ਸਾਡਾ ਹੋਣਹਾਰ ਸ਼ਾਗਿਰਦ, ਸਾਥੀ ਅਧਿਆਪਕ ਅਤੇ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਮੁਖੀ ਸਦੀਵੀ ਵਿਛੋੜਾ ਦੇ ਗਿਆ ਹੈ। ਹਾਦਸਾ ਵਾਪਰ ਚੁੱਕਾ ਹੈ, ਪਰ ਸਮੇਤ ਮੇਰੇ ਕਿਸੇ ਨੂੰ ਵੀ ਯਕੀਨ ਨਹੀਂ ਆ ਰਿਹਾ। “ਕਿਧਰੇ ਝੂਠ ਹੋਵੇ” – ਸਭ ਦੀ ਜ਼ੁਬਾਨ ’ਤੇ ਹੈ। ਦੇਸ਼ਾਂ ਵਿਦੇਸ਼ਾਂ ਤੋਂ ਦਾਨਿਸ਼ਵਰ ਮੁੜ ਮੁੜ ਪੁੱਛ ਰਹੇ ਨੇ। ਪੁੱਛਣ ਵੀ ਕਿਉਂ ਨਾ? ਅਜੇ ਪੰਜਾਹ ਵਰ੍ਹਿਆਂ ਦਾ ਉਸ 2021 ਦੀ ਪਹਿਲੀ ਅਗਸਤ (ਜਨਮ ਪਹਿਲੀ ਅਗਸਤ, 1971) ਨੂੰ ਹੋਣਾ ਸੀ। ਪਿਛਲੇ ਵਰ੍ਹੇ ਹੀ ਉਹ ਤਰੱਕੀ ਕਰ ਐਸੋਸੀਏਟ ਬਣਿਆ ਸੀ ਅਤੇ ਇਸ ਵਰ੍ਹੇ ਉਹ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਦੇ ਅਹੁਦੇ ਉੱਪਰ ਬਿਰਾਜਮਾਨ ਹੋਇਆ ਸੀ। ਉਹਦੇ ਅੰਦਰ ਉੱਚੀ ਤੇ ਲੰਮੀ ਉਡਾਣ ਭਰਨ ਦੀ ਬੇਹੱਦ ਊਰਜਾ ਤੇ ਉਤਸ਼ਾਹ ਸੀ। ਪਹਿਲੀ ਅਗਸਤ 1971 ਨੂੰ ਮਾਤਾ ਸਵਰਨੀ ਤੇ ਸ਼ੰਗਾਰਾ ਆਜੜੀ ਦੇ ਘਰ ਜਨਮੇ ਦਰਿਆ ਦਾ ਬਚਪਨ ਪ੍ਰੀਤਨਗਰ ਦੇ ਆਸ-ਪਾਸ ਹੀ ਗੁਜ਼ਰਿਆ। ਉਹਦਾ ਪਿੰਡ ਮਹਿਮਦਪੁਰਾ (ਅੰਮ੍ਰਿਤਸਰ) ਸੀ। ਐਮ.ਏ., ਐਮ.ਫਿਲ. ਪੀਐੱਚ.ਡੀ. ਦੀਆਂ ਡਿਗਰੀਆਂ ਉਸ ਹਾਸਲ ਕੀਤੀਆਂ ਹੋਈਆਂ ਸਨ। ਕੁਝ ਵਰ੍ਹੇ ਵਿਭਾਗ ਵਿਚ ਜੂਨੀਅਰ ਰਿਸਰਚ ਫੈਲੋ (1994 ਤੋਂ 1997) ਰਹਿਣ ਮਗਰੋਂ ਲਗਭਗ ਛੇ ਵਰ੍ਹੇ ਬਤੌਰ ਐਡਹਾਕ ਲੈਕਚਰਾਰ ਉਸ ਡੀ.ਏ.