ਭੈਣ-ਭਰਾਵਾਂ ਦੇ ਜ਼ੋਰ ਪਾਉਣ ‘ਤੇ ਨਾਨੀ ਜਿਸ ਨੂੰ ਅਸੀਂ ਬੇਬੇ ਆਖਦੇ ਸਾਂ, ਸਾਲ ਵਿਚ ਦੋ ਕੁ ਵਾਰ ਸਾਡੇ ਕੋਲ ਰਹਿਣ ਆ ਜਾਂਦੀ। ਉਨ੍ਹਾਂ ਜਦੋਂ ਵੀ ਸਾਡੇ ਕੋਲ ਆਉਣਾ, ਆਪਣੀ ਪੁਆਧੀ ਭਾਸ਼ਾ ਵਿਚ ਬਾਤਾਂ ਪਾ ਕੇ ਦਿਲ ਲਾਈ ਰੱਖਣਾ। ਉਂਜ, ਉਨ੍ਹਾਂ ਦੇ ਹਰ ਗੇੜੇ ਨਾਲ ਮੇਰਾ ਇਕ ਕੰਮ ਜ਼ਰੂਰ ਵਧ ਜਾਂਦਾ; ਉਹ ਸੀ ਉਨ੍ਹਾਂ ਦੀ ਸਾਹ ਦੀ ਤਕਲੀਫ਼ ਦੀ ਦਵਾਈ ਲਾਂਡਰਾਂ ਨੇੜਲੇ ਪਿੰਡ ਦੇ ਦੇਸੀ ਡਾਕਟਰ ਤੋਂ ਲਿਆਉਣਾ। ਜਦੋਂ ਅਸੀਂ ਛੋਟੇ ਸਾਂ, ਪਿਤਾ ਜੀ ਆਪ ਜਾ ਕੇ ਜਾਂ ਹੋਰ ਕਿਸੇ ਤੋਂ ਬੇਬੇ ਦੀ ਦੋ-ਤਿੰਨ ਮਹੀਨਿਆਂ ਦੀ ਦਵਾਈ ਮੰਗਵਾ ਲੈਂਦੇ ਸਨ। ਜਦੋਂ ਮੈਂ ਗਿਆਰਵੀਂ ਜਮਾਤ ਵਿਚ ਹੋ ਗਿਆ ਤਾਂ ਪਹਿਲੀ ਵਾਰ ਇਸ ਕੰਮ ਦਾ ਜ਼ਿੰਮਾ ਮੇਰੇ ਸਿਰ ਲੱਗ ਗਿਆ। ਪਿਤਾ ਜੀ ਦਾ ਹੁਕਮ ਸੀ- “ਐਤਕੀਂ ਬੇਬੇ ਦੀ ਦਵਾਈ ਤੈਂ ਲੈ ਕੇ ਆਉਣੀ ਹੈ।” ਕੋਈ ਜਵਾਬ ਉਡੀਕੇ ਬਗੈਰ ਹੀ ਕਹਿੰਦੇ, “ਉਂਝ ਵੀ ਤਾਂ ਯਾਰਾਂ-ਦੋਸਤਾਂ ਨਾਲ ਘੁੰਮਦਾ ਰਹਿਨਾ ਏਂ।” ਮੇਰੇ ਅੱਗੇ ਵੱਡੀ ਇਹ ਸਮੱਸਿਆ ਸੀ ਕਿ ਜਾਵਾਂ ਕਿਵੇਂ? ਪਤਾ ਸੀ ਕਿ ਸਕੂਟਰ ਪਿਤਾ ਜੀ ਨੇ ਦੇਣਾ ਨਹੀਂ, ਤੇ ਜੂਨ ਮਹੀਨੇ ਕੜਕਦੀ ਗਰਮੀ ਵਿਚ ਸਾਈਕਲ ਉੱਤੇ ਐਨੀ ਦੂਰ ਜਾਣਾ ਔਖਾ ਲੱਗਦਾ ਸੀ ਪਰ ਪਿਤਾ ਜੀ ਦੇ ਹੁਕਮਾਂ ਨੂੰ ਅਣਗੌਲਿਆਂ ਕਰਨਾ ਵੀ ਸੰਭਵ ਨਹੀਂ ਸੀ।
ਖ਼ੈਰ, ਸਕੂਟਰ ਵਾਲੇ ਆਪਣੇ ਇਕ ਦੋਸਤ ਨੂੰ ਨਾਲ ਚੱਲਣ ਲਈ ਰਾਜ਼ੀ ਕੀਤਾ। ਪਹਿਲਾਂ ਉਹਦਾ ਮਸ਼ਵਰਾ ਵੀ ਸੁਣਨਾ ਪਿਆ, “ਸਾਹ ਦੀ ਦਵਾਈ ਲਈ ਐਨੀ ਦੂਰ ਪਿੰਡ ਦੇ ਡਾਕਟਰ ਕੋਲ ਕਿਉਂ ਜਾਣਾ, ਇੱਥੇ ਡਾਕਟਰ ਘੱਟ ਨੇ।” ਮੁਸ਼ਕਿਲ ਨਾਲ ਉਹਨੂੰ ਸਮਝਾਇਆ। ਇਸ ਤੋਂ ਪਹਿਲਾਂ ਮੈਂ ਆਪ ਵੀ ਬੇਬੇ ਨੂੰ ਟਰਕਾਉਣ ਲਈ ਨੇੜਲੇ ਕਿਸੇ ਚੰਗੇ ਡਾਕਟਰ ਕੋਲ ਲਿਜਾਣ ਦੀ ਗੱਲ ਆਖ ਚੁੱਕਾ ਸਾਂ ਪਰ ਅੱਗਿਓਂ ਬੇਬੇ ਪੁਆਧੀ ਰੰਗ ਬਖੇਰਦੀ ਬੋਲੀ, “ਨਾ ਪੁੱਤ, ਮਨੂੰ ਤੋ ਉਸੀ ਡਾਕਟਰ ਕੀ ਦਵਾਈ ਲਗਾ।” ਨਾਲ ਹੀ ਉਹਨੇ ਦਵਾਈ ਵਾਲੀ ਪੁਰਾਣੀ ਜਿਹੀ ਪਰਚੀ ਮੇਰੇ ਹੱਥ ਫੜਾਈ, “ਸਾਜਰੇ ਚਲੇ ਜਾਇਓ ਤਾਂ ਹੀ ਸੰਝਾਂ ਤੱਕ ਮੁੜਾਂਗੇ।” ਮੈਂ ਸੋਚਾਂ ਵਿਚ ਪੈ ਗਿਆ, ਐਨਾ ਕਿੰਨਾ ਵੱਡਾ ਡਾਕਟਰ ਹੈ ਕਿ ਸੰਝਾਂ ਤੱਕ ਨੰਬਰ ਆਵੇਗਾ।
ਅਗਲੇ ਦਿਨ ਮੈਂ ਅਤੇ ਮੇਰਾ ਦੋਸਤ ਸਵੇਰੇ 8 ਕੁ ਵਜੇ ਘਰੋਂ ਨਿਕਲ ਪਏ ਅਤੇ ਪੁੱਛਦੇ-ਪੁਛਾਉਂਦੇ 30-35 ਮਿੰਟਾਂ ਵਿਚ ਡਾਕਟਰ ਦੇ ਪਿੰਡ ਤੇ ਫਿਰ ਉਹਦੇ ਕਲੀਨਿਕ ਪਹੁੰਚ ਗਏ। ਕਲੀਨਿਕ ਦੇ ਬਾਹਰ ਲੋਕਾਂ ਦੀ ਭੀੜ ਦੇਖ ਕੇ ਅਸੀਂ ਹੈਰਾਨ ਰਹਿ ਗਏ। ਪਤਾ ਲੱਗਿਆ ਕਿ ਦਵਾਈ ਲੈਣ ਲਈ ਪਹਿਲਾਂ ਟੋਕਨ ਲੈਣਾ ਪੈਂਦਾ ਹੈ ਤੇ ਦਿਨ ਦੇ ਸਿਰਫ਼ 100 ਟੋਕਨ ਵੰਡੇ ਜਾਂਦੇ ਹਨ। ਕੰਪਾਊਂਡਰ ਤੋਂ ਟੋਕਨ ਲਿਆ ਤਾਂ ਪਤਾ ਲੱਗਿਆ ਕਿ ਸਾਡੇ ਅੱਗੇ 45 ਕੁ ਮਰੀਜ਼ ਹੋਰ ਸਨ। 9 ਕੁ ਵਜੇ ਡਾਕਟਰ ਨੇ ਮਰੀਜ਼ ਦੇਖਣੇ ਸ਼ੁਰੂ ਕਰ ਦਿੱਤੇ। ਅਸੀਂ ਉਸ ਡਾਕਟਰ ਨੂੰ ਮਿਲਣ ਲਈ ਕਾਹਲੇ ਸਾਂ ਜਿਸ ਕੋਲੋਂ ਦਵਾਈ ਲੈਣ ਲਈ ਐਨੀ ਦੂਰੋਂ ਲੋਕ ਆਏ ਹੋਏ ਸਨ।
