ਅਮਰੀਕ ਸਿੰਘ ਦਿਆਲ
ਭਲੇ ਵੇਲਿਆਂ ਦੀਆਂ ਗੱਲਾਂ ਹਨ। ਉਹਨਾਂ ਵੇਲਿਆਂ ਵਿਚ ਘਰ ਭਾਵੇਂ ਕੱਚੇ ਪਰ ਰਿਸ਼ਤੇ ਪੱਕੇ ਹੁੰਦੇ ਸਨ। ਇਹ ਭਾਵੇਂ ਕੱਲ੍ਹ ਦੀਆਂ ਗੱਲਾਂ ਜਾਪਦੀਆਂ ਹਨ ਪਰ ਸਮੇਂ ਦੇ ਪਹੀਏ ਨੇ ਤੇਜ਼ੀ ਨਾਲ ਗੇੜਾ ਦਿੱਤਾ ਹੈ। 1980ਵਿਆਂ ਦੇ ਦੌਰ ਵਿਚ ਪਿੰਡਾਂ ਦੇ ਵੱਡੀ ਗਿਣਤੀ ਘਰ ਕੱਚੇ ਸਨ। ਜੋ ਪੱਕੇ ਵੀ ਬਣਾਏ ਸਨ, ਉਹ ਵੀ ਅੱਧ ਪੱਕੇ ਜਿਹੇ ਹੁੰਦੇ ਸਨ। ਵਿਆਹਾਂ ਖਾਸਕਰ ਮੁੰਡੇ ਦੇ ਵਿਆਹ ਮੌਕੇ ਦੋ ਮੰਜੇ ਜੋੜ ਕੇ ਸਪੀਕਰ ਲਗਾਉਣ ਦਾ ਰਿਵਾਜ਼ ਸਿਰ ਚੜ੍ਹ ਬੋਲਦਾ ਹੁੰਦਾ ਸੀ। ਸਪੀਕਰ ਵਿਚ ਯਮਲਾ ਜੱਟ, ਲੱਖੀ ਵਣਜਾਰਾ, ਚਮਕੀਲਾ, ਰਮਲਾ, ਮੁਹੰਮਦ ਸਦੀਕ, ਸੁਰਿੰਦਰ ਕੌਰ ਦੇ ਵੱਜਦੇ ਗਾਣੇ ਲਾਗਲੇ ਪਿੰਡਾਂ ਤੱਕ ਵਿਆਹ ਦੀ ਨਿਸ਼ਾਨਦੇਹੀ ਕਰਦੇ ਹੁੰਦੇ ਸਨ। ਇਹੀ ਉਸ ਸਮੇਂ ਲੋਕਾਂ ਲਈ ਮਨੋਰੰਜਨ ਦਾ ਸਾਧਨ ਸਨ। ਸਪੀਕਰ ਨਾਲ ਵਿਆਹ ਦੀਆਂ ਰੌਣਕਾਂ ਦੂਣ-ਸਵਾਈਆਂ ਹੋ ਜਾਂਦੀਆਂ। ਸਾਡੇ ਇਲਾਕੇ ਵਿਚ ਕੌਰ ਸਪੀਕਰਾਂ ਵਾਲਾ ਅਜਿਹੇ ਸਮਾਗਮਾਂ ਦਾ ਕੇਂਦਰ ਬਿੰਦੂ ਹੁੰਦਾ। ਉਸ ਦਾ ਪੂਰਾ ਨਾਮ ਭਾਵੇਂ ਬਖਤਾਵਰ (ਬਖਤੌਰ) ਸਿੰਘ ਹੈ ਪਰ ਲੋਕਾਂ ਦਾ ਚਹੇਤਾ ਕੌਰ ਇਹਨਾਂ ਖੁਸ਼ੀਆਂ ਦਾ ਧੁਰਾ ਹੁੰਦਾ। ਉਸ ਦੇ ਲਾਲੀ ਦੀ ਭਾਅ ਮਾਰਦੇ ਹਸੂੰ ਹਸੂੰ ਕਰਦੇ ਗੋਰੇ ਚਿਹਰੇ ਨਾਲ ਸਿਰ ’ਤੇ ਬੰਨ੍ਹੀ ਗੁਲਾਬੀ ਪੱਗ ਜਿਵੇਂ ਇੱਕਮਿੱਕ ਹੋਈ ਪ੍ਰਤੀਤ ਹੁੰਦੀ। ਉਹ ਬਣ-ਠਣ ਕੇ ਸਾਈਕਲ ’ਤੇ ਸਮਾਨ ਰੱਖੀ ਵੇਲੇ ਸਿਰ ਖੁਸ਼ੀਆਂ ਵਿਚ ਆ ਸ਼ਾਮਿਲ ਹੁੰਦਾ। ਪੰਜਾਬ ਦੀ ਹੱਦ ਨਾਲ ਲਗਦੇ ਹਿਮਾਚਲ ਪ੍ਰਦੇਸ਼ ਦੇ ਬਾਈ ਪਿੰਡਾਂ ਤੱਕ ਵੀ ਉਹ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਸੀ।
