ਰਾਣਾ ਗੁਰਮੀਤ ਸਿੰਘ ਸੋਢੀ
‘ਸਬਕਾ ਸਾਥ ਸਬਕਾ ਵਿਕਾਸ’ ਦੇ ਸੱਦੇ ਨਾਲ ਸੱਤਾ ਵਿਚ ਆ ਕੇ ਕਾਰਪੋਰੇਟ ਹੱਥਾਂ ਦੀ ਸ਼ਰ੍ਹੇਆਮ ਕਠਪੁਤਲੀ ਬਣ ਚੁੱਕੀ ਭਾਜਪਾ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਜੋ ਹਾਲਾਤ ਬਣ ਰਹੇ ਹਨ, ਉਹ ਮੱਧਕਾਲੀ ਚੋਣਾਂ ਵੱਲ ਸਪੱਸ਼ਟ ਇਸ਼ਾਰਾ ਕਰਦੇ ਹਨ।
ਕਰੋਨਾ ਮਹਾਮਾਰੀ ਦੇ ਸੰਕਟ ਨਾਲ ਨਜਿੱਠਣ ਦੀ ਅਸਫ਼ਲਤਾ, ਜੀਵਨ ਬਚਾਊ ਦਵਾਈਆਂ ਦੀ ਜ਼ਖੀਰੇਬਾਜ਼ੀ, ਆਕਸੀਜਨ ਬਿਨਾਂ ਹਸਪਤਾਲਾਂ ਵਿਚ ਪਲ ਪਲ ਦਮ ਤੋੜਦੀ ਮਨੁੱਖਤਾ, ਪੈਟਰੋਲੀਅਮ ਪਦਾਰਥਾਂ ਦੀਆਂ ਕੌਮਾਂਤਰੀ ਪੱਧਰ ਉਤੇ ਸਥਿਰ ਰਹਿਣ ਦੇ ਬਾਵਜੂਦ ਦੇਸ਼ ਵਿਚ ਵਧ ਰਹੀਆਂ ਕੀਮਤਾਂ, ਆਰਥਿਕ ਫਰੰਟ ਉਤੇ ਸਰਕਾਰ ਦੀ ਮੁਕੰਮਲ ਨਾਕਾਮੀ, ਪੱਛਮੀ ਬੰਗਾਲ ਤੇ ਹੋਰ ਸੂਬਿਆਂ ਦੀ ਚੋਣਾਂ ਵਿਚ ਚਮਤਕਾਰੀ ਪ੍ਰਚਾਰ ਦੇ ਬਾਵਜੂਦ ਹੋਈ ਭਾਜਪਾ ਦੀ ਹਾਰ, ਲੋਕ ਮਸਲਿਆਂ ਪ੍ਰਤੀ ਸਰਕਾਰੀ ਉਦਾਸੀਨਤਾ, ਨਿਆਂਪਾਲਿਕਾ ਦੇ ਸਿਆਸੀ ਗੁਲਾਮੀ ਦੇ ਜੂਲੇ ਹੇਠ ਆ ਜਾਣ ਦੀ ਮਨੌਤ, ਬੇਰੁਜ਼ਗਾਰੀ ਦਾ ਅੰਕੜਾ ਸਭ ਤੋਂ ਉੱਪਰਲੇ ਪੱਧਰ ਉੱਤੇ ਪੁੱਜਣਾ, ਸਰਕਾਰ ਦਾ ਲੋਕਾਂ ਲਈ ਨਾ ਹੋ ਕੇ ਸਿਰਫ਼ ਪ੍ਰਧਾਨ ਮੰਤਰੀ ਦੀਆਂ ਮਨਆਈਆਂ ਪੁਗਾਉਣ ਤੱਕ ਸੀਮਤ ਹੋਣ ਜਾਣਾ ਅਜਿਹੀਆਂ ਉਦਾਹਰਨਾਂ ਹਨ ਜੋ ਦੇਸ਼ ਵਿਚ ਮੱਧਕਾਲੀ ਚੋਣਾਂ ਦਾ ਸੰਕੇਤ ਦਿੰਦੀਆਂ ਹਨ।
ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਦਮਗਜ਼ੇ ਮਾਰਨ ਵਾਲੇ ਇਸ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਨਾਕਾਮ ਸਾਬਤ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਪੱਧਰ ਉਤੇ ਦੇਸ਼ ਨੂੰ ਅਜਿਹੇ ਚੁਰਾਹੇ ’ਤੇ ਲਿਆ ਕੇ ਖੜ੍ਹਾ ਦਿੱਤਾ ਹੈ ਜੋ ਮੈਡੀਕਲ ਸਪਲਾਈਜ਼ ਲਈ ਦੁਨੀਆ ਭਰ ਦੀਆਂ ਬੇਨਤੀਆਂ ਕਰਨ ਲਈ ਮਜਬੂਰ ਹੈ। ਇਕ ਵਾਰ ਵਿਸ਼ਵ ਦੀ ਫਾਰਮੇਸੀ ਮੰਨੇ ਜਾਂਦੇ ਭਾਰਤ ਦੇ ਬਾਸਿ਼ੰਦਿਆਂ ਨੂੰ ਜੀਵਨ ਬਚਾਊ ਦਵਾਈਆਂ ਲਈ ਡਾਕਟਰਾਂ ਦੇ ਤਰਲੇ ਕੱਢਣੇ ਪੈ ਰਹੇ ਨੇ। ਸਵਾਲ ਉੱਠਦਾ ਹੈ ਕਿ ਕੀ ਇਹੀ ਪ੍ਰਧਾਨ ਮੰਤਰੀ ਮੋਦੀ ਦਾ ਆਤਮ ਨਿਰਭਰ ਭਾਰਤ ਹੈ?
ਕਰੋਨਾ ਸੰਕਟ ਨੇ ਜਿੱਥੇ ਸਾਡੇ ਸਾਹਮਣੇ ਕਈ ਚੁਣੌਤੀਆਂ ਪੇਸ਼ ਕੀਤੀਆਂ ਹਨ, ਉੱਥੇ ਇਨ੍ਹਾਂ ਚੋਣਾਂ ਨੇ ਸਰਕਾਰ ਦੀ ਨਾਕਾਮੀ ਸਾਹਮਣੇ ਲਿਆ ਕੇ ਸਾਨੂੰ ਇਹ ਸੋਚਣ ਦਾ ਮੌਕਾ ਵੀ ਦਿੱਤਾ ਹੈ ਕਿ ਸਾਨੂੰ ਆਪਣੇ ਭਵਿੱਖ ਲਈ ਕਿਹੋ ਜਿਹੀ ਸਰਕਾਰ ਚਾਹੀਦੀ ਹੈ। ਕੀ ਸਾਨੂੰ ਧਰਮ ਦੀ ਪਾਣ ਚਾੜ੍ਹ ਕੇ ਕਾਰਪੋਰੇਟਾਂ ਦੀਆਂ ਜੇਬ੍ਹਾਂ ਭਰਨ ਤੇ ਆਮ ਲੋਕਾਂ ਦਾ ਗਲਾ ਘੁੱਟਣ ਵਾਲੀ ਸਰਕਾਰ ਚਾਹੀਦੀ ਹੈ ਜਾਂ ਸਾਨੂੰ ਮੁਸ਼ਕਿਲ ਦੀ ਇਸ ਘੜੀ ਵਿਚ ਲੋਕਾਂ ਨਾਲ ਖੜ੍ਹਨ ਵਾਲੀ ਸਰਕਾਰ ਤੇ ਆਗੂ ਦੀ ਲੋੜ ਹੈ? ਆਰਥਿਕ ਫਰੰਟ ਉੱਤੇ ਸਰਕਾਰ ਦੀ ਨਾਕਾਮੀ ਅਜਿਹੇ ਸਮੇਂ ਸਾਹਮਣੇ ਆਈ, ਜਦੋਂ ਕਰੋਨਾ ਵਾਇਰਸ ਦੀ ਉਤਪਤੀ ਮੰਨੇ ਜਾਂਦੇ ਚੀਨ ਤੋਂ ਬਹੁਕੌਮੀ ਕੰਪਨੀਆਂ ਦਾ ਧਿਆਨ ਲਾਂਭੇ ਹੋ ਰਿਹਾ ਸੀ ਪਰ ਸਾਡੇ ਦੇਸ਼ ਦੇ ਹਾਲਾਤ ਅਜਿਹੇ ਹਨ ਕਿ ਕੋਈ ਵੀ ਕੰਪਨੀ ਭਾਰਤ ਵਿਚ ਵਪਾਰ ਕਰਨਾ ਹੀ ਨਹੀਂ ਚਾਹੁੰਦੀ।
ਭਾਰਤ ਦੀ ਵੰਨ-ਸਵੰਨਤਾ ਨੂੰ ਦੇਖਦਿਆਂ ਸਾਨੂੰ ਇੱਥੇ ਨਾ ਤਾਂ ਪੂੰਜੀਵਾਦੀ ਨੀਤੀਆਂ ਨੂੰ ਹੂ-ਬ-ਹੂ ਲਾਗੂ ਕਰਨ ਦੀ ਲੋੜ ਹੈ ਤਾਂ ਹੀ ਸਮਾਜਵਾਦ ਦਾ ਪੂਰੀ ਤਰ੍ਹਾਂ ਪੱਲਾ ਫੜ ਕੇ ਸਰ ਸਕਦਾ ਹੈ। ਸਾਨੂੰ ਧਰਮ ਦੇ ਨਾਮ ਉਤੇ ਚਾੜ੍ਹੇ ਜਾਂਦੇ ਮਾਨਸਿਕ ਉਨਮਾਦ ਦੀ ਵੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਸਾਨੂੰ ਜਾਤੀਵਾਦੀ ਨੂੰ ਉਤਸ਼ਾਹਤ ਕਰ ਕੇ ਲੋਕਾਂ ਵਿਚ ਵੰਡੀਆਂ ਪਾਉਣ ਵਾਲੀਆਂ ਨੀਤੀਆਂ ਦੀ ਪ੍ਰੋੜ੍ਹਤਾ ਕਰਨੀ ਚਾਹੀਦੀ ਹੈ। ਸਾਨੂੰ ਪੂੰਜੀਵਾਦ ਤੇ ਸਮਾਜਵਾਦ ਦੇ ਵਿਚਕਾਰ ਸਮਤੋਲ ਬਣਾ ਕੇ ਚੱਲਣ ਵਾਲੀ ਨੀਤੀ ਦੀ ਲੋੜ ਹੈ, ਜਿੱਥੇ ਧਰਮ ਤੇ ਜਾਤ ਆਧਾਰਿਤ ਵਿਤਕਰੇ ਦੀ ਥਾਂ ਸਭ ਲਈ ਬਰਾਬਰ ਮੌਕੇ ਮੁਹੱਈਆ ਕੀਤੇ ਜਾਣ।
ਮੌਜੂਦਾ ਹਾਲਾਤ ਨੂੰ ਦੇਖ ਕੇ ਇਹ ਕਹਿੰਦਿਆਂ ਝਿਜਕ ਮਹਿਸੂਸ ਨਹੀਂ ਹੁੰਦੀ ਕਿ ਹਿੰਦੂਤਵ ਦੇ ਨਾਮ ਉਪਰ ਹੋਂਦ ’ਚ ਆਈ ਸਰਕਾਰ ਨੇ ਦੇਸ਼ ਨੂੰ ਆਰਥਿਕ ਦਿਵਾਲੀਆਪਣ ਦੇ ਕੰਢੇ ਉਤੇ ਤਾਂ ਲਿਆਂਦਾ ਹੀ ਹੈ ਸਗੋਂ ਸਮਾਜ ਵਿਚ ਅਜਿਹੀ ਵੰਡ ਦੇ ਬੀਜ ਸੁੱਟ ਦਿੱਤੇ ਹਨ ਜਿਸ ਨਾਲ ਹਰ ਬੰਦਾ ਦੂਜੇ ਨੂੰ ਧਰਮ ਦੇ ਪ੍ਰਿਜ਼ਮ ਵਿਚੋਂ ਦੇਖਦਾ ਹੈ। ਦੇਸ਼ ਨੇ ਜ਼ਾਹਿਰਾ ਤੇ ਲੁਕਵੇਂ ਰੂਪ ਵਿਚ ਧਰਮ ਦਾ ਇਹ ਜ਼ਹਿਰ ਪੀਤਾ ਸੀ ਜਿਸ ਦੇ ਨਤੀਜੇ ਹੁਣੇ ਸਾਡੇ ਸਾਹਮਣੇ ਹਨ।
