ਰਾਮ ਸਵਰਨ ਲੱਖੇਵਾਲੀ
ਜ਼ਿੰਦਗੀ ਦਾ ਸਫ਼ਰ ਅਨੂਠਾ ਹੈ। ਵਹਿੰਦੇ ਦਰਿਆਵਾਂ ਵਾਂਗ ਛਲਕਦਾ, ਅੱਗੇ ਵਧਦਾ। ਵਕਤ ਜ਼ਿੰਦਗੀ ਦੀ ਦਾਸਤਾਨ ਲਿਖਦਾ ਹੈ। ਸੋਚਾਂ, ਸੁਪਨਿਆਂ ਦੇ ਰੰਗ ਚੇਤਿਆਂ ਵਿੱਚ ਵਸਦੇ ਹਨ। ਖ਼ੁਸ਼ੀਆਂ ਤੇ ਗ਼ਮ ਮਨ ਦੇ ਪੰਨਿਆਂ ’ਤੇ ਉੱਕਰ ਜਾਂਦੇ ਹਨ। ਯਾਦਾਂ ਮਨ ਦੀ ਦਹਿਲੀਜ਼ ’ਤੇ ਦਸਤਕ ਦਿੰਦੀਆਂ ਹਨ। ਸੁਤੰਤਰਤਾ ਸੈਨਾਨੀ ਬਾਪ ਦੀ ਵਸੀਅਤ ਖੁੱਲ੍ਹੀ। ਉਸ ’ਤੇ ਮਿਹਨਤ, ਕਿਰਤ ਤੇ ਕਲਮ ਦੇ ਗੂੜ੍ਹੇ ਅੱਖਰ ਨਜ਼ਰ ਆਏ। ਦੋਵਾਂ ਭਰਾਵਾਂ ਦੇ ਨਾਂ ਲਿਖੀ ਵਸੀਅਤ ਬਾਪ ਦੀ ਇੱਛਾ ਦਾ ਵਖਿਆਨ ਬਣੀ। ਖੇਤ ਦੇ ਟੁਕੜੇ ਨੂੰ ਨਾਂ ਕਰਵਾਉਣ ਲਈ ਤਹਿਸੀਲ ਦਫ਼ਤਰ ਗਿਆ। ਜ਼ਮੀਨ ਨਾਲ ਸਬੰਧਿਤ ਕਰਮਚਾਰੀ ਨੂੰ ਲੋੜੀਂਦੇ ਕਾਗਜ਼ ਪੱਤਰ ਫੜਾਉਣ। ਉਹ ਪਰਿਵਾਰ ਦਾ ਜਾਣਕਾਰ ਹੋਣ ’ਤੇ ਮਨ ਨੂੰ ਸਕੂਨ ਆਇਆ।
ਵਸੀਅਤ ਦੇ ਇੰਦਰਾਜ ਤੋਂ ਪਹਿਲਾਂ ਹੀ ਉਹ ਸਨੇਹੀ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਮੁੜ ਨਵੇਂ ਸਾਹਿਬ ਨਾਲ ਵਾਹ ਪਿਆ। ਵਸੀਅਤ ਉਸ ਕੋਲ ਪਹੁੰਚੀ। ਉਹ ਇਸ ਗੱਲੋਂ ਵੀ ਭਾਰਾ ਹੋ ਗਿਆ ਸੀ ਕਿਉਂਕਿ ਇੱਕ ਭੈਣ ਤਹਿਸੀਲ ਅਰਜ਼ੀ ਪਾ ਆਈ ਸੀ। ਉਹਦੀ ਟਾਲ-ਮਟੋਲ ਅੱਖਰਣ ਲੱਗੀ। ਉਦੋਂ ਮੈਨੂੰ ਵਸੀਅਤ ਤੇ ਇੰਤਕਾਲ ਚੜ੍ਹਾਉਣ ਵਾਸਤੇ ਬਣਦੀ ‘ਸਰਕਾਰੀ ਫੀਸ’ ਬਾਰੇ ਕੋਈ ਇਲਮ ਨਹੀਂ ਸੀ। ਖੇਤ ਦੇ ਗੁਆਂਢੀ ਮਿੱਤਰ ਨੇ ਸਮਝਾਇਆ: ‘‘ਏਥੇ ਤੁਹਾਡੀ ਪੜ੍ਹਾਈ ਤੇ ‘ਸਿਆਣਪ’ ਨਹੀਂ ਚੱਲਣੀ। ਬਣਦੀ ਫ਼ੀਸ ਭਰੇ ਬਿਨਾਂ ਇੰਤਕਾਲ ਨਹੀਂ ਚੜ੍ਹਨਾ। ਜਿੰਨੇ ਦਿਨ ਲੇਟ ਕਰੇਂਗਾ, ਫ਼ੀਸ ਦੀ ਰਕਮ ਅਮਰ ਵੇਲ ਵਾਂਗ ਵਧਦੀ ਜਾਵੇਗੀ। ਨਾਲੇ ਖੱਜਲ ਖੁਆਰੀ ਵੱਖਰੀ।’’ ਅਣਮੰਨੇ ਮਨ ਉਸ ਸਨੇਹੀ ਦਾ ਸੁਝਾਅ ਮੰਨਦਿਆਂ ‘ਫ਼ੀਸ’ ਅਦਾ ਕਰ ਵਸੀਅਤ ਤੇ ਇੰਤਕਾਲ ਦਰਜ ਕਰਵਾ ਲਏ।
ਉਹ ਕੁਸੈਲੀ ਯਾਦ ਵਿਅੰਗਕਾਰ ਭਰਾ ਦੇ ਤੁਰ ਜਾਣ ’ਤੇ ਮੁੜ ਤਾਜ਼ਾ ਹੋ ਗਈ। ਭਰਾ ਦੀ ਵਸੀਅਤ ਲੈ ਮੁੜ ਤਹਿਸੀਲ ਜਾਣਾ ਪਿਆ। ਸ਼ਹਿਰ ਦੀ ਵੱਖੀ ਵਿੱਚ ਦੂਸਰੀ ਮੰਜ਼ਿਲ ’ਤੇ ਬਣੇ ਦਫ਼ਤਰ ਪਹੁੰਚੇ। ਕੰਮ ਕਰਨ ਲਈ ਰੱਖੇ ਪ੍ਰਾਈਵੇਟ ਮੁਨਸ਼ੀ ਨੇ ਨਾਂ, ਪਤਾ ਪੁੱਛਿਆ। ਫਿਰ ਸਾਹਿਬ ਆਏ ਤੇ ਬੋਲੇ, ‘‘ਇਹ ਕੰਮ ਤਾਂ ਸਾਡੀ ਡਿਊਟੀ ਹੈ। ਹੋਰ ਸੇਵਾ ਦੱਸੋ?’’ ਕਾਗ਼ਜ਼ ਪੱਤਰ ਉਸ ਨੇ ਆਪਣੇ ਦਫ਼ਤਰ ’ਚ ਫੜ ਲਏ। ਬਣਦੀ ਫੀਸ ਮੁਨਸ਼ੀ ਪੌੜੀਆਂ ਉਤਰਦੇ ਭਤੀਜੇ ਤੋਂ ਲੈ ਗਿਆ। ਵਾਪਸੀ ’ਤੇ ਰਾਹ ਆਉਂਦੇ ਖੇਤ ਆ ਬੈਠੇ। ਦਿਲ ਦੇ ਦਰਦ ਦੀ ਆਵਾਜ਼ ਇਹ ਬੋਲ ਬਣੇ, ‘‘ਤੁਰ ਗਏ ਵਿਅਕਤੀ ਦਾ ਸੁਸਾਇਟੀ, ਸਮਾਜ ਲਈ ਕੀ ਰੋਲ ਰਿਹਾ, ਇਸ ਦੀ ਕੌਣ ਪਰਵਾਹ ਕਰਦੈ? ਆਪਣੇ ਪੁਰਖਿਆਂ ਦੀ ਜ਼ਮੀਨ ਜਾਇਦਾਦ ਨਾਂ ਕਰਵਾਉਣ ਲਈ ਮੂੰਹੋਂ ਮੰਗੀਆਂ ‘ਫ਼ੀਸਾਂ’ ਤਾਰਨਾ, ਭਲਾ ਕਿਧਰ ਦਾ ਇਨਸਾਫ਼ ਹੋਇਆ?’’ ਗੁਆਂਢੀ ਖੇਤ ਵਾਲੇ ਨੇ ਇਹ ਵਰਤਾਰਾ ਭੁੱਲ ਜਾਣ ਲਈ ਆਖਿਆ। ਹਤਾਸ਼ ਮਨ ਪਿੰਡ ਵਾਲੇ ਘਰ ਵੱਲ ਅਹੁਲਿਆ।
ਪਿੰਡ ਦੀ ਸੱਥ ਵਿੱਚ ਸੰਗੀਆਂ ਨਾਲ ਤਾਸ਼ ਖੇਡਣ ਵਿੱਚ ਮਸ਼ਰੂਫ ਨਿਹਾਲ ਸਿੰਹੁ ਆਪਣੇ ਪੁੱਤ ਦੀ ਕਰਨੀ ’ਤੇ ‘ਫ਼ਖ਼ਰ’ ਕਰਦਾ ਹੈ। ਅਖੇ, ‘‘ਪੜ੍ਹ ਲਿਖ ਕੇ ਆਪਣੀ ਮਿਹਨਤ ਨਾਲ ਇਸ ਅਹੁਦੇ ’ਤੇ ਪੁੱਜਾ ਹੈ। ‘ਲਿਆਕਤ’ ਦੇ ਸਿਰ ਸੁੱਖ ਨਾਲ ਸ਼ਹਿਰੀ ਜਾਇਦਾਦ ਦਾ ਮਾਲਕ ਬਣਿਆ ਹੈ। ‘ਕਰਮਾਂ ਦੇ ਧਨੀ’ ਨੇ ਪਿਓ ਦਾਦੇ ਦੀ ਜ਼ਮੀਨ ਨੂੰ ਵੀ ਰੰਗ ਭਾਗ ਲਾਏ ਨੇ। ਲੋਕਾਂ ਦਾ ਕਿਹੜਾ ਕਿਸੇ ਨੇ ਮੂੰਹ ਫੜ ਲੈਣਾ? ਉਂਜ ਵੀ ਵਸੀਅਤ, ਇੰਤਕਾਲ ਦਰਜ ਕਰਨ ਵੇਲੇ ਸਰਕਾਰੀ ਫ਼ੀਸ ਲੈਣ ਦਾ ਕਾਨੂੰਨ ਹੈ। ਮੁਲਾਜ਼ਮਾਂ ਦੇ ਹੋਰ ਸੌ ਖਰਚੇ ਹੁੰਦੇ ਨੇ। ਵੱਡੇ ਅਫ਼ਸਰਾਂ ਦੀਆਂ ‘ਵਗਾਰਾਂ’ ਦੀ ਗਾਜ ਵੀ ਇਨ੍ਹਾਂ ’ਤੇ ਹੀ ਡਿੱਗਦੀ ਐ। ਅਜਿਹੇ ਖ਼ਰਚੇ ਕੋਈ ਆਪਣੀਆਂ ਜੇਬਾਂ ’ਚੋਂ ਤਾਂ ਭਰਨੋ ਰਿਹਾ! ਨਾਲੇ ਜੇ ਕਿਸੇ ਕਿਸਾਨ ਭਰਾ ਦਾ ਵਕਤ ਸਿਰ ਕੰਮ ਕਰ ਕੇ ਬਣਦੀ ਫ਼ੀਸ ਵਗ਼ੈਰਾ ਲੈ ਵੀ ਲਈ ਤਾਂ ਕੋਈ ਲੋਹੜਾ ਨੀਂ ਆਉਂਦਾ। ਸਾਡੇ ਲੋਕਾਂ ਨੂੰ ਅਰਬਾਂ ਦੇ ਘਪਲੇ ਕਰਦੇ ਰਾਜ ਨੇਤਾ ਤੇ ਚੁੱਪ-ਚੁਪੀਤੇ ਖੁੱਲ੍ਹੇ ਗੱਫ਼ੇ ਛਕਦੇ ਵੱਡੇ ਅਫ਼ਸਰ ਨਜ਼ਰ ਨੀਂ ਆਉਂਦੇ। ਛੋਟੇ ਮੁਲਾਜ਼ਮਾਂ ਮਗਰ ਹਰੇਕ ਹੱਥ ਧੋ ਕੇ ਪੈ ਜਾਂਦਾ ਹੈ।’’ ਨਾਲ ਬੈਠੇ ਬੰਦਿਆਂ ’ਚੋਂ ਤਾਏ ਜੀਤ ਦਾ ਬੋਲਿਆ ਵਿਅੰਗ ਬਾਣ ‘ਹੂੰਅ’ ਉਸ ਦੇ ਬੋਲਾਂ ਨੂੰ ਵਿਰਾਮ ਚਿੰਨ੍ਹ ਲਾਉਂਦਾ ਹੈ।
