ਸਵਰਾਜਬੀਰ
ਭਾਰਤ ਦਾ ਮੱਧਕਾਲੀਨ ਸਮਿਆਂ ਦਾ ਇਤਿਹਾਸ ਇਸ ਪੱਖ ਤੋਂ ਬਹੁਤ ਦਿਲਚਸਪ ਹੈ ਕਿ ਇਕ ਪਾਸੇ ਸਮਾਜ ਵਿਚ ਵਰਣ ਆਸ਼ਰਮ ਅਤੇ ਜਾਤ-ਪਾਤ ਦੀ ਪਕੜ ਬਹੁਤ ਮਜ਼ਬੂਤ ਹੋ ਚੁੱਕੀ ਸੀ ਅਤੇ ਦੂਸਰੇ ਪਾਸੇ ਦੇਸ਼ ਵਿਚ ਕੁਝ ਅਜਿਹੇ ਮਹਾਨ ਚਿੰਤਕ ਪੈਦਾ ਹੋਏ ਜਿਨ੍ਹਾਂ ਨੇ ਵਰਣ ਆਸ਼ਰਮ ਅਤੇ ਜਾਤ-ਪਾਤ ਕਾਰਨ ਪਾਈਆਂ ਵੰਡੀਆਂ ਦਾ ਵਿਰੋਧ ਕੀਤਾ ਅਤੇ ਸਮਾਜਿਕ ਬਰਾਬਰੀ, ਏਕਤਾ ਤੇ ਸਾਂਝੀਵਾਲਤਾ ਦੇ ਹੱਕ ਵਿਚ ਆਵਾਜ਼ ਉਠਾਈ। ਇਨ੍ਹਾਂ ਮਹਾਨ ਚਿੰਤਕਾਂ ਵਿਚ ਸਿੱਖ ਗੁਰੂ, ਸੂਫ਼ੀ ਅਤੇ ਭਗਤੀ ਤੇ ਵੈਸ਼ਨਵ ਲਹਿਰਾਂ ਨਾਲ ਜੁੜੇ ਸੰਤ ਸ਼ਾਮਲ ਸਨ। ਸਿੱਖ ਗੁਰੂਆਂ ਦੀ ਅਗਵਾਈ ਵਿਚ ਸਿੱਖ ਧਰਮ ਸੰਗਠਿਤ ਧਰਮ ਬਣ ਗਿਆ ਪਰ ਇਹ ਭਾਵੀ ਭਗਤੀ ਲਹਿਰ ਦੇ ਹੋਰ ਸੰਤਾਂ ਦੇ ਹਿੱਸੇ ਨਹੀਂ ਆਈ।
ਭਗਤੀ ਲਹਿਰ ਵਿਚ ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ, ਸੰਤ ਤ੍ਰਿਲੋਚਨ, ਸੰਤ ਸੈਣ ਜੀ, ਸੰਤ ਪੀਪਾ ਜੀ, ਸੰਤ ਧੰਨਾ ਜੀ ਅਤੇ ਹੋਰ ਭਗਤਾਂ ਤੇ ਸੰਤਾਂ ਨੇ ਅਹਿਮ ਯੋਗਦਾਨ ਪਾਇਆ। ਇਹ ਸਮਾਜ ਦੇ ਨਵ-ਨਿਰਮਾਣ ਲਈ ਉੱਠੀ ਅਜਿਹੀ ਲਹਿਰ ਸੀ ਜਿਸ ਨੇ ਇਕ ਈਸ਼ਵਰਵਾਦ ਅਤੇ ਨਿਰਗੁਣ ਪਰਮਾਤਮਾ ਵਿਚ ਵਿਸ਼ਵਾਸ ਦੇ ਨਾਲ ਨਾਲ ਕਰਮਕਾਂਡ ਅਤੇ ਜਾਤ-ਪਾਤ ਕਾਰਨ ਹੋਈ ਸਮਾਜਿਕ ਵੰਡ, ਮੂਰਤੀ ਪੂਜਾ ਅਤੇ ਹੋਰ ਕੁਰੀਤੀਆਂ ਦਾ ਵਿਰੋਧ ਕੀਤਾ। ਇਨ੍ਹਾਂ ਭਗਤਾਂ ਅਤੇ ਸੰਤਾਂ ਦੀ ਬਾਣੀ ਦਾ ਵਿਚਾਰਧਾਰਕ ਆਧਾਰ ਸਮੁੱਚੀ ਮਾਨਵਤਾ ਨੂੰ ਕਲਾਵੇ ਵਿਚ ਲੈਣ ਵਾਲਾ ਸੀ। ਉਨ੍ਹਾਂ ਦੀ ਬਾਣੀ ਵਿਚ ਨਫ਼ਰਤ ਅਤੇ ਬੇਇਨਸਾਫ਼ੀ ਵਿਰੁੱਧ ਲੜਾਈ ਨੂੰ ਆਵਾਜ਼ ਮਿਲੀ। ਉਨ੍ਹਾਂ ਦੀ ਵਿਸ਼ਵ-ਦ੍ਰਿਸ਼ਟੀ ਬ੍ਰਾਹਮਣੀ ਸੰਕਲਪਾਂ ਤੋਂ ਆਜ਼ਾਦ ਸੀ ਅਤੇ ਇਹ ਸੰਤ ਤੇ ਭਗਤ ਸੰਸਾਰ ਨੂੰ ਨਵੀਂ ਚੇਤਨਾ ਅਤੇ ਨਵੇਂ ਦ੍ਰਿਸ਼ਟੀਕੋਣਾਂ ਤਹਿਤ ਦੇਖ ਰਹੇ ਸਨ।
ਭਗਤ ਰਵਿਦਾਸ ਆਪਣੇ ਇਕ ਸ਼ਬਦ ਵਿਚ ਕਹਿੰਦੇ ਹਨ, ‘‘ਮਾਟੀ ਕੋ ਪੁਤਰਾ ਕੈਸੇ ਨਚਤੁ ਹੈ।। ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ।। ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ।। ਮਾਇਆ ਗਈ ਤਬ ਰੋਵਨੁ ਲਗਤੁ ਹੈ।।’’ ਇਸ ਤਰ੍ਹਾਂ ਭਗਤ ਰਵਿਦਾਸ ਨੇ ਆਪਣੇ ਸਮੇਂ ਦੇ ਮਾਨਵ ਦੀ ਸਥਿਤੀ ਨੂੰ ਬਹੁਤ ਸਪੱਸ਼ਟਤਾ ਨਾਲ ਦੇਖਿਆ। ਇਨ੍ਹਾਂ ਸ਼ਬਦਾਂ ਵਿਚ ਨਾ ਤਾਂ ਕੋਈ ਪੰਡਤਾਈ ਹੈ ਅਤੇ ਨਾ ਹੀ ਬ੍ਰਾਹਮਣਵਾਦ ਦੁਆਰਾ ਫੈਲਾਈ ਗਈ ਕਰਮਕਾਂਡੀ ਵਿਦਵਤਾ। ਇਨ੍ਹਾਂ ਵਿਚ ਸਮਾਜ ਦਾ ਯਥਾਰਥ ਅਤੇ ਮਨੁੱਖ ਦੀ ਹੋਣੀ ਦਾ ਚਿਤਰਨ ਹੈ। ਭਗਤ ਰਵਿਦਾਸ ਕਹਿੰਦੇ ਹਨ, ‘‘ਦੇਖੋ, ਮਨੁੱਖ ਜੋ ਮਿੱਟੀ ਦਾ ਪੁਤਲਾ ਹੈ, ਕਿਸ ਤਰ੍ਹਾਂ ਦੇ ਨਾਚ ਨੱਚ ਰਿਹਾ ਹੈ; ਦੇਖਦਾ ਸੁਣਦਾ ਬੋਲਦਾ ਦੌੜਿਆ ਫਿਰਦਾ ਹੈ। ਜਦ ਕੁਝ ਮਿਲ ਜਾਂਦਾ ਹੈ ਤਾਂ ਅਭਿਮਾਨੀ ਹੋ ਜਾਂਦਾ ਹੈ। ਜਦ ਧਨ ਦੀ ਹਾਨੀ ਹੁੰਦੀ ਹੈ ਤਾਂ ਰੋਣ ਲੱਗਦਾ ਹੈ।’’ ਮਨੁੱਖ ਦੀ ਇਹ ਸਥਿਤੀ ਅੱਜ ਵੀ ਨਹੀਂ ਬਦਲੀ।