ਇਸ ਸਮੇਂ ਨੌਜਵਾਨਾਂ ਨੂੰ ਰੁਜ਼ਗਾਰ, ਬਿਮਾਰਾਂ ਨੂੰ ਡਾਕਟਰੀ ਸਹੂਲਤਾਂ, ਭੁੱਖਿਆਂ ਨੂੰ ਖਾਣਾ ਤੇ ਵਪਾਰ ਲਈ ਸਾਜ਼ਗਾਰ ਮਾਹੌਲ ਦੀ ਲੋੜ ਹੈ ਪਰ ਇਸ ਸਰਕਾਰ ਦੇ ਰਾਜ ਵਿਚ ਇਸ ਦੀ ਆਸ ਰੱਖਣੀ ਹੁਣ ਕੁਥਾਂ ਸਾਬਤ ਹੋ ਰਹੀ ਹੈ। ਸਰਕਾਰ, ਲੋਕਾਂ ਨੂੰ ਆਪਣੇ ਤੇ ਪ੍ਰਾਈਵੇਟ ਹਸਪਤਾਲਾਂ ਦੇ ਰਹਿਮੋ-ਕਰਮ ਉਤੇ ਛੱਡ ਕੇ ਭੱਜ ਚੁੱਕੀ ਹੈ, ਮੌਜੂਦਾ ਸਰਕਾਰ ਨੇ ਨਾਕਾਮੀ ਦੇ ਨਵੇਂ ਦਿਸਹੱਦੇ ਸਿਰਜ ਦਿੱਤੇ ਹਨ। ਡਰੀ ਹੋਈ ਅਫ਼ਸਰਸ਼ਾਹੀ ਕੁਝ ਕਰਨ ਨਾਲੋਂ ਇਕ ਚੁੱਪ ਸੌ ਸੁੱਖ ਦੀ ਕਹਾਵਤ ਉਤੇ ਚੱਲਦਿਆਂ ਦੜ ਵੱਟੀ ਬੈਠੀ ਹੈ। ਮਨੁੱਖਾਂ ਨਾਲੋਂ ਪਸ਼ੂਆਂ ਪ੍ਰਤੀ ਪਿਆਰ ਚਰਮ ਉਤੇ ਹੈ ਤੇ ਮਨੁੱਖਤਾ ਦਾ ਇਸ ਧਾਰਮਿਕ ਹੱਠਧਰਮੀ ਵਾਲੀ ਸਰਕਾਰ ਦੇ ਕਾਰਜਕਾਲ ਵਿਚ ਸੜਕਾਂ ਉਤੇ ਦਮ ਘੁੱਟ ਰਿਹਾ ਹੈ। ਰਿਕਸਿ਼ਆਂ ਵਿਚ ਮਾਵਾਂ ਆਪਣੇ ਬਿਮਾਰ ਪੁੱਤਾਂ ਨੂੰ ਲੈ ਕੇ ਇਕ ਇਕ ਸਾਹ ਉਧਾਰ ਲੈਣ ਲਈ ਭੱਜੀਆਂ ਫਿਰ ਰਹੀਆਂ ਹਨ। ਪਤੀ ਆਪਣੀ ਪਤਨੀ ਨੂੰ ਸਾਈਕਲ ਉਤੇ ਧੂਹ ਕੇ ਸਿਸਟਮ ਦੇ ਖੜ੍ਹ ਚੁੱਕੇ ਚੱਕੇ ਨੂੰ ਰੋੜ੍ਹਨ ਦਾ ਯਤਨ ਕਰ ਰਿਹਾ ਹੈ ਤਾਂ ਕਿ ਕਿਸੇ ਦਾ ਦਿਲ ਤਾਂ ਪਸੀਜੇ ਤੇ ਕੋਈ ਤਾਂ ਉਸ ਦੀ ਮਦਦ ਲਈ ਬਹੁੜੇ। ਅਜਿਹੇ ਸਮੇਂ ਜਿਹੜਾ ਆਗੂ ਅੱਗੇ ਹੋ ਕੇ ਲੋਕਾਂ ਦੀ ਮਦਦ ਕਰੇਗਾ ਤੇ ਲੋਕਾਂ ਦੇ ਜ਼ਖ਼ਮਾਂ ਉੱਤੇ ਹਮਦਰਦੀ ਦਾ ਮੱਲ੍ਹਮ ਲਾਏਗਾ, ਭਵਿੱਖ ਉਸ ਆਗੂ ਦਾ ਹੋਏਗਾ।
ਇੰਨੇ ਹਨੇਰ ਦੇ ਬਾਵਜੂਦ ਜਿਹੜੀ ਆਸ ਦੀ ਕਿਰਨ ਹੁਣ ਸਾਨੂੰ ਦਿਖਾਈ ਦਿੰਦੀ ਹੈ, ਉਹ ਦੇਸ਼ ਨੂੰ ਸਰਕਾਰ ਬਦਲਣ ਦੇ ਨਾਲ ਨਾਲ ਉਸ ਨਿਜ਼ਾਮ ਵਿਚ ਤਬਦੀਲੀ ਵੀ ਦਿਖਾਉਂਦੀ ਹੈ ਜੋ ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਦੇ ਹਰ ਪਲ ਡੂੰਘੇ ਹੋ ਰਹੇ ਜ਼ਖ਼ਮਾਂ ਉਤੇ ਹਮਦਰਦੀ ਦਾ ਮੱਲ੍ਹਮ ਲਾਉਣ ਵਿੱਚ ਨਾਕਾਮ ਰਿਹਾ। ਦੇਸ਼ ਨੂੰ ਕੱਟੜਤਾ ਵਾਲੀ ਹੱਠਧਰਮੀ ਲੀਡਰਸਿ਼ਪ ਦੀ ਥਾਂ ਉਦਾਰਵਾਦੀ ਨੌਜਵਾਨ ਲੀਡਰਸਿ਼ਪ ਦੀ ਲੋੜ ਹੈ ਜੋ ਜਮਹੂਰੀਅਤ ਦੇ ਅਸਲ ਮੰਤਵ ਲੋਕਾਂ ਦੀ, ਲੋਕਾਂ ਦੁਆਰਾ ਤੇ ਲੋਕਾਂ ਲਈ ਦੇ ਸੰਕਲਪ ਨੂੰ ਪੂਰਾ ਕਰ ਸਕੇ।
ਜਦੋਂ ਅਸੀਂ ਮਨੁੱਖ ਵਜੋਂ ਸਮੂਹਿਕ ਤੌਰ ’ਤੇ ਸੋਚਣਾ ਤੇ ਸਮੂਹ ਵਜੋਂ ਵਿਚਰਨਾ ਛੱਡ ਦਿੰਦੇ ਹਾਂ ਤਾਂ ਆਪਣੇ ਅੰਦਰ ਦੀ ਉਸ ਮਨੁੱਖਤਾ ਦਾ ਗਲਾ ਘੁੱਟ ਦਿੰਦੇ ਹਾਂ ਜਿਸ ਨੇ ਸਾਨੂੰ ਵਿਕਾਸ ਦੀਆਂ ਪਗਡੰਡੀਆਂ ਉੱਤੇ ਚੱਲ ਕੇ ਅਜੋਕੇ ਦੌਰ ਵਿੱਚ ਪਹੁੰਚਾਇਆ। ਇਹ ਸਾਡੇ ਸਮਿਆਂ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ ਤੇ ਇਸ ਤ੍ਰਾਸਦੀ ਵਿਚੋਂ ਵੀ ਅਸੀਂ ਉਸੇ ਤਰ੍ਹਾਂ ਅੱਗੇ ਲੰਘਾਂਗੇ, ਜਿਵੇਂ ਅਸੀਂ ਵਿਕਾਸ ਕ੍ਰਮ ਦੇ ਚੱਕਰ ਵਿਚ ਇੱਥੋਂ ਤੱਕ ਪੁੱਜੇ ਹਾਂ। ਇਸ ਲਈ ਲੋੜ ਹੈ ਆਪਣੇ ਗੁਆਂਢੀ ਦਾ ਹੱਥ ਫੜੋ ਤੇ ਮਨੁੱਖਤਾ ਦੇ ਸਮੂਹਿਕਤਾ ਵਾਲੇ ਸੰਕਲਪ ਨੂੰ ਅੱਗੇ ਵਧਾਓ। ਭਵਿੱਖ ਤੁਹਾਡਾ ਤੇ ਤੁਹਾਡੇ ਬੱਚਿਆਂ ਤੇ ਯੁੱਗਾਂ ਯੁੱਗਾਂ ਤੱਕ ਆਉਂਦੀਆਂ ਰਹਿਣ ਵਾਲੀਆਂ ਨਸਲਾਂ ਦਾ ਹੋਏਗਾ।
*ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲੇ ਮੰਤਰੀ, ਪੰਜਾਬ।