ਡਾ. ਅਰੁਣ ਮਿੱਤਰਾ
ਡਾਕਟਰ ਦੇ ਤੌਰ ’ਤੇ ਸਿਖਲਾਈ ਦੌਰਾਨ ਸਾਨੂੰ ਸਿਖਾਇਆ ਗਿਆ ਕਿ ਸਾਡੇ ਕੋਲ ਆਉਣ ਵਾਲੇ ਕਿਸੇ ਵੀ ਸ਼ਖ਼ਸ ਲਈ ਹਮਦਰਦੀ, ਪਿਆਰ ਅਤੇ ਪੂਰੀ ਤਨਦੇਹੀ ਨਾਲ ਦੇਖਭਾਲ ਕਰਨਾ ਸਾਡਾ ਪਰਮ ਕਰਤੱਵ ਹੈ। ਇਹ ਕਦਰਾਂ-ਕੀਮਤਾਂ ਜਿ਼ਆਦਾਤਰ ਡਾਕਟਰਾਂ ਦੇ ਜੀਵਨ ਦਾ ਹਿੱਸਾ ਬਣ ਜਾਂਦੀਆਂ ਹਨ। ਕਿਸੇ ਵੀ ਸ਼ਖ਼ਸ ਦਾ ਵਿਗਿਆਨਕ ਢੰਗ ਨਾਲ ਜਾਤ, ਨਸਲ, ਧਰਮ, ਲਿੰਗ ਜਾਂ ਸਮਾਜਿਕ, ਆਰਥਿਕ ਹਾਲਤ ਦੇ ਪੱਖਪਾਤ ਤੋਂ ਬਿਨਾ ਇਲਾਜ ਕਰਨਾ, ਦੇਖਭਾਲ ਕਰਨਾ ਅਤੇ ਸਲਾਹ ਦੇਣਾ ਡਾਕਟਰ ਦਾ ਫਰਜ਼ ਹੈ। ਮੈਡੀਕਲ ਵਿਗਿਆਨ ਨੇ ਸਾਬਤ ਕੀਤਾ ਹੈ ਕਿ ਸਾਰੇ ਮਨੁੱਖਾਂ ਦਾ ਖੂਨ ਇੱਕੋ ਜਿਹਾ ਹੈ, ਇਸ ਲਈ ਡਾਕਟਰ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਅਤੇ ਹਿੰਸਾ ਵਿਰੁੱਧ ਬੋਲਣ ਲਈ ਸਭ ਤੋਂ ਅੱਗੇ ਰਹੇ ਹਨ। ਉਨ੍ਹਾਂ ਹਿੰਸਕ ਘਟਨਾਵਾਂ ਵਿਚ ਵਰਤੇ ਜਾਣ ਵਾਲੇ ਛੋਟੇ ਹਥਿਆਰਾਂ ਦੇ ਪ੍ਰਸਾਰ ’ਤੇ ਰੋਕ ਲਗਾਉਣ ਲਈ ਆਵਾਜ਼ ਉਠਾਈ ਹੈ। ਪਰਮਾਣੂ ਸ਼ਕਤੀ ਅਤੇ ਪਰਮਾਣੂ ਹਥਿਆਰਾਂ ਨਾਲ ਹਿੰਸਾ ਦੇ ਖ਼ਤਰੇ ਖਿ਼ਲਾਫ਼ ਬੋਲਣਾ ਅਤੇ ਸਮੂਹਿਕ ਵਿਨਾਸ਼ ਦੇ ਹਥਿਆਰਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਮੰਗ ਕਰਨਾ ਸਾਡੇ ਲਈ ਕੁਦਰਤੀ ਹੈ। ਡਾਕਟਰ ਸਰਹੱਦਾਂ ਦੀ ਪ੍ਰਵਾਹ ਕੀਤੇ ਬਿਨਾ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਕੁਦਰਤੀ ਅਤੇ ਮਨੁੱਖੀ ਬਿਪਤਾ ਦੇ ਸਭ ਤੋਂ ਔਖੇ ਹਾਲਾਤ ਵਿਚ ਵੀ ਕੰਮ ਕੀਤਾ ਹੈ। ਇਸ ਲਈ ਦੁੱਖ ਹੁੰਦਾ ਹੈ ਜਦੋਂ ਕੋਈ ਸ਼ਖ਼ਸ ਦੂਜੇ ਧਰਮ, ਜਾਤ, ਨਸਲੀ ਸਮੂਹਾਂ ਜਾਂ ਲਿੰਗ ਦੇ ਅਧਾਰ ’ਤੇ ਪੱਖਪਾਤ ਦੀ ਗੱਲ ਕਰਦਾ ਹੈ।
ਇਹ ਪੱਖਪਾਤੀ ਸੋਚ ਮਨੁੱਖੀ ਭਾਵਨਾਵਾਂ ਵਿਚ ਸ਼ੁਰੂ ਤੋਂ ਨਹੀਂ ਹੁੰਦੀ ਬਲਕਿ ਜੀਵਨ ਦੇ ਵਿਕਾਸ ਦੌਰਾਨ ਬਚਪਨ ਤੋਂ ਅੱਲੜ ਅਵਸਥਾ ਤੱਕ ਸੁਣੀਆਂ ਗੱਲਾਂ ਰਾਹੀਂ ਪੈਦਾ ਅਤੇ ਵਿਕਸਤ ਹੁੰਦੀ ਹੈ। ਆਲੇ-ਦੁਆਲੇ ਦਾ ਮਾਹੌਲ ਸਾਡੀ ਵਿਚਾਰ ਪ੍ਰਕਿਰਿਆ ਨੂੰ ਬਣਾਉਣ ਵਿਚ ਕਾਫੀ ਹੱਦ ਤੱਕ ਮਦਦ ਕਰਦਾ ਹੈ। ਅਜਿਹੀਆਂ ਕੱਟੜ ਭਾਵਨਾਵਾਂ ਅੰਤ ਵਿਚ ਨਫ਼ਰਤ ਵਿਚ ਬਦਲ ਸਕਦੀਆਂ ਹਨ ਤੇ ਅਸਹਿਮਤ ਜਾਂ ਸਵਾਲ ਕਰਨ ਵਾਲਿਆਂ ਪ੍ਰਤੀ ਹਿੰਸਾ ਕਰਨ ਦੀ ਹੱਦ ਤੱਕ ਪਹੁੰਚ ਸਕਦੀਆਂ ਹਨ। ਦੁਨੀਆ ਭਰ ਵਿਚ ਵੱਖ ਵੱਖ ਸਮੇਂ ਕਈ ਥਾਵਾਂ ’ਤੇ ਇੰਝ ਵਾਪਰਦਾ ਰਿਹਾ ਹੈ।
ਨਾਜ਼ੀਆਂ ਨੂੰ ਯਹੂਦੀਆਂ ਜਾਂ ਹੋਰਾਂ ਨੂੰ ਜੋ ਉਨ੍ਹਾਂ ਦੀ ਵਿਚਾਰਧਾਰਾ ਦੇ ਅਨੁਸਾਰ ਨਹੀਂ ਸਨ ਜਾਨੋਂ ਮਾਰਨ ਦਾ ਕੋਈ ਪਛਤਾਵਾ ਨਹੀਂ ਸੀ। ਰਵਾਂਡਾ ਵਿਚ 7 ਅਪਰੈਲ ਤੋਂ 15 ਜੁਲਾਈ 1994 ਤੱਕ 100 ਦਿਨ ਹੋਈ ਹਿੰਸਾ ਵਿਚ 8 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ। ਇੱਥੇ ਹੁਤੂ ਕਬੀਲੇ ਦੀ ਅਗਵਾਈ ਵਾਲੀ ਸਰਕਾਰ ਨੇ ਤੁਤਸੀ ਕਬੀਲੇ ਦੇ ਲੋਕਾਂ ਅਤੇ ਲੋਕਤੰਤਰੀ ਵਿਚਾਰ ਰੱਖਣ ਵਾਲੇ ਹੁਤੂਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ। ਨਫ਼ਰਤ ਇਸ ਹੱਦ ਤੱਕ ਸੀ ਕਿ ਦੂਜੇ ਕਬੀਲੇ ਦੀ ਹੋਣ ਕਾਰਨ ਕਈ ਪਤੀਆਂ ਨੇ ਆਪਣੀਆਂ ਪਤਨੀਆਂ ਨੂੰ ਵੀ ਜਾਨੋਂ ਮਾਰ ਦਿੱਤਾ। ਭਾਰਤ ਦੀ ਵੰਡ ਸਮੇਂ ਫਿਰਕੂ ਹਿੰਸਾ ਦੌਰਾਨ 20 ਲੱਖ ਤੋਂ ਵੱਧ ਲੋਕ ਮਾਰੇ ਜਾਣ ਦਾ ਅਨੁਮਾਨ ਹੈ ਜਿਸ ਵਿਚ ਹਿੰਦੂ, ਮੁਸਲਮਾਨ ਅਤੇ ਸਿੱਖਾਂ ਨੇ ਇੱਕ ਦੂਜੇ ਨੂੰ ਬਿਨਾ ਕਿਸੇ ਕਾਰਨ ਮਾਰਿਆ ਸੀ। ਪੰਜਾਬ ਵਿਚ ਅਤਿਵਾਦੀ ਹਿੰਸਾ, 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਦੌਰਾਨ ਜੋ ਕੁਝ ਹੋਇਆ ਜਾਂ 1984 ਵਿਚ ਸਿੱਖ ਕਤਲੇਆਮ, ਕਸ਼ਮੀਰ ਵਿਚ ਲੰਮੇ ਸਮੇਂ ਤੋਂ ਚਲ ਰਹੀ ਹਿੰਸਾ ਇਹ ਸਭ ਸਾਡੇ ਲੋਕਤੰਤਰ ਉੱਤੇ ਕਲੰਕ ਹਨ।
ਵਿਗਿਆਨ ਅਤੇ ਤਕਨਾਲੋਜੀ ਦੇ ਅਜੋਕੇ ਸਮੇਂ ਵਿਚ ਵੀ ਅਜਿਹੀਆਂ ਸ਼ਕਤੀਆਂ ਮੌਜੂਦ ਹਨ ਜੋ ਧਰਮ ਜਾਂ ਨਸਲ ਦੇ ਨਾਮ ’ਤੇ ਸੱਤਾ ਵਿਚ ਰਹਿਣ ਲਈ ਆਪਣੀਆਂ ਲੋੜਾਂ ਦੇ ਅਨੁਕੂਲ ਕਾਨੂੰਨ ਬਦਲਦੀਆਂ ਹਨ। ਪੁਰਖ-ਪ੍ਰਧਾਨ ਸਮਾਜ ਵਿਚ ਔਰਤਾਂ ਇਹਨਾਂ ਲੋਕਾਂ ਦੁਆਰਾ ਕੀਤੀ ਧਰਮ ਦੀ ਗਲਤ ਵਿਆਖਿਆ ਕਾਰਨ ਸਭ ਤੋਂ ਵੱਧ ਮਾਰ ਝੱਲਦੀਆਂ ਹਨ। ਇਹ ਲੋਕ ਔਰਤਾਂ ਨੂੰ ਅਧੀਨ ਰੱਖਣਾ ਚਾਹੁੰਦੇ ਹਨ, ਔਰਤਾਂ ਬਾਰੇ ਸਾਰੇ ਫ਼ੈਸਲੇ ਇਹੋ ਮਰਦ ਲੈਂਦੇ ਹਨ। ਔਰਤਾਂ ’ਤੇ ਪਾਬੰਦੀਆਂ, ਡ੍ਰੈੱਸ ਕੋਡ ਅਤੇ ਹੋਰ ਚੀਜ਼ਾਂ ਲਗਾਉਣਾ ਆਸਾਨ ਹੈ। ਇਰਾਨ ਵਿਚ ਵਾਪਰੀਆਂ ਘਟਨਾਵਾਂ ਇਸ ਵੱਲ ਸੰਕੇਤ ਕਰਦੀਆਂ ਹਨ। ਇਰਾਨ ਦੇ ਇੱਕ ਅਜਾਇਬ ਘਰ ਵਿਚ ਔਰਤਾਂ ਦੀਆਂ ਤਸਵੀਰਾਂ ਦੇਖ ਕੇ ਪਤਾ ਲੱਗਦਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਇਰਾਨੀ ਔਰਤਾਂ ਕਦੇ ਪਰਦੇ ਦੀ ਵਰਤੋਂ ਨਹੀਂ ਕਰਦੀਆਂ ਸਨ, ਇਸ ਲਈ ਅੱਜ ਉਨ੍ਹਾਂ ਨੇ ਹਿਜਾਬ ਨੂੰ ਆਪਣੇ ਪਹਿਰਾਵੇ ਦਾ ਹਿੱਸਾ ਨਹੀਂ ਮੰਨਿਆ ਹੈ, ਉਹ ਧਾਰਮਿਕ ਕੱਟੜਪੰਥੀ ਸਰਕਾਰ ਦੁਆਰਾ ਅਤਿਅੰਤ ਜਬਰ ਦੇ ਬਾਵਜੂਦ ਹਿਜਾਬ ਰੱਦ ਕਰ ਰਹੀਆਂ ਹਨ ਪਰ ਸੱਤਾਧਾਰੀਆਂ ਨੂੰ 22 ਸਾਲਾ ਮੁਟਿਆਰ ਨੂੰ ਮਾਰਨ ਦਾ ਕੋਈ ਪਛਤਾਵਾ ਨਹੀਂ। ਉਸ ਨੇ ਹਿਜਾਬ ਉਤਾਰ ਕੇ ਆਪਣੇ ਵਾਲ ਫੈਲਾ ਦਿੱਤੇ ਸੀ। ਹੁਣ ਉੱਥੇ ਮੁਜ਼ਾਹਰੇ ਜਾਰੀ ਹਨ ਅਤੇ ਕੁੜੀਆਂ ਕਾਤਲ ਦਸਤਿਆਂ ਦਾ ਸਾਹਮਣਾ ਕਰਨ ਲਈ ਸੜਕਾਂ ’ਤੇ ਹਨ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਸੰਸਦ ਵਿਚ ਕਾਨੂੰਨ ਬਣਾਉਣ ਵਾਲੇ ਪੁਲੀਸ ਦੇ ਹੱਕ ਵਿਚ ਨਾਅਰੇ ਲਾ ਰਹੇ ਸਨ।
ਪੂਜਾ-ਪਾਠ ਦੀਆਂ ਰਸਮਾਂ ਕੇਵਲ ਰਸਮੀ ਤੇ ਰੂੜ੍ਹੀਵਾਦੀ ਬਣ ਗਈਆਂ ਹਨ ਅਤੇ ਮਨੁੱਖਤਾ/ਧਾਰਮਿਕ ਕਦਰਾਂ-ਕੀਮਤਾਂ ਦਾ ਸਾਰ ਗੁਆ ਬੈਠੀਆਂ ਹਨ। ਛੋਟੀ ਉਮਰ ਵਿਚ ਸੋਚ ਪੂਰੀ ਤਰ੍ਹਾਂ ਵਿਕਸਤ ਨਾ ਹੋਣ ਕਾਰਨ ਬੱਚਿਆਂ ਦੇ ਦਿਮਾਗਾਂ ਵਿਚ ਕਟੜਪੰਥੀ ਵਿਚਾਰ ਭਰਨੇ ਸੌਖੇ ਹਨ। ਇਸ ਲਈ ਲਾਜ਼ਮੀ ਹੈ ਕਿ ਕਿਸੇ ਹੋਰ ਚੀਜ਼ ਵਾਂਗ ਧਾਰਮਿਕ ਸਿੱਖਿਆਵਾਂ ਨੂੰ ਵੀ ਆਧੁਨਿਕ ਸਮੇਂ ਮੁਤਾਬਿਕ ਢਾਲਿਆ ਜਾਏ। ਧਰਮ ਵਿਚ ਹਠਧਰਮੀ ਪਹੁੰਚ ਇਸ ਦੇ ਤੱਤ ਨੂੰ ਖਤਮ ਕਰ ਦੇਵੇਗੀ।
ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਵਿਚ ਭਾਸ਼ਣ ਦੌਰਾਨ ਕਿਹਾ ਸੀ ਕਿ ਮੈਨੂੰ ਅਜਿਹੇ ਧਰਮ ਨਾਲ ਸਬੰਧਿਤ ਹੋਣ ’ਤੇ ਮਾਣ ਹੈ ਜਿਸ ਨੇ ਦੁਨੀਆ ਨੂੰ ਸਹਿਣਸ਼ੀਲਤਾ ਦੀ ਸਿੱਖਿਆ ਦਿੱਤੀ ਹੈ। ਅਸੀਂ ਸਾਰੇ ਧਰਮਾਂ ਨੂੰ ਸੱਚ ਮੰਨਦੇ ਹਾਂ। ਮੈਨੂੰ ਅਜਿਹੀ ਕੌਮ ਨਾਲ ਸਬੰਧਤ ਹੋਣ ’ਤੇ ਮਾਣ ਹੈ ਜਿਸ ਨੇ ਸਤਾਏ ਹੋਏ ਲੋਕਾਂ ਦੀ ਰੱਖਿਆ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਸੰਪਰਦਾਇਕਤਾ, ਦੂਜੇ ਧਰਮਾਂ ਪ੍ਰਤੀ ਨਫ਼ਰਤ ਅਤੇ ਕੱਟੜਵਾਦ ਲੰਮੇ ਸਮੇਂ ਤੋਂ ਇਸ ਸੁੰਦਰ ਧਰਤੀ ’ਤੇ ਕਾਬਜ਼ ਹਨ। ਇਨ੍ਹਾਂ ਨੇ ਧਰਤੀ ਨੂੰ ਅਨੇਕਾਂ ਵਾਰ ਹਿੰਸਾ ਨਾਲ ਭਰਿਆ, ਅਕਸਰ ਮਨੁੱਖੀ ਖੂਨ ਨਾਲ ਭਿਉਂਤਾ ਹੈ ਅਤੇ ਮਨੁੱਖੀ ਸਭਿਅਤਾ ਨੂੰ ਤਬਾਹ ਕੀਤਾ ਹੈ। ਰਬਿੰਦਰਨਾਥ ਟੈਗੋਰ ਨੇ ਕਿਹਾ ਸੀ ਕਿ ਸਾਨੂੰ ਅਜਿਹੇ ਮੁਲਕ ਵਿਚ ਜਾਗਣਾ ਚਾਹੀਦਾ ਹੈ ਜਿੱਥੇ ਡਰ ਨਾ ਹੋਵੇ। ਸ਼ਹੀਦ ਭਗਤ ਸਿੰਘ ਨੇ ਫਿਰਕਾਪ੍ਰਸਤੀ ਦੀ ਨਿਖੇਧੀ ਕੀਤੀ ਕਿਉਂਕਿ ਇਹ ਬਸਤੀਵਾਦ ਵਿਰੋਧੀ ਸੰਘਰਸ਼ ਲਈ ਲੋਕਾਂ ਨੂੰ ਇੱਕਜੁੱਟ ਕਰਨ ਵਿਚ ਰੁਕਾਵਟ ਸੀ।
ਨਫ਼ਰਤ ਨੂੰ ਹੱਲਾਸ਼ੇਰੀ ਦੇ ਕੇ ਅਤੇ ਦੂਜਿਆਂ ਨੂੰ ਲੱਗੇ ਜ਼ਖ਼ਮਾਂ ਦਾ ਆਨੰਦ ਉਠਾ ਕੇ ਅਸੀਂ ਇਨਸਾਨੀਅਤ ਗੁਆ ਲੈਂਦੇ ਹਾਂ ਅਤੇ ਮਾਨਸਿਕ ਤੌਰ ’ਤੇ ਬਿਮਾਰ ਬਣ ਜਾਂਦੇ ਹਾਂ। ਕੱਟੜਤਾ ਮਾਨਸਿਕ ਰੋਗ ਹੈ। ਡਾਕਟਰ ਦਾ ਕਰਤੱਵ ਸਿਰਫ਼ ਦੂਜਿਆਂ ਨੂੰ ਨਫ਼ਰਤ ਤੋਂ ਮੁਕਤ ਕਰਨਾ ਹੀ ਨਹੀਂ ਸਗੋਂ ਪਿਆਰ ਤੇ ਦਯਾ ਦਾ ਪ੍ਰਚਾਰ ਕਰਨਾ ਅਤੇ ਲੋਕਾਂ ਵਿਚ ਕਿਸੇ ਵੀ ਹਾਲਤ ਵਿਚ ਸੱਚ ਬੋਲਣ ਲਈ ਨਿਡਰਤਾ ਪੈਦਾ ਕਰਨਾ ਵੀ ਹੈ। ਇਹ ਮਹੱਤਵਪੂਰਨ ਹੈ ਕਿਉਂਕਿ ਕਈ ਡਾਕਟਰਾਂ ਨੇ ਕੈਦੀਆਂ ’ਤੇ ਪ੍ਰਯੋਗ ਕਰਨ ਵਿਚ ਨਾਜ਼ੀਆਂ ਦਾ ਸਾਥ ਦਿੱਤਾ; ਇਹ ਰਿਪੋਰਟਾਂ ਕਿ ਗੁਜਰਾਤ ਵਿਚ ਹਿੰਸਾ ਦੌਰਾਨ ਕੁਝ ਡਾਕਟਰਾਂ ਨੇ ਦੂਜੇ ਭਾਈਚਾਰੇ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ, ਇੱਕ ਡਾਕਟਰ ਲਈ ਇਹ ਅਨੈਤਿਕ ਵਿਹਾਰ ਹੈ। ਆਓ ਅਸੀਂ ਸਾਰੇ ਸਮਝੀਏ ਕਿ ਜੇ ਅਸੀਂ ਦੂਜਿਆਂ ਨੂੰ ਜ਼ਖ਼ਮ ਦਿੰਦੇ ਹਾਂ ਜਾਂ ਫਿਰ ਦੂਜਿਆਂ ’ਤੇ ਹੁੰਦੀ ਹਿੰਸਾ ਨੂੰ ਦੇਖ ਕੇ ਖੁਸ਼ ਹੁੰਦੇ ਹਾਂ ਤਾਂ ਉਹ ਇੱਕ ਦਿਨ ਵਾਪਸ ਸਾਨੂੰ ਹੀ ਮਿਲਦੇ ਹਨ।
ਸੰਪਰਕ: 94170-00360