ਡਾ. ਬਲਦੇਵ ਸਿੰਘ ਧਾਲੀਵਾਲ
ਗੁਰਦੇਵ ਸਿੰਘ ਰੁਪਾਣਾ ਪੰਜਾਬੀ ਗਲਪ ਦਾ ਸ਼ਾਨਾਮੱਤਾ ਨਾਂ ਹੈ। ਉਸ ਦੀ ਵਿਲੱਖਣਤਾ ਨੂੰ ਇਕੋ ਸਤਰ ਵਿਚ ਕਹਿਣਾ ਹੋਵੇ ਤਾਂ ਆਖਿਆ ਜਾ ਸਕਦਾ ਹੈ ਕਿ ਉਸ ਨੇ ਪੰਜਾਬੀ ਵਿਹਾਰ ਅਤੇ ਹੁਨਰੀ ਕਹਾਣੀ ਦੀ ਰੂਹ ਨੂੰ ਧੁਰ ਗਹਿਰਾਈਆਂ ਤੱਕ ਪਛਾਣ ਕੇ ਇਨ੍ਹਾਂ ਦੇ ਜਲੌਅ ਦੀ ਝਾਤ ਪੁਆਈ ਹੈ। ਕੁਲਵੰਤ ਸਿੰਘ ਵਿਰਕ ਤੋਂ ਬਾਅਦ ਗੁਰਦੇਵ ਸਿੰਘ ਰੁਪਾਣਾ ਅਜਿਹਾ ਨਾਂ ਹੈ ਜਿਸ ਨੇ ਕਹਾਣੀ ਪਾਉਣ ਦੀ ਮੁਹਾਰਤ ਦੀਆਂ ਅਲੱਖ ਸੰਭਾਵਨਾਵਾਂ ਮੂਰਤੀਮਾਨ ਕੀਤੀਆਂ। ਜੇ ਵਿਰਕ ਨੂੰ ਸਾਧਾਰਨ ਮਨੁੱਖ ਦੀ ਸਾਧਾਰਨਤਾ ਦੇ ਸੁਹਜ ਦਾ ਕਹਾਣੀਕਾਰ ਕਿਹਾ ਜਾਂਦਾ ਹੈ ਤਾਂ ਰੁਪਾਣਾ ਨੂੰ ਸਾਧਾਰਨ ਮਨੁੱਖ ਦੀ ਅਲੋਕਾਰਤਾ ਦੇ ਸੁਹੱਪਣ ਦਾ ਗਲਪਕਾਰ ਆਖਿਆ ਜਾ ਸਕਦਾ ਹੈ।
ਰੁਪਾਣਾ ਦੀ ਗਲਪ ਰਚਨਾ ਦਾ ਪਾਸਾਰਾ ਪੌਣੀ ਸਦੀ ਤੱਕ ਫੈਲਿਆ ਹੋਇਆ ਹੈ। ਪਹਿਲੀ ਕਹਾਣੀ ‘ਦੇਵਤੇ ਪੁੱਜ ਨਾ ਸਕੇ’ ਜਿਸ ਨੂੰ ਪ੍ਰੋ. ਮੋਹਨ ਸਿੰਘ ਨੇ 1955 ’ਚ ‘ਦਰੋਪਤੀ’ ਦੇ ਨਾਂ ਹੇਠ ‘ਪੰਜ ਦਰਿਆ’ ਵਿਚ ਛਾਪਿਆ, ਤੋਂ ਲੈ ਕੇ ਆਪਣੇ ਅੰਤਿਮ ਸਾਹ ਤੱਕ ਉਹ ਗਤੀਸ਼ੀਲ ਰਿਹਾ। ਸਹਿਜ ਪਰ ਮੜਕ ਚਾਲ ਨਾਲ ਉਸ ਨੇ ਚਾਰ ਕਹਾਣੀ ਸੰਗ੍ਰਹਿ ‘ਇਕ ਟੋਟਾ ਔਰਤ’ (1970), ‘ਆਪਣੀ ਅੱਖ ਦਾ ਜਾਦੂ’ (1978), ‘ਡਿਫੈਂਸ ਲਾਈਨ’ (1988), ‘ਆਮ ਖਾਸ’ (2018), ਨਾਵਲਿਟ ‘ਆਸੋ ਦਾ ਟੱਬਰ’ (1956) ਅਤੇ ਤਿੰਨ ਨਾਵਲ ‘ਗੋਰੀ’ (1983), ‘ਜਲਦੇਵ’ (1986) ਤੇ ‘ਸ੍ਰੀ ਪਾਰਵਾ’ (2015) ਸਾਹਿਤ ਜਗਤ ਦੀ ਝੋਲੀ ਪਾਏ। ਸ਼ੀਸ਼ਾ (2002) ਉਸ ਦੀਆਂ ਸਮੁੱਚੀਆਂ ਕਹਾਣੀਆਂ ਦਾ ਸੰਗ੍ਰਹਿ ਹੈ।
ਗੁਰਦੇਵ ਸਿੰਘ ਰੁਪਾਣਾ ਦਾ ਜਨਮ 13 ਅਪਰੈਲ 1937 ਨੂੰ ਪਿੰਡ ਰੁਪਾਣਾ (ਜਿ਼ਲ੍ਹਾ ਮੁਕਤਸਰ) ਵਿਚ ਮੱਧਵਰਗੀ ਕਿਸਾਨ (ਜੱਟ) ਪਰਿਵਾਰ ਵਿਚ ਮੱਘਰ ਸਿੰਘ ਦੇ ਘਰ ਹੋਇਆ। ਉਸ ਨੇ ਐੱਮਏ, ਪੀਐੱਚਡੀ ਤੱਕ ਦੀ ਉਚੇਰੀ ਸਿੱਖਿਆ ਪੰਜਾਬੀ ਵਿਸ਼ੇ ਵਿਚ ਹਾਸਲ ਕੀਤੀ ਅਤੇ ਸਕੂਲ ਵਿਚ ਅਧਿਆਪਨ ਦਾ ਕਿੱਤਾ ਅਪਨਾਇਆ। ਉਸ ਦੀ ਜੀਵਨ-ਸ਼ੈਲੀ ਉਤੇ ਸਰਸਰੀ ਝਾਤ ਵੀ ਮਾਰੀਏ ਤਾਂ ਕੁਝ ਅਮੇਲਵੇਂ ਵਰਤਾਰੇ ਇਕ ਸੂਤਰ ਵਿਚ ਸਹਿਜ ਨਾਲ ਬੱਝੇ ਹੋਏ ਇਉਂ ਨਜ਼ਰ ਆਉਂਦੇ ਹਨ ਕਿ ਕੁਝ ਕੁਝ ਅਲੋਕਾਰੀ ਪ੍ਰਭਾਵ ਪਾਉਂਦੇ ਹਨ। ਉਸ ਨੇ ਉਚੇਰੀ ਸਿੱਖਿਆ ਦਿੱਲੀ ਯੂਨੀਵਰਸਿਟੀ, ਦਿੱਲੀ ਤੋਂ ਹਾਸਲ ਕੀਤੀ ਪਰ ਅਕਾਦਮਿਕ ਬੋਝਲਤਾ ਨੂੰ ਨੇੜੇ ਨਹੀਂ ਫਟਕਣ ਦਿੱਤਾ। ਅਧਿਆਪਕ ਦੀ ਨੌਕਰੀ ਕਰਦਿਆਂ ਪੂਰਾ ਸਮਾਂ ਦਿੱਲੀ ਵਿਚ ਗੁਜ਼ਾਰਿਆ ਪਰ ਮਾਸਟਰ ਟਾਈਪ ਚਰਿੱਤਰ-ਵਿਸ਼ੇਸ਼ ਅਤੇ ਸ਼ਹਿਰੀ ਮੱਧਵਰਗੀ ਮਾਨਸਿਕਤਾ ਦੀ ਪਾਹ ਵੀ ਨਹੀਂ ਲੱਗਣ ਦਿੱਤੀ। ਸੇਵਾ-ਮੁਕਤੀ ਪਿੱਛੋਂ ਉਹ ਬੜੇ ਸਹਿਜ ਨਾਲ ਦਿੱਲੀ ਛੱਡ ਕੇ ਆਪਣੇ ਜੱਦੀ ਪਿੰਡ ਰੁਪਾਣਾ ਦੇ ਲੋਕਾਂ ਨਾਲ ਰਚ-ਮਚ ਕੇ ਰਹਿਣ ਲੱਗ ਪਿਆ।
ਨਾਵਲ ਦੇ ਖੇਤਰ ਵਿਚ ਵੀ ਭਾਵੇਂ ਰੁਪਾਣਾ ਦੀ ਅਹਿਮ ਪ੍ਰਾਪਤੀ ਹੈ ਪਰ ਉਸ ਦੀ ਮੁਢਲੀ ਅਤੇ ਪਰਿਪੱਕ ਪਛਾਣ ਕਹਾਣੀਕਾਰ ਵਜੋਂ ਵਧੇਰੇ ਗੂੜ੍ਹੀ ਹੈ। ਉਸ ਦਾ ਪਹਿਲਾ ਪਿਆਰ ਵੀ ਕਹਾਣੀ ਰਚਨਾ ਨਾਲ ਹੀ ਹੋਇਆ ਜਾਪਦਾ ਹੈ। ਇਸ ਲਈ ਨਾਵਲਿਟ ‘ਆਸੋ ਦਾ ਟੱਬਰ’ ਅਤੇ ‘ਗੋਰੀ’ ਵੀ ਆਪਣੇ ਇਕਹਿਰੇ ਜੁੱਸੇ ਕਾਰਨ ਕਹਾਣੀ-ਰੂਪਾਕਾਰ ਦੇ ਬਹੁਤ ਨੇੜੇ ਵਿਚਰਦੇ ਹਨ। ਕਹਾਣੀ ਪਾਉਣ ਦੀ ਪ੍ਰਤਿਭਾ ਦੇ ਪ੍ਰਸੰਗ ਵਿਚ ਇਹ ਕਹਿਣ ਨੂੰ ਮਨ ਕਰਦਾ ਹੈ ਕਿ ਰੁਪਾਣਾ ਵਿਚ ਇਹ ਜਮਾਂਦਰੂ ਗੁਣ ਵਾਂਗ ਹੈ, ਸਿਖਲਾਈ ਅਤੇ ਪੜ੍ਹਾਈ ਦੀ ਭੂਮਿਕਾ ਇਸ ਵਿਚ ਅਲਪ-ਮਾਤਰ ਹੀ ਹੈ। ਇਸੇ ਲਈ ਉਸ ਦੀ ਪਹਿਲੀ ਕਹਾਣੀ ਹੀ ਪ੍ਰੋ. ਮੋਹਨ ਸਿੰਘ ਨੂੰ ਕੀਲ ਲੈਂਦੀ ਹੈ ਅਤੇ ਮੁਢਲੀਆਂ ਕਹਾਣੀਆਂ ‘ਇਕ ਟੋਟਾ ਔਰਤ’, ‘ਇਕ ਚਿਹਰਾ’, ‘ਹਵਾ’ ਆਦਿ ਨਾਲ ਹੀ ਉਹ ਪਹਿਲੀ ਕਤਾਰ ਦੇ ਪੰਜਾਬੀ ਕਹਾਣੀਕਾਰਾਂ ਵਿਚ ਆ ਖੜ੍ਹਾ ਹੁੰਦਾ ਹੈ। ਆਪਣੇ ਦੂਜੇ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ‘ਆਪਣੀ ਅੱਖ ਦਾ ਜਾਦੂ’, ‘ਇਤ ਭਰਵਾਸੇ’, ‘ਕੋਟ ਮਿਹਰ ਸਿੰਘ ਵਾਲਾ’, ‘ਪਰਾਈ ਪੀੜ’, ‘ਬੰਦਾ ਤੇ ਪੰਜ ਲੱਖ’ ਆਦਿ ਨਾਲ ਰੁਪਾਣਾ ਆਪਣੀ ਪ੍ਰੋਢ ਅਤੇ ਨਿਕੇਵਲੀ ਕਹਾਣੀ-ਸ਼ੈਲੀ ਦੀ ਪਛਾਣ ਕਰਾਉਣ ਵਿਚ ਭਰਪੂਰ ਸਫ਼ਲਤਾ ਹਾਸਲ ਕਰਦਾ ਹੈ। ਬਾਅਦ ਦੀਆਂ ਕਹਾਣੀਆਂ ‘ਰੋਟੀ’, ‘ਸ਼ੀਸ਼ਾ’, ‘ਗੁੜ ਦੀ ਚਾਹ’, ‘ਡਿਫੈਂਸ ਲਾਈਨ’ ਅਤੇ ‘ਰੂਸ ਰੂਸ, ਅਮਰੀਕਾ ਅਮਰੀਕਾ’ ਨਾਲ ਉਹ ਪੰਜਾਬੀ ਦੀ ਹੁਨਰੀ ਕਹਾਣੀ ਦਾ ਨਵਾਂ ਸਿਖਰ ਸਿਰਜ ਦਿੰਦਾ ਹੈ।
ਸਥਾਨਗਤ ਅਰਥਾਂ ਵਿਚ ਮਾਲਵੇ ਦਾ ਖਿੱਤਾ ਰੁਪਾਣਾ ਦੀਆਂ ਗਲਪ-ਰਚਨਾਵਾਂ ਦਾ ਵਿਸ਼ਾ-ਖੇਤਰ ਬਣਦਾ ਹੈ। ਪ੍ਰਮਾਣਕ ਗਲਪ ਰਚਨਾ ਲਈ ਅਜਿਹੇ ਸਥਾਨਗਤ ਵਸਤੂ-ਵੇਰਵਿਆਂ ਦੀ ਅਪਾਰ ਮਹੱਤਤਾ ਅੰਕੀ ਜਾਂਦੀ ਹੈ ਪਰ ਰੁਪਾਣਾ ਸਥਾਨਕਤਾ ਦਾ ਕੈਦੀ ਨਹੀਂ ਬਣਦਾ ਸਗੋਂ ਸਥਾਨਕਤਾ ਦੇ ਜਾਮੇ ਅੰਦਰਲੀ ਸਦੀਵਤਾ ਨੂੰ ਵੀ ਭਲੀ-ਭਾਂਤ ਪਛਾਣਦਾ ਹੈ। ਇਸੇ ਲਈ ਉਸ ਦੇ ਪਾਤਰ ਆਪਣੇ ਸਭਿਆਚਾਰਕ ਵਿਹਾਰ ਵਜੋਂ ਠੇਠ ਮਲਵਈ ਹੁੰਦੇ ਹਨ ਪਰ ਨਾਲ ਹੀ ਕੇਂਦਰੀ ਪੰਜਾਬੀ ਚਰਿੱਤਰ ਦੀ ਮੂਲ ਪਛਾਣ ਤੋਂ ਵੀ ਵਿਰਵੇ ਨਹੀਂ ਹੁੰਦੇ। ਕਹਾਣੀ ‘ਰੋਟੀ’ ਦਾ ਬਖਤੌਰਾ ਜਦੋਂ ਆਪਣੇ ਪਰਿਵਾਰ ਨਾਲ ਰੁੱਸ ਕੇ ਜ਼ਮੀਨ-ਜਾਇਦਾਦ ਉਜਾੜਨੀ ਸ਼ੁਰੂ ਕਰ ਦਿੰਦਾ ਹੈ ਤਾਂ ਕਿਸਾਨੀ ਪਰਿਵਾਰ ਆਪਣੇ ਮਾੜੇ ਭਵਿੱਖ ਤੋਂ ਤ੍ਰਹਿ ਕੇ ਉਸ ਨੂੰ ਹਰ ਹੀਲੇ ਮਨਾਉਣ ਦਾ ਯਤਨ ਕਰਦਾ ਹੈ। ਬਖਤੌਰੇ ਦੇ ਰੋਸ ਦਾ ਕਾਰਨ, ਰੋਸ ਵਿਖਾਉਣ ਦੇ ਢੰਗ-ਤਰੀਕੇ ਅਤੇ ਉਸ ਦੀ ਮੰਨ-ਮਨਾਈ ਦਾ ਵਿਧੀ-ਵਿਧਾਨ ਹਰ ਪੱਖੋਂ ਮਾਲਵੇ ਦੇ ਕਿਸਾਨੀ ਵਿਹਾਰ ਦੀ ਨਿਸ਼ਾਨਦੇਹੀ ਕਰਨ ਵਾਲਾ ਹੈ। ਪੰਜਾਬ ਦੇ ਕਿਸਾਨੀ ਪਰਿਵਾਰਾਂ ਵਿਚ ਔਰਤਾਂ ਲੋਕ-ਲੱਜਾ ਵਜੋਂ ਜਾਂ ਜ਼ਮੀਨ ਦੀ ਹੋਰ ਵੰਡ ਰੋਕਣ ਲਈ ਅਧਖੜ ਉਮਰ ਵਿਚ ਹੀ ਪਤੀ ਨਾਲੋਂ ਸਰੀਰਕ ਸਾਂਝ ਤੋੜ ਕੇ ਵਿੱਥ ਰੱਖਣ ਲੱਗ ਪੈਂਦੀਆਂ ਹਨ। ਬਖਤੌਰੇ ਦੀ ਪਤਨੀ ਵੀ ਘਰ ਵਿਚ ਨੂੰਹ ਆਉਣ ਤੋਂ ਪਿੱਛੋਂ ਅਜਿਹਾ ਕਰਨ ਲੱਗ ਪੈਂਦੀ ਹੈ। ਉਸ ਦਾ ਇਹ ਰਵੱਈਆ ਸਿਹਤਮੰਦ ਬਖਤੌਰੇ ਦੀ ਸੁਭਾਵਕ ਕਾਮ-ਭੁੱਖ ਦੀ ਤ੍ਰਿਪਤੀ ਲਈ ਅੜਿੱਕਾ ਬਣ ਜਾਂਦਾ ਹੈ ਅਤੇ ਇਸ ਪ੍ਰਤੀ ਉਹ ਪੇਂਡੂ ਢੰਗ ਨਾਲ ਤਿੱਖਾ ਪ੍ਰਤੀਕਰਮ ਦਿਖਾਉਂਦਾ ਹੈ।
ਰੁਪਾਣਾ ਮੁੱਖ ਤੌਰ ਤੇ ਆਰਥਿਕ ਸਮੱਸਿਆਵਾਂ ਦਾ ਗਲਪਕਾਰ ਨਹੀਂ, ਭਾਵੇਂ ਉਸ ਦੇ ਪਾਤਰ ਅਜਿਹੇ ਸੰਕਟਾਂ ਤੋਂ ਅਭਿੱਜ ਵੀ ਨਹੀਂ ਹੁੰਦੇ। ਉਹ ਸਗੋਂ ਕਿਸੇ ਪਾਤਰ ਦੇ ਅਸਾਧਾਰਨ ਵਿਹਾਰ ਵਿਚੋਂ ਉਭਰਨ ਵਾਲੀ ਮਨੋ-ਗੁੰਝਲ ਉਤੇ ਆਪਣਾ ਧਿਆਨ ਕੇਂਦਰਤ ਕਰਦਾ ਹੈ ਅਤੇ ਫਿਰ ਉਸ ਪਾਤਰ ਦੇ ਆਲੇ-ਦੁਆਲੇ ਵਿਚੋਂ ਹੀ ਉਸ ਦੇ ਪ੍ਰੇਰਕਾਂ ਦੀ ਤਲਾਸ਼ ਕਰਦਾ ਹੈ। ‘ਡਿਫੈਂਸ ਲਾਈਨ’ ਦਾ ਫੌਜੀ ਦੀਦਾਰ ਸਿੰਘ ਜੰਗ ਦੇ ਦਿਨਾਂ ਵਿਚ ਇਕ ਰਾਤ ਦੀ ਫਰਲੋ ਮਾਰ ਕੇ ਸਰਹੱਦ ਨੇੜਲੇ ਆਪਣੇ ਸਹੁਰੇ ਘਰ ਜਾਂਦਾ ਹੈ ਜਿੱਥੇ ਉਸ ਦੀ ਪਤਨੀ ਤੇ ਛੋਟਾ ਬੱਚਾ ਵੀ ਆਏ ਹੋਏ ਹਨ। ਦੀਦਾਰ ਸਿੰਘ ਦੇ ਵੱਡੇ ਸਾਲੇ ਦਾ ਰੂੜ੍ਹੀਵਾਦੀ ਵਿਹਾਰ ਦੀਦਾਰ ਸਿੰਘ ਦੀ ਰਾਤ ਨੂੰ ਆਪਣੀ ਪਤਨੀ ਅਤੇ ਬੱਚੇ ਕੋਲ ਸੌਣ ਦੀ ਸੁਭਾਵਕ ਇੱਛਾ ਨੂੰ ਨੇਪਰੇ ਨਹੀਂ ਚੜ੍ਹਨ ਦਿੰਦਾ। ਸਿੱਟੇ ਵਜੋਂ ਹਾਰ ਅਤੇ ਬੇਵਸੀ ਦਾ ਅਹਿਸਾਸ ਭੋਗਦਾ ਦੀਦਾਰ ਸਿੰਘ ਜੀਵਨ ਤੋਂ ਇੰਨਾ ਉਕਤਾ ਜਾਂਦਾ ਹੈ ਕਿ ਉਸ ਨੂੰ ਜੀਵਨ ਦੀ ਥਾਂ ਮੌਤ ਚੰਗੀ ਲੱਗਣ ਲਗਦੀ ਹੈ ਪਰ ਜਦ ਸਵੇਰੇ ਮੋਰਚੇ ਵੱਲ ਤੁਰਨ ਤੋਂ ਪਹਿਲਾਂ ਬਹਾਨੇ ਵੱਸ ਉਸ ਦੀ ਪਤਨੀ ਬੰਸੋ ਪਰਿਵਾਰ ਤੋਂ ਅੱਖ ਬਚਾਅ ਕੇ ਉਸ ਨੂੰ ਚੁੰਮਣ ਦੇ ਜਾਂਦੀ ਹੈ ਤਾਂ ਦੀਦਾਰ ਸਿੰਘ ਨੂੰ ਇਕ ਵਾਰ ਫਿਰ ਜ਼ਿੰਦਗੀ ਚੰਗੀ ਲੱਗਣ ਲਗਦੀ ਹੈ ਅਤੇ ‘ਕਿਲ੍ਹੇ ਜਿੱਤ ਲੈਣ ਦੀ ਖੁਸ਼ੀ’ ਦਾ ਅਹਿਸਾਸ ਹੁੰਦਾ ਹੈ। ਮਨੁੱਖੀ ਜੀਵਨ ਵਿਚ ਨਿੱਕੀਆਂ ਨਿੱਕੀਆਂ ਜਿੱਤਾਂ-ਹਾਰਾਂ ਦੀ ਮਹੱਤਤਾ ਨੂੰ ਮਨੋਵਿਗਿਆਨਕ ਲੱਭਤ ਵਜੋਂ ਪੇਸ਼ ਕਰਦੀ ਇਹ ਕਹਾਣੀ ਮਨੁੱਖੀ ਵਿਹਾਰ ਦੀਆਂ ਪੀਢੀਆਂ ਗੁੰਝਲਾਂ ਨੂੰ ਖੋਲ੍ਹ ਅਤੇ ਸੁਲਝਾ ਸਕਣ ਦਾ ਨੁਕਤਾ ਉਭਾਰ ਜਾਂਦੀ ਹੈ।
ਵਿਅਕਤੀ ਮਨੋਵਿਗਿਆਨ ਦੇ ਸਮਾਨੰਤਰ ਨਾਵਲ ‘ਜਲਦੇਵ’ ਪੰਜਾਬੀ ਸਮਾਜ ਦੇ ਸਮੂਹਕ ਅਵਚੇਤਨ ਦਾ ਪ੍ਰਗਟਾਵਾ ਬਣ ਜਾਂਦਾ ਹੈ। ਸਿਧਰਾ ਨੌਜਵਾਨ ਜੱਸਾ ਜਿਸ ਤਰ੍ਹਾਂ ਬਾਬਾ ਜਲਦੇਵ ਬਣਦਾ ਹੈ ਅਤੇ ਅੰਧ-ਵਿਸ਼ਵਾਸੀ ਲੋਕਾਈ ਜਿਸ ਤਰ੍ਹਾਂ ‘ਦੇਵ’ ਦੀ ਸਿਰਜਣਾ ਕਰਦੀ ਹੈ, ਇਹ ਸਾਮੰਤੀ ਕਦਰਾਂ-ਕੀਮਤਾਂ ਵਾਲੇ ਪੰਜਾਬੀ ਸਮਾਜ ਦੇ ਅਵਚੇਤਨੀ ਸੰਸਾਰ ਦਾ ਯਥਾਰਥਕ ਪ੍ਰਗਟਾਵਾ ਹੈ।
ਰੁਪਾਣਾ ਦੀ ਹਰ ਗਲਪ ਰਚਨਾ ’ਚ ਚਿਤਰੇ ਮਨੁੱਖੀ ਵਿਹਾਰ ’ਚੋਂ ਕਿਸੇ ਨਾ ਕਿਸੇ ਵਿਅਕਤੀਗਤ ਜਾਂ ਸਮੂਹਕ ਮਨੋ-ਗੁੰਝਲ ਵੱਲ ਸੰਕੇਤ ਕੀਤਾ ਮਿਲਦਾ ਹੈ। ‘ਆਪਣੀ ਅੱਖ ਦਾ ਜਾਦੂ’ ਬਾਪ ਦੀਆਂ ਅੱਖਾਂ ਰਾਹੀਂ ਦੁਨੀਆ ਦੇਖਣ ਵਾਲੀ ਜੋਤੀ ਦੇ ਅਸਾਵੇਂ ਮਾਨਸਿਕ ਵਿਕਾਸ ਵੱਲ ਇਸ਼ਾਰਾ ਕਰਦੀ ਹੈ। ‘ਰੂਸ ਰੂਸ, ਅਮਰੀਕਾ ਅਮਰੀਕਾ’ ਜ਼ੈਲਦਾਰ ਪਰਦਮਨ ਸਿੰਘ ਦੀ ਟੋਡੀ ਮਾਨਸਿਕਤਾ ਨੂੰ ਬਸਤੀਵਾਦੀ ਅਤੇ ਨਵ-ਬਸਤੀਵਾਦੀ ਪ੍ਰਸੰਗ ਵਿਚ ਰੱਖ ਕੇ ਪੇਸ਼ ਕਰਦੀ ਹੈ। ‘ਸ਼ੀਸ਼ਾ’ ਅਤੇ ‘ਹਵਾ’ ਸੰਤਾਲੀ ਦੇ ਦੁਖਾਂਤ ਦੇ ਹਵਾਲੇ ਨਾਲ ਪੰਜਾਬੀਆਂ ਦੇ ਸਮੂਹਕ ਅਵਚੇਤਨ ਵਿਚ ਪੈਦਾ ਹੋਈ ਉਲਾਰੂ ਤਰਥੱਲੀ ਦਾ ਬਿਰਤਾਂਤ ਸਿਰਜਦੀਆਂ ਹਨ।
