ਡਾ. ਅਮਰੀਕ ਸਿੰਘ
ਆਜ਼ਾਦੀ ਤੋਂ ਬਾਅਦ ਮੁਲਕ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਮੁਲਕ ਨੂੰ ਅਨਾਜ ਦੀ ਪੈਦਾਵਾਰ ਵਿਚ ਆਤਮ-ਨਿਰਭਰ ਕਰਨਾ ਸੀ। 1960 ਦੇ ਦਹਾਕੇ ਦੌਰਾਨ ਮੁਲਕ ਵਿਚ ਆਏ ਹਰੇ ਇਨਕਲਾਬ ਵਿਚ ਪੰਜਾਬ ਦੀ ਕਿਸਾਨੀ ਨੇ ਅਹਿਮ ਭੂਮਿਕਾ ਨਿਭਾਈ। ਇਸ ਸਦਕਾ ਮੁਲਕ ਅਨਾਜ ਸੰਕਟ ਵਿਚੋਂ ਹੀ ਨਹੀਂ ਉੱਭਰਿਆ ਸਗੋਂ ਲੋੜ ਤੋਂ ਵਧੇਰੇ ਅਨਾਜ ਬਾਹਰਲੇ ਮੁਲਕਾਂ ਵਿਚ ਵੇਚ ਕੇ ਵਿਦੇਸ਼ੀ ਮੁਦਰਾ ਕਮਾਉਣ ਯੋਗ ਹੋਇਆ। ਦੂਜੇ ਪਾਸੇ, ਮੁਲਕ ਨੂੰ ਅਨਾਜ ਦੀ ਪੈਦਾਵਾਰ ਪੱਖੋਂ ਆਤਮ-ਨਿਰਭਰ ਬਣਾਉਣ ਲਈ ਪੰਜਾਬ ਨੂੰ ਭਾਰੀ ਕੀਮਤ ਚੁਕਾਉਣੀ ਪਈ। ਜ਼ਮੀਨ ਦੀ ਉਪਜਾਊ ਸ਼ਕਤੀ ਕਮਜ਼ੋਰ ਹੋਣ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ। ਪਾਣੀ ਅਤੇ ਹਵਾ ਦੂਸ਼ਿਤ ਹੋ ਗਏ। ਪਿਛਲੇ ਕੁਝ ਸਾਲਾਂ ਤੋਂ ਖੇਤੀ ਲਾਗਤ ਖ਼ਰਚਿਆਂ ਵਿਚ ਚੋਖਾ ਵਾਧਾ ਹੋਇਆ ਪਰ ਫ਼ਸਲਾਂ ਦੀ ਪੈਦਾਵਾਰ ਵਿਚ ਜਿ਼ਆਦਾ ਵਾਧਾ ਨਹੀਂ ਹੋਇਆ। ਸਾਂਝੇ ਪਰਿਵਾਰਾਂ ਦੀ ਖੇਤੀ ਖ਼ਤਮ ਹੋ ਗਈ ਹੈ।
ਪੰਜਾਬ ਵਿਚ ਛੋਟੇ ਕਿਸਾਨਾਂ ਦੀ ਗਿਣਤੀ ਲੱਗਭੱਗ 60 ਫ਼ੀਸਦੀ ਹੈ ਜਿਨ੍ਹਾਂ ਕੋਲ 2-3 ਏਕੜ ਜ਼ਮੀਨ ਦੀ ਮਾਲਕੀ ਹੈ। ਆਮਦਨ ਦੇ ਸਰੋਤ ਵੀ ਸੀਮਤ ਹਨ। ਛੋਟੇ ਕਿਸਾਨ ਖੇਤੀ ਸਮੱਗਰੀ ਮਹਿੰਗੀ ਹੋਣ ਕਾਰਨ ਖੇਤੀਬਾੜੀ ਮਾਹਿਰਾਂ ਅਨੁਸਾਰ ਨਵੀਨਤਮ ਖੇਤੀ ਤਕਨੀਕਾਂ ਅਪਣਾ ਕੇ ਫ਼ਸਲਾਂ ਦੀ ਕਾਸ਼ਤ ਨਹੀਂ ਕਰ ਸਕਦੇ। ਛੋਟੇ ਕਿਸਾਨਾਂ ਨੂੰ ਵਿੱਤੀ ਅਦਾਰਿਆਂ ਵੱਲੋਂ ਕਰਜ਼ੇ ਦੇਣ ਤੋਂ ਵੀ ਹੱਥ ਖਿੱਚਿਆ ਜਾਂਦਾ ਹੈ। ਉਹ ਆੜ੍ਹਤੀਆਂ ਦੇ ਮਹਿੰਗੇ ਕਰਜ਼ੇ ਦੇ ਚੱਕਰ ਵਿਚ ਫਸ ਜਾਂਦਾ ਹੈ। ਛੋਟੇ ਕਿਸਾਨ ਦੀ ਖੇਤੀਬਾੜੀ ਨਾਲ ਸੰਬੰਧਿਤ ਬਣਾਈਆਂ ਜਾਣ ਵਾਲੀਆਂ ਯੋਜਨਾਵਾਂ ਵਿਚ ਸ਼ਮੂਲੀਅਤ ਨਾਂ-ਮਾਤਰ ਹੁੰਦੀ ਹੈ।
ਉਂਜ, ਇਕ ਸਾਲ ਤੋਂ ਵੱਧ ਸਮੇਂ ਤੋਂ ਸ਼ਾਤੀਪੂਰਵਕ ਚੱਲ ਰਹੇ ਕਿਸਾਨ ਅੰਦੋਲਨ ਦੇ ਦਬਾਅ ਕਾਰਨ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨ ਹੁਣ ਵਾਪਸ ਲੈਣ ਪਿੱਛੇ ਕਿਸਾਨਾਂ ਦੀ ਏਕਤਾ ਹੀ ਹੈ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਜਿਵੇਂ ਇਕੱਠੇ ਹੋ ਕੇ ਅੰਦੋਲਨ ਚਲਾਇਆ, ਉਹ ਇਤਿਹਾਸਕ ਹੈ। ਇਹ ਅੰਦੋਲਨ ਸਹਿਕਾਰਤਾ ਦੀ ਜਿਊਂਦੀ ਜਾਗਦੀ ਮਿਸਾਲ ਹੈ। ਮੌਜੂਦਾ ਹਾਲਾਤ ਅਨੁਸਾਰ ਜੇ ਖੇਤੀਬਾੜੀ ਨੂੰ ਲਾਹੇਵੰਦਾ ਬਣਾਉਣਾ ਹੈ ਤਾਂ ਸਹਿਕਾਰੀ ਖੇਤੀ ਨੂੰ ਮਜ਼ਬੂਤ ਕਰਨਾ ਪਵੇਗਾ। ਪਿੰਡਾਂ ਵਿਚ ਧੜੇਬੰਦੀ ਖ਼ਤਮ ਕਰ ਕੇ ਆਪਸੀ ਸਹਿਯੋਗ ਨਾਲ ਮਸਲੇ ਹੱਲ ਕਰਨੇ ਪੈਣਗੇ। ਇਸ ਲਈ ਕਿਸਾਨ ਸਹਿਕਾਰੀ ਖੇਤੀ ਅਪਣਾ ਕੇ ਆਪਸੀ ਸਮੂਹ ਬਣਾ ਕੇ ਖੇਤੀ ਦੇ ਲਾਗਤ ਖ਼ਰਚੇ ਘਟਾ ਕੇ ਆਮਦਨ ਵਿਚ ਵਾਧਾ ਕਰ ਸਕਦੇ ਹਨ।
ਆਮ ਕਰ ਕੇ ਕਿਸਾਨ ਸੁਆਲ ਕਰਦੇ ਹਨ ਕਿ ਪੰਜਾਬ ਵਿਚ ਸਹਿਕਾਰੀ ਖੇਤੀ ਦੀ ਧਾਰਨਾ ਨੂੰ ਅਪਨਾਉਣਾ ਅਸੰਭਵ ਹੈ ਕਿਉਂਕਿ ਸਿਆਸੀ ਕਾਰਨਾਂ ਕਰ ਕੇ ਪਿੰਡ ਹੀ ਨਹੀਂ ਸਗੋਂ ਘਰਾਂ ਵਿਚ ਵੀ ਵੰਡੀਆਂ ਪੈ ਗਈਆਂ ਹਨ। ਇਸ ਦਾ ਸਿੱਧਾ ਜਿਹਾ ਜਵਾਬ ਹੈ ਕਿ ਸਮੇਂ ਨਾਲ ਸਾਨੂੰ ਆਪਣੀ ਸੋਚ ਬਦਲਣ ਦੀ ਜ਼ਰੂਰਤ ਹੈ। ਜੇ ਬਦਲਦੇ ਸਮੇਂ ਅਤੇ ਬਦਲਦੀਆਂ ਤਕਨੀਕਾਂ ਨਾਲ ਅਸੀਂ ਨਹੀਂ ਬਦਲਾਂਗੇ ਤਾਂ ਪਿੱਛੇ ਰਹਿ ਜਾਵਾਂਗੇ। ਅੱਜ ਜੇ ਅਸੀਂ ਖੇਤੀ ਨੂੰ ਬਚਾਉਣਾ ਹੈ ਤਾਂ ਸਹਿਕਾਰੀ ਖੇਤੀ ਵੱਲ ਜਾਣਾ ਪਵੇਗਾ, ਨਹੀਂ ਤਾਂ ਕਾਰਪੋਰੇਟ ਖੇਤੀ ਕਰਨ ਵਾਲੇ ਪ੍ਰਾਈਵੇਟ ਅਦਾਰੇ ਤਿਆਰ ਬੈਠੇ ਹਨ। ਕਿਸੇ ਨਾ ਕਿਸੇ ਨੂੰ ਸ਼ੁਰੂਆਤ ਤਾਂ ਕਰਨੀ ਪਵੇਗੀ। ਦੋਸਤੀ ਉਨ੍ਹਾਂ ਦੀ ਤੋੜ ਨਿਭਦੀ ਹੈ ਜਿਨ੍ਹਾਂ ਦੀ ਵਿਚਾਰਧਾਰਾ ਵਿਚ ਸਮਾਨਤਾ ਹੋਵੇ। ਸਮਾਨ ਵਿਚਾਰਧਾਰਾ ਵਾਲੇ ਕਿਸਾਨ, ਖ਼ਾਸਕਰ ਨੌਜਵਾਨ ਕਿਸਾਨ ਇਕੱਠੇ ਹੋ ਕੇ ਕਿਸਾਨ ਉਤਪਾਦਕ ਸੰਗਠਨ ਜਾਂ ਸਵੈ-ਸਹਾਇਤਾ ਸਮੂਹ ਬਣਾ ਕੇ ਸਹਿਕਾਰੀ ਖੇਤੀ ਕਰ ਸਕਦੇ ਹਨ। ਸਹਿਕਾਰੀ ਖੇਤੀ ਵਿਚ ਸ਼ਾਮਿਲ ਕਿਸਾਨ ਮੈਂਬਰ ਆਪੋ-ਆਪਣੇ ਸਰੋਤਾਂ ਨੂੰ ਇਕੱਠੇ ਕਰ ਕੇ ਖੇਤੀ ਕਰਦੇ ਹਨ। ਸਹਿਕਾਰੀ ਖੇਤੀ ਪ੍ਰਣਾਲੀ ਉਹ ਸਭ ਕੁਝ ਕਰਨ ਦੀ ਇਜ਼ਾਜਤ ਦਿੰਦੀ ਹੈ ਜੋ ਵੱਡੇ ਕਿਸਾਨ ਕਰ ਸਕਦੇ ਹਨ; ਜਿਵੇਂ ਨਵੀਨਤਮ ਖੇਤੀ ਤਕਨੀਕਾਂ ਦੀ ਵਰਤੋਂ, ਦੂਰ-ਦੁਰਾਡੇ ਮੰਡੀਆਂ ਵਿਚ ਖੇਤੀ ਉਪਜਾਂ ਦਾ ਮੰਡੀਕਰਨ, ਖ਼ਪਤਕਾਰਾਂ ਨਾਲ ਸਿੱਧਾ ਮੰਡੀਕਰਨ, ਭਾਰੀ ਖੇਤੀ ਮਸ਼ੀਨਰੀ ਦੀ ਵਰਤੋਂ ਆਦਿ।
ਅਜੋਕੇ ਸਮੇਂ ਵਿਚ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਵੱਡੀ ਖੇਤੀ ਮਸ਼ੀਨਰੀ ਤਾਂ ਹੀ ਫ਼ਾਇਦੇਮੰਦ ਹੈ ਜੇ 10-15 ਛੋਟੇ ਕਿਸਾਨ ਰਲ ਕੇ ਖ਼ਰੀਦਦੇ ਹਨ, ਕਿਉਂਕਿ ਕੋਈ ਵੀ ਮਸ਼ੀਨਰੀ ਤਾਂ ਹੀ ਫ਼ਾਇਦੇਮੰਦ ਹੋ ਸਕਦੀ ਹੈ ਜੇ ਉਹ ਵੱਧ ਤੋਂ ਵੱਧ ਘੰਟੇ ਖੇਤਾਂ ਵਿਚ ਕੰਮ ਕਰੇ। ਪੰਜਾਬ ਵਿਚ ਕਿਸਾਨ ਵੱਡੇ ਟਰੈਕਟਰ ਰੱਖਣਾ ਸ਼ਾਨ ਸਮਝਦੇ ਹਨ ਪਰ ਵੱਡਾ ਟਰੈਕਟਰ ਸਾਲ ਦੌਰਾਨ ਖੇਤਾਂ ਵਿਚ ਚੱਲਦਾ ਸਿਰਫ਼ ਕੁੱਝ ਘੰਟੇ ਹੀ ਹੈ। ਹੁਣ ਛੋਟੇ ਕਿਸਾਨ ਵੀ ਵੱਡੇ ਟਰੈਕਟਰ ਖ਼ਰੀਦਣ ਲੱਗੇ ਹਨ ਜੋ ਉਨ੍ਹਾਂ ਲਈ ਲਾਹੇਵੰਦ ਨਹੀਂ ਹਨ। ਇਸੇ ਮਕਸਦ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖੇਤੀ ਮਸ਼ੀਨਰੀ ਬੈਂਕ ਬਣਾ ਕੇ ਸਹਿਕਾਰੀ ਪੱਧਰ ਤੇ ਖੇਤੀ ਮਸ਼ੀਨਰੀ ਦੀ ਖ਼ਰੀਦ ਕਰਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਪੰਜਾਬ ਵਿਚ ਤਕਰੀਬਨ 2000 ਤੋਂ ਵੱਧ ਸਹਿਕਾਰੀ ਸਭਾਵਾਂ ਕੰਮ ਕਰ ਰਹੀਆਂ ਹਨ। ਬਦਲਦੇ ਹਾਲਾਤ ਨੂੰ ਮੁੱਖ ਰੱਖਦਿਆਂ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਸਹਿਕਾਰੀ ਸਭਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਮੈਂਬਰ ਨੂੰ ਜ਼ਰੂਰਤ ਅਨੁਸਾਰ ਕੋਈ ਵੀ ਵਸਤੂ ਬਾਜ਼ਾਰ ਤੋਂ ਖ਼ਰੀਦਣੀ ਨਾ ਪਵੇ। ਕਿਸਾਨਾਂ ਵੱਲੋਂ ਪੈਦਾ ਕੀਤੀਆਂ ਦਾਲਾਂ ਜਾਂ ਹੋਰ ਖੇਤੀ ਜਿਨਸਾਂ, ਸਹਿਕਾਰੀ ਸਭਾਵਾਂ ਵਿਚ ਹੀ ਵਿਕਣ ਤਾਂ ਜੋ ਕਿਸਾਨਾਂ ਨੂੰ ਲਾਹੇਵੰਦ ਭਾਅ ਮਿਲ ਸਕੇ। ਪੁਰਾਣੇ ਸਮੇਂ ਵਿਚ ਪਿੰਡਾਂ ਵਿਚ ਕਿਸਾਨਾਂ ਕੋਲ ਆਧੁਨਿਕ ਮਸ਼ੀਨਰੀ ਨਾ ਹੋਣ ਕਾਰਨ ਆਪਸ ਵਿਚ ਮਿਲ ਕੇ ਬਹੁਤੇ ਕੰਮ ਨਬਿੇੜ ਲੈਂਦੇ ਸਨ। ਇਸ ਤਰ੍ਹਾਂ ਕੰਮ ਵੀ ਜਲਦੀ ਹੁੰਦਾ ਸੀ ਤੇ ਖ਼ਰਚਾ ਵੀ ਘਟਦਾ ਸੀ। ਖੇਤੀ ਮਸ਼ੀਨਰੀ ਆਉਣ, ਪਰਿਵਾਰਾਂ ਦੇ ਟੁੱਟਣ ਅਤੇ ਜ਼ਮੀਨ ਦੇ ਘਟਣ ਕਾਰਨ ਕਿਸਾਨਾਂ ਦੀ ਸੋਚ ਤਬਦੀਲੀ ਆਉਂਦੀ ਗਈ। ਇਸ ਸੋਚ ਵਿਚ ਤਬਦੀਲੀ ਲਿਆਉਣ ਵਿਚ ਸਹਿਕਾਰੀ ਖੇਤੀ ਸਹਾਈ ਸਿੱਧ ਹੋ ਸਕਦੀ ਹੈ। ਸਹਿਕਾਰੀ ਪੱਧਰ ਤੇ ਸਮੂਹਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਨੂੰ ਸਮਾਜ ਵਿਚ ਮਾਨਤਾ ਅਤੇ ਸਤਿਕਾਰ ਮਿਲਦਾ ਹੈ। ਸਮੂਹ ਦੇ ਮੈਂਬਰ ਸਰਕਾਰੀ ਸਕੀਮਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਦਬਾਅ ਸਮੂਹਾਂ ਦੇ ਰੂਪ ਵਿਚ ਹੀ ਬਣਾ ਸਕਦੇ ਹਨ। ਸਮੂਹ ਦੇ ਮੈਂਬਰ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮੀਟਿੰਗ ਕਰਦੇ ਹਨ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੇ ਚਰਚਾ ਹੁੰਦੀ ਹੈ ਜਿਸ ਨਾਲ ਨਵੇਂ ਵਿਚਾਰ ਉਪਜਦੇ ਹਨ।
ਖੇਤੀ ਮਸ਼ੀਨਰੀ ਬੈਂਕ ਬਣਾਉਣਾ, ਫ਼ਸਲ ਦੀ ਪੈਦਾਵਾਰ ਵਧਾਉਣ ਲਈ ਨਵੀਨਤਮ ਖੇਤੀ ਅਪਨਾਉਣਾ, ਡੇਅਰੀ ਫਾਰਮਿੰਗ, ਖੇਤੀ ਪਦਾਰਥਾਂ ਦੀ ਡੱਬਾਬੰਦੀ, ਘੱਟ ਲਾਗਤ ਵਾਲਾ ਭੰਡਾਰਨ ਢਾਂਚਾ ਬਣਾਉਣ, ਟਰਾਂਸਪੋਰਟ ਅਤੇ ਮੰਡੀਕਰਨ ਦੀਆਂ ਸਹੂਲਤਾਂ ਮੁਹੱਈਆ ਕਰਨਾ, ਖੇਤੀ ਸਮੱਗਰੀ ਦੀ ਦੁਕਾਨ ਖੋਲ੍ਹਣਾ ਆਦਿ ਅਜਿਹੀਆਂ ਗਤੀਵਿਧੀਆਂ ਹਨ ਜਿਨ੍ਹਾਂ ਨਾਲ ਸਮੂਹ ਦੇ ਮੈਂਬਰਾਂ ਦੀ ਆਮਦਨ ਵਿਚ ਵਾਧਾ ਕਰ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਕੀਤਾ ਜਾ ਸਕਦਾ ਹੈ। ਖੇਤੀ ਮਸ਼ੀਨਰੀ ਬੈਂਕ ਬਣਾਉਣ ਨਾਲ ਛੋਟੇ ਕਿਸਾਨ ਕਿਰਾਏ ਤੇ ਮਸ਼ੀਨਰੀ ਦੀ ਵਰਤੋਂ ਕਰ ਕੇ ਆਮਦਨ ਵਿਚ ਵਾਧਾ ਕਰ ਸਕਦੇ ਹਨ। ਖੇਤੀ ਸਮੱਗਰੀ ਇਕੱਠਿਆਂ ਖ਼ਰੀਦਣ ਲਈ ਜਿੱਥੇ ਸਰਕਾਰ ਮਦਦ ਕਰਦੀ ਹੈ, ਉੱਥੇ ਇਕੱਠਾ ਖ਼ਰੀਦਣ ਨਾਲ ਕੀਮਤ ਵੀ ਘਟਦੀ ਹੈ। ਸਮੂਹਾਂ ਵਿਚ ਖੇਤੀ ਤੇ ਹੋਰ ਕੰਮ ਕਰਨ ਨਾਲ ਇੱਕ-ਦੂਜੇ ਤੋਂ ਸਿਖਣ ਦੇ ਵਧੇਰੇ ਮੌਕੇ ਮਿਲਦੇ ਹਨ। ਸਹਿਕਾਰੀ ਖੇਤੀ ਵਿਚ ਕਿਸਾਨ ਮੈਂਬਰਾਂ ਦਾ ਸ਼ਾਮਿਲ ਹੋਣਾ ਸਵੈ-ਇੱਛਤ ਫ਼ੈਸਲਾ ਹੋਣਾ ਚਾਹੀਦਾ ਹੈ। ਮੈਂਬਰ ਕਿਸਾਨ ਕੋਲ ਜ਼ਮੀਨ ਦੀ ਮਾਲਕੀ ਦਾ ਹੱਕ ਬਰਕਰਾਰ ਰਹਿੰਦਾ ਹੈ। ਸਹਿਕਾਰੀ ਖੇਤੀ ਸਮੂਹ ਵਿਚ ਸ਼ਾਮਿਲ ਕਿਸਾਨਾਂ ਵੱਲੋਂ ਸਮੁੱਚੇ ਖੇਤੀ ਫਾਰਮ ਦਾ ਪ੍ਰਬੰਧ ਇੱਕ ਇਕਾਈ ਵਜੋਂ ਕੀਤਾ ਜਾਂਦਾ ਹੈ। ਪ੍ਰਬੰਧ ਜਿਵੇਂ ਕਿਹੜੀ ਫ਼ਸਲ ਦੀ ਕਾਸ਼ਤ ਕਰਨੀ ਹੈ, ਸਮੂਹ ਕੋਲ ਫ਼ਸਲ ਅਤੇ ਜ਼ਮੀਨ ਦੇ ਹਿਸਾਬ ਨਾਲ ਖੇਤੀ ਮਸ਼ੀਨਰੀ ਦੀ ਚੋਣ, ਖੇਤੀ ਸਮੱਗਰੀ ਦੀ ਖ਼ਰੀਦ, ਮਜ਼ਦੂਰਾਂ ਦਾ ਪ੍ਰਬੰਧ, ਮੰਡੀਕਰਨ ਆਦਿ ਮੈਂਬਰ ਕਿਸਾਨਾਂ ਦੁਆਰਾ ਹੀ ਕੀਤਾ ਜਾਂਦਾ ਹੈ। ਸਮੂਹ ਦਾ ਹਰ ਮੈਂਬਰ ਆਪਣੀ ਜ਼ਮੀਨ ਦੀ ਮਾਲਕੀ ਅਤੇ ਕੀਤੀ ਮਿਹਨਤ ਨਾਲ ਕੁੱਲ ਉਤਪਾਦਨ ਦਾ ਹਿੱਸਾ ਕਮਾਉਂਦਾ ਹੈ। ਸਹਿਕਾਰੀ ਖੇਤੀ ਨਾਲ ਪ੍ਰਤੀ ਹੈਕਟੇਅਰ ਪੈਦਾਵਾਰ ਵਿਚ ਵਾਧਾ ਕਰ ਕੇ ਖੇਤੀ ਆਮਦਨ ਵਧਾਈ ਜਾ ਸਕਦੀ ਹੈ। ਸਹਿਕਾਰੀ ਖੇਤੀ ਦੇ ਸਾਰੇ ਛੋਟੇ ਅਤੇ ਸੀਮਾਂਤ ਕਿਸਾਨ ਮੈਂਬਰ ਵੱਡੇ ਆਕਾਰ ਦੀ ਖੇਤੀ ਦਾ ਫ਼ਾਇਦਾ ਲੈ ਸਕਦੇ ਹਨ। ਸਹਿਕਾਰੀ ਖੇਤੀ ਖੇਤੀਬਾੜੀ ਨੂੰ ਲਾਹੇਵੰਦ ਬਣਾ ਕੇ ਪੰਜਾਬੀ ਕਿਸਾਨੀ ਨੂੰ ਮੁੜ ਪੈਰਾਂ ਸਿਰ ਕਰ ਸਕਦੀ ਹੈ।
ਸੰਪਰਕ: 94630-71919