ਵਿਪਨ ਕੁਮਾਰ
ਮੇਰਾ ਨਾਨਾ ਰੇਲਵੇ ਵਿਚ ਨੌਕਰੀ ਕਰਦਾ ਸੀ। ਜਦੋਂ ਨਾਨੇ ਦੀ ਪੋਸਟਿੰਗ ਅੰਮ੍ਰਿਤਸਰ ਸੀ, ਉਦੋਂ ਮੇਰੇ ਮੰਮੀ ਡੈਡੀ ਦਾ ਵਿਆਹ ਹੋਇਆ ਸੀ। ਮੇਰੇ ਦਾਦਕੇ ਮੰਮੀ ਨੂੰ ‘ਸ਼ਹਿਰਨ’ ਕਹਿੰਦੇ ਹੁੰਦੇ ਸਨ। ਉਹ ‘ਬੂਰੇ ਵਾਲੀ ’ਗਿਠੀ’ ’ਤੇ ਰੋਟੀਆਂ ਬਣਾਉਣਾ ਜਾਣਦੀ ਸੀ ਪਰ ਉਹਨੇ ਕਦੇ ਚੁੱਲ੍ਹਾ ਨਹੀਂ ਸੀ ਬਾਲਿਆ। ਇਸ ਲਈ ਉਹਨੂੰ ਚੁੱਲ੍ਹੇ ’ਤੇ ਰੋਟੀ ਬਣਾਉਣੀ ਨਹੀਂ ਸੀ ਆਉਂਦੀ। ਉਹਨੂੰ ਪੱਠੇ ਨਹੀਂ ਸੀ ਵੱਢਣੇ ਆਉਂਦੇ। ਨਾ ਹੀ ਮੱਝਾਂ ਚੋਣੀਆਂ ਆਉਂਦੀਆਂ ਸਨ। ਖੇਤਾਂ ਵਿਚ ਦਿਹਾੜੀ ਕਰਨੀ ਤਾਂ ਦੂਰ ਦੀ ਗੱਲ ਸੀ।
ਉਨ੍ਹਾਂ ਸਮਿਆਂ ਵਿਚ ਵਿਹੜੇ ਕੱਚੇ ਹੀ ਹੋਇਆ ਕਰਦੇ ਸਨ। ਮੰਮੀ ਨੂੰ ਗੋਹਾ ਫੇਰਨਾ/ਵਿਹੜਾ ਲਿੱਪਣਾ ਵੀ ਨਹੀਂ ਸੀ ਆਉਂਦਾ। ਇਕ ਵਾਰ ਮੇਰੀ ਦਾਦੀ ਨੇ ਮੰਮੀ ਨੂੰ ਵਿਹੜਾ ਲਿੱਪਣ ਲਈ ਕਿਹਾ ਤਾਂ ਮੰਮੀ ਨੇ ਬਾਲਟੀ ਵਿਚ ਪਾਣੀ ਲਿਆ ਤੇ ਉਸ ਵਿਚ ਗੋਹਾ ਤੇ ਲਾਲ ਮਿੱਟੀ ਪਾ ਕੇ ਘੋਲ ਤਿਆਰ ਕਰ ਲਿਆ। ਹੱਥ ਨਾਲ ਲਿਪਣਾ ਤਾਂ ਆਉਂਦਾ ਨਹੀਂ ਸੀ, ਇਸ ਲਈ ਮੰਮੀ ਨੇ ਬਾਲਟੀ ਵਾਲਾ ਘੋਲ ਵਿਹੜੇ ਵਿਚ ਡੋਲ੍ਹ ਕੇ ਉੱਪਰੋਂ ਝਾੜੂ ਫੇਰ ਦਿੱਤਾ। ਥੋੜ੍ਹੀ ਦੇਰ ਬਾਅਦ ਜਦ ਮੇਰਾ ਦਾਦਾ ਘਰ ਆਇਆ ਤਾਂ ਉਹ ਵਿਹੜੇ ਵਿਚ ਡੋਲ੍ਹੇ ਘੋਲ ਤੋਂ ਤਿਲ੍ਹਕ ਕੇ ਡਿੱਗ ਪਿਆ। ਡਿੱਗਦੇ ਸਾਰ ਦਾਦੇ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੰਮੀ ਪਰ੍ਹਾਂ ਖੜ੍ਹੀ ਚੁੰਨੀ ’ਚ ਮੂੰਹ ਲੁਕਾ ਕੇ ਹੱਸੀ ਗਈ।