ਨਿਹਾਲ ਸਿਹੁੰ ਦੇ ਪੁੱਤਰ ਦੀ ‘ਲਿਆਕਤ’ ਲੋਕਾਂ ਦੇ ਸਨੇਹੀ ਨਿਰਮਲ ਪਟਵਾਰੀ ਦੇ ਸਾਹਵੇਂ ਬੌਣੀ ਨਜ਼ਰ ਆਉਂਦੀ ਹੈ ਜਿਸ ਦੀ ਸਰਕਾਰੀ ਨੌਕਰੀ ਦਾ ਤਿੰਨ ਦਹਾਕਿਆਂ ਦਾ ਸਫ਼ਰ ਹੈ। ਸੱਚਾ ਸੁੱਚਾ ਤੇ ਮਾਣ ਮੱਤਾ। ਨਾ ਵਗਾਰ ਪਾਉਂਦਾ ਤੇ ਨਾ ਝੱਲਦਾ ਹੈ। ਅਸੂਲਾਂ ਨਾਲ ਵਫ਼ਾ ਪੁਗਾਉਣਾ ਉਸ ਦੀ ਜ਼ਿੰਦਗੀ ਦਾ ਕਰਮ ਹੈ। ਇੰਤਕਾਲ ਦਰਜ ਕਰਦਿਆਂ ਉਸ ਦੀ ਅੱਖ ਅਗਲੇ ਦੀ ਜੇਬ ਨਹੀਂ ਵੇਖਦੀ। ਕਲਮ ਅੱਖਰਾਂ ਨੂੰ ਮਾਇਆ ’ਚ ਵਟਾਉਣ ਦੀ ਲਾਲਸਾ ਤੋਂ ਮੁਕਤ ਹੈ। ਕਲਮ ਵਿੱਚ ਵਫ਼ਾ ਰੂਪੀ ਨਿੱਬ ਤੇ ਈਮਾਨ ਦੀ ਸਿਆਹੀ ਹੈ। ਇਹ ਕਾਰਜ ਬਾਬਾ ਸ਼ੇਖ ਫਰੀਦ ਸੁਸਾਇਟੀ ਦੀਆਂ ਨਜ਼ਰਾਂ ਦੀ ਲੋਅ ਬਣਦੇ ਹਨ। ਮਹਾਨ ਸੂਫ਼ੀ ਕਵੀ ਦੀ ਯਾਦ ਵਿੱਚ ਦਿੱਤਾ ਵਾਲਾ ਵੱਕਾਰੀ ‘ਈਮਾਨਦਾਰੀ ਐਵਾਰਡ’ ਨਿਰਮਲ ਦੀ ਝੋਲੀ ਪੈਂਦਾ ਹੈ ਜਿਸ ਤੋਂ ਜ਼ਿੰਦਗੀ ਦੇ ‘ਸੁਨਹਿਰੇ ਰੰਗ’ ਦੀ ਝਲਕ ਦਿਸਦੀ ਹੈ|
ਅਜਿਹੇ ਜੀਵਨ ਪੰਨਿਆਂ ਦੀ ਇਬਾਰਤ ਸੋਚਾਂ, ਸੁਪਨਿਆਂ ਨੂੰ ਰਾਹ ਦਿੰਦੀ ਹੈ। ਬੋਲ ਚਾਨਣ ਵੰਡਦੇ ਪ੍ਰਤੀਤ ਹੁੰਦੇ ਹਨ, ‘‘ਖੋਹ ਖਿੰਝ ਕੇ ਬਣਾਈ ਦੌਲਤ ਦੀ ਖ਼ੁਸ਼ੀ ਤੇ ਮਾਣ ਥੋੜ੍ਹ ਚਿਰਾ ਤੇ ਅਧੂਰਾ ਹੁੰਦਾ ਹੈ। ਇਹ ਸਫ਼ਰ ਸਿਰ ਉਠਾ ਕੇ ਜਿਉਣ ਦੀ ਮੜ੍ਹਕ ਤੋਂ ਸੱਖਣਾ ਹੁੰਦਾ ਹੈ। ਹਾਸਲ ਮਾਣ ਤੇ ਸੁਖ ਮੁੱਠੀ ਵਿਚਲੀ ਰੇਤ ਵਾਂਗ ਹੁੰਦਾ ਹੈ।’’ ਹੱਕ, ਸੱਚ ਨਾਲ ਵਫ਼ਾ ਨਿਭਾਉਣਾ ਉਸ ‘ਮੜ੍ਹਕ’ ਦਾ ਪ੍ਰਤੀਕ ਬਣਦਾ ਹੈ ਜਿਸ ਵਿੱਚ ਖ਼ੁਸ਼ੀ, ਸੰਤੁਸ਼ਟੀ ਤੇ ਪ੍ਰੇਰਨਾ ਦਾ ਸਬਕ ਛੁਪਿਆ ਹੈ।
ਸੰਪਰਕ: 95010-06626