ਸਵਰਨਜੀਤ ਸਵੀ
ਮੇਰੇ ਅਧਿਆਪਕ, ਰਹਿਨੁਮਾ, ਮਿੱਤਰ ‘ਮਾਸਟਰ ਜੀ’ ਗੁਰਬਚਨ ਸਿੰਘ ਗਰੇਵਾਲ (ਪ੍ਰਿੰਸੀਪਲ/ਡਾਇਰੈਕਟਰ, ਮਾਸਟਰ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਤੇ ਕਾਲਜ, ਸਿ਼ਮਲਾਪੁਰੀ, ਲੁਧਿਆਣਾ) ਦਾ ਸਦਾ ਲਈ ਤੁਰ ਜਾਣ ਦਾ ਦਿਨ ਮੇਰੀ ਜਿ਼ੰਦਗੀ ਦੇ 62 ਸਾਲਾਂ ਵਿਚ ਮਾਂ, ਨਾਨੀ ਤੇ ਭੈਣ ਦੇ ਜਾਣ ਤੋਂ ਬਾਅਦ ਚੌਥਾ ਉਹ ਦਿਨ ਹੈ ਜਿੱਥੇ ਚੁੱਪ/ ਉਦਾਸੀ/ ਬੇਬਸੀ/ ਖਲ਼ਾਅ ਵੀ ਬੇਮਾਇਨੇ ਹੋ ਜਾਂਦੇ ਨੇ।
‘ਮਾਸਟਰ ਜੀ’ ਸਹੀ ਅਰਥਾਂ ਵਿਚ ਇਸ ਉਪਾਧੀ (ਮੈਨੂੰ ਇਹ ਸ਼ਬਦ ਨੌਕਰੀ ਦੀ ਥਾਂ ਸਮਾਜ ਦੀ ਦਿੱਤੀ ਉਪਾਧੀ ਲਗਦੀ ਹੈ, ਹਾਲਾਂ ਕਿ ਅੱਜ ਅਸੀਂ ਇਸ ਨੂੰ ਕਰੀਅਰ ਲਈ ਵਰਤੇ ਜਾ ਰਹੇ ਸੰਦ ਵਜੋਂ ਜਿ਼ਆਦਾ ਦੇਖਦੇ ਹਾਂ) ਦੇ ਯੋਗ ਸ਼ਖ਼ਸ ਸਨ। ਮੈਂ 1972 ਵਿਚ ਉਨ੍ਹਾਂ ਕੋਲ ਵਿਸ਼ਵਕਰਮਾ ਸਕੂਲ ’ਚ ਪੜ੍ਹਦਾ ਸਾਂ। ਉਦੋਂ ਹੀ ਉਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਆਪਣੀ ਤਨਖ਼ਾਹ ਦਾ ਅੱਧ ਤੋਂ ਵੱਧ ਤਾਂ ਗਰੀਬ ਬੱਚਿਆਂ ਦੀ ਫੀਸ, ਕਿਤਾਬਾਂ ਜਾਂ ਕੱਪੜਿਆਂ ਤੇ ਖਰਚ ਦਿੰਦੇ ਸੀ। ਮੈਂ ਕਾਲਜ ਚਲਾ ਗਿਆ ਤੇ ਮਾਸਟਰ ਜੀ ਨੇ ਆਪਣਾ ਅਲੱਗ ਸਕੂਲ ਸ਼ੁਰੂ ਕਰ ਲਿਆ। ਅਕੀਦਾ ਨਾ ਬਦਲਿਆ, ਗਰੀਬ ਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇਣੀ। ਇਸ ਅਕੀਦੇ ਨੂੰ ਲੋਕਾਂ ਦੀ ਮੁਹੱਬਤ ਵੀ ਮਿਲੀ। ਅੱਜ ਉਨ੍ਹਾਂ ਦੀ ਦੇਖ-ਰੇਖ ਵਿਚ ਚਾਰ ਸਕੂਲ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸਿ਼ਮਲਾਪੁਰੀ ਲੁਧਿਆਣਾ, ਡੀਜੀਐੱਸਜੀ ਸਕੂਲ ਸਿ਼ਮਲਾਪੁਰੀ, ਨਨਕਾਣਾ ਸਾਹਿਬ ਪਬਲਿਕ ਸਕੂਲ ਜਨਤਾ ਨਗਰ, ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਪ੍ਰਭਾਤ ਨਗਰ ਲੁਧਿਆਣਾ ਸਫਲਤਾਪੂਰਵਕ ਚੱਲ ਰਹੇ ਹਨ। ਜਿੱਥੇ 5700 ਤੋਂ ਵੱਧ ਬੱਚਿਆਂ ਦਾ ਭਵਿੱਖ ਸਵਾਰਨ-ਸਿਰਜਣ ਦਾ ਕੰਮ ਨਿਸ਼ਚਾ ਨਾਲ ਹੋ ਰਿਹਾ ਹੈ। ਇਨ੍ਹਾਂ ਵਿਚੋਂ 40 ਫੀਸਦ ਬੱਚੇ ਜੋ ਲੋੜਵੰਦ ਹਨ, ਮੁਫ਼ਤ ਪੜ੍ਹਦੇ ਹਨ।
ਇੱਕ ਹੋਰ ਖ਼ਾਸੀਅਤ ਮਾਸਟਰ ਜੀ ਦੀ ਇਹ ਕਿ ਉਹ ਜਿੱਥੇ ਨਰਮ-ਦਿਲ, ਹਮਦਰਦ ਤੇ ਹਸਮੁਖ ਸਨ, ਉੱਥੇ ਅਨੁਸ਼ਾਸਨ ਦੇ ਮਾਮਲੇ ’ਚ ਸਖ਼ਤ ਸਨ। ਸਕੂਲ ਹੋਵੇ ਜਾਂ ਗਰਾਊਂਡ, ਵਿਦਿਆਰਥੀ ਹੋਵੇ ਜਾਂ ਅਧਿਆਪਕ, ਅਨੁਸ਼ਾਸਨ ਦੀ ਸੀਮਾ ਸਭ ਲਈ ਬਰਾਬਰ ਤੇ ਜ਼ਰੂਰੀ ਹੁੰਦੀ। ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਸਿ਼ਮਲਾਪੁਰੀ, ਲੁਧਿਆਣਾ ਦੇ ਵਿਦਿਆਰਥੀ ਹਰ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ’ਚ ਮੈਰਿਟ ਲਿਸਟਾਂ ਵਿਚ ਚਮਕਦੇ ਹਨ ਅਤੇ ਹਾਕੀ, ਬੈਡਮਿੰਟਨ ਦੀਆਂ ਸ਼ਕਤੀਸ਼ਾਲੀ ਟੀਮਾਂ ਵੀ ਹਨ।
