ਸੁਪਿੰਦਰ ਸਿੰਘ ਰਾਣਾ
ਘਰ ਦਾ ਗੇਟ ਖੜਕਿਆ, ਬਾਹਰ ਦੇਖਿਆ ਤਾਂ ਬੇਪਛਾਣਿਆ ਜਿਹਾ ਚਿਹਰਾ ਦਿਖਾਈ ਦਿੱਤਾ। ਹੱਥ ’ਚ ਮਠਿਆਈ ਦਾ ਡੱਬਾ ਤੇ ਕਾਰਡ। “ਹਾਂ ਜੀ ਬਾਈ ਜੀ” ਕਹਿੰਦਿਆਂ ਉਸ ਬਾਰੇ ਜਾਣਨਾ ਚਾਹਿਆ। ਉਸ ਨੇ ਕਿਹਾ, “ਤੈਂ ਪਛਾਣਿਆ ਨਹੀਂ ਸ਼ਾਇਦ ਮੈਨੂੰ।” ਮੈਂ ਨਾਂਹ ਵਿਚ ਸਿਰ ਹਿਲਾਇਆ ਤਾਂ ਉਸ ਨੇ ਕਿਹਾ, “ਅੰਦਰ ਆਉਣ ਲਈ ਵੀ ਕਹੇਂਗਾ ਕਿ ਸਾਰਾ ਕੁਝ ਬਾਹਰ ਹੀ ਪੁੱਛ ਕੇ ਸਾਰ ਲਏਂਗਾ।” ਦਰਵਾਜ਼ਾ ਖੋਲ੍ਹ ਕੇ ਉਸ ਨੂੰ ਅੰਦਰ ਬੁਲਾ ਲਿਆ। ਉਹ ਬੈਠਕ ਵਿਚ ਸੋਫ਼ੇ ਤੇ ਬੈਠ ਗਿਆ ਅਤੇ ਸਾਮਾਨ ਮੇਜ਼ ਤੇ ਰੱਖ ਦਿੱਤਾ। ਕਹਿੰਦਾ, ਆਪਾਂ ਸਕੂਲੇ ਛੇ ਸਾਲ ਇਕੱਠੇ ਪੜ੍ਹੇ, ਹੁਣ ਤੂੰ ਭੁੱਲ ਵੀ ਗਿਆ? ਮੈਂ ਦਿਮਾਗ ਤੇ ਜ਼ੋਰ ਪਾਇਆ, ਫਿਰ ਮੇਰੇ ਮੂੰਹੋਂ ਨਿਕਲਿਆ, “ਸਿਕੰਦਰ!” ਉਸ ਆਖਿਆ, “ਠੀਕ ਪਛਾਣਿਆ ਤੈਂ।” ਮੈਂ ਉਸ ਨੂੰ ਜੱਫ਼ੀ ਵਿਚ ਲੈ ਲਿਆ। ਪਾਣੀ ਦਾ ਗਲਾਸ ਲਿਆਂਦਾ। ਪਾਣੀ ਪੀਣ ਮਗਰੋਂ ਉਹ ਆਖਣ ਲੱਗਿਆ, “ਮੇਰੇ ਮੁੰਡੇ ਦਾ ਵਿਆਹ ਹੈ। ਪਰਿਵਾਰ ਸਣੇ ਦਰਸ਼ਨ ਦੇਣੇ।”
ਹੋਰ ਮਿੱਤਰਾਂ ਬਾਰੇ ਗੱਲਾਂ ਕਰਦਿਆਂ ਮੈਂ ਪੁੱਛਿਆ, “ਹੁਣ ਤੂੰ ਕੀ ਕਰਦਾ ਏਂ?” ਉਸ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿਚ ਪ੍ਰਾਈਵੇਟ ਅਦਾਰੇ ਵਿਚ ਨੌਕਰੀ ਕਰ ਰਿਹਾ ਹੈ। ਚੰਗੀ ਤਨਖ਼ਾਹ ਹੈ, ਬੱਚੇ ਪੜ੍ਹ ਲਿਖ ਕੇ ਪੈਰਾਂ ਸਿਰ ਹੋ ਗਏ ਹਨ। ਮੈਂ ਉਤਸੁਕਤਾ ਵੱਸ ਪੁੱਛਿਆ, “ਇੰਨੇ ਸਾਲ ਬਾਅਦ ਘਰ ਕਿਵੇਂ ਲੱਭਿਆ?” ਉਹ ਹੱਸਿਆ, “ਮਿਲਣ ਦੀ ਤਾਂਘ ਹੋਵੇ ਤਾਂ ਸਭ ਕੁਝ ਲੱਭ ਜਾਂਦਾ।” ਮੈਂ ਹੈਰਾਨ ਸੀ ਤੇ ਉਸ ਨੂੰ ਕਿਹਾ ਵੀ ਕਿ ਸਕੂਲ ਮਗਰੋਂ ਉਸ ਦਾ ਕੁਝ ਪਤਾ ਹੀ ਨਹੀਂ ਲੱਗਿਆ। ਉਹ ਸੋਫ਼ੇ ਤੇ ਸਿੱਧਾ ਜਿਹਾ ਹੋਣ ਮਗਰੋਂ ਕਹਿਣ ਲੱਗਿਆ, “ਸਕੂਲ ਦਾ ਤਾਂ ਤੈਨੂੰ ਪਤਾ ਹੀ ਐ, ਘਰੋਂ ਪੈਸੇ ਚੋਰੀ ਕਰਨ ਦੀ ਆਦਤ ਪੈ ਗਈ। ਫਿਲਮਾਂ ਦੇਖਣੀਆਂ, ਯਾਰਾਂ ਨਾਲ ਹੋਟਲਾਂ ਵਿਚ ਜਾਣਾ।”
ਮੈਂ ਵਿਚੋਂ ਟੋਕਿਆ, “ਇੱਕ ਵਾਰੀ ਮੈਂ ਤੇਰੇ ਘਰ ਗਿਆ ਸੀ। ਤੇਰੀ ਮਾਤਾ ਜੀ ਨੂੰ ਮੈਂ ਕਿਹਾ ਕਿ ਸਿਕੰਦਰ ਅੱਜ ਸਕੂਲ ਨਹੀਂ ਗਿਆ, ਇਸ ਲਈ ਅਧਿਆਪਕ ਨੇ ਇਹ ਦਾਖ਼ਲਾ ਫਾਰਮ ਦਿੱਤਾ ਹੈ, ਇਸ ਨੂੰ ਭਰ ਕੇ ਕੱਲ੍ਹ ਨੂੰ ਜਮ੍ਹਾਂ ਕਰਾਉਣਾ ਹੈ। ਉਨ੍ਹਾਂ ਮੈਨੂੰ ਅੰਦਰ ਬਿਠਾ ਲਿਆ ਤੇ ਕਿਹਾ ਕਿ ਸਿਕੰਦਰ ਘਰੋਂ ਤਾਂ ਸਕੂਲ ਗਿਆ ਸੀ, ਕੀ ਗੱਲ ਪਹੁੰਚਿਆ ਕਿਉਂ ਨਹੀਂ? ਉਨ੍ਹਾਂ ਮੈਨੂੰ ਇਹ ਵੀ ਕਿਹਾ ਕਿ ਜਦੋਂ ਸਿਕੰਦਰ ਸਕੂਲ ਨਾ ਜਾਵੇ, ਮੈਨੂੰ ਦੱਸਣਾ ਹੈ ਪਰ ਇਸ ਬਾਰੇ ਉਸ ਨੂੰ ਇਲਮ ਨਾ ਹੋਵੇ। … ਮੈਂ ਤੇਰੇ ਘਰੋਂ ਵਾਪਸ ਆ ਗਿਆ, ਫਿਰ ਮੁੜ ਜਾਣ ਦੀ ਹਿੰਮਤ ਨਾ ਹੋਈ।” ਮੈਨੂੰ ਯਾਦ ਆਇਆ, ਸਿਕੰਦਰ ਦੀ ਮਾਤਾ ਕਈ ਵਾਰ ਸਕੂਲ ਵੀ ਆਏ। ਸਾਰਿਆਂ ਦੇ ਸਾਹਮਣੇ ਉਹਦੀ ਕਾਫ਼ੀ ਧੌੜੀ ਲਾਹੀ। ਕਈ ਵਾਰ ਤਾਂ ਉਨ੍ਹਾਂ ਦਾ ਉਸ ਨੂੰ ਕੁੱਟਦਿਆਂ ਰੋਣਾ ਵੀ ਨਿਕਲ ਜਾਂਦਾ। ਦਰਅਸਲ, ਉਹ ਉਸ ਦੀਆਂ ਮਾੜੀਆਂ ਆਦਤਾਂ ਤੋਂ ਪ੍ਰੇਸ਼ਾਨ ਸਨ। ਸਿਕੰਦਰ ਨੂੰ ਅਧਿਆਪਕਾਂ ਅਤੇ ਅਸੀਂ ਵੀ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਉੱਤੇ ਕਿਸੇ ਗੱਲ ਦਾ ਅਸਰ ਨਾ ਹੁੰਦਾ।
ਥੋੜ੍ਹੇ ਚਿਰ ਦੀ ਖ਼ਾਮੋਸ਼ੀ ਮਗਰੋਂ ਸਿਕੰਦਰ ਬੋਲਿਆ, “ਮੇਰੀ ਜ਼ਿੰਦਗੀ ਦਾ ਇਕ ਘਟਨਾ ਨਾਲ ਵੱਡਾ ਮੋੜ ਆਇਆ।” ਉਸ ਨੇ ਘਟਨਾ ਦੇ ਵੇਰਵੇ ਸੁਣਾਏ: ਉਹ ਅਤੇ ਉਸ ਦੀ ਮਾਂ ਬੱਸ ਵਿਚ ਨਾਨਕੇ ਜਾ ਰਹੇ ਸਨ। ਕੰਡਕਟਰ ਕੋਲ ਆਇਆ ਤਾਂ ਮਾਂ ਨੇ ਪੈਸੇ ਕੱਢਣ ਲਈ ਪਰਸ ਖੋਲ੍ਹਿਆ, ਪਰਸ ਵਿਚ ਪੈਸੇ ਨਹੀਂ ਸਨ। ਉਸ ਨੇ ਦੋ ਤਿੰਨ ਵਾਰੀ ਪਰਸ ਨੂੰ ਫਰੋਲਿਆ ਪਰ ਪਰਸ ਵਿਚ ਪੈਸੇ ਕਿੱਥੋਂ ਹੋਣੇ ਸਨ, ਉਹ ਤਾਂ ਸਿਕੰਦਰ ਕੱਢ ਕੇ ਆਪਣੇ ਦੋਸਤਾਂ ਨਾਲ ਫਿਲਮ ਦੇਖ ਆਇਆ ਸੀ, ਸਾਰਿਆਂ ਨੂੰ ਖਾਣਾ ਵੀ ਖੁਆਇਆ ਸੀ। ਮਾਂ ਰੋਣ ਹਾਕੀ ਹੋ ਗਈ। ਸਾਰੀਆਂ ਸਵਾਰੀਆਂ ਉਨ੍ਹਾਂ ਵੱਲ ਦੇਖ ਰਹੀਆਂ ਸਨ। ਕੰਡਕਟਰ ਆਖਣ ਲੱਗਿਆ- ‘ਤੁਹਾਡੇ ਵਰਗਿਆਂ ਨੂੰ ਮੈਂ ਨਿੱਤ ਚਾਰਦਾਂ। ਪੈਸੇ ਨਹੀਂ ਹਨ ਤਾਂ ਚੱਲੋ ਉਤਰੋ’। … ਮਾਂ ਨੇ ਬਥੇਰਾ ਕਿਹਾ ਕਿ ਗ਼ਲਤੀ ਨਾਲ ਪੈਸੇ ਘਰ ਰਹਿ ਗਏ ਪਰ ਕੰਡਕਟਰ ਨੇ ਸੀਟੀ ਮਾਰ ਕੇ ਬੱਸ ਰੋਕ ਲਈ, ਤੇ ਉਨ੍ਹਾਂ ਨੂੰ ਉਤਰਨ ਲਈ ਕਿਹਾ। ਇੰਨੇ ਨੂੰ ਕੋਈ ਬਜ਼ੁਰਗ ਆਖਣ ਲੱਗਾ, ‘ਭਾਈ ਗਲਤੀ ਲੱਗ ਗਈ ਹੋਣੀ ਆ, ਤੂੰ ਆਏਂ ਕਰ, ਟਿਕਟ ਦੇ ਪੈਸੇ ਮੈਥੋਂ ਲੈ ਲੈ’। ਬੱਸ ਹੁਣ ਚਲ ਪਈ ਸੀ। ਬਜ਼ੁਰਗ ਨੇ ਟਿਕਟ ਦੇ ਪੈਸੇ ਦੇ ਦਿੱਤੇ ਅਤੇ ਕੰਡਕਟਰ ਨੇ ਬੁੜ ਬੁੜ ਕਰਦੇ ਨੇ ਸਾਨੂੰ ਟਿਕਟਾਂ ਫੜਾ ਦਿੱਤੀਆਂ।”
ਇਸ ਦੇ ਨਾਲ ਹੀ ਸਿਕੰਦਰ ਦੇ ਚਿਹਰੇ ਉੱਤੇ ਉਦਾਸੀ ਉੱਤਰ ਆਈ ਸੀ। ਉਹ ਬੋਲੀ ਗਿਆ, “ਅਸੀਂ ਨਾਨਕੇ ਪਹੁੰਚੇ। ਮਾਂ ਨੇ ਆਉਣ ਲੱਗੇ ਮਾਮੀ ਨੂੰ ਕਿਹਾ ਕਿ ਉਹ ਪੈਸੇ ਘਰ ਭੁੱਲ ਆਏ ਹਨ, ਇਸ ਲਈ ਜਾਣ ਲਈ ਥੋੜ੍ਹੇ ਪੈਸੇ ਦੇ ਦੇਵੇ। ਘਰ ਆ ਕੇ ਮਾਂ ਕਈ ਦਿਨ ਚੁੱਪ ਰਹੀ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ। ਐਤਕੀਂ ਮਾਂ ਨੇ ਕੁੱਟਿਆ ਨਹੀਂ ਸੀ ਸਗੋਂ ਘਰ ਵਿਚ ਬੋਲਣਾ ਘੱਟ ਕਰ ਦਿੱਤਾ ਸੀ। ਗੁਆਂਢੀਆਂ ਨਾਲ ਵੀ ਘੱਟ ਮਿਲਣ ਲੱਗ ਪਈ। ਸਮਾਂ ਬੀਤਦਾ ਗਿਆ। ਮੈਂ ਪੜ੍ਹਾਈ ਵਿਚ ਧਿਆਨ ਦੇਣ ਲੱਗ ਪਿਆ। ਗਰੈਜੂਏਸ਼ਨ ਕਰ ਕੇ ਨੌਕਰੀ ਮਿਲ ਗਈ ਤੇ ਫਿਰ ਵਿਆਹ ਹੋ ਗਿਆ। ਬੱਚੇ ਹੋ ਗਏ। ਮਾਂ ਨੂੰ ਬਥੇਰਾ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ। ਘਰਵਾਲੀ ਨੂੰ ਆਪਣੇ ਅਤੀਤ ਬਾਰੇ ਦੱਸਿਆ। ਦੋਵਾਂ ਬੱਚਿਆਂ ਨੂੰ ਮਾਂ ਤੋਂ ਗੁੜਤੀ ਦਿਵਾਈ। ਥੋੜ੍ਹੀ ਦੇਰ ਬਾਅਦ ਹੀ ਮਾਂ ਗੁਜ਼ਰ ਗਈ।
ਹੁਣ ਉਹਦਾ ਦਰਦ ਉਛਾਲੇ ਮਾਰਨ ਲੱਗਾ, “ਕਈ ਵਾਰ ਰਾਤ ਨੂੰ ਸੌਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮਾਂ ਯਾਦ ਆ ਜਾਂਦੀ। ਮਾਂ ਦਾ ਮਨ ਦੁਖਾਉਣ ਦਾ ਝੋਰਾ ਬਹੁਤ ਸਤਾਉਂਦਾ। ਕਈ ਵਾਰ ਰਾਤ ਨੂੰ ਉੱਠ ਕੇ ਆਪਣੇ ਆਪ ਨੂੰ ਕੋਸਦਾ ਰਹਿੰਦਾ ਹਾਂ।” ਉਸ ਦੀਆਂ ਅੱਖਾਂ ਨਮ ਸਨ।
ਵਿਆਹ ਵੇਲੇ ਕੁੜੀ ਵਾਲਿਆਂ ਨੇ ਸਾਡੇ ਇੱਕ ਦੋਸਤ ਨੂੁੰ ਦੱਸਿਆ ਕਿ ਵਿਆਹ ਦਾ ਸਾਰਾ ਖਰਚਾ ਸਿਕੰਦਰ ਨੇ ਕੀਤਾ ਹੈ। ਕੁੜੀ ਵਾਲੇ ਸਾਡੇ ਘਰ ਕੋਲ ਹੀ ਰਹਿੰਦੇ ਸਨ। ਡੇਢ ਸਾਲ ਬਾਅਦ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਨੂੁੰ ਤੁਹਾਡੇ ਦੋਸਤ ਨੇ ਨੂੰਹ ਨਹੀਂ, ਧੀ ਬਣਾ ਕੇ ਰੱਖਿਆ ਹੈ। … ਮੈਨੂੰ ਇੱਕ ਪਾਸੇ ਦੁਨੀਆ ਜਿੱਤਣ ਦਾ ਖ਼ੁਆਬ ਦੇਖਣ ਵਾਲਾ ਸਿਕੰਦਰ ਖਾਲੀ ਹੱਥ ਵਾਪਸ ਜਾਂਦਾ ਦਿਖਾਈ ਦੇ ਰਿਹਾ ਸੀ, ਤੇ ਕਿਤੇ ਮਾਂ ਦੇ ਝੋਰੇ ਲਈ ਵਿਲਕਦਾ ਆਪਣਾ ਦੋਸਤ ਸਿਕੰਦਰ ਦਿਸ ਰਿਹਾ ਸੀ। ਜਿਸ ਸਿਕੰਦਰ ਨੂੰ ਬਚਪਨ ਵੇਲੇ ਕੋਈ ਚੰਗਾ ਨਹੀਂ ਸਮਝਦਾ ਸੀ, ਅੱਜ ਉਸ ਦੀ ਦੋਸਤੀ ’ਤੇ ਮਾਣ ਮਹਿਸੂਸ ਹੋ ਰਿਹਾ ਸੀ।
ਸੰਪਰਕ: 98152-33232