ਲੰਮੇ ਇੰਤਜ਼ਾਰ ਤੋਂ ਬਾਅਦ ਅਖ਼ੀਰ ਬਾਅਦ ਦੁਪਹਿਰ ਢਾਈ ਕੁ ਵਜੇ ਸਾਡਾ ਨੰਬਰ ਆ ਗਿਆ। ਆਵਾਜ਼ ਪੈਣ ‘ਤੇ ਡਾਕਟਰ ਦੇ ਕਮਰੇ ਵਿਚ ਦਾਖ਼ਲ ਹੋਇਆ ਤਾਂ ਡਾਕਟਰ ਨੂੰ ਦੇਖ ਕੇ ਹੈਰਾਨ ਰਹਿ ਗਿਆ। ਉਹ ਬਿਲਕੁਲ ਸਾਧਾਰਨ ਜਿਹਾ ਬਜ਼ੁਰਗ ਜਾਪਦਾ ਸੀ। ਮੇਰੇ ਕਮਰੇ ਅੰਦਰ ਦਾਖ਼ਲ ਹੁੰਦੇ ਸਾਰ ਉਹਨੇ ਪੁਆਧੀ ‘ਚ ਸਵਾਲ ਕੀਤਾ, “ਹਾਂ ਛੋਕਰੇ ਕਿਆ ਤਕਲੀਫ਼ ਆ?” ਲੱਗਦਾ ਸੀ, ਉਹ ਇਕ ਪਲ ਵੀ ਬਰਬਾਦ ਨਹੀਂ ਸੀ ਕਰਨਾ ਚਾਹੁੰਦਾ। ਦੋ ਕੁ ਪਲ ਤਾਂ ਮੈਨੂੰ ਕੁਝ ਸੁੱਝਿਆ ਹੀ ਨਹੀਂ, ਐਨੇ ਨੂੰ ਉਹ ਆਪਣਾ ਉਹੀ ਸਵਾਲ ਦੁਹਰਾ ਵੀ ਚੁੱਕਾ ਸੀ। ਮੈਂ ਬੇਬੇ ਦੀ ਦਵਾਈ ਵਾਲੀ ਪਰਚੀ ਉਹਦੇ ਸਾਹਮਣੇ ਕਰ ਦਿੱਤੀ। ਉਹਨੇ ਪਰਚੀ ਫੜਦਿਆਂ ਪੜ੍ਹ ਕੇ ਕਿਹਾ, “ਕਰਤਾਰੋ! … ਯੋ ਬੁੜ੍ਹੀ ਇਬ ਬੀ ਜਿੰਦੀ ਆ।” ਨਾਲ ਹੀ ਉਹਨੇ ਪਰਚੀ ‘ਤੇ ਦਵਾਈ ਲਿਖਦਿਆਂ ਸਵਾਲ ਕੀਤਾ, “ਮਰੀਜ਼ ਨੂੰ ਕੋਈ ਤਕਲੀਫ਼ ਤਾਂ ਨਹੀਂ”; ਮੈਂ ਕਿਹਾ ਕਿ ਥੋੜ੍ਹੀ ਖੰਘ ਹੈ। ਉਹਨੇ ਇਕੋ ਸਾਹ ਵਿਚ ਪਰਹੇਜ਼ ਗਿਣਾ ਛੱਡੇ, “ਖੱਟਾ-ਮਿੱਠਾ ਬੰਦ, ਤਲਿਆ ਹੋਇਆ ਬੰਦ, ਮਾਂਹ ਕੀ ਦਾਲ ਬੰਦ, ਛੋਲੇ ਬੰਦ, ਰਾਜਮਾਂਹ ਬੰਦ, ਠੰਢਾ ਬੰਦ।” ਮੈਂ ਮਸੀਂ ਹਾਸਾ ਰੋਕਦਿਆਂ ਪੁੱਛਿਆ, “ਖਾ ਕੀ ਸਕਦੇ ਆ।” ਡਾਕਟਰ ਨੇ ਕਿਹਾ, “ਬਾਕੀ ਜੋ ਮਰਜ਼ੀ ਖਾ ਲਵੇ।” ਦਿਲ ਵਿਚ ਸੋਚਿਆ- ‘ਛੱਡਿਆ ਕੀ ਐ ਖਾਣ ਨੂੰ’। ਉਹਨੇ ਦਵਾਈ ਵਾਲੀਆਂ ਪੁੜੀਆਂ ਦਾ ਲਿਫ਼ਾਫਾ ਮੈਨੂੰ ਫੜਾਉਂਦਿਆਂ, ‘ਦਵਾਈ ਕਿਵੇਂ ਲੈਣੀ ਹੈ’, ਇਹ ਸਮਝਾਉਣ ਦਾ ਕੰਮ ਆਪਣੇ ਕੰਪਾਊਂਡਰ ਨੂੰ ਦੇ ਦਿੱਤਾ।