ਤਵੇ ਵਾਲੀ ਮਸ਼ੀਨ ਰਾਹੀਂ ਵੱਜਦਾ ਸਪੀਕਰ ਕਈ ਕਈ ਦਿਨ ਕੋਠਿਆਂ ਦਾ ਸ਼ਿੰਗਾਰ ਬਣਿਆ ਰਹਿੰਦਾ। ਵਿਆਹ ਤੋਂ ਇੱਕ ਦਿਨ ਪਹਿਲਾਂ ਅਤੇ ਬਾਅਦ ਵਿਚ ਇਹ ਸਿਲਸਿਲਾ ਚੱਲਦਾ ਰਹਿੰਦਾ। ਪਿੰਡ ਅਤੇ ਰਿਸ਼ਤੇਦਾਰੀ ਦੇ ਜਵਾਨ ਅਤੇ ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰ ਰਹੇ ਮੁੰਡੇ ਕੌਰ ਦੇ ਅੱਗੇ-ਪਿੱਛੇ ਮੰਡਰਾਉਂਦੇ ਫਿਰਦੇ, ਆਪਣੇ ਪਸੰਦੀਦਾ ਗੀਤ ਲਈ ਕਹਿੰਦੇ। ਲੋਕਾਂ ਦਾ ਮਿਲਿਆ ਮਾਣ-ਸਤਿਕਾਰ ਕੌਰ ਲਈ ਕਿਸੇ ਸਰਮਾਏ ਤੋਂ ਘੱਟ ਨਾ ਹੁੰਦਾ। ਇਹ ਉਹ ਸਮਾਂ ਸੀ ਜਦੋਂ ਧੜਾਂ ਨਾਲ ਰੂਹਾਂ ਵੀ ਵਿਆਹਾਂ ਵਿਚ ਸ਼ਾਮਲ ਹੁੰਦੀਆਂ ਸਨ। ਹੁਣ ਦੇ ਅਫ਼ਰਾ-ਤਫ਼ਰੀ ਦੇ ਦੌਰ ਤੋਂ ਉਲਟ ਲੋਕਾਂ ਵਿਚ ਠਹਿਰਾਉ ਹੁੰਦਾ ਸੀ, ਵਿਆਹਾਂ ਵਿਚ ਜੁੜ ਬੈਠਣ ਦਾ ਚਾਅ ਠਾਠਾਂ ਮਾਰਦਾ ਸੀ। ਪ੍ਰਾਹੁਣਿਆਂ ਦੀ ਆਮਦ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀ। ਪ੍ਰਾਹੁਣਚਾਰੀ ਦਾ ਚਾਅ ਸਾਂਭਿਆ ਨਾ ਜਾਂਦਾ। ਪ੍ਰਾਹੁਣਾ ਪੂਰੇ ਪਿੰਡ/ਵਿਹੜੇ ਦਾ ਸਾਂਝਾ ਹੁੰਦਾ। ਵਿਆਹਾਂ-ਸ਼ਾਦੀਆਂ ਮੌਕੇ ਹੁੰਦਾ ਮੇਲ-ਮਿਲਾਪ ਸਾਂਝਾਂ ਨੂੰ ਹੋਰ ਵੀ ਪਕੇਰਾ ਕਰ ਜਾਂਦਾ। ਮੱਸ-ਫੁੱਟ ਗੱਭਰੂ ਕੌਰ ਦੇ ਅੱਗੇ-ਪਿੱਛੇ ਘੁੰਮਦੇ। ਤਵਿਆਂ ਵਾਲੀ ਮਸ਼ੀਨ ਨੂੰ ਚਾਬੀ ਭਰਨ ਲਈ ਭਾਵੇਂ ਹਰ ਕੋਈ ਕਾਹਲ਼ਾ ਹੁੰਦਾ ਪਰ ਇਸ ਦੀ ਜਿ਼ੰਮੇਵਾਰੀ ਉਹ ਕਿਸੇ ਖਾਸ ਬੰਦੇ ਨੂੰ ਹੀ ਸੰਭਾਲਦਾ। ਕੌਰ ਵਿਆਹ ਦੇ ਖਾਸ ਪ੍ਰਾਹਣਿਆਂ ਵਿਚ ਸ਼ੁਮਾਰ ਹੁੰਦਾ ਅਤੇ ਉਸ ਦੀ ਸੇਵਾ-ਪਾਣੀ ਦਾ ਖਾਸ ਖਿਆਲ ਰੱਖਿਆ ਜਾਂਦਾ।
