ਪ੍ਰੋ. ਮੋਹਣ ਸਿੰਘ
ਪੰਜਾਬ ਅੰਗਰੇਜ਼ੀ ਹਕੂਮਤ ਵਿਚ ਰਲਾਇਆ ਜਾਣ ਵਾਲਾ ਹਿੰਦੋਸਤਾਨ ਦਾ ਆਖ਼ਰੀ ਸੂਬਾ ਸੀ। ਬੰਗਾਲ ਤੋਂ ਆਰੰਭ ਕਰਕੇ ਗੋਰੇ ਪੱਛਮ ਵੱਲ ਵਧਦੇ ਆਏ ਪਰ ਸਤਿਲੁਜ ਪਾਰ ਨਹੀਂ ਸਨ ਕਰ ਸਕੇ। ਇਸੇ ਲਈ ਰੋਪੜ ਸੰਧੀ ਹੋਈ ਪਰ ਮਹਾਰਾਜਾ ਰਣਜੀਤ ਸਿੰਘ ਦੀ 1839 ਵਿਚ ਮੌਤ ਤੋਂ ਬਾਅਦ ਗੱਦੀ ਨੂੰ ਲੈ ਕੇ ਖਾਨਾਜੰਗੀ ਸ਼ੁਰੂ ਹੋ ਗਈ ਅਤੇ 1849 ਵਿਚ ਪੰਜਾਬ ਵੀ ਅੰਗਰੇਜ਼ੀ ਪ੍ਰਸ਼ਾਸਨ ਅਧੀਨ ਆ ਗਿਆ; ਵਿਰੋਧ ਕਰਨ ਵਾਲਾ ਕੋਈ ਬਚਿਆ ਹੀ ਨਹੀਂ ਸੀ।
ਜ਼ਹੀਨ ਅਤੇ ਤਾਕਤਵਰ ਜਾਗੀਰਦਾਰ ਸਰਦਾਰ ਲਹਿਣਾ ਸਿੰਘ ਮਜੀਠੀਆ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਕਮਾਂਡਰ ਹੁੰਦਾ ਸੀ। ਉਸ ਨੇ ਵੇਲੇ ਦੀ ਨਜ਼ਾਕਤ ਸਮਝਦਿਆਂ ਪੰਜਾਬ ਤੋਂ ਹਿਜਰਤ ਕਰ ਲਈ ਅਤੇ ਹਰਿਦੁਆਰ ਹੁੰਦਾ ਹੋਇਆ ਬਨਾਰਸ ਵਿਚ ਜਾ ਟਿਕਿਆ। ਉੱਥੇ ਕੁਝ ਦੇਰ ਬਾਅਦ 1848 ਵਿਚ ਉਸ ਦੀ ਦੂਸਰੀ ਪਤਨੀ ਦੀ ਕੁੱਖੋਂ ਲੜਕਾ ਪੈਦਾ ਹੋਇਆ ਜਿਸ ਦਾ ਨਾਮ ਦਿਆਲ ਸਿੰਘ ਰੱਖਿਆ। ਲਹਿਣਾ ਸਿੰਘ ਦਾ ਜੱਦੀ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੈਂਦਾ ਮਜੀਠਾ ਸੀ। ਇਸ ਲਈ ‘ਮਜੀਠੀਆ’ ਪਿਛੇਤਰ ਲੜਕੇ ਦੇ ਨਾਮ ਨਾਲ ਵੀ ਜੁੜ ਗਿਆ ਅਤੇ ਜੁੜਿਆ ਰਿਹਾ। ਕੁਦਰਤ ਨੂੰ ਮਨਜ਼ੂਰ ਨਹੀਂ ਸੀ ਕਿ ਦਿਆਲ ਸਿੰਘ ਆਪਣੇ ਮਾਂ-ਬਾਪ ਦੀ ਛਤਰ ਛਾਇਆ ਅਧੀਨ ਬਹੁਤਾ ਚਿਰ ਰਹਿੰਦਾ। ਉਹ ਮਸਾਂ ਛੇ ਸਾਲ ਦਾ ਸੀ ਕਿ ਮਾਤਾ ਪਿਤਾ ਅੱਗੜ ਪਿੱਛੜ ਚੜ੍ਹਾਈ ਕਰ ਗਏ ਅਤੇ ਯਤੀਮ ਬਾਲਕ ਦੀ ਸਪੁਰਦਾਰੀ ਅਸਰ ਰਸੂਖ ਰੱਖਦੇ ਤੇਜ ਸਿੰਘ ਦੇ ਜ਼ਿੰਮੇ ਪੈ ਗਈ। ਹੋਰ ਵੀ ਕਈ ਦਾਅਵੇਦਾਰ ਸਨ ਪਰ ਸਰਕਾਰ, ਭਾਵ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ, ਦਿਆਲ ਸਿੰਘ ਦੀ ਅੱਛੀ ਪਰਵਰਿਸ਼ ਅਤੇ ਅੱਛੀ ਵਿੱਦਿਆ ਯਕੀਨੀ ਬਣਾਉਣੀ ਚਾਹੁੰਦਾ ਸੀ, ਇਸ ਲਈ ਤੇਜ ਸਿੰਘ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ। ਕੁਝ ਦੇਰ ਮਜੀਠਾ ਦੇ ਕ੍ਰਿਸ਼ਚਨ ਮਿਸ਼ਨ ਸਕੂਲ ਵਿਚ ਪਾ ਛੱਡਿਆ, ਬਾਅਦ ਵਿਚ ਅੰਮ੍ਰਿਤਸਰ ਦੇ ਕ੍ਰਿਸ਼ਚਨ ਮਿਸ਼ਨ ਸਕੂਲ ਵਿਚ ਦਿਆਲ ਸਿੰਘ ਦੀ ਪੜ੍ਹਾਈ ਹੋਈ। ਲੜਕਾ ਬਹੁਤ ਮਿਹਨਤੀ ਅਤੇ ਲਾਇਕ ਸੀ। ਉਹ ਅੰਗਰੇਜ਼ੀ ਤੋਂ ਇਲਾਵਾ ਫ਼ਾਰਸੀ, ਉਰਦੂ, ਹਿੰਦੀ ਆਦਿ ਦਾ ਗਿਆਤਾ ਹੋ ਗਿਆ। ਉੱਚ ਵਿੱਦਿਆ ਲਈ ਉਹ ਭਾਵੇਂ ਕਿਤੇ ਨਹੀਂ ਗਿਆ ਪਰ ਮਿਹਨਤ ਸਦਕਾ ਉਹ ਅਰਥ ਸ਼ਾਸਤਰ, ਇਤਿਹਾਸ, ਸਮਾਜ ਸ਼ਾਸਤਰ ਵਰਗੇ ਵਿਸ਼ਿਆਂ ਦੀਆਂ ਡੂੰਘਾਣਾਂ ਵੀ ਸਮਝਣ ਲੱਗਿਆ। ਹੁਣ ਉਸ ਦਾ ਵਧੇਰੇ ਸਮਾਂ ਰਾਜਧਾਨੀ ਲਾਹੌਰ ਵਿਚ ਬੀਤਣ ਲੱਗਾ। ਜਦੋਂ ਉਹ ਕਾਨੂੰਨੀ ਤੌਰ ’ਤੇ ਬਾਲਗ ਹੋ ਗਿਆ ਤਾਂ ਆਪਣੀ ਜੱਦੀ ਜਾਇਦਾਦ ਦਾ ਮਾਲਕ ਅਤੇ ਪ੍ਰਬੰਧਕ ਬਣ ਗਿਆ। ਸੂਝ-ਬੂਝ ਤੋਂ ਕੰਮ ਲੈਂਦਿਆਂ ਉਹਨੇ ਕਈ ਮਕਾਨ ਖਰੀਦੇ ਤੇ ਵੇਚੇ ਅਤੇ ਲਾਹੌਰ ਦਾ ਜਾਣਿਆ ਪਛਾਣਿਆ ਰਈਸ ਬਣ ਗਿਆ। ਹੀਰੇ ਅਤੇ ਕੀਮਤੀ ਪੱਥਰਾਂ ਦਾ ਵੀ ਉਹ ਪਾਰਖੂ ਸੀ। ਅੰਮ੍ਰਿਤਸਰ ਦੇ ਡੀਸੀ ਨੇ ਉਹਨੂੰ ਮੈਜਿਸਟਰੇਟ ਨਿਯੁਕਤ ਕਰ ਦਿੱਤਾ। ਉਹ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਦਾ ਪ੍ਰਬੰਧ ਚਲਾਉਣ ਵਾਲੀ ਕਮੇਟੀ ਦਾ ਕਾਰਕੁਨ ਵੀ ਬਣ ਗਿਆ ਅਤੇ ਸਾਰੀ ਉਮਰ ਇਹ ਜ਼ਿੰਮੇਵਾਰੀ ਨਿਭਾਉਂਦਾ ਰਿਹਾ।
ਹੁਣ ਉਹ ਸਿਰਫ਼ ਦਿਆਲ ਸਿੰਘ ਨਹੀਂ ਸਗੋਂ ਸਰਦਾਰ ਦਿਆਲ ਸਿੰਘ ਮਜੀਠੀਆ ਸੀ। ਅੰਗਰੇਜ਼ ਲੋਕਾਂ ਦੇ ਕੰਮ-ਕਾਜ ਕਰਨ ਦੇ ਢੰਗ, ਉਨ੍ਹਾਂ ਦੀ ਰਹਿਣੀ-ਬਹਿਣੀ ਤੋਂ ਪ੍ਰਭਾਵਿਤ ਹੋਏ ਦਿਆਲ ਸਿੰਘ ਦਾ ਮਨ ਯੂਰੋਪ ਜਾਂ ਇੰਗਲੈਂਡ ਦੇਖਣ ਲਈ ਤੱਤਪਰ ਸੀ। ਉਦੋਂ ਕੇਵਲ ਸਮੁੰਦਰੀ ਰਸਤੇ ਹੀ ਜਾਇਆ ਜਾ ਸਕਦਾ ਸੀ। ਪਰਿਵਾਰਕ ਵਿਰੋਧ ਦੇ ਬਾਵਜੂਦ ਉਹ ਲੰਡਨ ਗਿਆ ਅਤੇ ਉੱਥੇ ਦੋ ਕੁ ਸਾਲ ਰਿਹਾ। ਉੱਥੋਂ ਦੇ ਲੋਕਾਂ ਨੂੰ ਨੇੜਿਓਂ ਦੇਖਿਆ ਅਤੇ ਇਹ ਸਿੱਟਾ ਕੱਢਿਆ ਕਿ ਅੰਗਰੇਜ਼ੀ/ ਯੂਰੋਪੀਅਨ ਲੋਕਾਂ ਦੇ ਅਗਾਂਹਵਧੂ ਹੋਣ ਦਾ ਮੁੱਖ ਕਾਰਨ ਉੱਥੋਂ ਦੀਆਂ ਯੂਨੀਵਰਸਿਟੀਆਂ ਹਨ। ਉਸ ਨੇ ਮਨ ਵਿਚ ਪੱਕੀ ਧਾਰ ਲਈ ਕਿ ਪੰਜਾਬ ਵਿਚ ਵੀ ਲੰਡਨ ਯੂਨੀਵਰਸਿਟੀ ਦੇ ਸਿਧਾਂਤਾਂ ’ਤੇ ਚੱਲਣ ਵਾਲੀ ਕੋਈ ਯੂਨੀਵਰਸਿਟੀ ਬਣਾਏਗਾ। ਪ੍ਰਚੱਲਤ ਵਿਚਾਰ ਇਹ ਸੀ ਕਿ ਯੂਨੀਵਰਸਿਟੀ ਸਥਾਨਕ ਭਾਸ਼ਾਵਾਂ- ਫ਼ਾਰਸੀ, ਸੰਸਕ੍ਰਿਤ ਆਦਿ ਨੂੰ ਮਾਧਿਅਮ ਬਣਾਵੇ ਪਰ ਦਿਆਲ ਸਿੰਘ ਮਜੀਠੀਆ ਇਸ ਦੇ ਬਿਲਕੁਲ ਉਲਟ ਅੰਗਰੇਜ਼ੀ ਮਾਧਿਅਮ ਵਿਚ ਚੱਲਣ ਵਾਲੀ ਯੂਨੀਵਰਸਿਟੀ ਦੇ ਹੱਕ ਵਿਚ ਸੀ। ਉਦੋਂ ਅੰਗਰੇਜ਼ੀ ਜਾਨਣ ਵਾਲੇ ਸਭ ਤੋਂ ਵਧੇਰੇ ਬੰਦੇ ਪੰਜਾਬ ਵਿਚ ਹੀ ਸਨ। ਦਿਆਲ ਸਿੰਘ ਨੇ ਫ਼ੈਸਲਾ ਕੀਤਾ ਕਿ ਅੰਗਰੇਜ਼ੀ ਸਮਝਣ ਵਾਲੇ ਲੋਕਾਂ ਤੱਕ ਪਹੁੰਚ ਕਰਨ ਲਈ ਕੋਈ ਅਖ਼ਬਾਰ ਕੱਢਿਆ ਜਾਵੇ। ਇਸ ਮੰਤਵ ਨੂੰ ਪੂਰਾ ਕਰਨ ਲਈ ਉਸ ਨੇ ‘ਦਿ ਟ੍ਰਿਬਿਊਨ’ ਅਖ਼ਬਾਰ ਜਾਰੀ ਕੀਤਾ ਜੋ ਪਹਿਲਾਂ ਪਹਿਲਾਂ ਹਫ਼ਤਾਵਾਰ ਸੀ ਪਰ ਜਲਦੀ ਹੀ ਮਕਬੂਲ ਰੋਜ਼ਾਨਾ ਅਖ਼ਬਾਰ ਬਣ ਕੇ ਅੰਗਰੇਜ਼ੀ ਪਾਠਕਾਂ ਦੇ ਸਨਮੁੱਖ ਹੋਇਆ। ਜ਼ੋਰਦਾਰ ਸੰਪਾਦਕੀਆਂ ਅਤੇ ਦਲੇਰ ਲਿਖਤਾਂ ਸਦਕਾ 2 ਫਰਵਰੀ 1881 ਨੂੰ ਆਰੰਭਿਆ ‘ਦਿ ਟ੍ਰਿਬਿਊਨ’ ਆਪਣੇ ਮੰਤਵ ਵਿਚ ਸਫ਼ਲ ਹੋਇਆ।
ਉਦੋਂ ਲਾਹੌਰ ’ਚ ਅੰਗਰੇਜ਼ੀ ਮਾਧਿਅਮ ਵਾਲੀ ਪੰਜਾਬ ਯੂਨੀਵਰਸਿਟੀ ਹੋਂਦ ’ਚ ਆਈ। ਯੂਨੀਵਰਸਿਟੀ ਦਾ ਅਧਿਕਾਰ ਖੇਤਰ ਵਿਸ਼ਾਲ ਸੀ ਅਤੇ ਸਾਰੇ ਉੱਤਰੀ ਭਾਰਤ ਦੇ ਮੈਟ੍ਰਿਕ ਦੇ ਇਮਤਿਹਾਨ ਵੀ ਪੰਜਾਬ ਯੂਨੀਵਰਸਿਟੀ ਲਾਹੌਰ ਹੀ ਲੈਂਦੀ ਸੀ ਜੋ ਬਟਵਾਰੇ ਸਮੇਂ ਵੰਡੇ ਜਾਣ ਤੋਂ ਬਾਅਦ ਅੱਜ ਦੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਬਣ ਗਈ। ਇਸ ਯੂਨੀਵਰਸਿਟੀ ਦੀ ਸਥਾਪਨਾ ਪਿੱਛੇ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਭੂਮਿਕਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇੱਥੇ ਹੀ ਬੱਸ ਨਹੀਂ, ਉੱਤਰੀ ਭਾਰਤ ਦਾ ਪਹਿਲਾ ਪ੍ਰਾਈਵੇਟ ਬੈਂਕ, ਪੰਜਾਬ ਨੈਸ਼ਨਲ ਬੈਂਕ ਲਾਹੌਰ ਵੀ ਸਰਦਾਰ ਦਿਆਲ ਸਿੰਘ ਮਜੀਠੀਆ ਨੇ ਸਥਾਪਤ ਕੀਤਾ ਸੀ ਅਤੇ ਇਸ ਦਾ ਪਹਿਲਾ ਚੇਅਰਮੈਨ ਨਿਯੁਕਤ ਹੋਇਆ ਸੀ। ਆਪਣੇ ਦੇਹਾਂਤ ਤੋਂ ਤਿੰਨ ਚਾਰ ਸਾਲ ਪਹਿਲਾਂ ਉਸ ਨੇ ਅਨੋਖੀ ਵਸੀਅਤ ਕੀਤੀ। ਉਹ ਨਿਰਸੰਤਾਨ ਸੀ, ਉਸ ਨੇ ਆਪਣੀ ਜੱਦੀ ਜਾਇਦਾਦ ਤਾਂ ਆਪਣੀ ਪਤਨੀ ਅਤੇ ਹੋਰ ਕਾਨੂੰਨੀ ਵਾਰਸਾਂ ਦੇ ਹੱਕ ਵਿਚ ਲਿਖੀ ਪਰ ਆਪਣੀ ਜ਼ਰ ਖਰੀਦ ਜਾਇਦਾਦ ਜੋ ਉਸ ਵੇਲੇ ਕਈ ਲੱਖ ਰੁਪਏ ਦੀ ਬਣਦੀ ਸੀ, ਉਸ ਨੂੰ ਵਰਤਣ ਲਈ ਤਿੰਨ ਵੱਖ ਵੱਖ ਟਰੱਸਟ ਬਣਾਏ। ਇੱਕ ਟਰੱਸਟ ਅਨੁਸਾਰ ਦਿਆਲ ਸਿੰਘ ਕਾਲਜ ਲਾਹੌਰ ਅਤੇ ਦੂਸਰੇ ਅਨੁਸਾਰ ਦਿਆਲ ਸਿੰਘ ਟਰੱਸਟ ਪਬਲਿਕ ਲਾਇਬਰੇਰੀ ਲਾਹੌਰ ਬਣਾਈ ਜਾਣ ਵਾਸਤੇ ਹਦਾਇਤ ਸੀ। ਇਹ ਸੰਸਥਾਵਾਂ ਬਾਕਾਇਦਾ ਹੋਂਦ ਵਿਚ ਆਈਆਂ ਅਤੇ ਸ਼ਾਨਦਾਰ ਸੇਵਾਵਾਂ ਦੇ ਰਹੀਆਂ ਹਨ। ਤੀਸਰਾ ਟਰੱਸਟ ਸੀ ‘ਦਿ ਟ੍ਰਿਬਿਊਨ’ ਅਖ਼ਬਾਰ ਨੂੰ ਜਾਰੀ ਰੱਖਣ ਵਾਲਾ। ਉਹ ਟਰੱਸਟ ਵਸੀਅਤਕਰਤਾ ਦੀਆਂ ਹਦਾਇਤਾਂ ਮੁਤਾਬਿਕ ਚੱਲਦਾ ਚੱਲਦਾ ਅੱਜ ਅਖ਼ਬਾਰ ਸਮੂਹ ਬਣ ਗਿਆ ਹੈ ਜਿਸ ਦੇ ਪਰਿਵਾਰ ਵਿਚ 1978 ਤੋਂ ‘ਪੰਜਾਬੀ ਟ੍ਰਿਬਿਊਨ’ ਤੇ ਹਿੰਦੀ ਦਾ ‘ਦੈਨਿਕ ਟ੍ਰਿਬਿਊਨ’ ਆਪੋ-ਆਪਣੇ ਖੇਤਰ ਵਿਚ ਮੱਲਾਂ ਮਾਰ ਰਹੇ ਹਨ। ਆਓ, ਅੱਜ ਟ੍ਰਿਬਿਊਨ ਅਖ਼ਬਾਰ ਸਮੂਹ ਦੇ ਸੰਥਾਪਕ ਸਰਦਾਰ ਦਿਆਲ ਸਿੰਘ ਮਜੀਠੀਆ ਦੇ ਮਹਾਨ ਦਾਨ, ਪੁੰਨ ਅਤੇ ਉੱਦਮ ਨੂੰ ਯਾਦ ਕਰੀਏ।
(ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਲਾਹੌਰ ਵੱਲੋਂ ਪ੍ਰਕਾਸ਼ਿਤ ਗੁਰਮੁਖੀ ਐਡੀਸ਼ਨ ‘ਸਰਦਾਰ ਦਿਆਲ ਸਿੰਘ ਮਜੀਠੀਆ, ਆਪਣੇ ਸਮਕਾਲੀਆਂ ਦੀ ਨਜ਼ਰ ਵਿਚ’ ਉੱਤੇ ਆਧਾਰਿਤ)
ਸੰਪਰਕ: 80545-97595