ਰਣਜੀਤ ਲਹਿਰਾ
ਪੈਪਸੂ ਮੁਜ਼ਾਰਾ ਘੋਲ ਦੇ ਇਤਿਹਾਸਕ ਪਿੰਡ ਕਿਸ਼ਨਗੜ੍ਹ ਵਾਲੀ ਮਾਤਾ ਗੋਬਿੰਦ ਕੌਰ (ਗਿੰਦੋ) ਨਹੀਂ ਰਹੀ। 27 ਮਈ, ਦਿਨ ਵੀਰਵਾਰ ਨੂੂੰ ਉਹ ਇਸ ਫਾਨੀ ਦੁਨੀਆ ਨੂੂੰ ਅਲਵਿਦਾ ਆਖ ਗਈ। ਉਹ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾਈ ਆਗੂ ਕੁਲਵੰਤ ਸਿੰਘ ਦੀ ਮਾਤਾ ਸੀ। ਮਾਤਾ ਗੋਬਿੰਦ ਕੌਰ ਉਨ੍ਹਾਂ ਸਮਿਆਂ ਵਿਚ ਕਿਸ਼ਨਗੜ੍ਹ ’ਚ ਨਵ-ਵਿਆਹੀ ਆਈ ਸੀ ਜਿਨ੍ਹਾਂ ਸਮਿਆਂ ’ਚ ਉਹਦੇ ਸਹੁਰਿਆਂ ਦੇ ਪਰਿਵਾਰ ਸਮੇਤ ਕਿਸ਼ਨਗੜ੍ਹ ਦੇ ਖੇਤਾਂ ਦੇ ਪੁੱਤ ਪੈਪਸੂ ਮੁਜ਼ਾਰਾ ਲਹਿਰ ਦੀ ਅਗਵਾਈ ਵਿਚ ਬਿਸਵੇਦਾਰੀ ਖਿਲਾਫ਼ ਸੰਘਰਸ਼ ਦੇ ਮੋਹਰੀ ਬਣੇ ਕੇ ਲੜ ਰਹੇ ਸਨ।
ਇਹ ਅਜੀਬ ਇਤਫ਼ਾਕ ਦੀ ਗੱਲ ਹੀ ਸੀ ਕਿ ਪਿੰਡ ਕਿਸ਼ਨਗੜ੍ਹ ਦਾ ਨੌਜਵਾਨ ਜੋਗਿੰਦਰ ਸਿੰਘ ਜਿਸ ਰੇਲ ਗੱਡੀ ਰਾਹੀਂ ਬਰਾਤ ਲੈ ਕੇ ਗੋਬਿੰਦ ਕੌਰ ਨੂੂੰ ਵਿਆਹੁਣ ਲਈ ਪਿੰਡ ਸੇਮਾ (ਨੇੜੇ ਮਾਈਸਰਖਾਨਾ) ਜਾ ਰਿਹਾ ਸੀ, ਉਸੇ ਰੇਲ ਗੱਡੀ ਵਿਚ ਉਸੇ ਦਿਨ ਉਹਦੇ ਚਾਚੇ (ਗੋਬਿੰਦ ਕੌਰ ਦੇ ਪਤਿਓਹਰੇ) ਕਰਤਾਰ ਸਿੰਘ ਨੂੂੰ ਪੁਲੀਸ ਹੱਥਕੜੀਆਂ ਲਾ ਕੇ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕਰਨ ਲਈ ਲਿਜਾ ਰਹੀ ਸੀ। ਕਰਤਾਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਤੇ ਰਿਆਸਤੀ ਨਿਜ਼ਾਮ ਦੇ ਇੱਕ ਪਟਵਾਰੀ ਨੂੂੰ ਘੇਸਲਾ ਮਾਰ ਕੇ ਕਤਲ ਕਰਨ ਦਾ ਇਲਜ਼ਾਮ ਸੀ। ਪਟਵਾਰੀ ਦਾ ਕਤਲ ਉਸ ਵੱਲੋਂ ਪੈਪਸੂ ਸਰਕਾਰ ਦੇ ਇੱਕ ਤਿਹਾਈ ਜ਼ਮੀਨ ਬਿਸਵੇਦਾਰਾਂ ਨੂੂੰ ਛੱਡ ਕੇ ਦੋ ਤਿਹਾਈ ਮੁਜ਼ਾਰਿਆਂ ਦੇ ਨਾਂ ਕਰਨ ਵਾਲੇ ਫਰਮਾਨ (ਜਿਸ ਦਾ ਮੁਜ਼ਾਰਿਆਂ ਨੇ ਬਾਈਕਾਟ ਕਰ ਦਿੱਤਾ ਸੀ) ਨੂੂੰ ਲਾਗੂ ਕਰਨ ਲਈ ਮੁਜ਼ਾਰਿਆਂ ਦੀਆਂ ਜ਼ਮੀਨਾਂ ਬਿਨਾਂ ਦੱਸੇ ਹੇਰਾਫੇਰੀ ਨਾਲ ਬਿਸਵੇਦਾਰਾਂ ਦੇ ਨਾਂ ਕਰਨ ਕਰ ਕੇ ਹੋਇਆ ਸੀ।
ਮਾਤਾ ਗੋਬਿੰਦ ਕੌਰ ਦੇ ਪਤਿਓਹਰੇ ਨੂੂੰ ਉਸ ਕੇਸ ਵਿਚ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਕੈਦ ਕੱਟਣ ਤੋਂ ਬਾਅਦ ਹੀ ਪਿੰਡ ਆਇਆ ਸੀ। 1965 ਵਿਚ ਕਰਤਾਰ ਸਿੰਘ ਨੂੂੰ ਲੋਕਾਂ ਨੇ ਪਿੰਡ ਦਾ ਸਰਪੰਚ ਚੁਣ ਕੇ ਉਹਦੀ ਘਾਲਣਾ ਨੂੂੰ ਸਲਾਮ ਕੀਤਾ। ਕਰਤਾਰ ਸਿੰਘ ਦਾ ਪਿਤਾ ਮਿਹਰ ਸਿੰਘ ਅਤੇ ਵੱਡਾ ਭਰਾ ਸ਼ੇਰ ਸਿੰਘ ਪਹਿਲਾਂ ਹੀ ਬਿਸਵੇਦਾਰਾਂ ਦੇ ਮੁਖਤਿਆਰ ਦੇ ਕਤਲ ਕੇਸ ਵਿਚ ਸਜ਼ਾਯਾਫ਼ਤਾ ਸਨ। ਪਿਤਾ ਨੂੂੰ ਫਾਂਸੀ ਅਤੇ ਨਾਬਾਲਗ ਪੁੱਤਰ ਨੂੂੰ ਦਸ ਸਾਲੀ ਸਜ਼ਾ ਸੁਣਾਈ ਜਾ ਚੁੱਕੀ ਸੀ। ਸਭ ਕੋਰਟ-ਕਚਹਿਰੀਆਂ ਵਿਚ ਹਾਰਨ ਤੋਂ ਬਾਅਦ ਇਹ ਸਜ਼ਾ ਮਹਾਰਾਜਾ ਪਟਿਆਲਾ ਅੱਗੇ ਕੀਤੀ ਅੰਤਿਮ ਅਪੀਲ ਵਿਚ ਰੱਦ ਹੋਈ ਸੀ। ਇਸ ਅਪੀਲ ਦੀ ਪੈਰਵਾਈ ਲਈ ਪਿੰਡ ਦੇ ਸਾਰੇ ਲੋਕਾਂ ਨੇ ਦਾਣੇ ਇੱਕਠੇ ਕਰ ਕੇ ਤਕੜੇ ਵਕੀਲ ਕੀਤੇ ਸਨ।
ਕਹਿਣ ਦਾ ਭਾਵ ਇਹ ਕਿ ਸਜ ਵਿਆਹੀ ਦੇ ਰੂਪ ਵਿਚ ਮਾਤਾ ਗੋਬਿੰਦ ਕੌਰ ਨੇ ਅਜਿਹੇ ਪਰਿਵਾਰ ਵਿਚ ਪੈਰ ਪਾਇਆ ਸੀ ਜਿਹੜਾ ਬਿਸਵੇਦਾਰਾਂ ਨਾਲ ਮੱਥਾ ਲਾਈ ਖੜ੍ਹਾ ਸੀ ਅਤੇ ਉਨ੍ਹਾਂ ਦੇ ਸਿੱਧਾ ਨਿਸ਼ਾਨੇ ਤੇ ਸੀ। ਉਹਦੇ ਸਹੁਰੇ ਹੋਰੀਂ ਦੋਵੇਂ ਭਰਾ ਪੈਪਸੂ ਮੁਜ਼ਾਰਾ ਲਹਿਰ ਅਤੇ ਪਰਜਾ ਮੰਡਲ ਲਹਿਰ ਦੇ ਜੁਝਾਰੂ ਸਿਪਾਹੀ ਸਨ। ਆਪਣੇ ਦਾਦੇ-ਪੜਦਾਦਿਆਂ ਦੀ ਸੰਘਰਸ਼ਸ਼ੀਲ ਵਿਰਾਸਤ ਨੂੂੰ ਮਾਤਾ ਗੋਬਿੰਦ ਕੌਰ ਦੇ ਪੁੱਤਰਾਂ ਨੇ ਅਗਾਂਹ ਤੋਰਿਆ। ਉਹਦਾ ਵਿਚਕਾਰਲਾ ਪੁੱਤਰ ਕੁਲਵੰਤ ਸਿੰਘ ਲੰਮੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦਾ ਸੂਬਾਈ ਆਗੂ ਹੈ। ਉਹ ਪਹਿਲਾਂ ਵਿਦਿਆਰਥੀ ਲਹਿਰ ਤੇ ਫਿਰ ਇਨਕਲਾਬੀ ਕੇਂਦਰ ਪੰਜਾਬ ਦਾ ਕਾਰਕੁਨ ਰਿਹਾ ਅਤੇ ਪੰਜ ਸਾਲ ਪਿੰਡ ਦਾ ਸਰਪੰਚ ਰਿਹਾ। ਉਸ ਤੋਂ ਬਾਅਦ ਉਹਦੀ ਪਤਨੀ ਮਨਜੀਤ ਕੌਰ ਦਸ ਸਾਲ ਪਿੰਡ ਦੀ ਸਰਪੰਚ ਰਹੀ। ਮਾਤਾ ਦਾ ਛੋਟਾ ਪੁੱਤਰ ਜਗਵੰਤ ਸਿੰਘ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਟੀਐੱਸਯੂ ਦਾ ਆਗੂ ਬਣ ਕੇ ਉੱਭਰਿਆ। ਸਭ ਤੋਂ ਵੱਡਾ ਪੁੱਤਰ ਬੇਅੰਤ ਸਿੰਘ ਲੋਕ ਪੱਖੀ ਕਾਰਜ਼ਾਂ ਵਿਚ ਦੋਵੇਂ ਭਰਾਵਾਂ ਦੇ ਨਾਲ ਖੜ੍ਹਦਾ ਰਿਹਾ। ਉਹਦੀਆਂ ਨੂੰਹਾਂ ਵੀ ਹਰ ਘੋਲ ਵਿਚ ਪਿੰਡ ਦੀਆਂ ਔਰਤਾਂ ਨੂੂੰ ਲੈ ਕੇ ਬਰਾਬਰ ਖੜ੍ਹਦੀਆਂ ਆ ਰਹੀਆਂ ਹਨ। ਹੁਣ ਜਿਹੜੀ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਦੀ ਹੱਕ ਅਤੇ ਸੱਚ ਦੀ ਲਾਮ ਲੱਗੀ ਹੈ, ਉਹਦੇ ਵਿਚ ਕੁਲਵੰਤ ਸਿੰਘ ਤੋਂ ਛੁੱਟ ਮਾਤਾ ਦੀ ਵੱਡੀ ਨੂੂੰਹ ਸੁਰਜੀਤ ਕੌਰ ਔਰਤਾਂ ਦੇ ਕਾਫ਼ਲੇ ਲੈ ਕੇ ਡਟੀ ਰਹੀ ਹੈ ਅਤੇ ਦੂਜੀ ਨੂੰਹ ਘਰ ਤੇ ਪੰਦਰਾਂ ਸਾਲ ਪਹਿਲਾਂ ਦੋਵੇਂ ਅੱਖਾਂ ਦੀ ਜੋਤ ਗਵਾ ਚੁੱਕੀ ਮਾਤਾ ਗੋਬਿੰਦ ਕੌਰ ਨੂੂੰ ਸੰਭਾਲਣ ਦੀ ਜਿ਼ੰਮੇਵਾਰੀ ਨਿਭਾਉਂਦੀ ਰਹੀ ਹੈ।
ਮਾਤਾ ਗੋਬਿੰਦ ਕੌਰ ਉਨ੍ਹਾਂ ਮਾਈਆਂ ਵਿਚੋਂ ਇੱਕ ਸੀ ਜਿਨ੍ਹਾਂ ਨੇ ਮੈਨੂੰ ਆਪਣੇ ਪੁੱਤਾਂ ਵਰਗਾ ਪਿਆਰ ਅਤੇ ਦਰਜਾ ਦਿੱਤਾ। ਇੱਕ ਵਾਰ ਮੇਰੇ ਨਾਲ ਦੁੱਖ-ਸੁੱਖ ਕਰਦੀ ਮਾਤਾ ਨੂੂੰ ਕੋਲ ਬੈਠੀ ਗੁਆਂਢਣ ਨੇ ਪੁੱਛਿਆ, “ਇਹ ਭਾਈ ਤੇਰਾ ਕੀ ਲੱਗਦੈ?” ਮਾਤਾ ਨੇ ਕਿਹਾ, “ਮੇਰਾ ਪੁੱਤ ਐ, ਕੁਲਵੰਤ ਦਾ ਦੋਸਤ ਆ।” ਪਿਛਲੇ ਚਾਰ ਦਹਾਕਿਆਂ ਵਿਚ ਮੈਂ ਮਾਤਾ ਨੂੂੰ ਕਦੇ ਵੀ ਆਪਣੇ ਪੁੱਤਰਾਂ ਜਾਂ ਨੂੰਹਾਂ ਨੂੰ ਲੋਕ ਘੋਲਾਂ ਵਿਚ ਸ਼ਾਮਲ ਹੋਣ ਤੋਂ ਹਟਕਦੇ ਵਰਜਦੇ ਨਹੀਂ ਦੇਖਿਆ; ਉਦੋਂ ਵੀ ਨਹੀਂ ਜਦੋਂ ਪੰਜਾਬ ਦੇ ਕਾਲ਼ੇ ਦਿਨਾਂ ਦੌਰਾਨ ਖ਼ਤਰੇ ਮੂੰਹ ਅੱਡੀ ਖੜ੍ਹੇ ਦਿਖਾਈ ਦਿੰਦੇ ਸਨ।
ਸੰਪਰਕ: 94175-88616