਹੈ ਕਿ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਸਿਰਫ਼ ਕਿਸਾਨਾਂ ਦੇ ਹੀ ਖਿਲਾਫ ਨਹੀਂ ਸਗੋਂ ਆਮ ਲੋਕਾਂ ਦੇ ਵੀ ਨੱਕ ਵਿਚ ਦਮ ਕਰ ਦੇਣਗੇ। ਨਾਲ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਕਿ ਇਸ ਕਿਸਾਨੀ ਸੰਘਰਸ਼ ਨੇ ਪਿੰਡਾਂ ਦੇ ਸੱਭਿਆਚਾਰ ਵਿਚ ਨਵੀਂ ਉਤਸ਼ਾਹ ਭਰੀ ਚੇਤਨਾ ਭਰ ਦਿੱਤੀ ਹੈ। ਸਭ ਬੱਚੇ, ਨੌਜਵਾਨ, ਔਰਤਾਂ ਤੇ ਬਜ਼ੁਰਗ, ਹਰ ਕੋਈ ਇਨ੍ਹਾਂ ਧਰਨਿਆਂ ਵਿਚ ਸ਼ਾਮਲ ਹੋਣ ਲਈ ਕਾਹਲਾ ਹੈ। ਇਨ੍ਹਾਂ ਧਰਨਿਆਂ ਵਿਚ ਬੈਠ ਕੇ ਹਰ ਕੋਈ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਹੈ।
ਧਰਨੇ ਤੇ ਲਗਾਤਾਰ ਰਹਿ ਕੇ ਕੁਝ ਦਿਨ ਲਈ ਆਏ ਰਿਸ਼ਤੇਦਾਰ ਨੇ ਦੱਸਿਆ ਕਿ ਜਿਸ ਤਰ੍ਹਾਂ ਦੂਜੇ ਰਾਜਾਂ ਦੇ ਕਿਸਾਨਾਂ ਦਾ ਹੁੰਗਾਰਾ ਮਿਲ ਰਿਹਾ ਹੈ, ਇਹ ਵੀ ਇਸ ਕਰ ਕੇ ਹੀ ਸੰਭਵ ਹੋਇਆ ਹੈ ਕਿ ਕਿਸਾਨ ਜਥੇਬੰਦੀਆਂ ਦੂਜੇ ਰਾਜਾਂ ਦੇ ਲੋਕਾਂ ਨੂੰ ਵੀ ਕਾਲੇ ਕਾਨੂੰਨਾਂ ਦੀ ਅਸਲੀਅਤ ਦੱਸ ਕੇ ਉਨ੍ਹਾਂ ਨੂੰ ਆਪਣੇ ਨਾਲ ਤੋਰਨ ਵਿਚ ਸਫ਼ਲ ਰਹੀਆਂ ਹਨ। ਸੰਘਰਸ਼ ਦੌਰਾਨ ਆਉਂਦੀਆਂ ਮੁਸ਼ਕਿਲਾਂ ਨੂੰ ਕਿਸਾਨ ਲੀਡਰਾਂ ਨੇ ਆਪਣੇ ਢੰਗ ਨਾਲ ਨਿਜੱਠਿਆ ਹੈ। ਜਿਸ ਤਰ੍ਹਾਂ ਧਰਨੇ ਸ਼ਾਂਤਮਈ ਢੰਗ ਨਾਲ ਚਲਾਏ ਜਾ ਰਹੇ ਹਨ, ਉਸ ਕਰ ਕੇ ਹੀ ਦੇਸ਼ ਵਿਦੇਸ਼ ਬੈਠੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਇਸ ਦੇ ਹੱਕ ਵਿਚ ਉੱਘੀਆਂ ਹਸਤੀਆਂ ਟਵੀਟ ਕਰ ਰਹੀਆਂ ਹਨ।
ਗੱਲਾਂ ਅਜੇ ਚੱਲ ਰਹੀਆਂ ਸਨ ਕਿ ਇੱਕ ਪਾਰਟੀ ਦੇ ਦਸ ਕੁ ਬੰਦੇ ਵੋਟਾਂ ਲਈ ਕਹਿਣ ਉਨ੍ਹਾਂ ਦੇ ਘਰ ਆ ਗਏ। ਇਸ ਤੋਂ ਪਹਿਲਾਂ ਕਿ ਉਹ ਆਪਣੀ ਗੱਲ ਕਹਿੰਦੇ, ਪਰਿਵਾਰ ਦਾ ਪੰਜ ਕੁ ਸਾਲ ਦਾ ਲੜਕਾ ਜੋ ਸਾਡੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ, ਭੱਜ ਕੇ ਵੋਟਾਂ ਬਾਰੇ ਆਖਣ ਆਇਆਂ ਦੇ ਅੱਗੇ ਹੋ ਕੇ ਖੜ੍ਹ ਗਿਆ। ਬੜੇ ਦਾਨਿਆਂ ਵਾਂਗ ਪੁੱਛਣ ਲੱਗਾ, “ਤੁਸੀਂ ਵੋਟਾਂ ਮੰਗਣ ਆਏ ਐਂ?”
ਉਨ੍ਹਾਂ ਦੇ ‘ਹਾਂ’ ਕਹਿਣ ਤੇ ਮੁੰਡਾ ਗੁੱਸੇ ਨਾਲ ਮੂੰਹ ਫੈਲਾਉਂਦਾ ਪੂਰੇ ਕਰਾਰ ਨਾਲ ਆਕੜ ਕੇ ਪਿਆ, “ਤੁਹਾਨੂੰ ਸ਼ਰਮ ਨਹੀਂ ਆਉਂਦੀ ਵੋਟਾਂ ਮੰਗਦਿਆਂ ਨੂੰ, ਕਿਸਾਨ ਤਾਂ ਧਰਨਿਆਂ ਤੇ ਬੈਠੇ ਐ, ਤਹਾਨੂੰ ਵੋਟਾਂ ਦੀ ਪਈ ਐ।” ਉਹਦੀ ਮਾਂ ਉਹਨੂੰ ਮਸਾਂ ਫੜ ਕੇ ਅੰਦਰ ਲੈ ਕੇ ਗਈ। ਵੋਟਾਂ ਵਾਲੇ ਵੀ ਨਿੰਮੋਝੂਣੇ ਜਿਹੇ ਹੋ ਕੇ ਛੇਤੀ ਛੇਤੀ ਆਪਣੀ ਗੱਲ ਕਹਿ ਕੇ ਤੁਰ ਗਏ।
ਮਗਰੋਂ ਅਸੀਂ ਉਸ ਬੱਚੇ ਨੂੰ ਆਪਣੇ ਕੋਲ ਸੱਦ ਕੇ ਪੁੱਛਣ ਲੱਗ ਪਏ, “ਜਦੋਂ ਤੇਰੇ ਪਾਪਾ ਧਰਨੇ ਤੇ ਦਿੱਲੀ ਗਏ ਸੀ, ਤੁਸੀਂ ਨਾਲ ਕਿਉਂ ਨਹੀਂ ਗਏ?”