ਭਗਤ ਰਵਿਦਾਸ ਨੇ ਸਾਨੂੰ ਬੇਗਮਪੁਰੇ ਦਾ ਸੰਕਲਪ ਵੀ ਦਿੱਤਾ। ਉਨ੍ਹਾਂ ਨੇ ਕਿਹਾ, ‘‘ਬੇਗਮ ਪੁਰਾ ਸਹਰ ਕੋ ਨਾਉ।। ਦੂਖੁ ਅੰਦੋਹੁ ਨਹੀ ਤਿਹਿ ਠਾਉ।। ਨਾਂ ਤਸਵੀਸ ਖਿਰਾਜੁ ਨਾ ਮਾਲੁ।। ਖਉਫੁ ਨ ਖਤਾ ਨ ਤਰਸੁ ਜਵਾਲੁ।।’’ ਭਾਵ ਬੇਗਮਪੁਰਾ ਅਜਿਹਾ ਸ਼ਹਿਰ ਹੈ ਜਿੱਥੇ ਕੋਈ ਦੁੱਖ ਅਤੇ ਚਿੰਤਾ ਨਹੀਂ; ਉੱਥੇ ਨਾ ਕੋਈ ਸੰਸਾ ਹੈ, ਨਾ ਕੋਈ ਟੈਕਸ (ਖਿਰਾਜ); ਉੱਥੇ ਡਰ, ਗ਼ਲਤੀ, ਅਸਫ਼ਲਤਾ ਵੀ ਨਹੀਂ ਅਤੇ ਇਸੇ ਕਾਰਨ ਕਿਸੇ ਨੂੰ ਕਿਸੇ ’ਤੇ ਤਰਸ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ। ਉਨ੍ਹਾਂ ਹੀ ਸਮਿਆਂ ਵਿਚ ਯੂਰੋਪ ਵਿਚ ਵੀ ਬਹੁਤ ਸਾਰੇ ਸਮਾਜਵਾਦੀ ਚਿੰਤਕ ਅਜਿਹੇ ਸੰਕਲਪ ਪੇਸ਼ ਕਰ ਰਹੇ ਸਨ ਅਤੇ ਕਈਆਂ ਨੇ ਸਮਾਜਿਕ ਬਰਾਬਰੀ ’ਤੇ ਆਧਾਰਿਤ ਛੋਟੇ ਛੋਟੇ ਸਮਾਜ ਸੰਗਠਿਤ ਕਰਨ ਦੇ ਉਪਰਾਲੇ ਵੀ ਕੀਤੇ।
ਇਸ ਤਰ੍ਹਾਂ ਭਗਤੀ ਲਹਿਰ ਦੇ ਭਗਤਾਂ ਅਤੇ ਸੰਤਾਂ ਦੀ ਬਾਣੀ ਨੇ ਦਬੇ-ਕੁਚਲੇ ਲੋਕਾਂ ਦੇ ਸਮਾਜਿਕ ਜੀਵਨ ਨੂੰ ਨਵੀਂ ਊਰਜਾ ਦਿੱਤੀ। ਉਨ੍ਹਾਂ ਦਾ ਫ਼ਲਸਫ਼ਾ ਸਾਰੇ ਹਿੰਦੂ ਧਰਮ ਨੂੰ ਮੁੱਢੋਂ-ਸੁੱਢੋਂ ਤਬਦੀਲ ਕਰ ਕੇ ਸਮਾਜਿਕ ਬਰਾਬਰੀ ਦੇ ਆਧਾਰ ’ਤੇ ਇਸ ਨੂੰ ਪੁਨਰ-ਜੀਵਨ ਦੇਣ ਦੀ ਕੋਸ਼ਿਸ਼ ਸੀ। ਬ੍ਰਾਹਮਣਵਾਦ ਨੇ ਇਨ੍ਹਾਂ ਯਤਨਾਂ ਦਾ ਵੱਡਾ ਵਿਰੋਧ ਕੀਤਾ। ਇਹ ਵਿਰੋਧ ਬਸਤੀਵਾਦ ਦੇ ਆਉਣ ਦੇ ਸਮਿਆਂ ਤਕ ਵੀ ਜਾਰੀ ਰਿਹਾ ਅਤੇ ਅਜੋਕੇ ਸਮਿਆਂ ਵਿਚ ਵੀ ਮੌਜੂਦ ਹੈ। ਇਸ ਵਿਰੋਧ ਕਾਰਨ ਕੱਟੜਪੰਥੀਆਂ ਨੇ ਸਾਡੇ ਦੇਸ਼ ਦੇ ਮਹਾਨ ਵਿਚਾਰਕਾਂ ਨੂੰ ਉਨ੍ਹਾਂ ਦੀਆਂ ਜਾਤਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਹੱਦ ਤਕ ਸਫ਼ਲ ਵੀ ਹੋਏ। ਵਿਰੋਧਾਭਾਸ ਇਹ ਹੈ ਕਿ ਜਾਤ-ਪਾਤ ਦੇ ਸਾਡੇ ਅਵਚੇਤਨ ਵਿਚ ਡੂੰਘੀ ਤਰ੍ਹਾਂ ਨਾਲ ਗ੍ਰਸੇ ਹੋਣ ਕਾਰਨ ਅਸੀਂ ਵੀ ਇਨ੍ਹਾਂ ਬ੍ਰਾਹਮਣਵਾਦੀ ਰੁਚੀਆਂ ਨੂੰ ਸਵੀਕਾਰ ਕੀਤਾ ਅਤੇ ਆਪਣੇ ਮਹਾਨ ਚਿੰਤਕਾਂ ਨੂੰ ਉਨ੍ਹਾਂ ਦੀਆਂ ਜਾਤਾਂ ਨਾਲ ਸਬੰਧਿਤ ਕਰ ਕੇ ਦੇਖਿਆ।
ਇਸ ਰੁਝਾਨ ਦਾ ਵੱਡਾ ਨੁਕਸਾਨ ਆਜ਼ਾਦੀ ਦੇ ਸੰਘਰਸ਼ ਦੌਰਾਨ ਹੋਇਆ। ਬਸਤੀਵਾਦੀ ਵਿਚਾਰਧਾਰਾ ਇਹ ਸਿੱਧ ਕਰਨਾ ਚਾਹੁੰਦੀ ਸੀ ਕਿ ਅੰਗਰੇਜ਼ ਭਾਰਤ ਦੇ ਲੋਕਾਂ ਤੋਂ ਜ਼ਿਆਦਾ ਸੱਭਿਆ ਅਤੇ ਪੜ੍ਹੇ-ਲਿਖੇ ਹਨ; ਉਹ ਬਹੁਤ ਵਿਕਾਸ ਕਰ ਚੁੱਕੀ ਸੱਭਿਅਤਾ ਨਾਲ ਸਬੰਧ ਰੱਖਦੇ ਹਨ ਜਦੋਂਕਿ ਭਾਰਤ ਦੇ ਗ਼ੁਲਾਮ ਲੋਕ ਅਸੱਭਿਅਕ, ਪਿਛੜੇ ਹੋਏ ਅਤੇ ਖ਼ੁਦ ਰਾਜ ਕਰਨ ਦੇ ਨਾਕਾਬਲ ਹਨ। ਇਸ ਵਿਚਾਰਧਾਰਾ ਦੇ ਵਿਰੋਧ ਵਿਚ ਭਾਰਤ ਦੇ ਚਿੰਤਕਾਂ ਨੇ ਆਪਣੇ ਆਪ ਨੂੰ ਜ਼ਿਆਦਾ ਸੱਭਿਆ ਅਤੇ ਜ਼ਿਆਦਾ ਪੜ੍ਹੇ-ਲਿਖੇ ਸਿੱਧ ਕਰਨ ਲਈ ਪੁਰਾਤਨ ਜ਼ਮਾਨੇ ਦੀਆਂ ਵਿਚਾਰਧਾਰਾਵਾਂ ਦਾ ਸਹਾਰਾ ਲਿਆ ਜਿਨ੍ਹਾਂ ਵਿਚ ਵਰਣ ਆਸ਼ਰਮ ਅਤੇ ਜਾਤ-ਪਾਤ ਨੂੰ ਸਵੀਕਾਰਿਆ ਜਾ ਚੁੱਕਾ ਸੀ। ਚਾਹੀਦਾ ਤਾਂ ਇਹ ਸੀ ਕਿ ਆਜ਼ਾਦੀ ਦੇ ਸੰਘਰਸ਼ ਦੇ ਆਗੂ ਮੱਧਕਾਲੀਨ ਸਮਿਆਂ ਵਿਚ ਵਿਕਸਿਤ ਹੋਈ ਸਮਾਜਿਕ ਬਰਾਬਰੀ ਵਾਲੀ ਜੀਵੰਤ ਵਿਚਾਰਧਾਰਾ ਨੂੰ ਆਪਣੇ ਸੰਘਰਸ਼ ਦੀ ਚੂਲ ਬਣਾਉਂਦੇ। ਇਸ ਨਾਲ ਸੰਘਰਸ਼ ਦੀ ਨੁਹਾਰ ਅਤੇ ਤੇਵਰ ਵੱਖਰੇ ਹੋਣੇ ਸਨ ਅਤੇ ਸਮਾਜਿਕ ਬਰਾਬਰੀ ਦੀ ਵਿਚਾਰਧਾਰਾ ਆਜ਼ਾਦੀ ਸੰਘਰਸ਼ ਦੀ ਵਿਚਾਰਧਾਰਾ ਵਿਚ ਬਹੁਤ ਸਹਿਜ ਨਾਲ ਸਮੋਈ ਜਾਣੀ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਦੇਸ਼ ਨੂੰ ਆਪਣੀ ਪੁਰਾਤਨਤਾ ’ਤੇ ਗੌਰਵ ਕਰਨ ਦਾ ਹੱਕ ਹੁੰਦਾ ਹੈ ਪਰ ਜੀਵਨ ਸਿਰਫ਼ ਪੁਰਾਤਨਤਾ ਦੇ ਸਹਾਰੇ ਨਹੀਂ ਜੀਵਿਆ ਜਾ ਸਕਦਾ। ਸਿੱਖ ਗੁਰੂਆਂ, ਸੂਫ਼ੀਆਂ ਅਤੇ ਭਗਤੀ ਲਹਿਰ ਦੇ ਸੰਤਾਂ ਅਤੇ ਭਗਤਾਂ ਦੀ ਵਿਚਾਰਧਾਰਾ ਭਾਰਤ ਦੀ ਪੁਰਾਤਨ ਵਿਚਾਰਧਾਰਾ ਨਾਲੋਂ ਕਿਤੇ ਜ਼ਿਆਦਾ ਮਾਨਵੀ ਅਤੇ ਵਿਕਸਿਤ ਵਿਚਾਰਧਾਰਾ ਹੈ। ਸਮਾਜਿਕ ਬਰਾਬਰੀ ਅਤੇ ਸਮਾਨਤਾ ਦਾ ਭਵਿੱਖ ਸਿਰਜਣ ਲਈ ਇਸ ਵਿਚਾਰਧਾਰਾ ਦੇ ਡੂੰਘੇ ਅਰਥਾਂ ਅਤੇ ਸੱਭਿਆਚਾਰਕ ਅਮੀਰੀ ਨੂੰ ਅਪਣਾਉਣਾ ਜ਼ਰੂਰੀ ਹੈ। ਸਮੇਂ ਦੀ ਲੋੜ ਹੈ ਕਿ ਭਗਤ ਕਬੀਰ-ਰਵਿਦਾਸ-ਨਾਮਦੇਵ ਧਾਰਾ ਦੇ ਸੰਤਾਂ ਤੇ ਭਗਤਾਂ ਦੇ ਵਿਚਾਰਾਂ ਨੂੰ ਸਮੁੱਚੇ ਸਮਾਜ ਨੂੰ ਅਗਵਾਈ ਦੇਣ ਵਾਲੇ ਵਿਚਾਰਾਂ ਵਜੋਂ ਅਪਣਾਇਆ ਜਾਏ।
