ਬੀਬੀ ਜਗੀਰ ਕੌਰ*
ਸਿੱਖ ਧਰਮ ਅੰਦਰ ਬੰਦੀ ਛੋੜ ਦਿਵਸ (ਦੀਵਾਲੀ) ਦਾ ਪਿਛੋਕੜ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ ਵਿੱਚੋਂ ਰਿਹਾਅ ਹੋਣ ਨਾਲ ਜੁੜਿਆ ਹੋਇਆ ਹੈ। ਰਿਹਾਈ ਮਗਰੋਂ ਇਸ ਦਿਨ ਜਦੋਂ ਗੁਰੂ ਸਾਹਿਬ ਸ੍ਰੀ ਅੰਮ੍ਰਿਤਸਰ ਪੁੱਜੇ ਸਨ ਤਾਂ ਸੰਗਤਾਂ ਵੱਲੋਂ ਦੀਪਮਾਲਾ ਕਰਕੇ ਖ਼ੁਸ਼ੀਆਂ ਮਨਾਈਆਂ ਗਈਆਂ। ਗੁਰੂ ਸਾਹਿਬ ਨੇ ਗਵਾਲੀਅਰ ਕਿਲ੍ਹੇ ਵਿੱਚੋਂ ਬਾਹਰ ਆਉਣ ਸਮੇਂ ਆਪਣੇ ਨਾਲ ਉਨ੍ਹਾਂ ਰਾਜਿਆਂ ਦੀ ਵੀ ਖਲਾਸੀ ਕਰਵਾਈ ਜੋ ਉੱਥੇ ਜਹਾਂਗੀਰ ਵੱਲੋਂ ਕੈਦੀ ਬਣਾ ਕੇ ਰੱਖੇ ਗਏ ਸਨ। ਸਿੱਖ ਇਤਿਹਾਸ ਦੇ ਇਹ ਪੰਨੇ ਕੂੜ ਉੱਪਰ ਧਰਮ ਅਤੇ ਸੱਚਾਈ ਦੀ ਜਿੱਤ ਦੇ ਪ੍ਰਤੀਕ ਹਨ।
ਬੰਦੀ ਛੋੜ ਦਿਵਸ ਸਾਨੂੰ ਸੱਚ ਦੀ ਆਵਾਜ਼ ਬਣਨ ਅਤੇ ਜ਼ੁਲਮ ਦੇ ਸਤਾਏ ਹੋਏ ਲੋਕਾਂ ਦੇ ਹੱਕ ਵਿੱਚ ਅੱਗੇ ਆਉਣ ਦੀ ਪ੍ਰੇਰਨਾ ਦਿੰਦਾ ਹੈ। ਸਿੱਖੀ ਦੇ ਮੁੱਢਲੇ ਅਸੂਲਾਂ ਵਿੱਚ ਨਿਆਂ ਅਤੇ ਪਰਉਪਕਾਰ ਮੋਹਰੀ ਹੈ। ਇਸੇ ਤਹਿਤ ਸਿੱਖ ਗੁਰੂ ਸਾਹਿਬਾਨ ਨੇ ਹਰ ਪੀੜਤ ਧਿਰ ਨਾਲ ਖੜ੍ਹਦਿਆਂ ਜ਼ੁਲਮਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਹੱਕ, ਸੱਚ ਤੇ ਨਿਆਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਸ਼ਸਤਰਧਾਰੀ ਹੋਣਾ ਪਵੇਗਾ। ਇਸੇ ਲਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਮੌਕੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰਵਾਈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਅਤੇ ਸ਼ਸਤਰ ਲਿਆਉਣ ਦਾ ਹੁਕਮ ਕੀਤਾ। ਇਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ‘ਸੰਤ ਸਿਪਾਹੀ’ ਬਣਾ ਦਿੱਤਾ ਸੀ। ਵਕਤ ਦੀ ਸ਼ਕਤੀਸ਼ਾਲੀ ਮੁਗਲੀਆ ਹਕੂਮਤ ਦੇ ਦੌਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਫ਼ੌਜ ਨਾਲ ਜਿੰਨੀਆਂ ਵੀ ਲੜਾਈਆਂ ਲੜੀਆਂ, ਸਾਰੀਆਂ ਵਿੱਚ ਉਹ ਜੇਤੂ ਰਹੇ। ਪਰ ਇਸ ਦੇ ਚੱਲਦਿਆਂ ਹਕੂਮਤ ਨੇ ਗੁਰੂ-ਘਰ ਦੇ ਕੁਝ ਦੋਖੀਆਂ ਦੀਆਂ ਚੁਗਲੀਆਂ ਅਤੇ ਕੱਟੜਪੰਥੀ ਮੁਸਲਮਾਨ ਨੇਤਾਵਾਂ ਦੇ ਕੁਝ ਬਹਾਨਿਆਂ ਨੂੰ ਮੁੱਦਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ। ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਸੁਣ ਕੇ ਸੰਗਤਾਂ ਵਿਆਕੁਲ ਹੋਣ ਲੱਗੀਆਂ। ਸੰਗਤਾਂ ਸ੍ਰੀ ਅੰਮ੍ਰਿਤਸਰ ਤੋਂ ਗਵਾਲੀਅਰ ਪੁੱਜਦੀਆਂ, ਪਰ ਗੁਰੂ ਸਾਹਿਬ ਦੇ ਦਰਸ਼ਨ ਨਾ ਹੋਣ ਕਾਰਨ ਕਿਲ੍ਹੇ ਦੀ ਪਰਿਕਰਮਾ ਕਰਕੇ ਵਾਪਸ ਆ ਜਾਂਦੀਆਂ। ਗੁਰੂ ਸਾਹਿਬ ਦੀ ਆਭਾ ਅਤੇ ਸੰਗਤ ਦੀ ਭਾਵਨਾ ਵੇਖ ਕੇ ਜਹਾਂਗੀਰ ਨੂੰ ਸਮਝ ਪੈ ਗਈ ਕਿ ਇਸ ਲਹਿਰ ਨੂੰ ਬਹੁਤੀ ਦੇਰ ਨਹੀਂ ਦਬਾਇਆ ਜਾ ਸਕਦਾ। ਉਸ ਨੇ ਗੁਰੂ ਜੀ ਨਾਲ ਸੁਲ੍ਹਾ ਕਰਨੀ ਹੀ ਠੀਕ ਸਮਝੀ ਤੇ ਗੁਰੂ ਜੀ ਦੀ ਰਿਹਾਈ ਦੇ ਹੁਕਮ ਭੇਜੇ, ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਬਾਹਰ ਆਉਣਾ ਸਵੀਕਾਰ ਨਾ ਕੀਤਾ ਅਤੇ ਉੱਥੇ ਬੰਦੀ ਬਣਾਏ ਰਾਜਪੂਤ ਰਾਜਿਆਂ ਆਦਿ ਦੀ ਰਿਹਾਈ ਦੀ ਹਕੂਮਤ ਨਾਲ ਗੱਲਬਾਤ ਵੀ ਤੋਰੀ ਅਤੇ ਗੁਰੂ ਸਾਹਿਬ ਜੀ ਦੀ ਸੂਝਬੂਝ ਸਦਕਾ ਕੈਦੀ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਸਿੱਖ ਪਰੰਪਰਾਵਾਂ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਵੰਜਾ ਕਲੀਆਂ ਵਾਲਾ ਇੱਕ ਖ਼ਾਸ ਚੋਲਾ ਪਹਿਨਿਆ ਸੀ ਅਤੇ ਉਨ੍ਹਾਂ ਬਵੰਜਾ ਰਾਜਪੂਤ ਰਾਜਿਆਂ ਨੇ ਗੁਰੂ ਜੀ ਦਾ ਲੜ ਫੜਕੇ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਤੋਂ ਛੁਟਕਾਰਾ ਹਾਸਲ ਕੀਤਾ ਸੀ। ਇਸ ਤਰ੍ਹਾਂ ਇਸ ਦਿਨ ਤੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ‘ਬੰਦੀ-ਛੋੜ’ ਦਾਤਾ ਦੇ ਨਾਮ ਨਾਲ ਜਾਣਿਆ ਜਾਣ ਲੱਗਾ।
ਬੰਦੀ ਛੋੜ ਦਿਵਸ ਸਾਨੂੰ ਉਸ ਮਹਾਨ ਸ਼ਹੀਦ ਦੀ ਵੀ ਯਾਦ ਦਿਵਾਉਂਦੀ ਹੈ ਕਿ ਜਿਸ ਨੇ ਬੰਦ ਬੰਦ ਤਾਂ ਕਟਵਾ ਲਿਆ, ਪਰ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਜੋ ਆਦਰਸ਼ ਉਨ੍ਹਾਂ ਸਾਹਮਣੇ ਰੱਖਿਆ, ਇਸ ਨਾਲ ਪੰਥ ਤੇ ਸਰਕਾਰ ਵਿੱਚ ਟੱਕਰ ਹੋਰ ਤਿੱਖੀ ਹੋ ਗਈ। ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਉਨ੍ਹਾਂ ਦੇ ਨਿਸ਼ਾਨਿਆਂ ਦੀ ਪੂਰਤੀ ਦੀ ਜ਼ਿੰਮੇਵਾਰੀ ਖ਼ਾਲਸਾ ਪੰਥ ਦੇ ਮੋਢਿਆਂ ’ਤੇ ਆਣ ਪਈ, ਜਿਸ ਲਈ ਸਮੇਂ ਸਮੇਂ ਸਿਰ ਇਕੱਠੇ ਹੋ ਕੇ ਪੰਥਕ ਪੱਧਰ ’ਤੇ ਫ਼ੈਸਲੇ ਕਰਨ ਦੀ ਲੋੜ ਮਹਿਸੂਸ ਹੋਣ ਲੱਗੀ। ਬੰਦੀ ਛੋੜ ਦਿਵਸ ਦੇ ਸਾਲਾਨਾ ਇਕੱਠ ਨੂੰ ਇਸ ਮਨੋਰਥ ਲਈ ਵਰਤਿਆ ਜਾਣ ਲੱਗਾ। ਇਹ ਫ਼ੈਸਲਾ ਉਹ ਗੁਰੂ ਦੀ ਮਤ ਅਨੁਸਾਰ ਕਰਦੇ ਤਾਂ ਹੀ ਇਨ੍ਹਾਂ ਨੂੰ ਗੁਰਮਤਾ ਕਹਿਆ ਜਾਂਦਾ ਸੀ। 18ਵੀਂ ਸਦੀ ਦੇ ਮੁਸ਼ਕਲ ਸਮੇਂ ਵਿੱਚ ਖ਼ਾਲਸਾ ਪੰਥ ਬੰਦੀ ਛੋੜ ਦਿਵਸ (ਦੀਵਾਲੀ) ਦੇ ਮੌਕੇ ਇਕੱਠੇ ਹੋ ਕੇ ਅਰੰਭੇ ਸੰਘਰਸ਼ ਵਿੱਚ ਲੇਖਾ ਜੋਖਾ ਕਰਦੇ ਸਨ ਤੇ ਪਿਛਲੇ ਸਮੇਂ ਦੀਆਂ ਹੋਈਆਂ ਕੁਤਾਹੀਆਂ ਨੂੰ ਦੂਰ ਕਰਕੇ ਭਵਿੱਖ ਲਈ ਉਸਾਰੂ ਵਿਉਂਤਾਂ ਉਲੀਕਦੇ ਸਨ। ਪਰ ਹਕੂਮਤ ਵੱਲੋਂ ਸਖ਼ਤੀ ਦੇ ਦੌਰ ਵਿੱਚ ਸਿੱਖਾਂ ਦਾ ਅੰਮ੍ਰਿਤਸਰ ਆਉਣਾ ਮੁਸ਼ਕਲ ਹੋ ਗਿਆ। ਬੰਦੀ ਛੋੜ ਦਿਵਸ ਮੌਕੇ ਅੰਮ੍ਰਿਤਸਰ ਵਿਖੇ ਇਕੱਤਰਤਾ ਲਈ ਭਾਈ ਮਨੀ ਸਿੰਘ ਜੀ ਨੇ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਹਕੂਮਤ ਤੋਂ ਇਜਾਜ਼ਤ ਪ੍ਰਾਪਤ ਕੀਤੀ, ਪਰ ਜਦੋਂ ਉਨ੍ਹਾਂ ਨੂੰ ਜ਼ਕਰੀਆ ਖ਼ਾਨ ਵੱਲੋਂ ਇਕੱਠੇ ਹੋਏ ਸਿੰਘਾਂ ਨੂੰ ਮਾਰ ਮੁਕਾਉਣ ਦੀ ਯੋਜਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਕੱਤਰਤਾ ਨੂੰ ਰੋਕ ਦਿੱਤਾ। ਇਸ ’ਤੇ ਟੈਕਸ ਦਾ ਬਹਾਨਾ ਬਣਾ ਕੇ ਮੰਦ ਨੀਤ ਨਾਲ ਹਕੂਮਤ ਨੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਦਾ ਕਾਰਾ ਕੀਤਾ। ਇਸ ਤਰ੍ਹਾਂ ਬੰਦੀ ਛੋੜ ਦਿਵਸ ਦਾ ਨਾਤਾ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨਾਲ ਜੁੜ ਗਿਆ।
ਇਹੋ ਕਾਰਨ ਹੈ ਕਿ ਬੰਦੀ ਛੋੜ ਦਿਵਸ ’ਤੇ ਹਰ ਸਾਲ ਸਿੱਖ ਅੰਮ੍ਰਿਤਸਰ ਵਿੱਚ ਇਕੱਠੇ ਹੋ ਕੇ ਆਪਣੇ ਜੀਵਨ ਨੂੰ ਗੁਰਮਤਿ ਦੀਆਂ ਸੇਧਾਂ ਵਿੱਚ ਤੋਰਨ ਲਈ ਇਨ੍ਹਾਂ ਚਾਨਣ ਮੁਨਾਰਿਆਂ ਦੀ ਸਹਾਇਤਾ ਲੈਣ ਦੇ ਯਤਨ ਕਰਦੇ ਹਨ। ਅੱਜ ਵੀ ਖ਼ਾਲਸਾ ਪੰਥ ਬੰਦੀ ਛੋੜ ਦਿਵਸ (ਦੀਵਾਲੀ) ਦੇ ਮੌਕੇ ਅੰਮ੍ਰਿਤਸਰ ਵਿੱਚ ਭਾਰੀ ਗਿਣਤੀ ਵਿੱਚ ਇਕੱਠਾ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਕੌਮ ਦੇ ਨਾਂ ਸੰਦੇਸ਼ ਦਿੰਦੇ ਹਨ। ਮੰਤਵ ਇਹ ਹੈ ਕਿ ਸਿੱਖ ਕੌਮ ਆਪਣੇ ਇਤਿਹਾਸ ਨਾਲ ਜੁੜ ਕੇ ਭਵਿੱਖ ਦੀਆਂ ਤਰਜੀਹਾਂ ਨਿਰਧਾਰਤ ਕਰੇ। ਸੋ ਬੰਦੀ ਛੋੜ ਦਿਵਸ (ਦੀਵਾਲੀ) ਦੇ ਮੌਕੇ ’ਤੇ ਜਿੱਥੇ ਸਿੱਖ ਨੇ ਹੱਕ ਸੱਚ, ਸੰਤੋਖ ਤੇ ਸਬਰ ਦੀ ਜਿੱਤ ਦੇ ਵਿਸ਼ਵਾਸ ਨੂੰ ਦ੍ਰਿੜ ਕਰਨਾ ਹੈ, ਉੱਥੇ ਸਿੱਖੀ ਸਿਖਰ ਦੀ ਪਰਿਪੱਕਤਾ ਨੂੰ ਰੋਮ ਰੋਮ ਵਿੱਚ ਵਸਾਉਣਾ ਹੈ।
*ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ।