ਕਾਸ਼! ਮੋਬਾਈਲ ਵਰਦਾਨ ਬਣੇ... : The Tribune India

ਕਾਸ਼! ਮੋਬਾਈਲ ਵਰਦਾਨ ਬਣੇ...

ਕਾਸ਼! ਮੋਬਾਈਲ ਵਰਦਾਨ ਬਣੇ...

ਸੁੱਚਾ ਸਿੰਘ ਖੱਟੜਾ

ਸੁੱਚਾ ਸਿੰਘ ਖੱਟੜਾ

ਮਾਪਿਆਂ ਦੀ ਸ਼ਿਕਾਇਤ ਹੈ ਕਿ ਘਰ ਬੱਚੇ ਕਿਤਾਬ ਵੱਲ ਮੂੰਹ ਨਹੀਂ ਕਰਦੇ, ਉੱਧਰ ਸਕੂਲਾਂ ਵਿਚ ਅਧਿਆਪਕ ਕਲਾਸ ਤੋਂ ਬਾਹਰ ਆ ਕੇ ਵਰਾਂਡੇ ਵਿਚ ਪੂਰਾ ਪੂਰਾ ਦਿਨ ਪੀਰੀਅਡ ਮੁਕਾ ਦਿੰਦੇ ਹਨ ਹਾਲਾਂਕਿ ਮੋਬਾਈਲ ਨੂੰ ਵਰਦਾਨ ਬਣਾਉਣ ’ਚ ਅਧਿਆਪਕ ਦੀ ਭੂਮਿਕਾ ਦਾ ਬਦਲ ਕੋਈ ਨਹੀਂ। ਮੋਬਾਈਲ ਦੀ ਵਰਤੋਂ ਦੇ ਪ੍ਰਭਾਵ ਦੱਸ ਕੇ ਹੀ ਇਹ ਕਾਰਜ ਸ਼ੁਰੂ ਕਰਨਾ ਪੈਣਾ ਹੈ। ਅਸੀਂ ਮੋਬਾਈਲ ਦੀ ਥਾਂ ਹਰ ਹੱਥ ਵਿਚ ਕਿਤਾਬ ਤਾਂ ਨਹੀਂ ਫੜਾ ਸਕਦੇ ਪਰ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਕਿਤਾਬਾਂ ਨਾਲ ਰਿਸ਼ਤਾ ਤਾਂ ਕਿਸੇ ਤਰ੍ਹਾਂ ਬਚਾਉਣਾ ਪੈਣਾ ਹੈ।

ਮੋਬਾਈਲ ਅਤੇ ਟੀਵੀ ਨੇ ਦਰਸ਼ਕ ਬਣਾਏ ਹਨ। ਪੜ੍ਹਨਾ ਅਤੇ ਦੇਖਣਾ ਦੋ ਅਲੱਗ ਅਲੱਗ ਕਿਰਿਆਵਾਂ ਹਨ। ਦਰਸ਼ਕ ਅਤੇ ਪਾਠਕ ਹੋਣ ਦੇ ਹਾਸਲ ਵੀ ਵੱਖੋ-ਵੱਖਰੇ ਹਨ। ਦਰਸ਼ਕ ਤੋਂ ਸੋਚਣ ਦੀ ਕਿਰਿਆ ਖੋਹ ਲਈ ਗਈ ਹੁੰਦੀ ਹੈ। ਹੌਲੀ ਹੌਲੀ ਇਸ ਦੀ ਲੋੜ ਹੀ ਮਾਰ ਦਿੱਤੀ ਹੁੰਦੀ ਹੈ। ਸੋਚਣ ਦੀ ਸ਼ਕਤੀ ਮਨੁੱਖ ਨੇ ਆਪਣੀ ਸਰੀਰਕ ਬਣਤਰ, ਸਮਰੱਥਾ ਦੇ ਨਿਰੰਤਰ ਵਿਕਾਸ ਰਾਹੀਂ ਹਾਸਲ ਕੀਤੀ ਹੈ। ਇਹ ਸ਼ਕਤੀ ਕੁਦਰਤ ਵਿਚ, ਕੁਦਰਤ ਨਾਲ ਸਮਾਜ ਵਿਚ ਰਹਿੰਦਿਆਂ ਲੱਖਾਂ ਵਰ੍ਹਿਆਂ ਦੇ ਅਮਲ ਤੋਂ ਪ੍ਰਾਪਤ ਹੋਈ ਹੈ। ਲਗਾਤਾਰ ਦਰਸ਼ਕ ਬਣੇ ਰਹਿਣ ਨਾਲ ਕੁਦਰਤ ਇਸ ਨੂੰ ਖੋਹ ਵੀ ਸਕਦੀ ਹੈ। ਕੁਦਰਤ ਦਾ ਇਹ ਸਰਾਪ ਸੱਭਿਅਤਾ ਦਾ ਵਿਨਾਸ਼ ਹੋ ਨਿਬੜੇਗਾ।

ਇਹੀ ਕਾਰਨ ਹੈ ਕਿ ਦਰਸ਼ਕਾਂ ਨੂੰ ਤਮਾਸ਼ਬੀਨ ਦਾ ਨਾਕਾਰਾਤਮਕ ਲਕਬ ਮਿਲਿਆ ਹੈ। ਪਾਠਕਾਂ ਨੂੰ ਨਾਕਾਰਾਤਮਕ ਲਕਬ ਨਹੀਂ ਹੈ। ਕਿਤਾਬੀ ਕੀੜਾ ਪੜ੍ਹਨ ਦੀ ਬੁਰਾਈ ਦਾ ਸੂਚਕ ਨਹੀਂ, ਸਰੀਰਕ ਤੰਦਰੁਸਤੀ ਉੱਤੇ ਬੁਰੇ ਪ੍ਰਭਾਵ ਵਿਰੁੱਧ ਚਿਤਾਵਨੀ ਹੈ। ਸਰੀਰਕ ਤੰਦਰੁਸਤੀ ਜ਼ਰੂਰੀ ਹੈ ਪਰ ਇਹ ਪੜ੍ਹਦਿਆਂ ਪੜ੍ਹਦਿਆਂ ਕਾਇਮ ਰੱਖੀ ਜਾ ਸਕਦੀ ਹੈ। ਦਰਸ਼ਕ ਬਣੇ ਰਹਿਣ ਨਾਲ ਸੋਚਣ ਸ਼ਕਤੀ ਕਾਇਮ ਰੱਖਣੀ ਸੰਭਵ ਨਹੀਂ। ਦੇਖਣ ਦੀ ਸ਼ਕਤੀ ਨੇ ਮਾਨਵ ਸੱਭਿਅਤਾ ਦੇ ਵਿਕਾਸ ਵਿਚ ਅਥਾਹ ਵਾਧਾ ਕੀਤਾ ਹੈ ਪਰ ਦੇਖਣ ਦੀ ਕਿਰਿਆ ਅਧੂਰੀ ਹੈ, ਇਸੇ ਕਰਕੇ ਇਸ ਦਾ ਪੂਰਕ ਸ਼ਬਦ ਪਰਖਣ ਹੈ, ਦੇਖਣ-ਪਰਖਣ ਮੁਕੰਮਲ ਕਿਰਿਆ ਹੁੰਦੀ ਹੈ। ਪਰਖਣ ਪ੍ਰਕਿਰਿਆ ਦਾ ਵਾਹ ਸੋਚਣ ਦੀ ਪ੍ਰਕਿਰਿਆ ਨਾਲ ਪੈਂਦਾ ਹੈ।

