ਸੁਖਦੇਵ ਸਿੰਘ ਸੰਤੇਮਾਜਰਾ
ਮੁਲਕ ਵਿਚ ਅੱਜ ਵੀ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ| ਕਰੋੜਾਂ ਪੜ੍ਹੇ-ਲਿਖੇ ਨੌਜੁਆਨ ਨੌਕਰੀ ਦੀ ਉਡੀਕ ਵਿਚ ਆਪਣੀਆਂ ਜੁਆਨੀਆਂ ਗਾਲ ਰਹੇ ਹਨ| ਸਰਕਾਰ ਹੁਣ ਸਰਕਾਰੀ ਖੇਤਰ ਵਿਚ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਤਿਆਰ ਨਹੀਂ | ਨੌਜੁਆਨਾਂ ਨੂੰ ਹੁਣ ਪ੍ਰਾਈਵੇਟ ਅਦਾਰਿਆਂ ਵਿਚ ਨੌਕਰੀਆਂ ਲੱਭਣੀਆਂ ਪੈ ਰਹੀਆਂ ਹਨ| ਇਹ ਨੌਕਰੀਆਂ ਵੀ ਠੇਕੇਦਾਰੀ ਸਿਸਟਮ ਤਹਿਤ ਮਿਲ ਰਹੀਆਂ ਹਨ| ਸਾਡੇ ਸੂਬੇ ਵਿਚ ਹੀ ਨਹੀਂ, ਹਰ ਥਾਈਂ ਸਰਕਾਰੀ ਨੌਕਰੀ ਹੁਣ ਸੁਫਨਾ ਬਣ ਕੇ ਰਹਿ ਗਈ ਹੈ| ਮਾਪੇ ਆਪਣੇ ਬੱਚਿਆਂ ਨੂੰ ਧੁੰਦਲੇ ਭਵਿੱਖ ਦੇ ਡਰੋਂ ਲੱਖਾਂ ਰੁਪਏ ਖਰਚ ਕਰ ਕੇ ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਨੂੰ ਘੱਲ ਰਹੇ ਹਨ ਪਰ ਪੰਜ ਦਹਾਕੇ ਪਹਿਲਾਂ ਪੰਜਾਬ ਦਾ ਇਹ ਹਾਲ ਨਹੀਂ ਸੀ, ਚੰਗੇ ਪੜ੍ਹਿਆਂ-ਲਿਖਿਆਂ ਨੂੰ ਸਰਕਾਰੀ ਨੌਕਰੀਆਂ ਮਿਲ ਜਾਂਦੀਆਂ ਸਨ| ਸਾਡੇ ਨਾਲ ਤਾਂ ਇਹ ਵਾਪਰਿਆ ਸੀ ਕਿ ਅਸੀਂ ਭਲੀ ਚੰਗੀ ਮਿਲੀ ਸਰਕਾਰੀ ਨੌਕਰੀ ਹੱਥੋਂ ਗੁਆ ਲਈ ਸੀ|
ਗੱਲ 1962 ਦੀ ਹੈ। ਮੈਂ ਅਤੇ ਮੇਰਾ ਮਿੱਤਰ, ਖਰੜ ਦਾ ਅਮਰਜੀਤ, ਚੰਡੀਗੜ੍ਹ ਡੀਏਵੀ ਕਾਲਜ ਪੜ੍ਹਦੇ ਸਾਂ| ਅਸੀਂ ਸਾਰੇ ਹੀ ਮਿੱਤਰ ਬੜੇ ਬੇਪਰਵਾਹ, ਮਸਤ-ਮੌਲੇ ਪਰ ਅਗਾਂਹਵਧੂ ਵਿਚਾਰਾਂ ਦੇ ਮਾਲਕ ਸਾਂ| ਬੁੜੈਲ ਦਾ ਕਾਮਰੇਡ ਰਣਧੀਰ ਬਾਈ, ਕਸ਼ਮੀਰਾ ਵੀ ਸਾਡੇ ਜੋਟੀਦਾਰ ਸਨ| ਅਮਰਜੀਤ ਚੰਗੀ ਸਿਹਤ ਦਾ ਮਾਲਕ ਸੀ ਤੇ ਵਧੀਆ ਅਥਲੀਟ ਸੀ| ਅਸੀਂ ਹਰ ਰੋਜ਼ ਕਾਲਜ ਟਾਈਮ ਤੋਂ ਬਾਅਦ ਇਕੱਠੇ ਹੁੰਦੇ ਤੇ ਚੰਡੀਗੜ੍ਹ ਦੇ 22 ਸੈਕਟਰ ਵਿਚ ਗੇੜੀ ਲਾਉਂਦੇ, ਸ਼ਾਮੀਂ 22, 23 ਸੈਕਟਰ ਦੇ ਮੋੜ ਤੋਂ ਸਿੰਡੀਕੇਟ ਕੰਪਨੀ ਦੀ ਬੱਸ ਫੜ ਕੇ ਖਰੜ ਆ ਜਾਂਦੇ| ਰਣਧੀਰ ਤੇ ਕਸ਼ਮੀਰਾ ਆਪਣੇ ਪਿੰਡ ਬੁੜੈਲ ਚਲੇ ਜਾਂਦੇ| ਬੀਏ ਪਾਸ ਕਰ ਕੇ ਮੈਂ ਤੇ ਅਮਰਜੀਤ ਨੇ ਕਿਸੇ ਦੇ ਕਹਿਣ ਤੇ ਚੰਡੀਗੜ੍ਹ ਐਂਪਲਾਇਮੈਂਟ ਐਕਸਚੇਂਜ ਵਿਚ ਨਾਂ ਦਰਜ ਕਰਵਾ ਦਿੱਤੇ|
ਕੁਝ ਹੀ ਦਿਨਾਂ ਬਾਅਦ ਸਾਨੂੰ ਰੁਜ਼ਗਾਰ ਦਫ਼ਤਰੋਂ ਇੰਟਰਵਿਊ ਦੀ ਚਿੱਠੀ ਆ ਗਈ| ਇਹ ਨੌਕਰੀ ਪੰਜਾਬ ਦੇ ਸਿਹਤ ਮਹਿਕਮੇ ਲਈ ਸੀ, ਕੇਵਲ ਦੋ ਹੀ ਉਮੀਦਵਾਰ ਚੁਣਨੇ ਸਨ। ਸ਼ਰਤ ਇਹ ਸੀ ਕਿ ਉਮੀਦਵਾਰ ਕੋਲ ਬੀਏ ਵਿਚ ਅਰਥ ਸ਼ਾਸਤਰ ਦਾ ਵਿਸ਼ਾ ਹੋਵੇ ਤੇ ਮੈਰਿਟ ਚੰਗੀ ਹੋਵੇ| ਇੰਟਰਵਿਊ ਲਈ ਕੁਲ 10 ਜਾਂ 12 ਉਮੀਦਵਾਰ ਆਏ| ਅਸੀਂ ਦੋਵੇਂ ਹੀ ਚੁਣ ਲਏ ਗਏ, ਸਾਡੇ ਪਾਸ ਅਰਥ ਸ਼ਾਸਤਰ ਦਾ ਵਿਸ਼ਾ ਸੀ ਤੇ ਮੈਰਿਟ ਵੀ ਵਾਹਵਾ ਚੰਗੀ ਸੀ। ਅਸੀਂ ਬਹੁਤ ਖੁਸ਼ ਹੋਏ| ਕੁਝ ਹੀ ਦਿਨਾਂ ਮਗਰੋਂ ਦਫਤਰੋਂ ਸਾਨੂੰ ਨੌਕਰੀ ਤੇ ਹਾਜ਼ਰ ਹੋਣ ਦੀ ਕਾਲ ਆ ਗਈ। ਮਿੱਥੇ ਦਿਨ ਅਸੀਂ ਖਰੜ ਬੱਸ ਅੱਡੇ ਤੇ ਪੁੱਜ ਗਏ| ਪਹਿਲੇ ਹੀ ਦਿਨ ਅਸੀਂ ਲੇਟ ਹੋ ਰਹੇ ਸਾਂ, ਬੱਸ ਨਾ ਮਿਲੀ। ਅਸੀਂ ਫਿਰ ਕਿਰਾਏ ਦੀ ਕਾਰ ਕਰ ਕੇ ਚੰਡੀਗੜ੍ਹ ਦਫ਼ਤਰ ਪੁੱਜੇ| ਦਫ਼ਤਰ ਸੁਪਰਡੈਂਟ ਨੇ ਸਾਨੂੰ ਕੰਮ ਸਮਝਾ ਦਿੱਤਾ ਤੇ ਇੱਕ ਇੱਕ ਵੱਡਾ ਰਜਿਸਟਰ ਦੇ ਦਿੱਤਾ ਜਿਸ ਵਿਚ ਅਸੀਂ ਖਾਨੇ ਬਣਾ ਕੇ ਗੁਰਦਾਸਪੁਰ ਜ਼ਿਲ੍ਹੇ ਵਿਚ ਵੱਖ ਵੱਖ ਬਿਮਾਰੀਆਂ ਨਾਲ ਮਰਨ ਵਾਲੇ ਵਿਅਕਤੀਆਂ ਦੇ ਵੇਰਵੇ ਤੇ ਗਿਣਤੀ ਲਿਖਣੀ ਸੀ ਕਿ ਕਿਹੜੀ ਬਿਮਾਰੀ ਨਾਲ ਕਿੰਨੇ ਮਰੇ ਤੇ ਕਿਹੜੀ ਨਾਲ ਕਿੰਨੇ ਮਰੇ| ਪਹਿਲੇ ਹੀ ਦਿਨ ਕੰਮ ਬੜਾ ਬੇਸੁਆਦਾ ਤੇ ਅਕਾਊ ਕਿਸਮ ਦਾ ਲੱਗਿਆ| ਅਸੀਂ ਮੌਜ-ਮਸਤੀ ਵਾਲੀ ਤਬੀਅਤ ਵਾਲੇ ਸੀ, ਉਸ ਉਮਰ ਵਿਚ ਭਵਿੱਖ ਲਈ ਗੰਭੀਰਤਾ ਦੀ ਵੀ ਘਾਟ ਸੀ| ਸਾਨੂੰ ਜਾਪਿਆ, ਪਹਿਲੇ ਹੀ ਦਿਨ ਸਾਡੇ ਪੱਲੇ ਮਰਿਆਂ-ਗਲਿਆਂ ਦਾ ਹਿਸਾਬ ਪਾ ਦਿੱਤਾ|
ਅਮਰਜੀਤ ਸਾਹਮਣੇ ਵਾਲੀ ਮੇਜ਼ ਤੇ ਬੈਠਾ ਸੀ, ਉਹ ਵੀ ਉਪਰਾਮ ਜਿਹਾ ਸੀ, ਵਾਰ ਵਾਰ ਮੇਰੇ ਵੱਲੇ ਦੇਖੀ ਜਾਵੇ| ਮੈਂ ਉੱਠ ਕੇ ਪਿਸ਼ਾਬ ਬਹਾਨੇ ਵਾਸ਼ਰੂਮ ਆ ਗਿਆ, ਉਹ ਵੀ ਮੇਰੇ ਮਗਰੇ ਹੀ ਆ ਗਿਆ| ਮੈਂ ਪੁੱਛਿਆ- ਕਿਵੇਂ? ਕਹਿੰਦਾ- ਯਾਰ, ਇਹ ਮਰਿਆਂ ਦਾ ਹਿਸਾਬ ਆਪਣੇ ਵਸ ਦਾ ਨਹੀਂ| ਮੈਂ ਪੁੱਛਿਆ- ਫਿਰ? ਕਹਿੰਦਾ- ਚੱਲੋ ਬਾਹਰ। ਤੇ ਅਸੀਂ ਬਾਹਰ ਆ ਗਏ, ਕੰਟੀਨ ਤੋਂ ਇੱਕ ਇੱਕ ਗਲਾਸ ਲੱਸੀ ਦਾ ਪੀਤਾ| ਮੈਂ ਪੁੱਛਿਆ- ਹੁਣ ਕਿੱਥੇ ਚੱਲੀਏ? ਕਹਿੰਦਾ- 7 ਸੈਕਟਰ ਚੱਲਦੇ ਹਾਂ, ਉੱਥੇ ਅਥਲੈਟਿਕ ਮੀਟ ਹੋ ਰਹੀ ਹੈ| ਉੱਥੋਂ ਲੋਕਲ ਬੱਸ ਫੜ ਕੇ ਅਸੀਂ ਸੈਕਟਰ 7 ਜਾ ਪੁੱਜੇ ਤੇ ਖੇਡਾਂ ਦੇਖ ਕੇ ਆਪੋ-ਆਪਣੇ ਘਰ ਮੁੜ ਗਏ ਅਤੇ ਮੁੜ ਕੇ ਨੌਕਰੀ ਵਾਲੇ ਦਫ਼ਤਰ ਨਹੀਂ ਗਏ|
ਅੱਜ ਮੈਂ ਸੋਚਦਾ ਹਾਂ ਕਿ ਜਿਸ ਸਰਕਾਰੀ ਨੌਕਰੀ ਲਈ ਪੱਕੇ ਹੋਣ ਲਈ ਨੌਜੁਆਨ ਅੱਜ ਧਰਨੇ ਲਾਉਂਦੇ ਹਨ, ਭੁੱਖ ਹੜਤਾਲਾਂ ਕਰਦੇ ਹਨ, ਪਾਣੀ ਦੀਆਂ ਟੈਂਕੀਆਂ ਤੇ ਚੜ੍ਹਦੇ ਹਨ ਤੇ ਪੁਲੀਸ ਦੀਆਂ ਡਾਂਗਾਂ ਖਾਂਦੇ ਹਨ, ਉਸ ਨੌਕਰੀ ਨੂੰ ਅਸੀਂ ਕਿਵੇਂ ਠੁਕਰਾਇਆ? ਇਹ ਵੱਖਰੀ ਗੱਲ ਹੈ ਕਿ ਬਾਅਦ ਦੀ ਜ਼ਿੰਦਗੀ ਵਿਚ ਸਾਨੂੰ ਆਪਣੇ ਜੀਵਨ ਲੀਹ ਤੇ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਣੇ ਪਏ| ਅਮਰਜੀਤ ਪੰਜਾਬ ਯੂਨੀਵਰਸਿਟੀ ਤੋਂ ਫਿਜ਼ੀਕਲ ਐਜੂਕੇਸ਼ਨ ਦੀ ਐੱਮਏ ਕਰ ਕੇ ਕੈਨੇਡਾ ਚਲਾ ਗਿਆ ਤੇ ਅੱਜਕੱਲ੍ਹ ਵਿਨੀਪੈੱਗ ਰਹਿ ਰਿਹਾ ਹੈ| ਮੈਂ ਪੰਜਾਬ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੀ ਐੱਮਏ ਕਰਦਾ ਵਿਚੇ ਛੱਡ ਕੇ ਆਰਮੀ ਵਿਚ ਕਮਿਸ਼ਨ ਲਈ ਸਲੈਕਟ ਹੋ ਕੇ ਟਰੇਨਿੰਗ ਲਈ ਓਟੀਐੱਸ (ਆਫੀਸਰਜ਼ ਟਰੇਨਿੰਗ ਸਕੂਲ) ਮਦਰਾਸ (ਅੱਜਕੱਲ੍ਹ ਚੇਨਈ) ਚਲਾ ਗਿਆ| ਉਂਜ, ਮੇਰੇ ਜੀਵਨ ਵਿਚ ਇੱਕ ਹੋਰ ਅਣਹੋਣੀ ਹੋਈ| ਜਦੋਂ ਸਾਡੀ ਟਰੇਨਿੰਗ ਲਗਭਗ ਖਤਮ ਹੋਣ ਵਾਲੀ ਸੀ, ਪਾਸਿੰਗ ਆਊਟ ਪਰੇਡ ਦੀ ਰਿਹਰਸਲ ਹੋ ਰਹੀ ਸੀ ਤੇ ਕੇਵਲ 22 ਦਿਨ ਹੀ ਰਹਿੰਦੇ ਸਨ ਜਦੋਂ ਸਾਡੇ ਮੋਢਿਆਂ ਤੇ ਸੈਕਿੰਡ ਲੈਫਟੀਨੈਂਟ ਦੇ ਸਟਾਰ ਲੱਗਣੇ ਸਨ, ਮੈਨੂੰ ਆਰਮੀ ਹੈੱਡਕੁਆਰਟਰ ਤੋਂ ਚਾਣਚੱਕ ਮਿਲੇ ਸਿਗਨਲ ਦੇ ਆਧਾਰ ਤੇ, ਬਿਨਾ ਕੋਈ ਕਾਰਨ ਦੱਸੇ ਫੌਰੀ ਸਕੂਲ ਵੱਲੋਂ ਘਰ ਭੇਜ ਦਿੱਤਾ ਗਿਆ|
ਗੱਲ ਇਸ ਤਰ੍ਹਾਂ ਸੀ ਕਿ ਮੇਰੇ ਪਿਤਾ ਜੀ ਆਪਣੇ ਇਲਾਕੇ ਦੇ ਸੀਪੀਐੱਮ ਦੇ ਸਿਰਕੱਢ ਆਗੂ ਸਨ| 1962 ਦੀ ਭਾਰਤ-ਚੀਨ ਲੜਾਈ ਵੇਲੇ ਇਸ ਪਾਰਟੀ ਦੇ ਸਾਰੇ ਹੀ ਵੱਡੇ ਨੇਤਾ ਭਾਰਤ ਦੀ ਸਰਕਾਰ ਨੇ ਚੀਨ-ਪੱਖੀ ਗਰਦਾਨ ਕੇ ਜੇਲ੍ਹੀਂ ਡੱਕ ਦਿੱਤੇ ਸਨ| ਮੇਰੇ ਪਿਤਾ ਜੀ ਵੀ ਉਸ ਵੇਲੇ ਤਿਹਾੜ ਜੇਲ੍ਹ ਦਿੱਲੀ ਬੰਦ ਸਨ| ਸ਼ਾਇਦ ਉਨ੍ਹਾਂ ਦੇ ਸਿਆਸੀ ਵਿਚਾਰਾਂ ਕਰ ਕੇ ਮੈਨੂੰ ਵੀ ਇਹ ਸਜ਼ਾ ਭੁਗਤਣੀ ਪਈ!
ਸੰਪਰਕ: 99151-29064