ਦੂਜੇ ਪਾਸੇ ਮੇਰਾ ਡੈਡੀ ਦੋ ਰੁਪਏ ਦਿਹਾੜੀ ’ਤੇ ‘ਮੂੰਗਫਲੀ’ ਪੁੱਟਣ ਜਾਇਆ ਕਰਦਾ ਸੀ। ਦੋ ਰੁਪਏ ਦਿਹਾੜੀ ’ਤੇ ਹੀ ‘ਗਾਜਰਾਂ ਦਾ ਛੇਜਾ’ ਵੱਢਣ ਜਾਇਆ ਕਰਦਾ ਸੀ। ਪਸ਼ੂ ਤਾਂ ਘਰ ਵਿਚ ਹੈ ਹੀ ਸਨ। ਇਸ ਲਈ ਡੈਡੀ ਨੂੰ ‘ਪੱਠੇ ਵੱਢਣੇ’ ਤੇ ‘ਧਾਰਾਂ ਚੋਣੀਆਂ’ ਵੀ ਆਉਂਦੀਆਂ ਸਨ। ਮੇਰੇ ਦਾਦਕੇ ਉਸ ਔਰਤ ਨੂੰ ਔਰਤ ਹੀ ਨਹੀਂ ਸੀ ਸਮਝਦੇ ਜਿਹੜੀ ਲੋਹ/ਤਵੀ ’ਤੇ ਇਕੱਲਿਆਂ ਰੋਟੀ ਨਹੀਂ ਸੀ ਬਣਾ ਸਕਦੀ। ਇਸ ਲਈ ਡੈਡੀ ਦੀ ਮੰਮੀ ਨਾਲ ਇਸੇ ਗੱਲੋਂ ਲੜਾਈ ਰਹਿੰਦੀ ਸੀ ਕਿ ਮੰਮੀ ਕੁਝ ਵੀ ਕਰਨਾ ਨਹੀਂ ਸੀ ਜਾਣਦੀ।
ਡੈਡੀ ਮੇਰੇ ਦਾਦਾ-ਦਾਦੀ ਨਾਲ ਲੜ ਕੇ ਵੱਖ ਹੋ ਗਿਆ। ਉਨ੍ਹਾਂ ਦਿਨਾਂ ’ਚ ਡੈਡੀ ਨੂੰ ਟੀ.ਬੀ. ਹੋ ਗਈ। ਡੈਡੀ ਨੂੰ ਖ਼ੂਨ ਦੀਆਂ ਉਲਟੀਆਂ ਆਉਂਦੀਆਂ। ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਰ ਵਿਚ ਆਮਦਨ ਦਾ ਕੋਈ ਹੀਲਾ ਨਹੀਂ ਸੀ। ਮੰਮੀ ਨੇ ਨਾਨੀ ਕੋਲੋਂ ਰਾਸ਼ਨ ਲੈ ਆਉਣਾ। ਪਰ ਬਾਕੀ ਖਰਚੇ? ਇਸ ਲਈ ਉਹਨੇ ਸਾਡੇ ਪਿੰਡ ਵਿਚਲੇ ਆਲੂਆਂ ਦੇ ਕੋਲਡ ਸਟੋਰ ਵਿਚ ਦਿਹਾੜੀ ਕੀਤੀ ਪਰ ਦਿਹਾੜੀ ਬਹੁਤੀ ਨਾ ਹੋਣ ਕਰਕੇ ਮੰਮੀ ਨੇ ਫੈਕਟਰੀ ਲੱਗਣ ਦੀ ਸੋਚੀ। ਨਾਲ ਹੀ ਮੇਰੇ ਸਭ ਤੋਂ ਵੱਡੇ ਭਰਾ ਨੂੰ ਚੌਥੀ ਵਿਚੋਂ ਪੜ੍ਹਨੋਂ ਹਟਾ ਲਿਆ ਗਿਆ। ਮੇਰਾ ਵੱਡਾ ਭਰਾ ਤੇ ਮੰਮੀ ਚੱਪਲਾਂ ਬਣਾਉਣ ਵਾਲੀ ਫੈਕਟਰੀ ਵਿਚ ਲੱਗ ਗਏ। ਘਰ ਵਿਚ ਚੱਪਲਾਂ ਦੀਆਂ ਬੱਧਰੀਆਂ ਆਉਣ ਲੱਗੀਆਂ। ਅਸੀਂ ਕੈਂਚੀ ਨਾਲ ਬੱਧਰੀਆਂ ਦੀ ਕਟਾਈ ਕਰਦੇ। ਜਦੋਂ ਡੈਡੀ ਠੀਕ ਹੋ ਗਿਆ ਤਾਂ ਮੰਮੀ ਨੇ ਫੈਕਟਰੀ ਜਾਣਾ ਬੰਦ ਕਰ ਦਿੱਤਾ।