ਹੁਣ ਇਸ ਵਿਸ਼ੇ ਦਾ ਇੱਕ ਹੋਰ ਪਹਿਲੂ ਹੈ। ਦਰਸ਼ਕ ਤੁਸੀਂ ਟੀਵੀ, ਮੋਬਾਈਲ ਕਿਸੇ ਵੀ ਯੰਤਰ ਦੇ ਹੋ; ਜਦੋਂ ਤੁਸੀਂ ਦਰਸ਼ਕ ਹੋ ਤਾਂ ਤੁਹਾਡੀ ਨੇਤਰ ਸ਼ਕਤੀ ਤੁਹਾਡੀ ਅੰਦਰਲੀ ਨੇਤਰ ਸ਼ਕਤੀ ਦਾ ਬੂਹਾ ਭੀੜ ਕੇ ਉਸ ਬਾਹਰਲੇ ਪ੍ਰਸੰਗ ਨਾਲ ਤੁਰ ਪੈਂਦੀ ਹੈ। ਤੁਸੀਂ ਇੱਕ ਘੰਟਾ, ਕਈ ਘੰਟੇ ਇਸ ਕਿਰਿਆ ਵਿਚ ਲਗਾਏ; ਤੁਹਾਨੂੰ ਉਹੀ ਦਿਸੇਗਾ ਜੋ ਤੁਹਾਨੂੰ ਦਿਖਾਇਆ ਜਾ ਰਿਹਾ ਹੈ। ਬਿਨਾ ਸ਼ੱਕ ਕੰਨੀਂ ਸੁਣੇ ਅਤੇ ਅੱਖੀਂ ਦੇਖੇ ਵਿਚੋਂ ਅੱਖੀਂ ਦੇਖਿਆ ਸਟੀਕ ਮੰਨਿਆ ਜਾਂਦਾ ਹੈ ਪਰ ਸਾਡੇ ਫੈਸਲੇ ਉੱਤੇ ਭਾਰੂ ਤਾਂ ਸਾਨੂੰ ਦਿਖਾਇਆ ਜਾਣ ਵਾਲਾ ਜਾਂ ਸਾਨੂੰ ਸੁਣਾਇਆ ਜਾਂਦਾ ਬਿਰਤਾਂਤ ਹੀ ਹੈ। ਸਚਾਈ ਦੇ ਨੇੜੇ ਤੁਹਾਡੀ ਸੋਚਣ ਸ਼ਕਤੀ ਹੀ ਤੁਹਾਨੂੰ ਪਹੁੰਚਾਏਗੀ, ਇਹ ਸ਼ਕਤੀ ਦੇਖਣ ਤੋਂ ਨਹੀਂ, ਪੜ੍ਹਨ ਤੋਂ ਵਿਕਸਿਤ ਹੁੰਦੀ ਹੈ। ਮੋਬਾਈਲ ਜਾਂ ਟੀਵੀ ਪੜ੍ਹਨਯੋਗ ਸਮਾਂ ਨਹੀਂ ਛੱਡਦੇ। ਅਕਸਰ ਹਰ ਸ਼ਖ਼ਸ ਪਾਸ 24 ਘੰਟੇ ਵਿਚੋਂ ਕਿੰਨਾ ਕੁ ਸਮਾਂ ਰੋਜ਼ਾਨਾ ਕਿਰਿਆਵਾਂ, ਜਿਵੇਂ ਰੁਜ਼ਗਾਰ ਲਈ ਕੰਮ-ਧੰਦਾ, ਸਮਾਜਿਕ ਕਾਰਜ, ਨਹਾਉਣ-ਧੋਣ, ਖਾਣ-ਪੀਣ ਅਤੇ ਆਰਾਮ ਕਰਨ ਤੋਂ ਬਚ ਸਕਦਾ ਹੈ? ਜੇ ਉਸ ਥੋੜ੍ਹੇ ਸਮੇਂ ਵਿਚ ਵੀ ਅਸੀਂ ਨਿਰੋਲ ਤਮਾਸ਼ਬੀਨ ਹੀ ਬਣਨਾ ਹੈ ਤਾਂ ਸੱਭਿਅਤਾ ਦਾ ਰੱਬ ਹੀ ਰਾਖਾ।

