ਰਸ਼ਪਿੰਦਰ ਪਾਲ ਕੌਰ
ਇੱਕ ਹੱਥ ਖੂੰਡੀ, ਦੂਸਰੇ ਵਿਚ ਪੋਤਰੇ ਪੋਤਰੀ ਦਾ ਹੱਥ। ਸਕੂਲ ਦੇ ਦਰਵਾਜ਼ੇ ਵੱਲ ਧੀਮੀ ਚਾਲੇ ਆਉਂਦੀਆਂ ਦਾਦੀਆਂ ਮਾਵਾਂ ਨੂੰ ਨਿੱਤ ਰੋਜ਼ ਮਿਲਦੀ ਹਾਂ। ਸਾਦ ਮੁਰਾਦੇ ਪਹਿਰਾਵੇ ਵਾਲੀਆਂ ਬਿਰਧ ਦਾਦੀਆਂ ਛਾਂ ਦਾ ਰੂਪ ਲੱਗਦੀਆਂ, ਨਿਮਰਤਾ ਦੀ ਮੂਰਤ ਤੇ ਮੋਹ ਦਾ ਸਮੁੰਦਰ ਜਾਪਦੀਆਂ। ਦੂਈ ਦਵੈਤ ਤੋਂ ਦੂਰ। ਬਾਲਾਂ ਤੇ ਘਰ ਪਰਿਵਾਰ ਦਾ ਭਲਾ ਲੋਚਦੀਆਂ। ਉਨ੍ਹਾਂ ਦੇ ਮਿੱਠੇ ਬੋਲ ਮਨ ਮੋਂਹਦੇ ਹਨ। ਰਿਸ਼ਤਿਆਂ ਦਾ ਮਾਣ ਲਗਦੀਆਂ। ਆਪਣੇ ਧੀਆਂ ਪੁੱਤਰਾਂ ਵਾਂਗ ਵਿਹਾਰ ਕਰਦੀਆਂ। ਅਸੀਸਾਂ ਦੀ ਝੜੀ ਲਗਾਉਂਦੀਆਂ। ਮੋਹ ਮੁਹੱਬਤ ਦੀ ਇਬਾਰਤ ਬਣ ਮਿਲਦੀਆਂ ਹਨ। ਮਨ ਵਿਚ ਉਨ੍ਹਾਂ ਨਾਲ ਮਿਲਣ ਦੀ ਤਾਂਘ ਬਣੀ ਰਹਿੰਦੀ ਹੈ। ਝੁਰੜੀਆਂ ਭਰੇ ਚਿਹਰਿਆਂ ’ਤੇ ਪਸਰੀਆਂ ਆਸ ਉਮੀਦਾਂ। ਨਿਰਛਲ ਬੋਲਾਂ ਤੋਂ ਮਿਲਦਾ ਮਮਤਾ ਦਾ ਨਿੱਘ ਦਿਨ ਭਰ ਦਾ ਸੁਖਦ ਅਹਿਸਾਸ ਬਣਦਾ ਹੈ। ਆਪਣੀ ਦਾਦੀ ਮਾਂ ਦੀ ਠੰਢੀ ਮਿੱਠੀ ਛਾਂ ਹੇਠ ਗੁਜ਼ਰੇ ਪਲ ਮਨ ਦੇ ਅੰਬਰ ’ਤੇ ਦਸਤਕ ਦੇਣ ਲਗਦੇ ਹਨ।
ਬਚਪਨ ਦਾਦੀ ਮਾਂ ਦੇ ਅਮੁੱਕ ਲਾਡ ਪਿਆਰ ਵਿਚ ਰੰਗਿਆ ਸੀ। ਸਿੱਖਿਆ, ਸਮਝ ਤੇ ਪ੍ਰੇਰਨਾ ਨਾਲ ਮਾਲਾ-ਮਾਲ। ਬੀਬੀ ਘਰ ਦੀ ਕਬੀਲਦਾਰੀ ਦੇਖਦੀ। ਦਾਦੀ ਮੇਰਾ ਸਾਇਆ ਬਣ ਕੇ ਰਹਿੰਦੀ। ਉਂਗਲ ਫੜ ਤੋਰਦੀ। ਆਂਢ-ਗੁਆਂਢ ਦੇ ਫੁੱਲ, ਕਲੀਆਂ ਜਿਹੇ ਬਾਲਾਂ ਨਾਲ ਮਿਲਾਉਂਦੀ। ਬਗੀਚੀ ਦੀਆਂ ਫੁੱਲ, ਤਿਤਲੀਆਂ ਨਾਲ ਗੱਲਾਂ ਕਰਨਾ ਦੱਸਦੀ। ਮੇਰਾ ਬਸਤਾ ਸਾਂਭ ਸਾਂਭ ਰੱਖਦੀ। ਪੜ੍ਹਾਈ ਦਾ ਕੰਮ ਕਰਦਿਆਂ ਮੇਰੇ ਕੋਲ ਬਹਿੰਦੀ। ਆਪ ਅੱਖਰ ਗਿਆਨ ਤੋਂ ਭਾਵੇਂ ਕੋਰੀ ਸੀ ਪਰ ਜਿ਼ੰਦਗੀ ਦੇ ਗਿਆਨ ਦੀ ਅਧਿਆਪਕਾ। ਪੁਸਤਕਾਂ ਨੂੰ ਬਸਤੇ ਵਿਚ ਸੰਭਾਲਣ ਦਾ ਸੁਹਜ ਦੱਸਦੀ; ਆਖਦੀ, “ਧੀਏ ਸਾਫ਼ ਲਿਖਣਾ, ਪੜ੍ਹਨਾ ਅੱਗੇ ਲੈ ਕੇ ਜਾਂਦਾ। ਬੰਦੇ ਨੂੰ ਸਾਫ਼ ਸੁਥਰੇ, ਚੰਗੇ ਕੰਮ ਕਰਨ ਦੀ ਆਦਤ ਪਾਉਂਦਾ।” ਮੈਂ ਹਮੇਸ਼ਾ ਉਹਦੀ ਗੱਲ ਦਾ ਹੁੰਗਾਰਾ ਭਰਦੀ। ਦਾਦੀ ਮਾਂ ਤੋਂ ਸੁਣਦੀ, ਸਿੱਖਦੀ ਮਾਪਿਆਂ ਤੇ ਅਧਿਆਪਕਾਂ ਦੀ ਅਗਵਾਈ ਵਿਚ ਕਲਾਸਾਂ ਚੜ੍ਹਦੀ ਰਹੀ। ਬਾਰ੍ਹਵੀਂ ਦੀ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਹੋਈ। ਅੱਗੇ ਕਾਲਜ ਪੜ੍ਹਨ ਬਾਰੇ ਘਰੇ ਗੱਲਾਂ ਤੁਰੀਆਂ। ਦਾਦੀ ਜਿਊਂਦੇ ਜੀਅ ਮੈਨੂੰ ਕੁਝ ਬਣਿਆ ਦੇਖਣਾ ਲੋਚਦੀ ਸੀ। ਪਾਪਾ ਜੀ ਨੂੰ ਕਹਿੰਦੀ, “ਜਿੱਥੋਂ ਤੱਕ ਪੜ੍ਹਦੀ ਏ, ਪੜ੍ਹਾਓ ਧੀ ਧਿਆਣੀ ਨੂੰ। ਜਿਸ ਘਰ ਦੀ ਧੀ ਪੜ੍ਹ ਜਾਏ, ਸਾਰਾ ਟੱਬਰ ਪੜ੍ਹ ਜਾਂਦੈ।” ਇਹ ਬੋਲ ਮੇਰੀ ਜ਼ਿੰਦਗੀ ਦਾ ਮਾਣ ਬਣੇ। ਕਾਲਜ ਦੀ ਪੜ੍ਹਾਈ ਦੌਰਾਨ ਵੀ ਦਾਦੀ ਮੇਰਾ ਪਰਛਾਵਾਂ ਬਣ ਕੇ ਰਹੀ। ਹਰ ਲੋੜ ਦਾ ਖਿਆਲ ਰੱਖਦੀ। ਸਵੇਰ ਸ਼ਾਮ ਸਮਝਾਉਣ ਦੇ ਰੌਂਅ ਵਿਚ ਆਖਦੀ, “ਧੀਏ, ਮੇਰੀ ਇਹ ਗੱਲ ਕਦੇ ਨਾ ਭੁੱਲੀਂ। ਇੱਜ਼ਤ ਮਾਣ ਆਪਣੇ ਹੱਥ ਹੁੰਦੈ। ਬੰਦੇ ਦਾ ਮੁੱਲ ਵੀ ਇਹੋ ਹੁੰਦਾ। ਇਹ ਪੜ੍ਹਾਈ ਲਿਖਾਈ ਤੇ ਨੌਕਰੀ ਮਾਣ ਇੱਜ਼ਤ ਵਧਾਉਂਦੀ ਆ। ਹਮੇਸ਼ਾ, ਇਹ ਮਾਣ ਬਣਾ ਕੇ ਰੱਖੀਂ ਪੁੱਤ।”
ਜਦ ਕਦੇ ਵਿਹਲ ਮਿਲਦੀ, ਉਹ ਆਪਣੇ ਜੀਵਨ ਦੇ ਸਬਕ ਖੋਲ੍ਹ ਬਹਿੰਦੀ, “ਧੀਏ, ਸਬਰ ਤੇ ਸੰਜਮ ਵਕਤ ਸਿਖਾਉਂਦਾ ਹੈ। ਔਖ, ਸੌਖ ਜਿ਼ੰਦਗੀ ਦੇ ਰਾਹ ਬਣਾਉਂਦੀ ਹੈ। ਸਿਦਕ ਵਾਲ਼ੇ ਔਕੜਾਂ ਵਿਚੋਂ ਹੀਰੇ ਬਣ ਨਿਕਲਦੇ ਹਨ। ਘਬਰਾ ਗਏ, ਡਰ ਗਏ ਤਾਂ ਹਾਰ ਤੈਅ ਹੁੰਦੀ ਹੈ। ਅਸੀਂ ਦੋਹਾਂ ਨੇ ਕਿਰਤ ਕਰ ਕੇ ਟੱਬਰ ਪਾਲਿਆ। ਮੈਂ ਉਹ ਵਕਤ ਵੀ ਕੱਟਿਆ ਜਦ ਕੋਲੇ ਕੱਖ ਨੀ ਸੀ ਹੁੰਦਾ। ਤੇਰਾ ਦਾਦਾ ਦਿਨ ਭਰ ਜੀਅ ਜਾਨ ਨਾਲ ਮਿਹਨਤ ਕਰਦਾ। ਘਰ ਦਾ ਖਰਚਾ ਚਲਦਾ ਰਹਿੰਦਾ। ਉਹਦੇ ਨਾਲ ਸਮਾਂ ਲੰਘਾਈ ਜਾਂਦੇ। ਮੀਂਹ ਕਣੀ ਜਿਹੇ ਖ਼ਰਾਬ ਮੌਸਮ ਵਿਚ ਕੰਮ ਨਾ ਚਲਦਾ ਤਾਂ ਔਖ ਸੌਖ ਕੱਟਦੇ। ਇਹ ਰੌਲਿਆਂ ਤੋਂ ਪਹਿਲਾਂ ਦੀ ਗੱਲ ਐ। ਤੇਰਾ ਦਾਦਾ ਮੁੱਲਾਂਪੁਰ ਦੁਕਾਨ ਦਾ ਸਮਾਨ ਲੈਣ ਜਾਂਦਾ। ਕਈ ਕਈ ਦਿਨ ਨਾ ਮੁੜਦਾ। ਉਦੋਂ ਆਮ ਲੋਕਾਂ ਕੋਲ ਕਿਹੜਾ ਕੋਈ ਸਾਧਨ ਹੁੰਦੇ ਸਨ। ਕਿਰਤ ਕਰਨ ਵਾਲਿਆਂ ਲਈ ਪੈਦਲ ਸਵਾਰੀ ਹੀ ਹੁੰਦੀ ਸੀ। ਵਾਪਸ ਆਉਦਾ ਤਾਂ ਰੌਂਅ ਵਿਚ ਦੱਸਣ ਲਗਦਾ- ‘ਨਿਹਾਲ ਕੁਰੇ, ਕਿਰਤ ਕਰਨਾ ਉੱਤਮ ਕੰਮ ਐ। ਹੱਕ ਹਲਾਲ ਦੀ ਕਮਾਈ ਵਿਚ ਬਰਕਤ ਹੁੰਦੀ ਐ। ਆਹ ਗੋਰੇ ਜਦ ਏਸ ਮੁਲਖ ’ਚੋਂ ਚਲੇ ਗਏ ਤਾਂ ਆਪਾਂ ਵੀ ਸੁਖ ਚੈਨ ਦੇ ਦਿਨ ਦੇਖਾਂਗੇ। ਦੁਕਾਨ ਦਾ ਸਮਾਨ ਲੈਣ ਜਾਂਦਾ ਆਉਂਦਾ ਮੈਂ ਜਲਸੇ ਸੁਣਦਾ ਰਹਿੰਨਾ। ਹੁਣ ‘ਜ਼ਾਦੀ ਦੀ ਲਹਿਰ ਜ਼ੋਰਾਂ ’ਤੇ ਐ। ਗੁਲਾਮੀ ਗਈ ਤਾਂ ਜੁਆਕ ਜੱਲੇ ਵੀ ਪੜ੍ਹਾ ਲਿਖਾ ਲਵਾਂਗੇ’। ਉਨ੍ਹਾਂ ਦੀ ਗੱਲ ਸੱਚ ਹੋਈ ਤੇ ਆਹ ਦਿਨ ਆ ਗਏ।”
ਮੈਂ ਦਾਦੀ ਦੀ ਸੁਖਦ ਸੰਗਤ ਮਾਣਦੀ ਰਹੀ। ਧਿਆਨ ਪੜ੍ਹਾਈ ਵਿਚ ਰੱਖਿਆ। ਵਿਹਲੇ ਸਮੇਂ ਲਾਇਬਰੇਰੀ ਵਿਚ ਪੁਸਤਕਾਂ ਦੇ ਸਾਥ ਨੇ ਸਫਲਤਾ ਵੱਲ ਤੋਰਿਆ। ਕਾਲਜ ਦੀ ਪੜ੍ਹਾਈ ਦੌਰਾਨ ਅਧਿਆਪਨ ਦੇ ਕੋਰਸ ਦੀ ਪ੍ਰੀਖਿਆ ਪਾਸ ਕਰ ਲਈ। ਕੋਰਸ ਮੁਕੰਮਲ ਹੋਇਆ ਤਾਂ ਅਧਿਆਪਕਾ ਬਣਨ ਦੀ ਮੰਜ਼ਿਲ ਸਰ ਕੀਤੀ। ਦਾਦੀ ਦੀ ਖੁਸ਼ੀ ਦਾ ਅੰਤ ਨਾ ਰਿਹਾ। ਖੂੰਡੀ ਨਾਲ ਤੁਰਦੀ ਆਂਢ-ਗੁਆਂਢ ਬੀਬੀ ਨਾਲ ਲੱਡੂ ਵੰਡਣ ਗਈ। ਆਖਿ਼ਰ ਉਹ ਆਪਣਾ ਜੀਵਨ ਪੰਧ ਮੁਕਾ ਗਈ। ਅਧਿਆਪਨ ਦਾ ਕਾਰਜ ਕਰਦਿਆਂ ਮਨ ਦੇ ਅੰਬਰ ’ਤੇ ਉਕਰੇ ਉਸ ਦੇ ਬੋਲ ਮੇਰਾ ਮਾਰਗ ਦਰਸ਼ਨ ਕਰਦੇ ਹਨ:
“ਧੀਏ, ਬੰਦਾ ਐਵੇਂ ਧਨ ਦੌਲਤ ਦੀ ਦੌੜ ਵਿਚ ਭਟਕਦਾ ਰਹਿੰਦਾ। ਅਸਲ ਦੌਲਤ ਤਾਂ ਵਿੱਦਿਆ ਹੈ। ਸੁੱਚਾ ਗਹਿਣਾ, ਨਾ ਕੋਈ ਖੋਹੇ ਨਾ ਚੋਰੀ ਹੋਵੇ। ਤੈਨੂੰ ਇਹ ਬੇਸ਼ਕੀਮਤੀ ਸੋਨੇ ਰੰਗੀ ਦਾਤ ਮਿਲੀ ਐ, ਇਸ ਦੀ ਲੋਅ ਅੱਗੇ ਵੰਡਦੀ ਰਹੀਂ।”
ਸੰਪਰਕ: rashpinderpalkaur@gmail.com