ਇੰਨਾ ਕਰਨ ਦੇ ਬਾਵਜੂਦ ਡੈਡੀ ਮੰਮੀ ਨਾਲ ਹਮੇਸ਼ਾ ਲੜਦਾ ਕਿਉਂਕਿ ਉਹਨੂੰ ਪੱਠੇ ਵੱਢਣੇ ਨਹੀਂ ਸੀ ਆਉਂਦੇ। ਧਾਰਾਂ ਚੋਣੀਆਂ ਨਹੀਂ ਸੀ ਆਉਂਦੀਆਂ। ਸਭ ਤੋਂ ਵੱਡੀ ਗੱਲ ਮੰਮੀ ਲੋਹ/ਤਵੀ ’ਤੇ ਤਾਂ ਇਕ ਪਾਸੇ, ਉਹ ਚੁੱਲ੍ਹੇ ’ਤੇ ਵੀ ’ਕੱਲੀ ਰੋਟੀ ਨਹੀਂ ਸੀ ਬਣਾ ਸਕਦੀ। ਇਸ ਲਈ ਰੋਜ਼ ਸਵੇਰੇ ਡੈਡੀ ਚੁੱਲ੍ਹੇ ’ਚ ਅੱਗ ਬਾਲਦਾ ਤੇ ਮੰਮੀ ਰੋਟੀ ਬਣਾਉਂਦੀ। ਡੈਡੀ ਵਾਰ-ਵਾਰ ਟੋਕਦਾ ਰਹਿੰਦਾ। ਮੰਮੀ ਨੂੰ ਹੱਥ ਤੇਜ਼ ਚਲਾਉਣ ਲਈ ਕਹਿੰਦਾ। ਮੰਮੀ ਰੋਟੀ ਤਵੇ ’ਤੇ ਪਾ ਕੇ ਉਹਨੂੰ ਹੀ ਸੇਕਦੀ ਰਹਿੰਦੀ। ਨਵਾਂ ਪੇੜਾ ਨਾ ਕਰਦੀ। ਜਦ ਤਵੇ ਵਾਲੀ ਰੋਟੀ ਪੱਕ ਜਾਂਦੀ, ਫੇਰ ਉਹ ਅਗਲੀ ਰੋਟੀ ਬਣਾਉਣ ਲੱਗਦੀ।
ਸਰਦੀਆਂ ਦੇ ਦਿਨ ਸਨ। ਮੈਂ, ਮੰਮੀ ਤੇ ਡੈਡੀ ਚੁੱਲ੍ਹੇ ਮੂਹਰੇ ਬੈਠੇ ਹੋਏ ਸਾਂ। ਮੈਂ ਵਾਰ-ਵਾਰ ਚੁੱਲ੍ਹੇ ਦੇ ਮੂੰਹ ਮੂਹਰੇ ਹੱਥ ਕਰ ਲਿਆ ਕਰਾਂ। ਡੈਡੀ ਨੇ ਦੋ ਕੁ ਵਾਰ ਮੈਨੂੰ ਟੋਕਿਆ ਪਰ ਮੈਂ ਵਾਰ-ਵਾਰ ਉਹੀ ਹਰਕਤ ਕਰੀ ਜਾ ਰਿਹਾ ਸਾਂ। ਉਸ ਨੂੰ ਖਿਝ ਚੜ੍ਹ ਰਹੀ ਸੀ। ਦੂਜੇ ਪਾਸੇ ਮੰਮੀ ਉਹੀ ਨੇਮ ਦੁਹਰਾ ਰਹੀ ਸੀ ਜਿਸ ਤੋਂ ਡੈਡੀ ਨੂੰ ਗੁੱਸਾ ਚੜ੍ਹਦਾ ਸੀ। ਡੈਡੀ ਨੇ ਮੰਮੀ ਨੂੰ ਦੋ ਕੁ ਵਾਰ ਕਿਹਾ ਵੀ ਪਰ ਮੰਮੀ ਆਦਤ ਤੋਂ ਮਜਬੂਰ ਸੀ। ਡੈਡੀ ਨੂੰ ਇੰਨੀ ਖਿਝ ਚੜ੍ਹੀ ਕਿ ਉਸ ਨੇ ਗਰਮ-ਗਰਮ ਚਿਮਟਾ ਮੰਮੀ ਦੇ ਖੱਬੇ ਹੱਥ ’ਤੇ ਮਾਰਿਆ। ਮੰਮੀ ਦੇ ਹੱਥ ਦਾ ਮਾਸ ਉੱਖੜ ਗਿਆ। ਪਰ ਮੰਮੀ ਨੇ ਮੂੰਹੋਂ ‘ਸੀ’ ਤੱਕ ਨਾ ਕੀਤੀ। ਉਹ ਉਸੇ ਤਰ੍ਹਾਂ ਬੈਠੀ ਰੋਟੀ ਬਣਾਉਂਦੀ ਰਹੀ। ਮੰਮੀ ਦਾ ਹੱਥ ਦੇਖ ਕੇ ਮੈਂ ਰੋਣਾ ਸ਼ੁਰੂ ਕਰ ਦਿੱਤਾ। ਉਹ ਘਟਨਾ ਹਮੇਸ਼ਾ ਲਈ ਮੇਰੇ ਅਵਚੇਤਨ ਵਿਚ ਵੱਸ ਗਈ।
ਜਦ ਮੈਂ ਜਵਾਨ ਹੋਇਆ ਤਾਂ ਮੈਂ ਇਕ ਫ਼ੈਸਲਾ ਕਰ ਚੁੱਕਾ ਸੀ। “ਮੈਨੂੰ ਇਹ ਤਾਂ ਨਹੀਂ ਪਤਾ ਕਿ ਮੈਂ ਕਿੱਦਾਂ ਦਾ ਪਤੀ ਬਣਾਗਾਂ। ਪਰ ਮੈਂ ਕਿੱਦਾਂ ਦਾ ਪਤੀ ਨਹੀਂ ਬਣਨਾ, ਇਹ ਮੈਨੂੰ ਪਤਾ।” ਜ਼ਿੰਦਗੀ ਅਨੁਭਵਾਂ ਦਾ ਸੰਗ੍ਰਹਿ ਹੈ। ਇਸ ਲਈ ਇਸੇ ਗੱਲ ਨੂੰ ਮੈਂ ਆਪਣੇ ਦੋਸਤਾਂ ’ਤੇ ਵੀ ਲਾਗੂ ਕਰਦਾ ਹਾਂ, “ਮੈਨੂੰ ਇਹ ਤਾਂ ਨਹੀਂ ਪਤਾ ਕਿ ਮੈਂ ਕਿਹੋ ਜਿਹਾ ਦੋਸਤ ਸਾਬਤ ਹੋਵਾਂਗਾ ਪਰ ਮੈਂ ਕਿਹੋ ਜਿਹਾ ਦੋਸਤ ਨਹੀਂ ਸਾਬਤ ਹੋਣਾ, ਇਹ ਮੈਨੂੰ ਪਤਾ।” ਹੁਣ ਜਦੋਂ ਮੈਂ ਪੀਐੱਚ.ਡੀ. ਕਰ ਰਿਹਾ ਹਾਂ ਤੇ ਨੇੜਲੇ ਭਵਿੱਖ ਵਿਚ ਅਧਿਆਪਕ ਬਣਨਾ ਹੈ ਤਾਂ ਮੈਂ ਇਸ ਗੱਲ ਪ੍ਰਤੀ ਵੀ ਸਪੱਸ਼ਟ ਹਾਂ, “ਮੈਨੂੰ ਇਹ ਤਾਂ ਨਹੀਂ ਪਤਾ ਕਿ ਮੈਂ ਕਿਹੋ ਜਿਹਾ ਅਧਿਆਪਕ ਬਣਾਗਾਂ ਪਰ ਮੈਂ ਕਿਹੋ ਜਿਹਾ ਅਧਿਆਪਕ ਨਹੀਂ ਬਣਨਾ, ਇਹ ਮੈਨੂੰ ਪਤਾ।” ਕਿਹੋ ਜਿਹਾ ਨਹੀਂ ਬਣਨਾ, ਇਹ ਤਾਂ ਬੰਦੇ ਦੇ ਆਪਣੇ ਹੱਥ-ਵੱਸ ਹੁੰਦਾ ਹੈ।
ਸੰਪਰਕ: 94636-13986