ਇੱਕ ਗੁਰੂ ਦਾ ਬਚਪਨ ਤੋਂ ਚੌਥੀ ਰੁੱਤ ਤੱਕ ਦਾ ਸਾਥ ਕਿੰਨੇ ਰੂਪ ਬਦਲਦਾ ਹੈ, ਇਸ ਦੀ ਸਮਝ ਮਾਸਟਰ ਜੀ ਨਾਲ ਬੀਤੇ ਪਲਾਂ ਦੀ ਵਹੀ ’ਚ ਦਰਜ ਹੈ। 1972 ’ਚ ਵਿਸ਼ਵਕਰਮਾ ਸਕੂਲ ਢੋਲੇਵਾਲ ਲੁਧਿਆਣਾ ਵਿਚ ਸੱਤਵੀਂ ਜਮਾਤ ਦਾ ਮਨੀਟਰ ਸਾਂ, ਮੇਰੀ ਡਿਊਟੀ ਪੜ੍ਹਾਉਣ ਤੇ ਕੰਟਰੋਲ ਕਰਨ ਦੀ ਲਾ ਕੇ ਮਾਸਟਰ ਜੀ ਕੰਮ ਚਲੇ ਗਏ। ਬੋਰਡ ’ਤੇ ਅਧੂਰਾ ਸਵਾਲ ਪੂਰਾ ਕਰਨ ਦੀ ਜਿ਼ੰਮੇਵਾਰੀ ਹੁਣ ਮੇਰੀ ਸੀ। ਮੈਂ ਕਲਾਸ ਨੂੰ ਪੜ੍ਹਾਉਣ ਲੱਗਾ ਤਾਂ ਮੇਰੇ ਨਾਲੋਂ ਡੇਢੇ ਕੱਦ ਦਾ ਹਮਜਮਾਤੀ ਰੌਲਾ ਪਾਉਣ ਲੱਗਾ, ਧਿਆਨ ਵੰਡਿਆ ਗਿਆ ਤੇ ਸਵਾਲ ਉਲਝ ਗਿਆ… ਸਰ ਆਏ, ਤੇ ਬੋਰਡ ਉੱਤੇ ਮੇਰੀ ਗ਼ਲਤੀ ਦੇਖੀ, ਸੱਜੇ ਹੱਥ ਦਾ ਕੜਾ ਕੂਹਣੀ ਤੱਕ ਚੜ੍ਹਾ ਲਿਆ ਤੇ ਮਨੀਟਰ ਦੇ ਕੰਨ ਤੇ ਢਿੱਲੇ ਲਟਕਦੇ ਹੱਥ ਨਾਲ ਮੇਰੀ ਜਿ਼ੰਦਗੀ ਦਾ ਕਿਸੇ ਅਧਿਆਪਕ ਦਾ ਪਹਿਲਾ ਤੇ ਆਖਰੀ ਥੱਪੜ ਪਿਆ… ਮੈਂ ਤਿੰਨ ਡੈਸਕ ਪਿੱਛੇ ਜਾ ਡਿੱਗਿਆ। ਅੱਜ ਵੀ ਕੰਨ ਅੰਦਰ ਹੁੰਦੀ ਅਜੀਬ ਆਵਾਜ਼ ਯਾਦ ਆ ਜਾਂਦੀ ਹੈ ਤਾਂ ਧੁੜਧੁੜੀ ਛਿੜ ਜਾਂਦੀ ਹੈ।
7ਵੀਂ ਵਿਚ ਮੇਰਾ ਕੱਦ ਚਾਰ ਕੁ ਫੁੱਟ ਸੀ, 10ਵੀਂ ’ਚ ਸਾਢੇ ਚਾਰ ਦਾ। 