ਰਾਜਵਿੰਦਰ ਰੌਂਤਾ
ਸਾਡਾ ਅੰਦਰਲਾ ਘਰ ਅਤੇ ਬਾਹਰਲਾ ਘਰ ਆਹਮੋ-ਸਾਹਮਣੇ ਹੀ ਸਨ। ਅੰਦਰਲੇ ਘਰ ਵਿਚ ਮੂਹਰੇ ਕੱਚਾ ਦਰਵਾਜ਼ਾ, ਫਿਰ ਕੱਚਾ ਵਿਹੜਾ, ਸੱਜੇ ਹੱਥ ਇੱਕ ਖਣ ਦੀ ਰਸੋਈ ਜਿਸ ਵਿਚ ਮਾਲਵੇ ਅਤੇ ਅਗਵਾੜ ਦੇ ਹੋਰ ਘਰਾਂ ਵਾਂਗ ਬੀਬੀ ਦੀ ਖੱਡੀ ਬਣਾਈ ਹੋਈ ਸੀ, ਦਰਵਾਜ਼ੇ ਦੇ ਖੂੰਜੇ ਵਿਚ ਗੁਸਲਖਾਨਾ। ਲੋੜ ਨਾ ਹੋਵੇ ਤਾਂ ਖੱਡੀ ਨੂੰ ਫੱਟਾ ਰੱਖ ਕੇ ਢੱਕ ਦਿੰਦੇ ਪਰ ਰਸੋਈ ਨੂੰ ਕੋਈ ਦਰਵਾਜ਼ਾ ਨਹੀਂ ਸੀ; ਬੱਸ, ਖੁੱਲ੍ਹਾ ਜਿਹਾ ਬੂਹਾ, ਮੀਂਹ ਦੀ ਸਾਰੀ ਵਾਛੜ ਅੰਦਰ ਹੀ ਆਉਂਦੀ।
ਪਾਪਾ ਜੀ ਬੇਸ਼ਕ ਸੀ ਤਾਂ ਸਰਕਾਰੀ ਅਧਿਆਪਕ, ਫਿਰ ਵੀ ਇਹੋ ਜਿਹੇ ਹਾਲਾਤ ਸਨ। ਬਹੁਤੇ ਲੋਕਾਂ ਦੇ ਆਮ ਜਿਹੇ ਘਰ ਹੀ ਹੁੰਦੇ ਸਨ। ਖਿਆਲ ਸੀ ਕਿ ਘਰ ਦਾ ਕੀ ਹੈ, ਜਾਇਦਾਦ ਬਣਾਓ ਪਰ ਇਕੱਲੇ ਬੰਦੇ ਦੀ ਕਮਾਈ ਨਾਲ ਪੇਟ ਚਟਾਈ ਹੀ ਹੁੰਦੀ। ਬੀਬੀ ਚਾਰ ਵਜੇ ਸਵੇਰੇ ਉੱਠ ਕੇ ਘਰ ਦਾ, ਪਸ਼ੂਆਂ ਦਾ ਸਾਰਾ ਕੰਮ ਧੰਦਾ ਨਬਿੇੜ ਕੇ ਖੱਡੀ ਤੇ ਖੇਸ, ਟੋਟੇ ਵੀ ਬੁਣਦੀ। ਸਾਨੂੰ ਵੀ ਰੋਟੀ ਚਾਹ ਵਕਤ ਸਿਰ ਮਿਲਦੀ। ਉਹ ਵਿਹਲ ਕੱਢ ਕੇ ਆਂਢ-ਗੁਆਂਢ ਦੀਆਂ ਬੁੜ੍ਹੀਆਂ ਦੇ ਸੂਟ-ਸਾਟ ਵੀ ਬਣਾ ਦਿੰਦੀ। ਸਾਡੇ ਘਰ ਵਿਚ ਰਸੋਈ ਨਾਲ ਮਗਰ ਮੂਹਰੇ ਦੋ ਕਮਰੇ ਸਨ। ਇਨ੍ਹਾਂ ਦੀਆਂ ਕੰਧਾਂ ਪੱਕੀਆਂ ਪਰ ਛੱਤਾਂ ਕੱਚੀਆਂ ਸਨ। ਇਨ੍ਹਾਂ ਵਿਚ ਚਿੜੀਆਂ ਦੇ ਆਲ੍ਹਣੇ ਵੀ ਹੁੰਦੇ ਸਨ। ਕਦੇ ਕਦੇ ਆਂਡੇ, ਛੋਟੇ ਬੱਚੇ ਵੀ ਡਿੱਗ ਪੈਣੇ। ਜੇ ਕੋਈ ਬਚ ਜਾਂਦਾ, ਅਸੀਂ ਚੁੱਕ ਕੇ ਆਲ੍ਹਣੇ ਵਿਚ ਰੱਖ ਦੇਣਾ। ਸਾਨੂੰ ਤਿੰਨ ਭੈਣ ਭਰਾ, ਮਾਂ ਪਿਓ ਤੇ ਬੇਬੇ ਨੂੰ ਤਿੰਨ ਕੁ ਮਰਲੇ ਦਾ ਮਕਾਨ ਕਦੇ ਛੋਟਾ ਨਹੀਂ ਸੀ ਲੱਗਿਆ। ਸਾਡੇ ਉਦੋਂ ਬਿਜਲੀ ਵੀ ਨਹੀਂ ਸੀ ਹੁੰਦੀ। ਲਾਲਟੈਣ, ਲੈਂਪ ਨਾਲ ਬਚਪਨ ਬੀਤਿਆ। ਪਿੰਡ ਵਿਚ ਬਿਜਲੀ ਆਉਣ ਤੇ ਅਸੀਂ ਵੀ ਬਾਹਰਲੇ ਘਰ ਮੀਟਰ ਲਵਾ ਲਿਆ।
ਅੰਦਰਲੇ ਘਰ ਦਾ ਕੱਚਾ ਵਿਹੜਾ ਅਤੇ ਮੂਹਰਲਾ ਕੱਚਾ ਦਰਵਾਜ਼ਾ ਗੋਹਾ ਮਿੱਟੀ, ਪੋਚਾ ਫੇਰ ਕੇ ਬੀਬੀ ਨੇ ਐਨ ਟੱਲੀ ਬਣਾਏ ਹੁੰਦੇ। ਬਾਹਰਲੇ ਘਰ ਵਿਚ ਪਹਿਲਾਂ ਪਾਪਾ ਜੀ ਦੀ ਬੈਠਕ ਹੁੰਦੀ ਜਿੱਥੇ ਕੋਈ ਆਇਆ ਗਿਆ ਰਹਿ ਪੈਂਦਾ। ਪਸ਼ੂਆਂ ਲਈ ਦੋ ਕਮਰੇ ਹੁੰਦੇ ਸਨ। ਭੈਣ ਦੇ ਵਿਆਹ ਪਿੱਛੋਂ ਅਸੀ ਉੱਥੇ ਰਿਹਾਇਸ਼ ਕਰ ਲਈ ਪਰ ਉਹ ਅੰਦਰਲਾ ਘਰ ਹੀ ਰਿਹਾ, ਦੂਜਾ ਘਰ ਨਾ ਬਣ ਸਕਿਆ। ਜਿਵੇਂ ਸਚਮੁੱਚ ਹੀ ਅੰਦਰਲਾ ਘਰ ਹੋਵੇ, ਧੁਰ ਅੰਦਰ ਵਸਦਾ। ਮਨ ਅੰਦਰ ਧੜਕਦਾ। ਮੇਰਾ ਅਜੇ ਵੀ ਪੁਰਾਣੇ ਘਰ ਨਾਲ ਮੋਹ ਨਹੀਂ ਘਟਿਆ। ਮਕਾਨ ਭਾਵੇਂ ਸਮੇਂ ਨਾਲ ਸੰਭਾਲ ਖੁਣੋਂ ਕੁਝ ਢਹਿ ਗਿਆ ਪਰ ਜਦੋਂ ਕਦੇ ਵੀ ਘਰ ਦੇ ਸੁਪਨੇ ਆਉਣੇ ਤਾਂ ਉਸੇ ਅੰਦਰਲੇ ਘਰ ਦੇ ਸੁਪਨੇ ਆਉਣੇ। ਫਿਰ ਬੇਬੇ ਦੇ, ਬੀਬੀ ਦੇ, ਭਰਾ ਦੇ ਤੇ ਹੋਰ ਵੀ ਸੁਪਨੇ ਆਉਣੇ, ਅੰਦਰਲੇ ਘਰ ਨਾਲ ਜੁੜੇ। ਮੈਂ ਸੋਚਦਾ, ਮਨਾ… ਇਹ ਘਰ, ਮਕਾਨ, ਪੈਲੀ ਦੀ ਵੀ ਬੰਦੇ ਨਾਲ ਕਿੰਨੀ ਸਾਂਝ ਹੁੰਦੀ ਹੈ। ਘਰ ਦੇ ਜੀਆਂ, ਪਸ਼ੂਆਂ, ਪੰਛੀਆਂ ਵਾਂਗ ਘਰ ਵੀ ਐਨਾ ਮੋਹ ਕਰਦਾ, ਮੋਹ ਲੈਂਦਾ ਵੀ ਤੇ ਸਾਡਾ ਹੇਰਵਾ ਵੀ ਕਰਦਾ।
… ਚੋਂਦੀਆਂ ਛੱਤਾਂ, ਬੀਬੀ ਨੂੰ ਵਰ੍ਹਦੇ ਮੀਂਹ ਵਿਚ ਥੋਬੇ ਫੜਾਉਣੇ, ਲੀਰਾਂ ਤੁੰਨਣੀਆਂ; ਵਾਛੜ ਦਾ ਪਾਣੀ ਭੈਣ ਨਾਲ ਰਲ ਕੇ ਕੌਲੀ, ਬਾਟੀ ਨਾਲ ਕੁੰਲਜਣਾ; ਜਿ਼ਆਦਾ ਮੀਂਹ ਨਾਲ ਦਰਵਾਜ਼ੇ ਵਿਚ ਪਾਣੀ ਖੜ੍ਹ ਜਾਣਾ; ਮੱਲੋ-ਮੱਲੀ ਖੱਡੀ ਵਿਚ ਵੜ ਕੇ ਬੁਣਨ ਲੱਗ ਜਾਣਾ; ਧਾਗੇ ਉਲਝਾ ਦੇਣੇ; ਪਣਖ ਹੇਠਾਂ ਡਿੱਗ ਪੈਣ ਪਰ ਬੀਬੀ ਨੇ ਕਦੇ ਹੱਥ ਨਹੀਂ ਲਾਇਆ। ਬੜੀਆਂ ਯਾਦਾਂ ਸੀ ਜੋ ਭਰੇ ਮਨ ਵਿਚੋਂ ਤਾਜ਼ਾ ਹੋ ਜਾਣੀਆਂ।
ਤਿੰਨ ਕੁ ਸਾਲ ਪਹਿਲਾਂ ਮੇਰੇ ਲੜਕੇ ਦਾ ਐਕਸੀਡੈਂਟ ਹੋ ਗਿਆ। ਗਰਦਨ ਦੇ ਮਣਕੇ ਟੁੱਟਣ ਕਰਕੇ ਸੁਖਮਣਾ ਨਾੜੀ ਵੀ ਪ੍ਰਭਾਵਤ ਹੋ ਗਈ, ਤੇ ਉਹ ਬੈੱਡ ’ਤੇ ਪੈ ਗਿਆ।… ਜਿ਼ੰਦਗੀ ਦਾ ਮਕਸਦ ਸਿਰਫ ਸਰਗਮ ਨੂੰ ਤੰਦਰੁਸਤ ਕਰਨਾ ਹੈ। ਵੱਡੀ ਸੱਟ ਕਾਰਨ ਮੇਰੇ ਮਿੱਤਰਾਂ, ਪਿਆਰਿਆਂ ਆਪ ਵੀ ਤੇ ਮਿੱਤਰਾਂ ਤੋਂ ਵੀ ਬਹੁਤ ਵਿੱਤੀ ਮਦਦ ਕਰਵਾਈ। ਉਨ੍ਹਾਂ ਦੇ ਹਮਦਰਦਾਂ ਨੇ ਬਿਨਾ ਜਾਣਦਿਆਂ ਵੀ ਮਦਦ ਕੀਤੀ ਪਰ ਪੈਸਾ ਤਾਂ ਤੂੜੀ ਵਾਲੇ ਕੁੱਪ ਵਾਂਗ ਜਿੰਨਾ ਮਰਜ਼ੀ ਹੋਵੇ, ਰੋਜ ਦੀ ਰੋਜ਼ ਕੱਢੀ ਜਾਉਗੇ, ਇੱਕ ਦਿਨ ਖਾਲੀ ਹੋ ਜਾਣਾ ਹੁੰਦਾ। ਪੁੱਤਰ ਦੀ ਸਾਂਭ ਸੰਭਾਲ ਕਾਰਨ ਮੇਰਾ ਕੰਮ ਕਾਰ ਵੀ ਠੱਪ ਹੋ ਗਿਆ। ਜਿਸ ਕਾਲਜ ਵਿਚ ਮੈਂ ਪੜ੍ਹਾਉਂਦਾ ਸੀ, ਉਹ ਪੈਰਾ-ਮੈਡੀਕਲ ਕੋਰਸ ਵੀ ਬੰਦ ਹੋ ਗਏ। ਨਾ ਮੈਥੋਂ ਪੈਸਾ ਬਣਾਇਆ ਗਿਆ, ਨਾ ਜਾਇਦਾਦ।
ਪਤਾ ਹੀ ਨਹੀਂ ਸੀ ਕਿ ਆਹ ਦਿਨ ਵੀ ਆਉਣਗੇ! ਪਾਪਾ ਜੀ ਦੀ ਪੈਨਸ਼ਨ ਨਾਲ ਕੀ ਬਣਦਾ? ਅਸੀ ਸੋਚਿਆ, ਅੰਦਰਲਾ ਘਰ ਵੇਚ ਦੇਈਏ। ਇਲਾਜ ਦਾ ਕੰਮ ਕੁਝ ਸੈੱਟ ਹੋ ਜਾਵੇਗਾ।
ਅੰਦਰਲਾ ਘਰ ਪਹਿਲਾਂ ਤਾਂ ਮੈਨੂੰ ਹਰ ਰੋਜ਼ ਸੁਪਨੇ ਵਿਚ ਮਿਲਿਆ ਕਰੇ, ਗਲ਼ ਲੱਗ ਕੇ ਗੱਲਾਂ ਕਰਿਆ ਕਰੇ, ਦੇਖ ਦੇਖ ਕੇ ਮਨ ਵਿਚ ਝੋਰਾ ਜਿਹਾ ਲੱਗੇ ਪਰ ਅਸੀਂ ਮਜਬੂਰ ਸੀ। ਸਰਗਮ ਦੀ ਤੰਦਰੁਸਤੀ ਮੂਹਰੇ ਹਰ ਦੁਨਿਆਵੀ ਚੀਜ਼ ਛੋਟੀ ਸੀ।
ਅਸੀ ਜਿਨ੍ਹਾਂ ਨੂੰ ਜੱਦੀ ਘਰ ਵੇਚਿਆ, ਉਹ ਸਾਡੇ ਗਵਾਂਢੀ ਹੀ ਸਨ। ਸਾਡਾ ਘਰ ਉਨ੍ਹਾਂ ਦੇ ਘਰ ਦੇ ਨਾਲ ਹੀ ਲਗਦਾ ਸੀ। ਜਦੋਂ ਨਵਾਂ ਮਾਲਕ ਸਾਨੂੰ ਘਰ ਦੇ ਪੈਸੇ ਦੇਣ ਲੱਗਿਆ ਤਾਂ ਮੇਰੇ ਪਾਪਾ ਜੀ ਨੇ ਉਸ ਤੋਂ ਝੋਲਾ ਫੜ ਕੇ ਪੈਸੇ ਮੈਨੂੰ ਫੜਾਉਂਦਿਆਂ ਕਿਹਾ, “ਲੈ ਬਈ, ਆਹ ਘਰ ਸਰਗਮ ਦੀ ਸੇਵਾ ਚ ਰੱਖ ਲਾ। ਇਨ੍ਹਾਂ ਪੈਸਿਆਂ ਨਾਲ ਉਹ ਜਲਦੀ ਤੰਦਰੁਸਤ ਹੋਵੇ। ਭਾਈ ਅੱਜ ਤੋਂ ਇਹ ਘਰ ਤੁਹਾਡਾ ਘਰ ਹੋ ਗਿਆ, ਖੁਸ਼ ਰਹੋ, ਥੋਨੂੰ ਵਾਧਾ ਕਰੇ।”
ਘਰ ਵੇਚੇ ਨੂੰ ਸਾਲ ਤੋਂ ਜਿ਼ਆਦਾ ਹੋ ਗਿਆ। ਅੱਜ ਤੱਕ ਉਸ ਘਰ ਦਾ ਸੁਪਨਾ ਨਹੀਂ ਆਇਆ; ਨਾ ਸਾਹਮਣੇ ਹੁੰਦਿਆਂ ਵੀ ਉਸ ਘਰ ਨੂੰ ਦੇਖ ਕੇ ਕੋਈ ਯਾਦ ਆਈ। ਜਿਵੇਂ ਘਰ ਵੀ ਜੀਅ, ਜਾਨ ਦਾ ਬਣਿਆ ਹੋਵੇ। ਸਰਗਮ ਦੀ ਤੰਦਰੁਸਤੀ ਲਈ ਜਿਵੇਂ ਆਪਣੀ ਕੁਰਬਾਨੀ ਦੇ ਗਿਆ ਹੋਵੇ ਸਾਡਾ ਅੰਦਰਲਾ ਘਰ!
ਸੰਪਰਕ: 98764-86187