ਪੰਜਾਬੀ ਦਾ ਨਾਮਵਰ ਤੇ ਵੱਖਰੀ ਵੱਥ ਦਾ ਸ਼ਾਇਰ ਜੋਗਾ ਸਿੰਘ ਅਲਬੇਲੀ ਤਬੀਅਤ ਦਾ ਮਾਲਕ ਸੀ। ਪੰਜਾਬੀ ਕਵਿਤਾ ਵਿਚ ਉਸ ਦੀ ਆਪਣੀ ਪਛਾਣ ਸੀ। ਉਸ ਨੇ ਕਵਿਤਾਵਾਂ ਵਿਚ ਆਪਣੀ ਮੁਹੱਬਤ ਅਤੇ ਮਿੱਟੀ ਦੇ ਸੱਚ ਨੂੰ ਆਪਣੇ ਬੇਬਾਕ ਸੁਭਾਅ ਵਾਂਗ ਸੱਚੋ-ਸੱਚ ਬਿਆਨਿਆ। ਉਸ ਨੇ ‘ਕਰਕ ਕਲੇਜੇ ਮਾਹਿੰ’ (1964), ‘ਅਲਵਿਦਾ-ਖ਼ੁਸ਼ਆਮਦੀਦ’ (1978), ‘ਆਪਣੀ ਮਿੱਟੀ’ (1982) ਅਤੇ ‘ਹੁਣ ਉਹ ਵਕਤ ਨਹੀਂ ਰਹੇ’ (1987) ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਆਲੋਚਨਾ ਦੇ ਖੇਤਰ ਵਿਚ ਉਸ ਨੇ ‘ਬਾਵਾ ਬਲਵੰਤ ਕਾਵਿ-ਮੁਲਾਂਕਣ’ (1965) ਨਿੱਠ ਕੇ ਲਿਖਿਆ। ਦੋ ਨਾਟਕ ‘ਭਰਥਰੀ ਹਰੀ’ ਅਤੇ ‘ਕਾਹਦੇ ਪੈਸੇ’ ਵੀ ਲਿਖੇ। ਸੰਪਾਦਕ ਵਜੋਂ ਬੜੀ ਮਿਹਨਤ ਨਾਲ ਪੰਜਾਬੀ ਅਕਾਦਮੀ ਦਿੱਲੀ ਤੇ ਸੱਭਿਆਚਾਰ ਵਿਭਾਗ ਪੰਜਾਬ ਦੁਆਰਾ ਪ੍ਰਕਾਸ਼ਿਤ ਪੁਸਤਕ ‘ਆਧੁਨਿਕ ਪੰਜਾਬੀ ਸੁਰਾਂ’ ਉਸ ਦੇ ਕਾਵਿ ਜਗਤ ਲਈ ਮੋਹ ਦਾ ਪ੍ਰਮਾਣ ਹੈ।
ਜੋਗਾ ਸਿੰਘ ਦਾ ਜਨਮ 25 ਨਵੰਬਰ, 1942 ਨੂੰ ਆਜ਼ਾਦੀ ਘੁਲਾਟੀਏ ਪ੍ਰੀਤਮ ਸਿੰਘ ਦੇ ਘਰ ਪਿੰਡ ਕਾਹਨਕੇ (ਜ਼ਿਲ੍ਹਾ ਸੰਗਰੂਰ) ਵਿਚ ਹੋਇਆ। ਕਾਮਰੇਡਾਂ ਦਾ ਘਰ ਹੋਣ ਕਾਰਨ ਪਿੰਡ ਵਿਚ ਬਜ਼ੁਰਗਾਂ ਦੀ ਪੂਰੀ ਪੁੱਛ ਸੀ। ਪੜ੍ਹਨ ਦਾ ਸ਼ੌਕ ਬਚਪਨ ਵਿਚ ਹੀ ਲੱਗ ਗਿਆ ਤੇ ਪੰਜ-ਛੇ ਸਾਲ ਦੀ ਉਮਰੇ ਹੀ ਅਖ਼ਬਾਰ ਨੂੰ ਸਿਆਣਿਆਂ ਵਾਂਗ ਹੱਥ ਲੈ ਬਹਿੰਦਾ। ਪਹਿਲਾਂ ਘਰ ਵਿਚ ਲਾਡਲਾ ਨਾਂ ਸੁਖਮਿੰਦਰ ਰੱਖਿਆ, ਫਿਰ ਬਦਲ ਕੇ ਮਨਜੀਤ ਰੱਖਿਆ। ਜਦ ਹੋਰ ਵੱਡਾ ਹੋਇਆ ਤਾਂ ਉਸ ਦੇ ਦਾਦਾ ਜੀ ਕਹਿਣ ਲੱਗੇ, ‘‘ਕੀ ਪੁੱਠੇ-ਸਿੱਧੇ ਨਾਂ ਧਰ ਦਿੱਤੇ ਜੇ ਮੁੰਡੇ ਦੇ, ਇਹ ਤਾਂ ਅਜਿਹਾ ਸਾਊ ਏ, ਫਰਮਾ-ਬਰਦਾਰ ਕਿ ਫ਼ਰਮਾਨ ਮਿਲੇ ਤਾਂ ਜੋਗੇ ਵਾਂਗ ਚੌਥੀ ਲਾਂ ਵਿਚੇ ਛੱਡ ਕੇ ਉੱਠ ਤੁਰੇ…।’’ ਸੋ ਬਜ਼ੁਰਗਾਂ ਦੇ ਮੂੰਹ ਚੜ੍ਹਿਆ ਨਾਂ ਜੋਗਾ ਸਿੰਘ ਪੈ ਗਿਆ ਜੋ ਸਕੂਲ ਦੇ ਲਿਖਤੀ ਰਿਕਾਰਡ ਵਿਚ ਲਿਖਿਆ ਗਿਆ। ਜੋਗਾ ਸਿੰਘ ਨੇ ਆਪਣੇ ਨਾਂ ਦੀ ਪੈਜ ਪਾਲਦਿਆਂ ਪੰਜਾਬੀ ਸਾਹਿਤ ਲਈ ਆਪਣੀ ਜੋਗ-ਸਾਧਨਾ ਨਿਭਾਈ। ਉਹ ਲਿਖਦਾ ਹੈ: ‘‘ਮੇਰੇ ਅੰਦਰ ਦੀ ‘ਮੈਂ’ ਦਾ ਨਾਂ ਵੀ ਜੋਗਾ ਸਿੰਘ ਹੈ…।’’ ਤਿੱਖੀ ਬੁੱਧੀ ਦੇ ਮਾਲਕ ਜੋਗਾ ਸਿੰਘ ਨੇ 1965 ਤੱਕ ਐੱਸਡੀ ਕਾਲਜ ਬਰਨਾਲਾ ਵਿਚ ਪੜ੍ਹਾਉਣਾ ਸ਼ੁਰੂ ਕੀਤਾ। 1968 ਤੋਂ 1970 ਤੱਕ ਦਿੱਲੀ ਨੈਸ਼ਨਲ ਬੁੱਕ ਟਰੱਸਟ ਇੰਡੀਆ ਵਿਚ ਬਤੌਰ ਅਡੀਟਰ ਕੰਮ ਕੀਤਾ। ਫਿਰ ਥੋੜ੍ਹਾ ਸਮਾਂ ਹਿੰਦ ਪਾਕਿਟ ਬੁੱਕਸ ਦਿੱਲੀ ਵਿਚ ਪੰਜਾਬੀ ਅਡੀਟਰੀ ਕਰ ਕੇ ਬਤੌਰ ਫਰੀਲਾਂਸ ਰਾਈਟਰ ਕੰਮ ਕਰਦਿਆਂ ਲਗਭਗ 25 ਕਿਤਾਬਾਂ ਦਾ ਅੰਗਰੇਜ਼ੀ, ਹਿੰਦੀ ਤੇ ਉਰਦੂ ਤੋਂ ਅਨੁਵਾਦ ਕੀਤਾ। ਇਹ ਸਾਰੀਆਂ ਕਿਤਾਬਾਂ ਐੱਨਬੀਟੀ, ਸਾਹਿਤ ਅਕਾਦਮੀ ਦਿੱਲੀ ਤੇ ਨਵਯੁੱਗ ਪਬਲਿਸ਼ਰਜ਼ ਨੇ ਪ੍ਰਕਾਸ਼ਿਤ ਕੀਤੀਆਂ। ਅੰਮ੍ਰਿਤਾ ਪ੍ਰੀਤਮ ਦੇ ਸੰਪਰਕ ਵਿਚ ਆਉਣ ਨਾਲ ਜੋਗਾ ਸਿੰਘ ਦੀ ਸ਼ਾਇਰੀ ਦੀ ਚਰਚਾ ‘ਨਾਗਮਣੀ’ ਵਿਚ ਸਿਖਰਾਂ ਤੇ ਪਹੁੰਚੀ।
ਇਸ ਤੋਂ ਬਾਅਦ ਜੋਗਾ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੰਜਾਬੀ ਸਿੱਖਿਆ ਤੇ ਖੋਜ ਕੇਂਦਰ ਵਿਚ ਲੱਗ ਕੇ ਚੰਡੀਗੜ੍ਹ ਦਾ ਵਸਨੀਕ ਬਣ ਗਿਆ। ਇਸ ਅਦਾਰੇ ਵਿਚ ਉਹ ਪੰਜਾਬੀ ਵਿਕਾਸ ਕੇਂਦਰ ਦਾ ਜੁਆਇੰਟ ਡਾਇਰੈਕਟਰ ਬਣਿਆ। ਭਾਸ਼ਾ ਤੇ ਸੱਭਿਆਚਾਰ ਅਤੇ ਸ਼ਬਦਾਂ ਦੀ ਠੀਕ ਵਰਤੋਂ ਬਾਰੇ ਜੋਗਾ ਸਿੰਘ ਬਹੁਤ ਬਾਰੀਕ-ਬੀਨੀ ਦਾ ਆਦੀ ਸੀ। ਲਗਾਤਾਰ ਪੜ੍ਹਦੇ ਰਹਿਣਾ ਅਤੇ ਆਪਣੀ ਰਚਨਾ ਪ੍ਰਕਾਸ਼ਿਤ ਕਰਵਾਉਣ ਦੀ ਕਾਹਲ ਨਾ ਕਰਨੀ ਅਤੇ ਰਚਨਾ ਨੂੰ ਮੁੜ ਸਿਰਜਣ ਪ੍ਰਕਿਰਿਆ ਥਾਣੀਂ ਚਿਤਵਣਾ ਤੇ ਸੋਧਣਾ, ਉਸ ਦੀ ਸਾਹਿਤ ਬਾਰੇ ਜ਼ਿੰਮੇਵਾਰੀ ਨਿਭਾਉਣ ਦੀ ਤਾਸੀਰ ਸੀ। ਉੱਚ ਅਹੁਦੇਦਾਰ ਅਖਵਾਉਣ ਨਾਲੋਂ ਉਹ ਆਪਣੇ ਆਪ ਨੂੰ ਸ਼ਾਇਰ ਅਖਵਾਉਣ ਵਿਚ ਮਾਣ ਸਮਝਦਾ ਸੀ ਤੇ ਸ਼ਾਇਰਾਂ ਦਾ ਕਦਰਦਾਨ ਸੀ। ਉਹ ਵਿਅਕਤੀ ਵਿਸ਼ੇਸ਼ ਜਾਂ ਵਿਸ਼ੇਸ਼ਣਾਂ ਦੇ ਭਾਰੂ ਸ਼ਬਦਾਂ ਤੋਂ ਕੂੰਦਾ ਸੀ। ਉਹ ਆਪਣੇ ਬਾਰੇ ਗੱਲ ਕਰਦਾ ਹੋਇਆ ਲਿਖਦਾ ਹੈ: ‘‘ਮੈਂ ਬਹੁਤ ਸਾਧਾਰਨ ਜਿਹਾ ਬੰਦਾ ਹਾਂ- ਕੋਸ਼ਿਸ਼ ਕਰਨ ਉੱਤੇ ਵੀ ਆਪੇ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਨਹੀਂ ਦੇਖ ਸਕਿਆ। ਲੇਖਕਾਂ ਬਾਰੇ ਪੜ੍ਹੀਆਂ/ਸੁਣੀਆਂ ਆਸਾਧਾਰਨ ਜਿਹੀਆਂ ਗੱਲਾਂ ਤੋਂ ਮੈਨੂੰ ਇੰਝ ਲਗਦਾ ਹੈ, ਜਿਵੇਂ ਮੈਂ ਲੇਖਕ ਨਾ ਹੋਵਾਂ।’’ ਇੰਨਾ ਸੱਚ ਬੋਲਣ ਵਾਲਾ ਤੇ ਮੂੰਹ ਉੱਤੇ ਗੱਲ ਆਖ ਦੇਣ ਵਾਲਾ ਜੋਗਾ ਸਿੰਘ ਹੀ ਸੀ। ਉਹਨੇ ਲਿਖਿਆ: ‘‘ਮੈਂ ਬਹੁਤ ਘੱਟ ਲਿਖਿਆ ਹੈ ਪਰ ਆਪਣੀ ਹਰ ਨਜ਼ਮ ਦਾ ਪਾਤਰ ਮੈਂ ਆਪ ਹਾਂ। ਆਪਣੇ ਆਪ ਨੂੰ ਕਦੇ ਆਪਣੀ ਨਜ਼ਮ ਤੋਂ ਵੱਖ ਨਹੀਂ ਕਰ ਸਕਿਆ। ਨਾ ਨਜ਼ਮ ਲਿਖਣ ਪਿੱਛੋਂ ਕੋਈ ‘ਰਾਹਤ’ ਮਹਿਸੂਸ ਕੀਤੀ ਹੈ, ਨਾ ਲਿਖਣ ਤੋਂ ਪਹਿਲਾਂ ਕੋਈ ਮਾਨਸਿਕ ਤਣਾਅ। … ਇਕੋ ਨਜ਼ਮ ਨੂੰ ਮੁੜ ਮੁੜ ਕੇ ਲਿਖਦਾ ਹਾਂ।’’
ਮਾਰਕਸਵਾਦੀ ਦ੍ਰਿਸ਼ਟੀ ਕਾਰਨ ਜੋਗਾ ਸਿੰਘ ਦੀ ਲਿਖਤ ਤੇ ਵਰਤਾਰੇ ’ਚ ਵਿੱਥ ਮਿਟ ਗਈ ਸੀ। ਉਹ ਯਥਾਰਥਕ ਜੀਵਨ ਜਿਊਣ ਦੀ ਲੋਚਾ ਦੀ ਡੂੰਘਾਈ ਕਾਰਨ ਅਤਿ ਉਦਾਸ ਹੋ ਜਾਂਦਾ ਤੇ ਉਸ ਨੂੰ ਸਮਾਜਿਕ ਵਰਤਾਰਾ ਫ਼ਜ਼ੂਲ ਤੇ ਬੇਮਾਇਨਾ ਲਗਦਾ। ਅਜਿਹੀਆਂ ਭਾਵਨਾਵਾਂ ਨੂੰ ਰੂਪਮਾਨ ਕਰਦੀਆਂ ਉਸ ਦੀਆਂ ਕਵਿਤਾਵਾਂ ‘ਝੰਡੂ ਮੋਚ ਦੀ ਗੁਆਹੀ’, ‘ਇਕ ਖ਼ਤ’, ‘ਤਮੰਨਾ’, ‘ਇਕ ਕਲਰਕ ਦਾ ਮੁਆਫ਼ੀਨਾਮਾ’ ਆਦਿ ਪੜ੍ਹੀਆਂ ਜਾ ਸਕਦੀਆਂ ਹਨ। ਭਾਸ਼ਾ ਵਿਭਾਗ ਪੰਜਾਬ ਨੇ ਉਸ ਦੀ ਵਿਲੱਖਣ ਕਾਵਿ ਪੁਸਤਕ ‘ਅਲਵਿਦਾ-ਖ਼ੁਸ਼ਆਮਦੀਦ’ ਨੂੰ ਵਧੀਆ ਕਰਾਰ ਦੇ ਕੇ ਭਾਈ ਵੀਰ ਸਿੰਘ ਪੁਰਸਕਾਰ ਦਿੱਤਾ ਸੀ। ਸਭ ਤੋਂ ਵੱਧ ਚਰਚਿਤ ਅਤੇ ਵਿਲੱਖਣ ਸ਼ੈਲੀਗਤ ਕਾਵਿ ਪੁਸਤਕ ‘ਆਪਣੀ ਮਿੱਟੀ’ ਪੰਜਾਬੀ ਸਾਹਿਤ ਵਿਚ ਵੱਖਰੀ ਪਛਾਣ ਕਾਇਮ ਕਰਦੀ ਹੈ ਜਿਸ ਵਿਚ ਜੋਗਾ ਸਿੰਘ ਦੀ ਰੂਹ ਦੀ ਹਾਕ ਹੈ। ਪੰਜਾਬੀ ਪੇਂਡੂ ਪਾਤਰਾਂ ਦੇ ਜੋ ਕਾਵਿ ਚਿੱਤਰ ਇਸ ਪੁਸਤਕ ਵਿਚ ਪੜ੍ਹਨ ਨੂੰ ਮਿਲਦੇ ਹਨ, ਉਸ ਦੀ ਦਾਦ ਦੇਣੀ ਬਣਦੀ ਹੈ। ਅਸਲ ਜੋਗਾ ਸਿੰਘ ਦਾ ਰੰਗ, ਇਨ੍ਹਾਂ ਕਾਵਿ ਚਿੱਤਰਾਂ ਵਿਚ ਮੂੰਹੋਂ ਬੋਲਦਾ ਹੈ। ਇਸ ਵਿਚ ਜਿੱਥੇ ਪਾਤਰਾਂ ਦੇ ਬਾਹਰੀ ਮੁਹਾਂਦਰੇ ਸਜੀਵ ਰੂਪ ਅਖ਼ਤਿਆਰ ਕਰਦੇ ਹਨ, ਉੱਥੇ ਪਾਤਰਾਂ ਦੇ ਅੰਦਰਲੇ ਸੰਸਾਰ ਦੀ ਸੰਵੇਦਨਾ ਪਾਠਕ ਨੂੰ ਝੰਜੋੜ ਸੁੱਟਦੀ ਹੈ। ਇਹੋ ਕਵਿਤਾ ਦੀ ਵਿਸ਼ੇਸ਼ਤਾ ਹੈ ਜੋ ਪਾਠਕ ਅੰਦਰ ਕੰਬਣੀ ਪੈਦਾ ਕਰਦੀ ਹੈ। ਉਸ ਨੂੰ ਆਪਣੀ ਜਨਮ ਮਿੱਟੀ ਨਾਲ ਅੰਤਾਂ ਦਾ ਮੋਹ ਸੀ। ਉਸ ਵਰਗੀ ਸ਼ਖ਼ਸੀਅਤ ਸੈਂਕੜਿਆਂ ਸਾਲਾਂ ਬਾਅਦ ਹੀ ਜਨਮ ਲੈਂਦੀ ਹੈ।
ਸੰਪਰਕ: 98151-23900