ਵਿਦਿਆਰਥੀ ਵਰਗ ਲਈ ਇਹ ਵਿਸ਼ਾ ਘੋਖਣਾ ਜ਼ਰੂਰੀ ਹੈ। ਹੁਣ ਦੇਖਣ ਦੀ ਕਿਰਿਆ ਪਿੱਛੋਂ ਪੜ੍ਹਨ ਦੀ ਕਿਰਿਆ ਵੱਲ ਆਈਏ। ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਤਾਂ ਕਿਤਾਬ ਦੇ ਵਿਸ਼ੇ ਬਾਰੇ ਅਸੀਂ ਇੱਕ ਹੋਰ ਸੰਸਾਰ ਵਿਚ ਦਾਖਲ ਹੋ ਜਾਂਦੇ ਹਾਂ। ਅਸੀਂ ਲੇਖਕ ਦੇ ਨਾਲ ਤੁਰਦੇ ਵੀ ਹਾਂ, ਉਸ ਦੇ ਲਿਖੇ ਨੂੰ ਚੌਗਿਰਦੇ ਵਿਚ ਨਾਲ ਦੀ ਨਾਲ ਤਸਦੀਕ ਕਰਦੇ ਜਾਂ ਨਕਾਰਦੇ ਵੀ ਹਾਂ। ਮੋਬਾਈਲ ਦੀ ਜਾਣਕਾਰੀ ਲੰਮੀ ਪਾਈਪ ਰਾਹੀਂ ਦੇਖਣਾ ਹੈ ਜਿਸ ਦਾ ਦ੍ਰਿਸ਼ ਪਾਈਪ ਦੇ ਛੇਕ/ਮਘੋਰੇ ਤੱਕ ਸੀਮਤ ਹੈ। ਕਿਤਾਬ ਪੜ੍ਹਨਾ ਖੁੱਲ੍ਹੀ ਖਿੜਕੀ ਵਿਚੋਂ ਦੇਖਣਾ ਹੈ। ਇੱਕ ਕਿਰਿਆ ਸਾਡੀਆਂ ਸਰੀਰਕ ਅੱਖਾਂ ਦੇ ਦ੍ਰਿਸ਼ਟੀ-ਖੇਤਰ ਨੂੰ ਵੀ ਸੀਮਤ ਕਰਕੇ ਸਾਨੂੰ ਸਾਡੀ ਸੋਚਣ ਕਿਰਿਆ ਨੂੰ ਤਾਲਾ ਲਾ ਕੇ ਪਿੱਛੇ ਆਉਣ ਲਈ ਉਕਸਾਉਂਦੀ ਹੈ, ਦੂਜੀ ਕਿਰਿਆ ਸਰੀਰਕ ਅੱਖਾਂ ਨੂੰ ਆਪਣੇ ’ਤੇ ਕੇਂਦਰਤ ਕਰਕੇ ਸਾਡੀ ਅੰਦਰਲੀ ਨੇਤਰ ਸ਼ਕਤੀ ਨੂੰ ਖੁੱਲ੍ਹੀ ਖਿੜਕੀ ਰਾਹੀਂ ਚੁਫੇਰਾ ਦੇਖਣ, ਦੇਖਿਆ ਪਰਖਣ, ਸਭ ਕੁਝ ਨਾਲੋ-ਨਾਲ ਕਰਦੀ ਹੈ। ਸੰਸਾਰ ਦਾ ਗਿਆਨ ਭੰਡਾਰ ਕੇਵਲ ਦੇਖਣ ਦੀ ਕਿਰਿਆ ਦੀ ਦੇਣ ਨਹੀਂ, ਪਰਖਣ ਤੋਂ ਉਪਜਿਆ ਹੈ। ਪਰਖਣ ਕਿਰਿਆ ਸੋਚਣ ਨਾਲ ਵਿਕਸਿਤ ਹੁੰਦੀ ਹੈ।

ਸੇਬ ਹੀ ਨਹੀਂ, ਹਰ ਪੱਕਾ-ਕੱਚਾ ਫਲ ਦਰਖਤਾਂ ਤੋਂ ਧਰਤੀ ’ਤੇ ਡਿਗਦਾ ਕਿਸ ਨੇ ਨਹੀਂ ਦੇਖਿਆ? ਪਰ ਨਿਊਟਨ ਨੇ ਦੇਖਿਆ ਅਤੇ ਉਹ ਸੋਚਣ ਪ੍ਰਕਿਰਿਆ ਮੰਡਲ ਵਿਚ ਚਲਿਆ ਗਿਆ। ਉਸ ਨੇ ਪਹਿਲੇ ਵਿਗਿਆਨੀਆਂ ਦੇ ਇਸ ਵਿਸ਼ੇ ਉੱਤੇ ਵਿਚਾਰ ਪੜ੍ਹੇ, ਪੜ੍ਹਦਿਆਂ ਪੜ੍ਹਦਿਆਂ ਸੋਚਿਆ ਕਿ ਇੰਝ ਨਹੀਂ, ਕੁਦਰਤ ਵਿਚ ਇਹ ਵਰਤਾਰਾ ਇੰਝ ਹੈ, ਇਸ ਕੁਦਰਤ ਦੇ ਨਿਯਮ ’ਤੇ ਹੈ। ਸੇਬ ਡਿਗਣ ਦੇ ਦਰਸ਼ਕ ਤਾਂ ਸਾਰੇ ਸਨ ਪਰ ਉਹ ਦਰਸ਼ਕ ਤੋਂ ਪਾਠਕ ਅਤੇ ਪਾਠਕ ਤੋਂ ਸੋਚਵਾਨ ਅਤੇ ਅੰਤ ਨੂੰ ਵਿਗਿਆਨੀ ਬਣਿਆ। ਵਿਗਿਆਨ ਭਲੇ ਹੀ ਉਸ ਤੋਂ ਅੱਗੇ ਚਲਾ ਗਿਆ ਪਰ ਹਰ ਵਿਗਿਆਨੀ ਨੂੰ ਨਿਊਟਨ ਅਤੇ ਵਿਗਿਆਨ ਦਾ ਪਾਠਕ ਬਣਨਾ ਪਿਆ। ਇਸ ਲਈ ਵਿਦਿਆਰਥੀ ਨੂੰ ਆਪਣੀ ਪਾਠਕ ਹੋਣ ਦੀ ਲੋੜ ਦਰਸ਼ਕ ਹੋਣ ਉੱਤੇ ਵਾਰਨੀ ਨਹੀਂ ਚਾਹੀਦੀ। ਵਿਦਿਆਰਥੀ ਕਿਸੇ ਵੀ ਵਿਸ਼ੇ ਜਾਂ ਸਟ੍ਰੀਮ ਦਾ ਹੋਵੇ, ਉਸ ਨੇ ਹੁਣ ਤੱਕ ਦੇ ਗਿਆਨ ਨੂੰ ਸੰਭਾਲਣਾ ਹੈ, ਅੱਗੇ ਉਸ ਵਿਚ ਹੋਰ ਵਾਧਾ ਕਰਨਾ ਹੈ। ਇਹ ਪਾਠਕ ਬਣ ਕੇ ਹੀ ਸੰਭਵ ਹੈ।

ਸਰਕਾਰਾਂ ਦਾ ਏਜੰਡਾ ਨਾਗਰਿਕ ਨੂੰ ਦਰਸ਼ਕ ਬਣਾ ਕੇ ਰੱਖਣ ਦਾ ਹੈ; ਦਰਸ਼ਕਾਂ ਨੂੰ ਤਮਾਸ਼ਬੀਨ ਬਣਾ ਕੇ ਰੱਖਣ ਲਈ ਪਰੋਸਣ ਖ਼ਾਤਿਰ ਉਸ ਪਾਸ ਗੋਦੀ ਮੀਡੀਆ ਦੀ ਫ਼ੌਜ ਹੈ। ਮਹਿੰਗਾਈ, ਬੇਰੁਜ਼ਗਾਰੀ ਵਰਗੇ ਵਿਸ਼ਿਆਂ ’ਤੇ ਸਰਕਾਰ ਦੇ ਸ਼ਰਧਾਲੂਆਂ ਦੇ ਵਿਚਾਰ ਮਸਲਿਆਂ ਉੱਤੇ ਪੜ੍ਹਨ ਖੋਜਣ ਦੀ ਉਪਜ ਨਹੀਂ। ਪੜ੍ਹਨ-ਸੋਚਣ ਦੀ ਪ੍ਰਕਿਰਿਆ ਵਿਨਾਸ਼ ਵਿਚੋਂ ਉਪਜੇ ਹਨ। ਮਾਨਵ ਸੱਭਿਅਤਾ ਦੇ ਵਿਕਾਸ ਵਿਚ ਮੋਬਾਈਲ ਦੀ ਆਮਦ ਇੱਕ ਪੜਾਅ ਹੈ। ਮਾਨਵ ਦੀ ਸਰੀਰਕ ਅਤੇ ਮਾਨਸਿਕ ਸਿਹਤ ’ਤੇ ਇਸ ਦੇ ਪ੍ਰਭਾਵ ਸੱਭਿਆਚਾਰ ਅਤੇ ਸੱਭਿਅਤਾ ਤੱਕ ਨੂੰ ਪ੍ਰਭਾਵਿਤ ਕਰਨਗੇ। ਲੋੜ ਹੈ, ਇਹ ਸਰਾਪ ਦੀ ਥਾਂ ਵਰਦਾਨ ਹੋ ਨਿਬੜੇ।

ਸੰਪਰਕ: 94176-52947

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...

ਸ਼ਹਿਰ

View All