ਹਰਕੰਵਲ ਸਿੰਘ ਕੰਗ
ਪੰਜਾਬੀ ਟ੍ਰਿਬਿਊਨ ਦੇ ਸੇਵਾਮੁਕਤ ਡਿਪਟੀ ਨਿਊਜ਼ ਐਡੀਟਰ ਸੁਰਿੰਦਰ ਸਿੰਘ ਦਾ ਥੋੜ੍ਹਾ ਚਿਰ ਬਿਮਾਰ ਰਹਿਣ ਬਾਅਦ ਦੇਹਾਂਤ ਹੋ ਗਿਆ। ਪੱਤਰਕਾਰੀ ਵਿਚ ਪਾਈਆਂ ਪੈੜਾਂ ਸਦਕਾ ਉਨ੍ਹਾਂ ਨੂੰ ਯਾਦ ਰੱਖਿਆ ਜਾਵੇਗਾ। ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਅੰਦਰ ਫੈਸਲੇ ਕਰਨ ਦੀ ਕਮਾਲ ਦੀ ਤਾਕਤ ਸੀ। ਪੰਜਾਬੀ ਟ੍ਰਿਬਿਊਨ ਦੇ ਡੈਸਕ ਉੱਤੇ ਵੱਖ ਵੱਖ ਅਹੁਦਿਆਂ ਉੱਤੇ ਤਨਦੇਹੀ ਨਾਲ ਆਪਣੀਆਂ ਜਿ਼ੰਮੇਵਾਰੀਆਂ ਦਾ ਨਿਰਬਾਹ ਕੀਤਾ। ਉਹ ਅੰਦਰੋਂ ਬਾਹਰੋਂ ਇੱਕੋ ਜਿਹੇ ਸਨ ਅਤੇ ਕੋਈ ਵੀ ਗੱਲ ਮੂੰਹ ਉੱਤੇ ਕਹਿ ਦਿੰਦੇ ਸਨ। ਉਨ੍ਹਾਂ ਦੇ ਮਿੱਤਰਾਂ ਦਾ ਘੇਰਾ ਵੀ ਬਹੁਤ ਵਿਸ਼ਾਲ ਸੀ। ਉਹ ਚੰਗੇ ਮਹਿਮਾਨ ਨਿਵਾਜ਼ ਸਨ। ਉਨ੍ਹਾਂ ਦੇ ਘਰ ਅਕਸਰ ਪ੍ਰਾਹੁਣਿਆਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਡੈਸਕ ਪੱਤਰਕਾਰੀ ਦੇ ਨਾਲ ਨਾਲ ਉਨ੍ਹਾਂ ਸਭਿਆਚਾਰਕ ਪੱਤਰਕਾਰੀ ਨੂੰ ਵੀ ਨਵੇਂ ਦਿਸਹੱਦੇ ਦਿੱਤੇ।
ਉਨ੍ਹਾਂ ਦਾ ਜਨਮ ਪਿਤਾ ਸੁਖਦੇਵ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ 15 ਜਨਵਰੀ 1953 ਨੂੰ ਪਿੰਡ ਸ਼ੇਰਗੜ੍ਹ ਬਾੜਾ ਜਿ਼ਲ੍ਹਾ ਰੂਪਨਗਰ ਅਤੇ ਹੁਣ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਵਿਚ ਹੋਇਆ। ਉਨ੍ਹਾਂ ਦੇ ਪਿਤਾ ਪੰਜਾਬ ਪੁਲੀਸ ਦੇ ਅਧਿਕਾਰੀ ਸਨ। ਦਸਵੀਂ ਅਤੇ ਹਾਇਰ ਸੈਕੰਡਰੀ ਤੱਕ ਦੀ ਸਿੱਖਿਆ ਸਰਕਾਰੀ ਹਾਇਰ ਸੈਕੰਡਰੀ ਸਕੂਲ ਸੰਗਰੂਰ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਸਰਕਾਰੀ ਰਣਬੀਰ ਕਾਲਜ ਤੋਂ 1974 ਵਿਚ ਬੀਏ ਦੀ ਡਿਗਰੀ ਹਾਸਲ ਕੀਤੀ। ਕਾਲਜ ਸਮੇਂ ਦੌਰਾਨ ਉਨ੍ਹਾਂ ਨੂੰ ਇੰਟਰ-ਵਰਸਿਟੀ ਪੱਧਰ ਤੱਕ ਹਾਕੀ ਖੇਡਣ ਦਾ ਮਾਣ ਵੀ ਹਾਸਲ ਸੀ। ਐੱਮਏ ਪੰਜਾਬੀ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਅਤੇ ਇਸ ਉਪਰੰਤ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਤੋਂ ਪੱਤਰਕਾਰੀ ਵਿਚ ਮਾਸਟਰਜ਼ ਡਿਗਰੀ ਹਾਸਲ ਕੀਤੀ। ਪੰਜਾਬੀ ਟ੍ਰਿਬਿਊਨ ਵਿਚ ਉਨ੍ਹਾਂ ਜੁਲਾਈ 1978 ਵਿਚ ਪਰੂਫ ਰੀਡਰ ਵਜੋਂ ਨੌਕਰੀ ਦੀ ਸ਼ੁਰੂਆਤ ਕੀਤੀ ਅਤੇ ਜਨਵਰੀ 2013 ਵਿਚ ਡਿਪਟੀ ਨਿਊਜ਼ ਐਡੀਟਰ ਵਜੋਂ ਸੇਵਾਮੁਕਤ ਹੋਏ। ਉਹ ਤਿੰਨ ਭਰਾ ਸਨ। ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਛੋਟੇ ਭਰਾ ਸੇਵਾਮੁਕਤ ਪੁਲੀਸ ਇੰਸਪੈਕਟਰ ਸਰਬਜੀਤ ਸਿੰਘ ਦਾ ਦੇਹਾਂਤ ਹੋ ਗਿਆ ਸੀ, ਉਹ ਕਾਫੀ ਸਦਮੇ ਵਿਚ ਸਨ। ਉਨ੍ਹਾਂ ਦੇ ਤੀਜੇ ਭਰਾ ਤਜਿੰਦਰ ਸਿੰਘ ਸੇਵਾਮੁਕਤ ਬੈਂਕ ਅਧਿਕਾਰੀ ਹਨ।
