ਬਲਜੀਤ ਪਰਮਾਰ
ਕੋਕੋ ਨੂੰ ਸਾਰਾ ਪਿੰਡ ਆਪਣੀ ਨੂੰਹ ਸਮਝਦਾ ਸੀ। ਕਿਸੇ ਵੀ ਘਰ ਕੋਈ ਖ਼ੁਸ਼ੀ ਗਮੀ ਹੋਣੀ ਤਾਂ ਉਹ ਸਭ ਤੋਂ ਪਹਿਲਾਂ ਬਹੁੜਦੀ ਸੀ। ਆਉਂਦੀ ਨੇ ਹੀ ਚੁੱਲ੍ਹਾ ਚੌਂਕਾ ਸਾਂਭ ਲੈਣਾ ਤੇ ਸਾਰਿਆਂ ਦੇ ਖਾਣ-ਪੀਣ ਦਾ ਖਿਆਲ ਰੱਖਣਾ। ਕਦੇ ਲੂਣ-ਮਿਰਚ ਥੁੜ੍ਹ ਜਾਣਾ ਤਾਂ ਭੱਜ ਕੇ ਆਪਣੇ ਘਰੋਂ ਲੈ ਆਉਣਾ। ਰੰਗ ਵਿਚ ਭੰਗ ਨਹੀਂ ਸੀ ਪਾਉਂਦੀ ਅਤੇ ਨਾ ਹੀ ਮੱਥੇ ਵੱਟ ਪਾਉਣਾ। ਮੌਕੇ ਮੁਤਾਬਕ ਹੱਸ ਕੇ ਜਾਂ ਚੁੱਪ ਕਰ ਕੇ ਸਾਰੇ ਕੰਮ ਸਿਰੇ ਚਾੜ੍ਹ ਦੇਣੇ। ਚੰਗੀ ਤਾਂ ਆਪੇ ਲੱਗਣੀ ਸੀ ਸਾਰਿਆਂ ਨੂੰ!
ਘਰੋਂ ਬਾਹਰ ਉਹ ਆਮ ਕਰ ਕੇ ਅੱਧਾ ਕ ਘੁੰਡ ਕੱਢ ਕੇ ਰੱਖਦੀ। ਇਸ ਦੀ ਇਕ ਵਜ੍ਹਾ ਵੀ ਸੀ। ਨੈਣ ਨਕਸ਼ ਉਹਦੇ ਭਾਵੇਂ ਵਾਹਵਾ ਤਿੱਖੇ ਸੀ ਪਰ ਗੱਲ੍ਹਾਂ ਤੇ ਸਿਆਹੀਆਂ ਜਿਹੀਆਂ ਸਨ। ਉਹਨੂੰ ਆਪਣਾ ਚਿਹਰਾ ਹੋਰੂੰ ਜਿਹਾ ਲਗਦਾ ਸੀ।
ਹੁਣ ਗੱਲ ਰਹੀ ਉਹਦੇ ਨਾਂ ਦੀ। ਕੋਕੋ। ਹੋਇਆ ਇੰਜ ਬਈ ਜਦੋਂ ਉਹ ਵਿਆਹੀ ਆਈ ਤਾਂ ਚਾਰ ਕੁ ਗਹਿਣੇ ਸੀਗੇ ਉਹਦੇ ਕੋਲ ਪਰ ਸਹੁਰੇ ਦੀ ਲੰਮੀ ਬਿਮਾਰੀ ਵੇਲੇ ਇਲਾਜ ਵਿਚ ਲੱਗ ਗਏ। ਅੰਤ ਨਾ ਉਹ ਬਚਿਆ, ਨਾ ਗਹਿਣੇ।
ਰਾਮਾ ਨਾਂ ਸੀ ਉਹਦੇ ਖਸਮ ਦਾ। ਅੱਧੀ ਉਮਰ ਤਾਂ ਵਿਆਹ ਕਰਨੋਂ ਨਾਂਹ ਨੁੱਕਰ ਕਰਦਾ ਰਿਹਾ। ਚਾਲੀਆਂ ਨੂੰ ਢੁੱਕਿਆ ਤਾਂ ਮਾਂ-ਪਿਓ ਵੱਲ ਦੇਖ ਕੇ ਮੰਨ ਗਿਆ।
ਪਿੰਡ ਦਾ ਸ਼ਾਇਦ ਹੀ ਕੋਈ ਵਿਆਹ ਹੋਊ ਜਿਸ ਦੀ ਜੰਞ ਜਾਂ ਰਸਮ ਡੋਲੀ ਵਿਚ ਰਾਮੇ ਦੀ ਹਾਜ਼ਰੀ ਨਾ ਲੱਗੀ ਹੋਵੇ ਪਰ ਉਹਦੇ ਵਿਆਹ ਦੀ ਜੰਞ ਨਾ ਚੜ੍ਹੀ। ਬਚਪਨ ਦੇ ਚਾਰ ਕੁ ਆੜੀ ਲੈ ਕੇ ਉਹ ਮਾਂ ਪਿਓ ਨਾਲ ਗਿਆ, ਤੇ ਯੱਕੇ ਤੇ ਬਿਠਾ ਤੀਵੀਂ ਘਰੇ ਲੈ ਆਇਆ। ਤੀਵੀਂ ਦਾ ਉਹਨੂੰ ਬਾਹਲਾ ਚਾਅ ਜਿਹਾ ਨਹੀਂ ਸੀ। ਹੁਣ ਅੰਦਰਲੀਆਂ ਰਮਜ਼ਾਂ ਕੌਣ ਜਾਣੇ!