ਪੇਂਡੂ ਪੰਜਾਬ ਦੇ ਵੰਨ-ਸਵੰਨੇ ਸਮਾਜਿਕ ਸਮੂਹਾਂ ਦਾ ਮਨੋ-ਵਿਹਾਰ ਰੁਪਾਣਾ ਦੀ ਗਲਪ ਰਚਨਾ ਦਾ ਕੇਂਦਰੀ ਸਰੋਕਾਰ ਬਣ ਕੇ ਪ੍ਰਗਟ ਹੁੰਦਾ ਹੈ। ਉਸ ਦੀਆਂ ਰਚਨਾਵਾਂ ਪੰਜਾਬੀ ਲੋਕਾਂ ਦੀ ਵਿਅਕਤੀ-ਮਾਨਸਿਕਤਾ ਜਾਂ ਸਮੂਹਕ ਅਵਚੇਤਨ ਦੇ ਸਿਰਫ਼ ਯਥਾਰਥਕ ਗਲਪੀ-ਚਿੱਤਰ ਹੀ ਨਹੀਂ ਬਲਕਿ ਬੜੇ ਸੂਖ਼ਮ ਢੰਗ ਨਾਲ ਇਨ੍ਹਾਂ ਦੇ ਮਾਨਵ-ਪੱਖੀ ਅਤੇ ਮਾਨਵ-ਵਿਰੋਧੀ ਪੱਖਾਂ ਦਾ ਜਾਇਜ਼ਾ ਵੀ ਪੇਸ਼ ਕਰਦੀਆਂ ਹਨ। ਇਸ ਦੇ ਨਾਲ ਹੀ ਸੂਖ਼ਮਤਾ ਅਤੇ ਸੁਹਜ ਉਸ ਲਈ ਵਿਚਾਰਧਾਰਾ ਤੋਂ ਜ਼ਿਆਦਾ ਹਰ-ਦਿਲ-ਅਜੀਜ਼ ਰਹਿੰਦੇ ਹਨ। ਕਹਾਣੀ ਪਾਉਂਦਿਆਂ ਉਸ ਦਾ ਧਿਆਨ ਵੇਰਵੇ ਦੀ ਪ੍ਰਮਾਣਕਤਾ, ਭਾਸ਼ਾ ਦੀ ਨਜ਼ਾਕਤ ਅਤੇ ਮਨੁੱਖੀ ਸੁਭਾਅ ਦੇ ਰਹੱਸ ’ਤੇ ਰਹਿੰਦਾ ਹੈ।
ਗੁਰਦੇਵ ਸਿੰਘ ਰੁਪਾਣਾ ਸਾਡੇ ਸਿਰਮੌਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਵਰਗੀ ਵੱਡੀ ਸਮਰੱਥਾ ਵਾਲਾ ਗਲਪਕਾਰ ਸੀ ਪਰ ਪੰਜਾਬੀ ਆਲੋਚਨਾ ਅਜੇ ਉਸ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਪਛਾਣ ਨਹੀਂ ਸਕੀ।
ਸੰਪਰਕ: 98728-35835