“ਅਸਲ ਵਿਚ ਉਸ ਵੇਲੇ ਮੇਰੇ ਕੋਲ ਨਾ ਪੈਸੇ ਨਹੀਂ ਸਨ। ਮੇਰੀ ਬੱਕਰੀ (ਉਸ ਦੇ ਸ਼ੌਂਕ ਕਰ ਕੇ ਘਰ ਵਿਚ ਬੱਕਰੀ ਰੱਖੀ ਹੋਈ ਸੀ) ਸੂਣ ਵਾਲੀ ਸੀ। ਹੁਣ ਉਸ ਨੇ ਦੋ ਮੇਮਣੇ ਦਿੱਤੇ ਆ। ਮੈਂ ਹੁਣ ਉਹ ਵੇਚ ਦੇਣੀ ਐ, ਨਾਲੇ ਜਿਹੜੀ ਵੱਛੀ ਢੁੱਡਾਂ ਮਾਰਦੀ ਹੈ, ਉਹ ਵੀ ਵੇਚ ਦੇਣੀ ਐ। ਇੱਕ ਮੈਂ ਪਾਪੇ ਨੂੰ ਕਿਹਾ ਕਿ ਸਾਰੀ ਜਵ੍ਹੀਂ ਵੱਢ ਕੇ ਮੰਡੀ ਵੇਚ ਆ। ਫਿਰ ਨਾ ਮੇਰੇ ਕੋਲ ਬਹੁਤ ਸਾਰੇ ਪੈਸੇ ਹੋ ਜਾਣੇ। ਮੈਂ ਫਿਰ ਜਾਊਂਗਾ ਧਰਨੇ ਤੇ ਨਾਲੇ ਉਹ ਸਾਰੇ ਪੈਸੇ ਕਿਸਾਨਾਂ ਨੂੰ ਦੇ ਕੇ ਆਊਂਗਾ।”
ਬੱਚੇ ਦੇ ਮੂੰਹ ਵੱਲ ਬਿੱਟ ਬਿੱਟ ਤਕਦਿਆਂ ਮੈਂ ਉਸ ਨੂੰ ਅਗਲਾ ਸਵਾਲ ਕੀਤਾ, “ਫਿਰ ਮਿੱਠੂ ਧਰਨੇ ਤੇ ਕੀਹਦੇ ਨਾਲ ਜਾਵੇਗਾ?”
ਜਿਵੇਂ ਪਹਿਲਾਂ ਹੀ ਉਸ ਨੇ ਜਵਾਬ ਸੋਚ ਰੱਖਿਆ ਸੀ, ਪੂਰੇ ਵਿਸ਼ਵਾਸ ਨਾਲ ਆਖਣ ਲੱਗਾ, “ਸਾਡੇ ਬਾਕੀ ਸਾਰੇ ਘਰਦੇ ਤਾਂ ਪਹਿਲਾਂ ਹੀ ਜਾ ਆਏ, ਬੱਸ ਮਾਸੀ ਨਹੀਂ ਗਈ। ਮੈਂ ਤੇ ਮਾਸੀ ਜਾਵਾਂਗੇ ਪਿੰਡ ਵਾਲੀ ਟਰਾਲੀ ਵਿਚ ਬੈਠ ਕੇ। ਮੈਂ ਤਾਂ ਨਾਲ਼ ਵੱਡੀ ਸਾਰੀ ਡਾਂਗ ਵੀ ਲੈ ਕੇ ਜਾਊਂਗਾ। ਜਿਹੜਾ ਬੰਦਾ ਕਿਸਾਨਾਂ ਦੀ ਗੱਲ ਨਹੀਂ ਮੰਨ ਰਿਹਾ ਨਾ, ਮਾਰ ਕੇ ਡਾਂਗ ਉਹਦੀ ਲੱਤ ਤੋੜੂੰ। ਫਿਰ ਵੇਖੀਂ ਮੰਨਦਾ।”
ਬੱਚੇ ਦੀਆਂ ਗੱਲਾਂ ਸੁਣ ਕੇ ਲੱਗਿਆ, ਕਿਸਾਨਾਂ ਦੇ ਸੰਘਰਸ਼ ਦੀਆਂ ਜੜ੍ਹਾਂ ਤਾਂ ਮੇਰੀ ਸੋਚ ਤੋਂ ਵੀ ਕਿਤੇ ਡੂੰਘੀਆਂ ਲੱਗ ਗਈਆਂ ਹਨ। ਛੋਟੇ ਜਿਹੇ ਬੱਚੇ ਜੇ ਇੰਨੀ ਸਿ਼ੱਦਤ ਨਾਲ ਜਿਸ ਸੰਘਰਸ਼ ਨਾਲ ਜੁੜੇ ਹੋਣ, ਉਹ ਕਿਵੇਂ ਹਾਰ ਸਕਦਾ!
ਸੰਪਰਕ: 76260-63596