ਇਕ ਦਿਨ ਰਾਮਾ ਬੜਾ ਖੁਸ਼ ਜਿਹਾ ਘਰੇ ਵੜਿਆ। ਉਹਦੇ ਹੱਥ ਵਿਚ ਨਵਾਂ ਨਕੋਰ ਕੋਕਾ ਸੀ। ਅਸਲੀ ਸੀ ਜਾਂ ਨਕਲੀ, ਪਤਾ ਨਹੀਂ ਪਰ ਕੋਕੇ ਦਾ ਨਗ ਲਿਸ਼ਕਾਂ ਬਹੁਤ ਮਾਰਦਾ ਸੀ। ਕਹਿੰਦਾ- ‘ਮੇਲੇ ਚ ਡਿੱਗਿਆ ਲੱਭਿਆ। ਕੀਹਨੂੰ ਕੀਹਨੂੰ ਪੁੱਛਦਾ ਬਈ ਕੀਹਦਾ।’ ਬੱਸ ਖੀਸੇ ਵਿਚ ਸਾਂਭ ਕੇ ਘਰ ਲੈ ਆਇਆ ਤੇ ਤੀਵੀਂ ਦੇ ਨੱਕ ਵਿਚ ਜੜ ਦਿੱਤਾ।
ਉਹਨੂੰ ਜਚਿਆ ਵੀ ਬਾਹਲਾ। ਹੁਣ ਮਰਦ ਤੀਵੀਆਂ ਉਹਦੀਆਂ ਗੱਲ੍ਹਾਂ ਵੱਲ ਘੱਟ ਤੇ ਕੋਕੇ ਵੱਲ ਵੱਧ ਦੇਖਦੇ। ਹੌਲੀ ਹੌਲੀ ਇਹ ਕੋਕੇ ਆਲੀ ਤੋਂ ਕੋਕੋ ਬਣ ਗਈ।
ਰਾਮਾ ਪਿੰਡ ਦੇ ਖਾਸੇ ਘਰਾਂ ਵਿਚ ਪਾਣੀ ਭਰਦਾ ਹੁੰਦਾ ਸੀ। ਖੂਹੀ ਤੋਂ ਪਾਣੀ ਖਿੱਚ ਉਹਨੇ ਮਸ਼ਕਾਂ ਭਰਨੀਆਂ, ਤੇ ਹੱਥਾਂ ਨਾਲ ਮੂੰਹ ਬੰਨ੍ਹ ਕੇ ਕੱਛਾਂ ਥੱਲੇ ਦੇ ਲੈਣੀਆਂ। ਬੜਾ ਤੇਜ਼ ਤੁਰਦਾ ਸੀ। ਤੁਰਦਾ ਕਾਹਦਾ ਭੱਜਦਾ ਹੀ ਸੀ। ਸ਼ਾਇਦ ਮੋਢਿਆਂ ਦਾ ਭਾਰ ਜਲਦੀ ਲਾਹੁਣਾ ਚਾਹੁੰਦਾ ਸੀ। ਬਾਹਲਾ ਸ਼ਰੀਫ਼ ਬੰਦਾ ਸੀ। ਗੁੱਸਾ ਤਾਂ ਜਾਣੀਂ ਉਹਨੂੰ ਆਉਂਦਾ ਈ ਨਹੀਂ ਸੀ। ਸ਼ਰਾਰਤੀ ਮੁੰਡਿਆਂ ਨੇ ਉਹਨੂੰ ਛੇੜਿਆ ਕਰਨਾ; ਕਹਿਣਾ- ਤੇਰੇ ਸਿਰ ਤੇ ਕਾਂ ਦੀ ਬਿੱਠ। ਉਨ੍ਹਾਂ ਨੂੰ ਲੱਗਣਾ ਬਈ ਉਹ ਮਸ਼ਕ ਦਾ ਮੂੰਹ ਛੱਡ ਕੇ ਸਿਰ ਤੇ ਹੱਥ ਫੇਰੇਗਾ ਤੇ ਸਾਰਾ ਪਾਣੀ ਡੁੱਲ੍ਹ ਜਾਵੇਗਾ। ਉਹਨੇ ਹੱਸਣਾ ਤੇ ਕਹਿਣਾ- ਕੋਈ ਨ੍ਹੀਂ ਪੁੱਤ, ਤੇਰੇ ਪਿਓ ਤੋਂ ਸਾਫ ਕਰਾ ਲਊਂਗਾ। ਮੇਰਾ ਆੜੀ ਆ।