ਉਨ੍ਹਾਂ ਪੰਜਾਬੀ ਸਭਿਆਚਾਰ ਨਾਲ ਵਿਸ਼ੇਸ਼ ਲਗਾਓ ਸੀ ਅਤੇ 1989 ਤੋਂ ਲੈ ਕੇ, ਪਹਿਲਾਂ ਮੁਹਾਲੀ ਤੇ ਫਿਰ ਪਿੰਡ ਜਾਂਸਲਾ ਵਿਚ ਪੰਜਾਬ ਲੋਕ ਕਲਾ ਕੇਂਦਰ ਦੇ ਬੈਨਰ ਹੇਠ ਹਰ ਸਾਲ ‘ਮੁਬਾਰਕਾਂ’ ਟਾਇਟਲ ਤਹਿਤ ਸਭਿਆਚਾਰਕ ਮੇਲਾ ਕਰਵਾਉਂਦਾ ਰਹੇ। ਉਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਸਰਪ੍ਰਸਤੀ ਦਿੱਤੀ। ਜੀਵਨ ਦੇ ਅਨੇਕਾਂ ਉਤਰਾਅ-ਚੜ੍ਹਾਅ ਦੇਖਦਿਆਂ ਉਨ੍ਹਾਂ ਕਦੇ ਵੀ ਦ੍ਰਿੜਤਾ ਦਾ ਲੜ ਨਹੀਂ ਛੱਡਿਆ। ਟ੍ਰਿਬਿਊਨ ਇੰਪਲਾਈਜ਼ ਯੂਨੀਅਨ ਵਿਚ ਉਹ ਸਾਰਾ ਸਮਾਂ ਮੁਲਾਜ਼ਮ ਹਿੱਤਾਂ ਦੇ ਪਹਿਰੇਦਾਰ ਵਜੋਂ ਵਿਚਰੇ। ਪ੍ਰੈੱਸ ਕਲੱਬ ਚੰਡੀਗੜ੍ਹ ਵਿਚ ਵੀ ਉਨ੍ਹਾਂ ਦੀ ਅਗਵਾਈ ਹੇਠ ਕਰਵਾਏ ਸਭਿਆਚਾਰਕ ਪ੍ਰੋਗਰਾਮ ਯਾਦਗਾਰੀ ਹੋ ਨਬਿੜੇ। ਉਨ੍ਹਾਂ ਦੇ ਪਹਿਰਾਵੇ ਵਿਚ ਸਦਾ ਸਾਦਗੀ ਝਲਕਦੀ ਸੀ। ਉਨ੍ਹਾਂ ਦੀ ਸ਼ਖਸੀਅਤ ਉੱਤੇ ਉਨ੍ਹਾਂ ਦੇ ਨਾਨਕੇ ਪਰਿਵਾਰ ਦਾ ਬਹੁਤ ਪ੍ਰਭਾਵ ਸੀ। ਉਹ ਆਪਣੀ ਬਾਹਰੀ ਦਿੱਖ ਦੇ ਉਲਟ ਬੇਹੱਦ ਨਰਮ ਦਿਲ ਅਤੇ ਸ਼ਾਹ ਖਰਚ ਇਨਸਾਨ ਸਨ। ਲੋਕਾਂ ਦੇ ਕੰਮ ਆ ਕੇ ਉਨ੍ਹਾਂ ਨੂੰ ਸਕੂਨ ਮਿਲਦਾ ਸੀ। ਆਪਣੀਆਂ ਸ਼ਰਤਾਂ ਉੱਤੇ ਜਿ਼ੰਦਗੀ ਜਿਊਣ ਵਾਲਾ ਇਹ ਦਬੰਗ ਇਨਸਾਨ ਜੀਵਨ ਵਿਚ ਨਿੱਗਰ ਪੈੜਾਂ ਪਾਉਂਦਿਆਂ ਪੰਜਾਬੀ ਮਾਂ ਬੋਲੀ ਦੇ ਸਪੂਤ ਵਜੋਂ ਵਿਚਰਦਿਆਂ 23 ਸਤੰਬਰ ਨੂੰ ਅਛੋਪਲੇ ਜਿਹੇ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਿਆ। ਪੰਜਾਬੀ ਸਭਿਆਚਾਰਕ ਕਾਮਿਆਂ ਦੇ ਮਨਾਂ ਵਿਚ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਉਕਰੀਆਂ ਰਹਿਣਗੀਆਂ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਅਤੇ ਦੋ ਪੁੱਤਰ ਹਨ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ 2 ਅਕਤੂਬਰ ਦਿਨ ਸ਼ਨਿਚਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 49 ਦੇ ਗੁਰਦੁਆਰਾ ਦਸਮੇਸ਼ ਦਰਬਾਰ ਵਿਚ ਦੁਪਹਿਰ ਬਾਰਾਂ ਤੋਂ ਇੱਕ ਵਜੇ ਤੱਕ ਹੋਵੇਗਾ।
ਸੰਪਰਕ: 97819-78123