ਵੀ. ਕਾਲਜ ਅੰਮ੍ਰਿਤਸਰ ਵਿਚ ਗੁਜ਼ਾਰੇ। ਪਹਿਲੀ ਰੈਗੂਲਰ ਨੌਕਰੀ ਉਸ ਨੂੰ ਬੀ.ਯੂ.ਸੀ. ਬਟਾਲਾ ਵਿਖੇ ਮਿਲੀ ਜਿੱਥੇ ਉਸ ਤਿੰਨ ਵਰ੍ਹੇ (2003 -2006) ਵਰ੍ਹੇ ਗੁਜ਼ਾਰੇ। 23 ਜਨਵਰੀ 2006 ਨੂੰ ਉਸ ਵਿਭਾਗ ਵਿਚ ਬਤੌਰ ਲੈਕਚਰਰ ਜਾਇਨ ਕੀਤਾ। ਉਸ ਜ਼ਮਾਨੇ ਵਿਚ ਡਾ. ਐੱਸ.ਪੀ. ਸਿੰਘ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸਨ। ਡਾ. ਦਰਿਆ ਦੀ ਕਾਬਲੀਅਤ (ਐਮ.ਏ. ਵਿੱਚੋਂ ਗੋਲਡ ਮੈਡਲ), ਮਿਹਨਤ, ਲਗਨ ਅਤੇ ਖੋਜ ਰੁਚੀ ਕਰਕੇ ਹੀ ਡਾ. ਐੱਸ.ਪੀ. ਸਿੰਘ ਨੇ ਉਸ ਨੂੰ ਇਸ ਵਿਭਾਗ ਵਿਚ ਲੈ ਆਂਦਾ ਸੀ। ਜਿਨ੍ਹਾਂ ਉਸਤਾਦਾਂ ਪਾਸੋਂ ਉਸ ਸਿੱਖਿਆ-ਦੀਖਿਆ ਹਾਸਲ ਕੀਤੀ ਸੀ ਉਨ੍ਹਾਂ ਦਾ ਹੀ ਅਜ਼ੀਜ਼ ਸਹਿਕਰਮੀ ਬਣ ਗਿਆ। ਵਿਭਾਗ ਅਤੇ ਉਹਦੇ ਲਈ ਇਹ ਸੱਚਮੁੱਚ ਮਾਣਮੱਤੀ ਘੜੀ ਸੀ। ਆਪਣੇ ਉਸਤਾਦਾਂ ਨਾਲ ਨਿੱਕੀ ਨਿੱਕੀ ਨੋਕ-ਝੋਕ, ਨਿੱਕੀਆਂ ਨਿੱਕੀਆਂ ਜੁਗਤਾਂ ਅਤੇ ਇੱਲਤਾਂ ਕਰ ਉਹ ਕਈ ਵਾਰ ਬਹੁਤ ਪ੍ਰਸੰਨ ਹੁੰਦਾ ਸੀ। ਅਧਿਆਪਕ ਵੀ ਉਸ ਨੂੰ ਪਿਆਰਾ ਸ਼ਾਗਿਰਦ ਮੰਨ ਗੁੱਸਾ ਗਿਲਾ ਘੱਟ ਹੀ ਕਰਦੇ ਸਨ।
ਡਾ. ਦਰਿਆ ਬਤੌਰ ਅਧਿਆਪਕ ਤਾਂ ਮਕਬੂਲ ਹੋਇਆ ਹੀ, ਨਾਲ ਹੀ ਉਸ ਆਪਣਾ ਖੋਜ ਕਾਰਜ ਵੀ ਲਗਾਤਾਰ ਜਾਰੀ ਰੱਖਿਆ। ਲੋਕਧਾਰਾ ਉਸ ਦੀ ਮੁਹਾਰਤ ਦਾ ਖੇਤਰ ਸੀ। ਉਸ ਨੇ ਸ਼ਾਇਰੀ ਦੀ ਪੁਸਤਕ ਲਿਖੀ ‘ਜੰਗਲ ਦੇ ਨਾਲ ਨਾਲ’ (2017) ਤੇ ਸ਼ਾਇਰਾਂ ਨਾਲ ਉਹਦਾ ਉੱਠਣ ਬਹਿਣ ਸ਼ੁਰੂ ਹੋ ਗਿਆ। ਸੈਮੀਨਾਰ ਹੋਵੇ, ਵੈਬੀਨਾਰ, ਫੇਸਬੁੱਕ ਜਾਂ ਵਟਸਐਪ ਹਰ ਥਾਂ ਹਾਜ਼ਰ ਦਿਸਦਾ ਸੀ ਉਹ। ਨਿੱਕੀ ਮੋਟੀ ਸਾਹਿਤਕ ਘਟਨਾ ਜਾਂ ਗਤੀਵਿਧੀ ਨੂੰ ਉਹ ਝੱਟ ਪੂਰੀ ਦੁਨੀਆ ਤਕ ਅਪੜਾ ਦੇਂਦਾ ਸੀ। ਉਹਦੇ ਫੇਸਬੁੱਕੀਏ ਯਾਰਾਂ ਦਾ ਘੇਰਾ ਬਹੁਤ ਵਿਸ਼ਾਲ ਤੇ ਹੈਰਾਨ ਕਰ ਦੇਣ ਵਾਲਾ ਸੀ। ਪੂਰੀ ਦੁਨੀਆ ਨਾਲ ਜੁੜ ਜਾਣ ਜਾਂ ਉਸ ਨੂੰ ਆਪਣੇ ਨਾਲ ਜੋੜ ਲੈਣ ਦੀ ਉਸ ਨੂੰ ਹਮੇਸ਼ਾ ਲੋਚਾ /ਕਾਹਲ ਰਹੀ। ਐਮ.ਫਿਲ. ਉਸ ਨੇ ‘ਪੰਜਾਬ ਦੇ ਸਾਂਸੀ ਕਬੀਲੇ ਦਾ ਵਿਆਹ ਪ੍ਰਬੰਧ’ ਵਿਸ਼ੇ ਉੱਪਰ 1994 ਵਿਚ ਕੀਤੀ। ਮਗਰੋਂ ਡਾ. ਗੁਰਮੀਤ ਸਿੰਘ ਦਾ ਸ਼ਾਗਿਰਦ ਬਣ ‘ਪੰਜਾਬੀ ਲੋਕ ਧਰਮ: ਸਮਾਜ ਮਨੋਵਿਗਿਆਨਕ ਅਧਿਐਨ’ ਵਿਸ਼ੇ ਉੱਪਰ 1999 ਵਿਚ ਪੀਐੱਚ.ਡੀ. ਦੀ ਉਪਾਧੀ ਹਾਸਲ ਕੀਤੀ। ‘ਪੰਜਾਬ ਦੇ ਸਾਂਸੀ ਕਬੀਲੇ ਦਾ ਸਭਿਆਚਾਰ’ (1997), ‘ਪੰਜਾਬੀ ਲੋਕ ਧਰਮ: ਇਕ ਅਧਿਐਨ’ (2004), ‘ਪੰਜਾਬ ਦੇ ਕਬੀਲੇ: ਅਤੀਤ ਤੇ ਵਰਤਮਾਨ’ (2014), ‘ਪੰਜਾਬੀ ਲੋਕਧਾਰਾ ਤੇ ਸਭਿਆਚਾਰ: ਬਦਲਦੇ ਸਰੂਪ’ (2016), ‘ਪੰਜਾਬੀ ਲੋਕਧਾਰਾ ਅਧਿਐਨ: ਵਿਭਿੰਨ ਪਾਸਾਰ’ (2017) ਅਤੇ ‘ਪੰਜਾਬੀ ਲੋਕ-ਧਰਮ: ਸਮਾਜ ਮਨੋਵਿਗਿਆਨਕ ਅਧਿਐਨ’ (2019) ਲੋਕ ਧਾਰਾ ਦੇ ਖੇਤਰ ਨਾਲ ਸੰਬੰਧਿਤ ਉਸ ਦੀਆਂ ਕੁਝ ਗੌਲਣਯੋਗ ਮੌਲਿਕ ਖੋਜ ਪੁਸਤਕਾਂ ਹਨ। ਅਧਿਆਪਨ ਤੇ ਖੋਜ ਦੇ ਕਾਰਜ ਨੂੰ ਉਸ ਬਰੋ-ਬਰਾਬਰ ਤੋਰਿਆ। ਲੋਕਧਾਰਾ ਅਤੇ ਸਾਹਿਤ ਵਿਚ ਉਸ ਦੀ ਨਿਰੰਤਰ ਦਿਲਚਸਪੀ ਵਿੱਚੋਂ ਉਸ ਦੀਆਂ ਗਿਆਰਾਂ ਮੌਲਿਕ ਤੇ ਸੰਪਾਦਿਤ ਪੁਸਤਕਾਂ ਨੇ ਜਨਮ ਲਿਆ। ਅੱਠ ਪੀਐੱਚ.ਡੀ. ਅਤੇ ਲਗਭਗ ਤੀਹ ਐਮ.ਫਿਲ. ਦੇ ਖੋਜ ਵਿਦਿਆਰਥੀਆਂ ਨੇ ਉਸ ਦੀ ਨਿਗਰਾਨੀ ਹੇਠ ਡਿਗਰੀਆਂ ਹਾਸਲ ਕੀਤੀਆਂ। ਇਹ ਸਭ ਕੁਝ ਨਿਰੰਤਰ ਸਾਧਨਾ ਤੋਂ ਬਗੈਰ ਨੇਪਰੇ ਚਾੜ੍ਹਣਾ ਭਲਾ ਮੁਮਕਿਨ ਹੋ ਸਕਦਾ ਸੀ? ਆਪਣੇ ਕੰਮ ਤੇ ਕਾਬਲੀਅਤ ਕਰਕੇ ਹੀ ਉਹਦੀ ਕਦਰ ਸੀ। ਇਸੇ ਲਈ ਲੋਕ/ਦਾਨਿਸ਼ਵਰ ਦਿਲੋਂ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕਰ ਰਹੇ ਹਨ। ਸਚਮੁੱਚ ਅਜੇ ਉਸਦੀ ਆਪਣੇ ਪਰਿਵਾਰ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਡਾਹਢੀ ਲੋੜ ਸੀ। ਨਹੀਂ ਸੀ ਜਾਣਾ ਚਾਹੀਦਾ ਓਸਨੂੰ ਏਸ ਰੁੱਤੇ। ਸਚਮੁੱਚ:
ਵੋਹ ਮਿਰੇ ਸਾਹਮਣੇ ਹੀ ਗਯਾ ਔਰ ਮੈਂ
ਰਾਸਤੇ ਕੀ ਤਰਹ ਦੇਖਤਾ ਰਹਿ ਗਿਆ।
ਪਿਛਲੇ ਢਾਈ ਤਿੰਨ ਦਹਾਕਿਆਂ ਤੋਂ ਮੈਂ ਪੂਰੀ ਗੰਭੀਰਤਾ ਨਾਲ ਉਸ ਦੇ ਖੋਜ ਕਾਰਜ ਉੱਪਰ ਨਿਗਾਹ ਟਿਕਾਈ ਹੋਈ ਸੀ। ਉਹਦਾ ਲਿਖਿਆ ਹਰਫ਼ ਹਰਫ਼ ਮੇਰੀ ਨਜ਼ਰ ਹੇਠ ਸੀ। ਉਹਦੀ ਖੋਜ ਸਾਮਗ੍ਰੀ, ਤਾਰੀਕਾਕਾਰ, ਪਹੁੰਚ ਵਿਧੀ ਅਤੇ ਨਜ਼ਰੀਏ ਦੀ ਪਛਾਣ ਵਿਚ ਮੇਰੀ ਗਹਿਰੀ ਦਿਲਚਸਪੀ ਸੀ। ਉਹ ਕਿਧਰੇ ਸਾਮਗ੍ਰੀ ਨੂੰ ਹੀ ਨਾ ਖੋਜ ਸਮਝ ਬੈਠੇ, ਮੇਰਾ ਜਾਇਜ਼ ਫ਼ਿਕਰ ਸੀ। ਉਸਦੀ ਖੋਜ ਪਾਸੋਂ ਮੇਰੀ ਤਵੱਕੋ ਸੀ ਕਿ ਉਹ ਵਹਿਮਾਂ-ਭਰਮਾਂ ਅਤੇ ਹਨੇਰ ਬਿਰਤੀ ਦੀ ਦਲਦਲ ਵਿਚ ਫਸੀ/ਧਸੀ ਲੋਕਾਈ ਨੂੰ ਇਸ ਵਿੱਚੋਂ ਬਾਹਰ ਨਿਕਲਣ ਦਾ ਰਾਹ ਦੱਸੇ। ਸਹਿਜੇ ਸਹਿਜੇ ਉਹ ਇਸ ਰਾਹ ਦਾ ਪਾਂਧੀ ਹੋ ਨਬਿੜਿਆ। ਸਾਂਸੀ ਕਬੀਲੇ ਬਾਰੇ ਮੁੱਢਲੀ ਜਿਹੀ ਜਾਣ ਪਛਾਣ ਤੋਂ ਉਸ ਆਪਣੀ ਗਿਆਨ ਯਾਤਰਾ ਆਰੰਭ ਕੀਤੀ। ਨਿਰਸੰਦੇਹ, ਕਬੀਲਾ ਸਭਿਆਚਾਰ ਸਬੰਧੀ ਬਣੇ ਭਰਮ-ਭੁਲੇਖਿਆਂ ਨੂੰ ਉਸ ਤੋੜਿਆ ਅਤੇ ਪੰਜਾਬੀ ਪਾਠਕਾਂ ਨੂੰ ਕਬੀਲਿਆਂ ਬਾਰੇ ਭਰੋਸੇਯੋਗ ਜਾਣਕਾਰੀ ਮੁਹੱਈਆ ਕੀਤੀ। ਫਿਰ ਉਸ ਆਪਣੇ ਖੋਜ ਕਾਰਜ ਦਾ ਮੂੰਹ ਲੋਕ ਧਰਮ ਤੇ ਲੋਕ ਵਿਸ਼ਵਾਸਾਂ ਦੀ ਨਿਸ਼ਾਨਦੇਹੀ ਵੱਲ ਮੋੜਿਆ। ਪੰਜਾਬੀ ਲੋਕਧਾਰਾ ਤੇ ਸਭਿਆਚਾਰ ਦੇ ਬਦਲਦੇ ਸਰੂਪ ਦੀ ਪਛਾਣ ਨਾਲ ਉਹ ਲਗਾਤਾਰ ਜੁੜਿਆ ਰਿਹਾ। ਡਾ. ਦਰਿਆ ਦੀ ਖੋਜ ਤੇ ਖੋਜ ਵਿਧੀ ਮਹਿਜ਼ ਖੰਡਨ ਮੰਡਨ ਦਾ ਪੜਾਅ ਪਾਰ ਕਰ ਕੇ ਤਾਰਕਿਕ ਤੇ ਵਿਗਿਆਨਕ ਸਰੂਪ ਅਖਤਿਆਰ ਕਰਨਾ ਆਰੰਭ ਕਰ ਦਿੱਤਾ ਸੀ। ਵਰਤਮਾਨ ਪਰਿਪੇਖ ਵਿਚ ਉਸ ਨੇ ਇਸ ਸਾਮਗ੍ਰੀ ਦੇ ਗ੍ਰਹਿਣਯੋਗ ਤੇ ਤਿਆਗਣਯੋਗ ਪਾਸਾਰਾਂ ਦੀ ਸੋਝੀ ਹਾਸਲ ਕਰ ਲਈ ਸੀ। ਖੇਤਰੀ ਕਾਰਜ ਤੇ ਉਸ ਵਿੱਚੋਂ ਹਾਸਲ ਕੀਤੇ ਤੱਥਾਂ ਦੀ ਉਹ ਲਗਾਤਾਰ ਪੜਤਾਲ ਤੇ ਪੜਚੋਲ ਕਰ ਰਿਹਾ ਸੀ। ਉਹਦੇ ਅਨੁਭਵ ਤੇ ਗਿਆਨ ਨੇ ਇਕ ਦੂਸਰੇ ਵਿਚ ਸਮੋਣਾ ਸ਼ੁਰੂ ਕਰ ਦਿੱਤਾ। ਮੰਡੀ, ਮਾਇਆ ਅਤੇ ਮੁਨਾਫ਼ੇ ’ਤੇ ਖੜ੍ਹਾ ਇਹ ਕਾਰਪੋਰੇਟ ਜ਼ਮਾਨਾ ਲੋਕਧਾਰਾ ਦੀ ਸਾਮਗ੍ਰੀ ਨੂੰ ਵਸਤਹਾਰ ਵੇਚ ਵੱਟ ਰਿਹਾ ਹੈ – ਇਸ ਸਭ ਕੁਝ ਨੂੰ ਜਾਣਨ-ਬੁੱਝਣ ਵਿਚ ਲੱਗਾ ਹੋਇਆ ਸੀ ਉਹ। ਲੋਕਧਾਰਾ ਨੂੰ ਆਪਣੀ ਖੋਜ ਤੇ ਦਿਲਚਸਪੀ ਦਾ ਖੇਤਰ ਬਣਾਉਣ ਵਾਲਿਆਂ ਨੂੰ ਹਰ ਪ੍ਰਕਾਰ ਦੇ ਵਹਿਮਾਂ-ਭਰਮਾਂ, ਮਿੱਥਾਂ ਤੇ ਭ੍ਰਾਂਤੀਆਂ ਨੂੰ ਤੋੜਣਾ ਤੇ ਲੋਕਾਈ ਨੂੰ ਸੱਚ ਦਾ ਰਾਹ ਦਿਖਾਉਣਾ ਚਾਹੀਦਾ ਹੈ। ਹਕੀਕਤ ਨੂੰ ਨਸ਼ਰ ਕਰਨਾ ਤੇ ਸੱਚ ਦੀ ਨਿਰੰਤਰ ਤਲਾਸ਼ ਕਰਨਾ ਹੀ ਇਸ ਖੋਜ ਦਾ ਅਸਲ ਰਾਹ-ਰਸਤਾ ਹੈ। ਏਸੇ ਦੀ ਪਛਾਣ ਨਾਲ ਜ਼ਮਾਨੇ ਦੇ ਕੱਚ-ਸੱਚ ਨੂੰ ਸਮਝਿਆ ਅਤੇ ਇਸਨੂੰ ਬਦਲਿਆ ਜਾ ਸਕਦਾ ਹੈ। ਖੁਸ਼ਾਮਦ ਨਹੀਂ, ਮਿਹਨਤ ਹੀ ਸੱਚ ਤਕ ਅੱਪੜਣ ਦਾ ਰਾਹ ਹੈ। ਬੌਧਿਕ ਚਲਾਕੀ ਨਾਲ ਹਨੇਰੇ ਰਾਹਾਂ ਨੂੰ ਠੀਕ ਦੱਸਣ ਤੋਂ ਬੁੱਧੀਜੀਵੀ ਵਰਗ ਨੂੰ ਲੱਗਦੀ ਵਾਹ ਗੁਰੇਜ਼ ਕਰਨਾ ਚਾਹੀਦਾ ਹੈ। ਲੋਕਾਈ ਦੀ ਪੀੜਾ ਦੀ ਠੀਕ ਸਮਝ ਅਤੇ ਉਹਦੀ ਜਹਾਲਤ ਤੋਂ ਮੁਕਤੀ ਹਰ ਪ੍ਰਕਾਰ ਦੀ ਖੋਜ ਦੇ ਕੇਂਦਰ ਵਿਚ ਟਿਕਣੀ ਚਾਹੀਦੀ ਹੈ। ਨਵੀਂ ਪੀੜ੍ਹੀ ਨੂੰ ਇਸ ਬਿਖੜੇ ਤੇ ਦੁਸ਼ਵਾਰ ਰਾਹ ਉੱਪਰ ਤੁਰਣ ਦਾ ਪ੍ਰਣ ਕਰਨਾ ਚਾਹੀਦਾ ਹੈ। ਇਹ ਹੀ ਡਾ. ਦਰਿਆ ਵਰਗੇ ਮਿਹਨਤੀ, ਸੁਹਿਰਦ ਤੇ ਸਮਰਪਿਤ ਵਿਦਵਾਨ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਮੀਨ!
ਸੰਪਰਕ: 098557-19118