ਉਹਦੀ ਮਾਂ ਬੀਬੋ ਬੇਬੇ ਭੱਠੀ ਸਾਂਭਦੀ ਸੀ। ਸਾਰਾ ਦਿਨ ਦਾਣੇ ਭੁੰਨਣੇ ਤੇ ਘਰ ਦੀ ਰੋਟੀ ਪਾਣੀ ਵੀ ਕਰਨੀ। ਉਹਨੂੰ ਲੋਕ ਬੀਬੋ ਬੜਬੋਲੀ ਵੀ ਆਖਦੇ ਸੀ। ਜੀਭ ਬਹੁਤ ਚੱਲਦੀ ਸੀ ਉਹਦੀ। ਕਈ ਵਾਰੀ ਲੜਾਈ-ਝਗੜੇ ਵੀ ਹੋ ਜਾਣੇ। ਲੋਕਾਂ ਨੇ ਗਰੀਬੜੀ ਕਹਿ ਕੇ ਚੁੱਪ ਕਰ ਜਾਣਾ। ਤਿੰਨਾਂ ਜੀਆਂ ਦਾ ਟੱਬਰ ਨਿੱਕੇ ਜਿਹੇ ਘਰ ਵਿਚ ਰਹਿੰਦਾ ਸੀ। ਪਿਛਲਾ ਕਮਰਾ ਤਾਂ ਛਿੱਟੀਆਂ, ਲੱਕੜਾਂ, ਪਾਥੀਆਂ ਤੇ ਰੇਤੇ ਦੀਆਂ ਪੰਡਾਂ ਨਾਲ ਭਰਿਆ ਹੋਣਾ; ਬੈਠਕ ਵਿਚ ਦੋ ਮੰਜੇ ਤੇ ਹੋਰ ਨਿੱਕ-ਸੁੱਕ। ਬਾਹਰ ਚੁੱਲ੍ਹਾ ਚੌਂਕਾ ਤੇ ਭੱਠੀ। ਵੱਡੀ ਕੜਾਹੀ ਰੇਤਾ ਰਾੜ੍ਹਨ ਲਈ, ਛੋਟੀ ਕੜਾਹੀ ਉਪਰੋਂ ਢਕਣ ਲਈ ਤੇ ਇਕ ਵੱਡੀ ਛਾਣਨੀ। ਇੱਕ ਫੂਕਣੀ ਤੇ ਇੱਕ ਚਿਮਟਾ ਕੋਲੇ ਰੱਖੇ ਹੋਣੇ। ਇੱਕ ਪਾਟੀ ਜਿਹੀ ਬੋਰੀ ਬਿਛਾਈ ਹੋਣੀ ਦਾਣੇ ਰੱਖਣ ਲਈ।
ਉਮਰ ਕਰ ਕੇ ਕਹਿ ਲਓ ਜਾਂ ਧੂਏਂ ਕਰ ਕੇ, ਉਹਦੀ ਨਿਗਾਹ ਜਵਾਬ ਦੇ ਗਈ। ਤੁਰਨਾ ਫਿਰਨਾ ਔਖਾ ਹੋ ਗਿਆ। ਹੋਰ ਚਿੜਚਿੜੀ ਹੋ ਗਈ। ਪੁੱਤ ਨੂੰਹ ਨਾਲ ਲੜਦੇ ਰਹਿਣਾ। ਐਵੇਂ ਕਲੇਸ਼ ਪਾਈ ਰੱਖਣਾ ਘਰ ਵਿਚ।