ਸਮੇਂ ਦੀ ਤੋਰ ਦੇ ਨਾਲ ਨਾਲ ਸਭ ਕੁਝ ਬਦਲ ਗਿਆ। ਤਵਿਆਂ ਤੋਂ ਬਾਅਦ ਰੀਲ੍ਹਾਂ ਦਾ ਦੌਰ ਆ ਕੇ ਵੀ ਲੰਘ ਗਿਆ। ਸਪੀਕਰਾਂ ਦੀ ਥਾਂ ਹੁਣ ਡੀਜੇ ਨੇ ਲੈ ਲਈ ਹੈ। ਡੀਜੇ ਨਾਲ ਹੁਣ ਚਲ-ਚਿੱਤਰ ਵਾਲਾ ਵੱਡਾ ਪਰਦਾ ਗਾਣਿਆਂ ਦੇ ਨਾਇਕਾਂ ਨਾਲ ਰੂ-ਬ-ਰੂ ਕਰਵਾਉਂਦਾ ਹੈ। ਰੌਲ਼ਾ-ਰੱਪਾ ਅਤੇ ਭੀੜ ਹੋਣ ਦੇ ਬਾਵਜੂਦ ਪਹਿਲਾਂ ਵਰਗਾ ਸਕੂਨ ਕਿੱਧਰੇ ਗਾਇਬ ਹੋ ਗਿਆ ਹੈ। ਧਰਤੀ ਹਿਲਾਉਣ ਵਾਲੀ ਧਮਕ ਅਤੇ ਕੰਨ ਪਾੜਵੀਆਂ ਅਵਾਜ਼ਾਂ ਕਾਰਨ ਬੰਦਾ ਇਸ ਦੇ ਨੇੜੇ ਜਾਣੋਂ ਵੀ ਕਤਰਾਉਂਦਾ ਹੈ। ਨਸ਼ੇ ਦੀ ਲੋਰ ਵਿਚ ਨੱਚਦੀ ਜਵਾਨੀ ਨੂੰ ਬਸ ਦੇਖਦੇ ਹੀ ਰਹਿ ਜਾਈਦਾ ਹੈ। ਵੈਲੀ ਸ਼ਬਦ ਕਿਸੇ ਵੇਲੇ ਨਮੋਸ਼ੀ ਵਾਲਾ ਸ਼ਬਦ ਮੰਨਿਆ ਜਾਂਦਾ ਸੀ ਪਰ ਹੁਣ ਦੇ ਗੱਭਰੂ ਵੈਲੀ ਅਖਵਾ ਕੇ ਮਾਣ ਮਹਿਸੂਸ ਕਰ ਰਹੇ ਹਨ। ਕਿੰਨਾ ਕੁਝ ਬਦਲ ਗਿਆ ਹੈ!
35 ਕੁ ਵਰ੍ਹੇ ਪਹਿਲਾਂ ਬਖਤੌਰ ਨੇ ਪਿੰਡ ਛੱਡ ਹਿਮਾਚਲ ਦੀ ਵੱਖੀ ਨਾਲ ਵਸੇ ਪਿੰਡ ਵਿਚ ਭਾਵੇਂ ਪੱਕਾ ਵਸੇਬਾ ਕਰ ਲਿਆ ਪਰ ਅੱਜ ਵੀ ਇਲਾਕੇ ਦੇ ਲੋਕਾਂ ਨਾਲ ਦਿਨ-ਦਿਹਾਰਾਂ ’ਤੇ ਮਿਲਦਾ-ਵਰਤਦਾ ਹੈ। ਚਿਹਰੇ ’ਤੇ ਪਹਿਲਾਂ ਵਰਗਾ ਹੀ ਜਲੌਅ ਹੈ। ਇੱਕ ਵਿਆਹ ਮੌਕੇ ਕੌਰ ਨਾਲ਼ ਹੋਈ ਮੁਲਾਕਾਤ ਨੇ ਸਮੇਂ ਦੀਆਂ ਰੀਲ੍ਹਾਂ ਗੇੜ ਦਿੱਤੀਆਂ। ਕੌਰ ਯੁੱਗ ਬਦਲਣ ਦਾ ਗਵਾਹ ਹੈ। ਆਪਣੇ ਪਰਿਵਾਰ ਵਿਚ ਖੁਸ਼ੀ ਖੁਸ਼ੀ ਰਹਿ ਰਹੇ ਬਖਤੌਰ ਦਾ ਨਾਮ ਸਮੇਂ ਦੇ ਇਤਿਹਾਸ ਦੇ ਅਣਫੋਲੇ ਵਰਕਿਆਂ ’ਤੇ ਦਰਜ ਹੋ ਰਿਹਾ ਹੈ।
ਸੰਪਰਕ: 94638-51568