10ਵੀਂ ਤੋਂ ਬਾਅਦ ਐੱਮਏ ਦੌਰਾਨ ਗਿੱਲ ਚੌਕ ਦੀ ਹੀਰਾ ਕਲੱਬ ਵਿਚ ਵੇਟ ਲਿਫਟਿੰਗ ਦੇ ਸੈਸ਼ਨ ਤੋਂ ਬਾਅਦ ਚੌਕ ’ਚ ਸਰ ਨੂੰ ਅੰਗਰੇਜ਼ੀ ਦੇ ਮਾਸਟਰ ਸ਼ੇਰ ਸਿੰਘ ਜੀ ਨਾਲ ਦੇਖਿਆ ਤੇ ਸਤਿ ਸ੍ਰੀ ਅਕਾਲ ਬੁਲਾਈ; ਕਹਿੰਦੇ, “ਵਿਦਿਆਰਥੀ ਸਕੂਲ ਤੋਂ ਬਾਅਦ ਬਹੁਤ ਬਦਲ ਜਾਂਦੇ ਨੇ… ਪਰ ਤੂੰ ਸਵਰਨਜੀਤ ਹੈਂ ਨਾ?” ਮੈਂ ਹੈਰਾਨ! ਸਰ ਨੇ ਪਛਾਣ ਕਿਵੇਂ ਲਿਆ, ਮੇਰੇ ਦਾੜ੍ਹੀ ਮੁੱਛਾਂ ਵੀ ਆ ਗਈਆਂ ਸਨ ਪਰ ਮਾਸਟਰ ਜੀ ਤਾਂ ਉਹੋ ਜਿਹੇ ਹੀ ਸਨ ਜਿਵੇਂ ਸਕੂਲ ਵੇਲੇ ਬੈਡਮਿੰਟਨ ਖੇਡਦੇ ਲੱਗਦੇ ਸਨ। ਇਹ ਗੱਲ 1979-80 ਦੀ ਹੈ।
ਫਿਰ 1985 ’ਚ ਮੈਂ ਅਰਬਨ ਅਸਟੇਟ ਦੁੱਗਰੀ ਗਾਇਕ ਦੋਸਤ ਜਸਵੰਤ ਸੰਦੀਲੇ ਦਾ ਕਿਰਾਏਦਾਰ ਸਾਂ, ਇੱਕ ਸ਼ਾਮ ਭਾਅ ਮੈਨੂੰ ਸ਼ਾਮ ਦੀ ਮਹਿਫ਼ਲ ਵਿਚ ਨਾਲ ਲੈ ਗਿਆ। ਹੈਰਾਨੀ ਦੀ ਹੱਦ ਨਾ ਰਹੀ, ਮੇਜ਼ਬਾਨ ਮਾਸਟਰ ਜੀ ਹਨ। ਮੈਂ ਪੈਰੀਂ ਪੈਣਾ ਕੀਤਾ, ਸੰਦੀਲਾ ਭਾਅ ਨੇ ਦੱਸਿਆ- ਇਹ ਸਾਡਾ ਕਵੀ ਹੈ ਸਵਰਨਜੀਤ ਸਵੀ, ਤੇ ਸਰ ਕਹਿੰਦੇ- ਮੇਰਾ ਤਾਂ ਸਵਰਨਜੀਤ ਹੈ। ਮੈਂ ਇਕ ਵਾਰ ਫਿਰ ਚਰਨ ਵੰਦਨਾ ਕੀਤੀ। ਫਿਰ ਉਨ੍ਹਾਂ ਦੇ ਘਰ ਦੀਆਂ ਮਹਿਫਿਲਾਂ ’ਚ ਮੈਂ ਸੁਰਜੀਤ ਪਾਤਰ, ਅਮਰਜੀਤ ਗਰੇਵਾਲ਼, ਦੀਦਾਰ ਪਰਦੇਸੀ ਤੇ ਹੋਰ ਕਈ ਦੋਸਤਾਂ ਨੂੰ ਵੀ ਲੈ ਕੇ ਗਿਆ। ਸ਼ਾਇਰੀ ਤੇ ਗਾਇਕੀ ਦੀਆਂ ਯਾਦਗਾਰੀ ਮਹਿਫਿ਼ਲਾਂ ਦਾ ਹਰ ਮਹੀਨੇ ਪੂਰਨਮਾਸ਼ੀ ਦੀ ਚਾਨਣੀ ’ਚ ਵੱਖਰਾ ਹੀ ਨਸ਼ਾ ਹੁੰਦਾ। ਉਨ੍ਹਾਂ ਨੇ ਹੀ ਮੈਨੂੰ ਇਹ ਘਰ ਦਿਵਾਇਆ ਜਿੱਥੇ ਮੈਂ ਅੱਜ ਰਹਿੰਦਾ ਹਾਂ। ਘਰ ਦਾ ਕਾਫ਼ੀ ਕੰਮ ਕਰਨਾ ਸੀ ਤੇ ਮੈਂ ਭਦੌੜ ਹਾਊਸ ਕੈਸਟਾਂ ਦੇ ਕਵਰ ਡਿਜ਼ਾਈਨ ਕਰਨ ’ਚ ਬਹੁਤ ਰੁੱਝਿਆ ਰਹਿੰਦਾ ਸੀ। ਮਾਸਟਰ ਜੀ ਨੇ ਕਿਹਾ, “ਤੂੰ ਦੱਸ ਦੇ ਕੀ ਤੇ ਕਿਵੇਂ ਕਰਨਾ, ਮੈਂ ਤੇ ਨਿਰਮਲ (ਉਨ੍ਹਾਂ ਦਾ ਗੁਆਂਢੀ ਮਿੱਤਰ ਤੇ ਹਾਊਸ ਬਿਲਡਰ) ਕੰਮ ਕਰ ਦਿਆਂਗੇ। ਇੱਕ ਰਿਣ ਤਾਂ ਇਹ ਕਿ ਮੇਰੇ ਗੁਰੂ ਮੇਰੇ ਘਰ ਦਾ ਕੰਮ ਕਰਵਾ ਰਹੇ, ਦੂਜਾ ਜਦੋਂ ਮੈਂ ਕਹਾਂ- ਸਰ ਪੈਸੇ ਕਿੰਨੇ ਲੱਗ ਗਏ ਤਾਂ ਕੋਈ ਪੱਲਾ ਨਾ ਫੜਾਉਣ; ਅਖੇ, ਕੋਈ ਨੀ ਕਰਲਾਂ’ਗੇ। ਕੰਮ ਚੱਲਦਿਆਂ ਚਾਰ ਮਹੀਨੇ ਹੋ ਗਏ। ਬਾਥਰੂਮ ਤੇ ਕਮਰਿਆਂ ਦੀ ਤਿਆਰੀ ਹੋ ਗਈ। ਮੈਂ ਕਿਹਾ- ਸਰ ਮੇਰੇ ਕੋਲ ਪੈਸੇ ਦੋ ਕੁ ਲੱਖ ਨੇ, ਕੰਮ ਏਨੇ ਚ ਹੋਜੂ? ਕਹਿੰਦੇ- ਹੋ ਜੂ ਕਿਉਂ ਚਿੰਤਾ ਕਰੀ ਜਾਨਾਂ? ਮਹੀਨੇ ਕੁ ਬਾਅਦ ਰੰਗ ਹੋ ਰਿਹਾ ਸੀ, ਸੁਨੇਹਾ ਆਇਆ- ਸਵੀ ਰੰਗ ਦੇਖ ਲੈ ਸਵੇਰੇ। ਪਹਿਲੀ ਮੰਜਿ਼ਲ ਦੇ ਦੋਵੇਂ ਕਮਰੇ ਤੇ ਡਰਾਇੰਗ ਰੂਮ ਤੇ ਕਿਚਨ ਰੰਗ ਹੋ ਗਏ ਸਨ। ਦੇਖਦਿਆਂ ਮੇਰੇ ਮੂੰਹੋਂ ਨਿਕਲ ਗਿਆ- ਸਰ ਗਰੇ ਡਾਰਕ ਹੋ ਗਿਆ… ਪੰਜ ਦਿਨਾਂ ਬਾਅਦ ਕਹਿੰਦੇ- ਸਵੀ, ਆ ਕੇ ਦੇਖ ਤਾਂ ਭਲਾ… ਮੈਂ ਹੈਰਾਨ ਪਰੇਸ਼ਾਨ! ਸਾਰਾ ਘਰ ਦੁਬਾਰਾ ਪੇਂਟ ਕੀਤਾ ਸੀ ਜੋ ਗਰੇ ਮੈਂ ਕਿਹਾ ਸੀ, ਸੁਭਾਇਕੀ… ਮੇਰੇ ਕੋਲ ਪੌਣੇ ਦੋ ਲੱਖ ਪਿਆ ਸੀ, ਸ਼ਾਮ ਨੂੰ ਮੈਂ ਘਰ ਜਾ ਕੇ ਸਰ ਨੂੰ ਧੱਕੇ ਨਾਲ ਫੜਾ ਕੇ ਬੇਨਤੀ ਕੀਤੀ ਕਿ ਖਰਚ ਕਿੰਨਾ ਹੋ ਗਿਆ, ਦੱਸ ਦਿਓ, ਮੈਂ ਇੰਤਜ਼ਾਮ ਕਰ ਲਵਾਂ… ਕੋਈ ਜਵਾਬ ਨਾ ਮਿਲਣ ਤੇ ਮੈਂ ਮੈਡਮ ਕੋਲ ਗਿਆ ਤੇ ਕਿਹਾ ਕਿ ਤੁਸੀਂ ਹੀ ਸਰ ਨੂੰ ਕਹੋ ਕਿ ਦੱਸ ਦੇਣ… ਉਨ੍ਹਾਂ ਦੇ ਇਸ਼ਾਰੇ ਤੋਂ ਲੱਗਾ, ਸਰ ਨੇ ਮਨ੍ਹਾ ਕੀਤਾ… ਇੱਕ ਦਿਨ ਸਰ ਦੀ ਵੀ ਗ਼ੈਰਹਾਜ਼ਰੀ ਚ ਪੁੱਛਿਆ ਤਾਂ ਕਹਿੰਦੇ, ਕਮਰੇ ਵਿਚ ਘੜੇ ਚ ਪਰਚੀਆਂ ਸੁੱਟ ਦਿੰਦੇ ਨੇ … ਇੱਕ ਦਿਨ ਮੈਂ ਪ੍ਰੋ. ਮਹਿੰਦਰ ਸਿੰਘ (ਸਰ ਤੇ ਮੇਰੇ ਅਧਿਆਪਕ ਤੇ ਮੇਰੇ ਬਜ਼ੁਰਗ ਦੋਸਤ) ਤੇ ਨਿਰਮਲ ਭਾਅ ਨੇ ਘੜਾ ਫਰੋਲ ਕੇ ਪਰਚੀਆਂ ਕੱਢੀਆਂ। ਦੋ ਦਿਨ ਬਾਅਦ ਪਤਾ ਲੱਗਿਆ ਕਿ ਸਾਢੇ ਤਿੰਨ ਤੋਂ ਉੱਪਰ ਤਾਂ ਲੱਗ ਗਿਆ… ਸਗੋਂ ਗੁੱਸੇ ਹੋਏ ਕਿ ਮੈਂ ਇੰਜ ਕਿਉਂ ਕੀਤਾ। ਕੁੱਲ ਸਾਢੇ ਚਾਰ ਲੱਖ ਉਨ੍ਹਾਂ ਲਾ ਦਿੱਤਾ ਜੋ ਮੈਂ ਹੌਲੀ ਤਾਰਿਆ।
20 ਦਸੰਬਰ 2012 ਦੀ ਸਵੇਰ ਪੀਏਯੂ ਦੇ ਚੌਕ ਵਿਚ ਮੈਂ ਗੋਲਡ ਮੈਡਲ ਜੁਬਲੀ ਸਮਾਰਕ ਬਣਾਇਆ, ਉਦਘਾਟਨੀ ਰਸਮ ਮੌਕੇ ਸਰ ਦੋਸਤਾਂ ਦੇ ਸਾਹਮਣੇ ਕਹਿੰਦੇ- ਪਹਿਲਾਂ ਮੈਂ ਸਵੀ ਦਾ ਗੁਰੂ ਸੀ, ਹੁਣ ਇਹ ਮੇਰਾ ਗੁਰੂ ਹੈ। ਅੱਖਾਂ ਅੱਜ ਵੀ ਉਵੇਂ ਭਰੀਆਂ ਨੇ…
ਅਲਵਿਦਾ ਗੁਰੂਦੇਵ! ਮੇਰੇ ਵਰਗੇ ਤੁਹਾਡੇ ਹਜ਼ਾਰਾਂ ਵਿਦਿਆਰਥੀਆਂ ਦੇ ਸਿਰ ਹੱਥ ਰੱਖਦੇ ਰਹੋ! ਤੁਸੀਂ ਸਦਾ ਸਾਡੇ ਅੰਗ-ਸੰਗ ਰਹਿਣਾ ਹੈ!
ਸੰਪਰਕ: 98766-68999