ਫਿਰ ਕੋਕੋ ਨੂੰ ਭੱਠੀ ਤੇ ਬੈਠਣਾ ਪੈ ਗਿਆ। ਅੱਧਾ ਦਿਨ ਸੇਕ ਸਹਿਣਾ, ਧੂਆਂ ਫੱਕਣਾ ਤੇ ਅੱਧਾ ਦਿਨ ਸੱਸ ਦੇ ਤਾਅਨੇ-ਮਿਹਣੇ ਸੁਣਨੇ। ਸੁੱਖ ਸ਼ਾਂਤੀ ਜਾਂਦੀ ਜਿਹੀ ਜਾਪੀ। ਤੀਵੀਂ ਖਸਮ ਨੇ ਨੇੜੇ ਬਹਿ ਜਾਣਾ ਤਾਂ ਸੱਸ ਨੂੰ ਬਿੜਕ ਲੱਗ ਜਾਂਦੀ। ਫਿਰ ਗਾਲ੍ਹਾਂ ਦੀ ਝੜੀ। … ਉਹ ਜਾਂਦੇ ਵੀ ਤਾਂ ਕਿੱਥੇ ਜਾਂਦੇ! ਵਿਆਹ ਸ਼ਾਦੀਆਂ ਵੀ ਤਾਂ ਰੋਜ਼ ਨਹੀਂ ਹੁੰਦੇ! ਧੀ ਪੁੱਤ ਵੀ ਨਿੱਤ ਨਹੀਂ ਜੰਮਦੇ! ਮਰਗਾਂ ਤੇ ਤਾਂ ਕੋਈ ਮੰਗਦਾ ਈ ਨਹੀਂ। ਧੇਲਾ ਟਕਾ ਆਵੇ ਤਾਂ ਕਿਥੋਂ ਆਵੇ? ਬੱਸ ਇਨ੍ਹਾਂ ਗੁੰਝਲਾਂ ਵਿਚ ਘਿਰੇ ਦਿਨ ਲੰਘ ਜਾਣਾ ਤੇ ਰਾਤ ਮੁੱਕ ਜਾਣੀ।
ਇੱਕ ਦਿਨ ਭਾਣਾ ਵਾਪਰ ਗਿਆ। ਪਤਾ ਨਹੀਂ ਕਿਵੇਂ ਪਾਣੀ ਭਰਦਾ ਭਰਦਾ ਰਾਮਾ ਖੂਹੀ ਵਿਚ ਡਿੱਗ ਪਿਆ। ਬਾਹਰ ਕੱਢਿਆ ਤਾਂ ਸਾਹ ਹੈ ਨਹੀਂ। ਲੋਕਾਂ ਨੇ ਦੇਹ ਚੁੱਕ ਕੇ ਬੀਬੋ ਦੇ ਵਿਹੜੇ ਲਿਆ ਧਰੀ। ਅੰਨ੍ਹੀਆਂ ਅੱਖਾਂ ਵਿਚੋਂ ਹੰਙ ਚਮਕਣ। ਕੋਕੋ ਪੱਥਰ ਵਾਂਗੂ ਖ਼ਾਮੋਸ਼। ਤੀਵੀਆਂ ਆਖਣ- ਕੁੜੇ ਰੋ ਲੈ। ਜੀਅ ਹੌਲਾ ਹੋਜੂ। ਉਹਨੇ ਬੜੇ ਸਹਿਜ ਨਾਲ ਪੋਲੇ ਹੱਥੀਂ ਨੱਕ ਵਿਚੋਂ ਕੋਕਾ ਕੱਢਿਆ। ਹੱਥ ਤੇ ਧਰ ਕੇ ਬਿੰਦ ਕੁ ਘੂਰਦੀ ਰਹੀ। ਰੋਣਹਾਕਾ ਹਉਕਾ ਜਿਹਾ ਬੁੱਲ੍ਹਾਂ ਵਿਚ ਕੰਬਿਆ। ਕਹੇ, ਹੁਣ ਇਹਦੇ ਨਾਲ ਕਿਹੜਾ ਢਿੱਡ ਭਰਨੈ। ਉਹਨੇ ਲੰਮਾ ਸਾਹ ਖਿੱਚਿਆ ਤੇ ਕੋਕਾ ਸਦਾ ਲਈ ਸੁੱਤੇ ਰਾਮੇ ਦੇ ਗਿੱਲੇ ਝੱਗੇ ਦੇ ਖ਼ੀਸੇ ਵਿਚ ਪਾ ਦਿੱਤਾ।
ਸੰਪਰਕ: 98701-31868