ਅੱਜ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਦੇ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ, ਭਗਤ ਰਵਿਦਾਸ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਨ। ਰਵਿਦਾਸ ਜੀ ਦਾ ਕਥਨ ਹੈ, ‘‘ਸੋ ਕਤ ਜਾਨੈ ਪੀਰ ਪਰਾਈ।। ਜਾ ਕੈ ਅੰਤਰਿ ਦਰਦੁ ਨ ਪਾਈ।।’’ ਭਾਵ ਜਿਸ ਦੇ ਮਨ ਵਿਚ ਕੋਈ ਦਰਦ ਨਹੀਂ, ਉਹ ਪਰਾਈ ਪੀੜ ਨੂੰ ਕਿਵੇਂ ਮਹਿਸੂਸ ਕਰ ਸਕਦਾ ਹੈ। ਇਹ ਕਥਨ ਕਿਸਾਨ ਅੰਦੋਲਨ ਦੇ ਸਮਕਾਲੀਨ ਦ੍ਰਿਸ਼ ਨੂੰ ਪਰਿਭਾਸ਼ਿਤ ਕਰਦਾ ਹੈ। ਕਈ ਮਹੀਨਿਆਂ ਤੋਂ ਕਿਸਾਨ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਹੋਏ ਦੁੱਖ-ਦੁਸ਼ਵਾਰੀਆਂ ਝੱਲ ਰਹੇ ਹਨ; 200 ਤੋਂ ਵੱਧ ਕਿਸਾਨ ਇਸ ਮੋਰਚੇ ਵਿਚ ਸ਼ਹੀਦ ਹੋਏ ਹਨ ਪਰ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਨਹੀਂ ਕੀਤਾ। ਭਗਤ ਰਵਿਦਾਸ ਦੀ ਬਾਣੀ ਮਨੁੱਖੀ ਦੁੱਖ-ਦਰਦ ਅਤੇ ਸਾਂਝੀਵਾਲਤਾ ਨੂੰ ਜ਼ਬਾਨ ਦੇਣ ਵਾਲੀ ਵਾਣੀ ਹੈ ਅਤੇ ਉਨ੍ਹਾਂ ਨੂੰ ਯਾਦ ਕਰਦਿਆਂ ਸਾਨੂੰ ਸਮਾਜਿਕ ਬਰਾਬਰੀ ਅਤੇ ਬੇਗਮਪੁਰੇ ਦੇ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣਾ ਚਾਹੀਦਾ ਹੈ।