ਵਾਪਸੀ ਤੇ ਅਸੀਂ ਡਾਕਟਰ ਦੀਆਂ ਗੱਲਾਂ ਕਰ ਕੇ ਹੱਸਦੇ ਹੱਸਦੇ ਕਦੋਂ ਘਰ ਪਹੁੰਚ ਗਏ, ਪਤਾ ਹੀ ਨਹੀਂ ਲੱਗਿਆ। ਘਰ ਆ ਕੇ ਬੇਬੇ ਨੂੰ ਦਵਾਈ ਦਿੰਦਿਆਂ ਮੈਂ ਕਿਸੇ ਚੰਗੇ ਡਾਕਟਰ ਤੋਂ ਦਵਾਈ ਲੈਣ ਦਾ ਮਸ਼ਵਰਾ ਦੁਹਰਾਇਆ, ਬੇਬੇ ਦਾ ਵਿਸ਼ਵਾਸ ਫਿਰ ਉਹੀ ਕੁਝ ਬੋਲਿਆ, “ਨਾ ਪੁੱਤ, ਮਨੂੰ ਤੋ ਯੋਹੀ ਦਵਾਈ ਠੀਕ ਕਰਾ।” ਬੇਬੇ ਨੂੰ ਉਸ ਡਾਕਟਰ ਦੀ ਦਵਾਈ ‘ਤੇ ਐਨਾ ਭਰੋਸਾ ਸੀ ਕਿ ਜੇ ਅਸੀਂ ਉਸ ਡਾਕਟਰ ਦੀ ਦਵਾਈ ਦੀ ਗੱਲ ਆਖ ਕੇ ਕੁਝ ਹੋਰ ਵੀ ਦੇ ਦਿੰਦੇ ਤਾਂ ਵੀ ਉਹ ਠੀਕ ਹੋ ਜਾਂਦੀ।
ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ। ਮੇਰੇ ਵਿਆਹ ਤੋਂ ਬਾਅਦ ਇਕ ਵਾਰ ਸਾਡੇ ਕੋਲ ਆਈ ਬੇਬੇ ਦੀ ਕਹਾਣੀ ਕਾਫੀ ਉਲਝ ਗਈ। ਉਹ ਮੈਨੂੰ ਮੁੜ ਮੁੜ ਉਸੇ ਡਾਕਟਰ ਕੋਲੋਂ ਦਵਾਈ ਲੈ ਕੇ ਆਉਣ ਲਈ ਮਜਬੂਰ ਕਰਨ ਲੱਗੀ। ਉਸ ਦੀ ਹਾਲਤ ਨੂੰ ਦੇਖਦਿਆਂ ਅਸੀਂ ਉਹਨੂੰ ਇਕ ਚੰਗੇ ਹਸਪਤਾਲ ਲੈ ਗਏ ਪਰ ਉੱਥੇ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ। ਮੌਤ ਵੇਲੇ ਭਾਵੇਂ ਬੇਬੇ ਦੀ ਉਮਰ 80 ਸਾਲ ਤੋਂ ਉੱਪਰ ਸੀ ਪਰ ਪਤਾ ਨਹੀਂ ਕਿਉਂ, ਅੱਜ ਵੀ ਦਿਲ ਦੀ ਕਿਸੇ ਨੁੱਕਰ ਵਿਚੋਂ ਇਹੀ ਆਵਾਜ਼ ਆਉਂਦੀ ਜਾਪਦੀ ਹੈ ਕਿ ਜੇ ਕਿਤੇ ਉਸੇ ਡਾਕਟਰ ਵਾਲੀ ਦਵਾਈ ਲੈ ਆਉਂਦਾ ਤਾਂ ਸ਼ਾਇਦ ਉਹ ਮੁੜ ਠੀਕ ਹੋ ਜਾਂਦੀ!
ਸੰਪਰਕ: 99881-44418