ਨਵਦੀਪ ਸਿੰਘ ਗਿੱਲ
ਪਹਿਲੀ ਵਾਰ ਕਿਸੇ ਅਰਬ ਮੁਲਕ (ਕਤਰ) ਵਿਚ ਚੱਲ ਰਹੇ ਫੀਫਾ ਸੰਸਾਰ ਕੱਪ ਨੇ ਅੱਧ ਤੋਂ ਵੱਧ ਸਫਰ ਤੈਅ ਕਰ ਲਿਆ ਹੈ। ਕੁੱਲ 32 ਵਿਚੋਂ ਹੁਣ ਸਿਰਫ 8 ਟੀਮਾਂ ਖਿਤਾਬ ਦੀ ਦੌੜ ਵਿਚ ਹਨ। 20 ਨਵੰਬਰ ਨੂੰ ਸ਼ੁਰੂ ਹੋਏ ਇਸ ਕੱਪ ਦੇ ਲੀਗ ਅਤੇ ਨਾਕਆਊਟ ਸਟੇਜ ਦੇ ਪਹਿਲੇ ਦੌਰ ਰਾਊਂਡ 16 ਤੱਕ ਦੇ ਮੈਚ 6 ਦਸੰਬਰ ਤੱਕ ਚੱਲੇ ਅਤੇ 24 ਟੀਮਾਂ ਵਾਰੀ ਵਾਰੀ ਸੰਸਾਰ ਕੱਪ ਵਿਚੋਂ ਬਾਹਰ ਹੋਈਆਂ। ਹੁਣ ਕੁਆਰਟਰ ਫਾਈਨਲ ਵਿਚ ਅੱਠ ਟੀਮਾਂ ਆਹਮੋ-ਸਾਹਮਣੇ ਹਨ। ਹੁਣ ਤੱਕ ਵੱਡੇ ਉਲਟ-ਫੇਰ ਵੀ ਹੋਏ ਅਤੇ ਨਾਮੀ ਟੀਮਾਂ ਨੇ ਆਪਣੇ ਕੱਦ ਅਨੁਸਾਰ ਮੈਚ ਵੀ ਜਿੱਤੇ ਹਨ। ਅਫਰੀਕੀ, ਏਸ਼ਿਆਈ ਮਹਾਦੀਪ ਦੀਆਂ ਨਵੀਆਂ ਟੀਮਾਂ ਦੀ ਚੜ੍ਹਤ ਵੀ ਦੇਖਣ ਨੂੰ ਮਿਲ ਰਹੀ ਹੈ ਅਤੇ ਯੂਰੋਪੀਅਨ ਤੇ ਲਾਤੀਨੀ ਅਮਰੀਕਾ ਦੀਆਂ ਚੋਟੀ ਦੀਆਂ ਕਈ ਟੀਮਾਂ ਵੀ ਪੂਰੀ ਮੜਕ ਨਾਲ ਅੱਗੇ ਵਧ ਰਹੀਆਂ ਹਨ।
ਕੁਆਰਟਰ ਫਾਈਨਲ ਵਿਚ ਪੰਜ ਯੂਰੋਪੀਅਨ (ਫਰਾਂਸ, ਪੁਰਤਗਾਲ, ਇੰਗਲੈਂਡ, ਕਰੋਏਸ਼ੀਆ ਤੇ ਹਾਲੈਂਡ), ਦੋ ਦੱਖਣੀ ਅਮਰੀਕੀ (ਅਰਜਨਟਾਈਨਾ ਤੇ ਬ੍ਰਾਜ਼ੀਲ) ਅਤੇ ਇਕ ਅਫਰੀਕੀ ਮੁਲਕ ਮੋਰਾਕੋ ਪੁੱਜੇ ਹਨ। ਆਖਿ਼ਰੀ ਅੱਠ ਟੀਮਾਂ ਵਿਚਾਲੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲਣਗੇ ਜਿੱਥੋਂ ਹਰ ਟੀਮ ਲਈ ਅੱਗੇ ਸੈਮੀ ਫਾਈਨਲ ਤੇ ਫਾਈਨਲ ਲਈ ਰਾਹ ਸੌਖਾ ਨਹੀਂ ਲੱਗ ਰਿਹਾ। ਹਾਲੈਂਡ ਤੇ ਅਰਜਨਟਾਈਨਾ, ਬ੍ਰਾਜ਼ੀਲ ਤੇ ਕਰੋਏਸ਼ੀਆ ਆਹਮੋ-ਸਾਹਮਣੇ ਹਨ ਜਿਨ੍ਹਾਂ ਦੇ ਜੇਤੂ ਆਪਸ ਵਿਚ ਸੈਮੀ-ਫਾਈਨਲ ਖੇਡਣਗੇ। ਇਸੇ ਤਰ੍ਹਾਂ ਫਰਾਂਸ ਤੇ ਇੰਗਲੈਂਡ ਅਤੇ ਪੁਰਤਗਾਲ ਤੇ ਮੋਰਾਕੋ ਵਿਚਾਲੇ ਮੈਚ ਵਿਚ ਜੇਤੂ ਰਹਿਣ ਵਾਲੀਆਂ ਟੀਮਾਂ ਦੂਜਾ ਸੈਮੀ ਫਾਈਨਲ ਖੇਡਣਗੀਆਂ।
ਨਾਕਆਊਟ ਦੇ ਅੱਠ ਮੈਚਾਂ ਵਿਚ ਦੋ ਦਾ ਫੈਸਲਾ ਤੈਅ ਤੇ ਵਾਧੂ ਸਮੇਂ ਤੱਕ ਨਹੀਂ ਹੋਇਆ। ਦੋਵੇਂ ਮੈਚ ਪੈਨਲਟੀਆਂ ਵਿਚ ਗਏ ਅਤੇ ਗੋਲਚੀਆਂ ਦੀ ਬਿਹਤਰੀਨ ਖੇਡ ਸਦਕਾ ਕਰੋਏਸ਼ੀਆ ਨੇ ਜਪਾਨ ਨੂੰ 3-1 ਤੇ ਮੋਰਾਕੋ ਨੇ ਸਪੇਨ ਨੂੰ 3-0 ਨਾਲ ਹਰਾਇਆ। ਮੋਰਾਕੋ ਨੇ ਪੈਨਲਟੀਆਂ 2010 ਦੀ ਸੰਸਾਰ ਚੈਂਪੀਅਨ ਸਪੇਨ ਨੂੰ ਬਾਹਰ ਕਰ ਕੇ ਨਾਕ ਆਊਟ ਦੌਰ ਦਾ ਇਕਲੌਤਾ ਤੇ ਵੱਡਾ ਉਲਟ-ਫੇਰ ਕੀਤਾ। ਜਪਾਨ ਨੇ ਵੀ ਪਿਛਲੇ ਉਪ ਜੇਤੂ ਕਰੋਏਸ਼ੀਆ ਨੂੰ ਸਖਤ ਟੱਕਰ ਦਿੱਤੀ ਅਤੇ ਮੈਚ ਪੈਨਲਟੀਆਂ ਤੱਕ ਪੁੱਜਿਆ ਜਿੱਥੇ ਜਪਾਨ ਨੂੰ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਤਗਾਲ ਨੇ ਸਵਿਟਜ਼ਰਲੈਂਡ ਨੂੰ 6-1, ਬ੍ਰਾਜ਼ੀਲ ਨੇ ਦੱਖਣੀ ਕੋਰੀਆ ਨੂੰ 4-1, ਇੰਗਲੈਂਡ ਨੇ ਸੈਨੇਗਲ ਨੂੰ 3-0, ਫਰਾਂਸ ਨੇ ਪੋਲੈਂਡ ਨੂੰ 3-1, ਹਾਲੈਂਡ ਨੇ ਅਮਰੀਕਾ ਨੂੰ 3-1 ਤੇ ਅਰਜਨਟਾਈਨਾ ਨੇ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਰਾਊਂਡ 16 ਦੇ ਮੈਚ ਜਿੱਤੇ। ਸੰਸਾਰ ਕੱਪ ਦੇ ਇਤਿਹਾਸ ਵਿਚ ਕੁਆਰਟਰ ਫਾਈਨਲ ‘ਚ ਪੁੱਜਣ ਵਾਲਾ ਮੋਰਾਕੋ ਚੌਥਾ ਅਫਰੀਕੀ ਮੁਲਕ ਬਣ ਗਿਆ। ਇਸ ਤੋਂ ਪਹਿਲਾਂ ਕੈਮਰੂਨ, ਘਾਨਾ ਤੇ ਸੈਨੇਗਲ ਨੇ ਇਹ ਮਾਣ ਹਾਸਲ ਕੀਤਾ।
ਇਸ ਵਾਰ ਸੰਸਾਰ ਕੱਪ ਵਿਚ ਲੀਗ ਦੌਰ ਵਿਚ ਸਭ ਤੋਂ ਵੱਧ ਉਲਟ-ਫੇਰ ਦੇਖਣ ਨੂੰ ਮਿਲੇ। ਚਾਰ ਵਾਰ ਦੀ ਚੈਂਪੀਅਨ ਜਰਮਨੀ, ਦੋ ਵਾਰ ਦੀ ਚੈਂਪੀਅਨ ਉਰੂਗੁਏ ਤੇ ਸੰਸਾਰ ਦੀ ਨੰਬਰ ਦੋ ਰੈਂਕ ਟੀਮ ਬੈਲਜੀਅਮ ਲੀਗ ਸਟੇਜ ਵਿਚੋਂ ਹੀ ਬਾਹਰ ਹੋ ਗਈ। ਅਫਰੀਕੀ ਮਹਾਦੀਪ ਵਿਚੋਂ ਮੋਰਾਕੋ ਤੇ ਸੈਨੇਗਲ ਅਤੇ ਏਸ਼ੀਆ ਮਹਾਦੀਪ ਵਿਚੋਂ ਜਪਾਨ ਤੇ ਦੱਖਣੀ ਕੋਰੀਆ ਨੇ ਰਾਊਂਡ 16 ਲਈ ਕੁਆਲੀਫਾਈ ਕਰ ਕੇ ਵੱਡੇ ਮੰਚ ਉਤੇ ਹਾਜ਼ਰੀ ਲਗਾਈ। ਵੱਡੇ ਉਲਟ-ਫੇਰ ਵਾਲੇ ਮੈਚਾਂ ਦੀ ਗੱਲ ਕਰੀਏ ਤਾਂ ਗਰੁੱਪ ਸੀ ਵਿਚ ਸਾਊਦੀ ਅਰਬ ਨੇ ਅਰਜਨਟਾਈਨਾ ਨੂੰ 2-1, ਗਰੁੱਪ ਈ ‘ਚ ਜਪਾਨ ਨੇ ਜਰਮਨੀ ਨੂੰ 2-1 ਤੇ ਜਪਾਨ ਨੇ ਸਪੇਨ ਨੂੰ 2-1, ਗਰੁੱਪ ਜੀ ‘ਚ ਬ੍ਰਾਜ਼ੀਲ ਨੇ ਕੈਮਰੂਨ ਨੂੰ 1-0, ਗਰੁੱਪ ਐਚ ‘ਚ ਦੱਖਣੀ ਕੋਰੀਆ ਨੇ ਪੁਰਤਗਾਲ ਨੂੰ 2-1, ਗਰੁੱਪ ਐਫ ‘ਚ ਮੋਰਾਕੋ ਨੇ ਬੈਲਜੀਅਮ ਨੂੰ 2-0, ਗਰੁੱਪ ਡੀ ‘ਚ ਫਰਾਂਸ ਨੇ ਟਿਊਨੇਸ਼ੀਆ ਨੂੰ 1-0 ਨੂੰ ਹਰਾਇਆ। ਛੋਟੇ ਰੈਂਕ ਦੀਆਂ ਕਈ ਟੀਮਾਂ ਨੇ ਵੱਡੀਆਂ ਟੀਮਾਂ ਨਾਲ ਡਰਾਅ ਮੈਚ ਖੇਡੇ। ਇਕੁਆਡੋਰ ਨੇ ਹਾਲੈਂਡ, ਅਮਰੀਕਾ ਨੇ ਇਗਲੈਂਡ, ਕਰੋਏਸ਼ੀਆ ਨੇ ਬੈਲਜੀਅਮ, ਮੋਰਾਕੋ ਨੇ ਕਰੋਏਸ਼ੀਆ ਤੇ ਉਰੂਗੁਏ ਨੇ ਦੱਖਣੀ ਕੋਰੀਆ ਨਾਲ ਬਰਾਬਰੀ ਕੀਤੀ। ਗਰੁੱਪ ਈ ‘ਚ ਵੱਡੇ ਉਲਟ-ਫੇਰ ਹੋਏ। ਸਪੇਨ ਤੇ ਜਰਮਨੀ ਦੀਆਂ ਟੀਮਾਂ ਦੀ ਹਾਜ਼ਰੀ ‘ਚ ਜਪਾਨ ਨੇ ਟੌਪ ਕੀਤਾ; ਜਰਮਨੀ ਤੇ ਕੋਸਟਾ ਰੀਕਾ ਨੂੰ ਬਾਹਰ ਹੋਣਾ ਪਿਆ। ਲੀਗ ਦੌਰ ਤੱਕ ਕਰੋਏਸ਼ੀਆ, ਮੋਰਾਕੋ, ਅਮਰੀਕਾ, ਇੰਗਲੈਂਡ, ਹਾਲੈਂਡ ਅਜੇਤੂ ਰਹੇ ਜਿਨ੍ਹਾਂ ਨੂੰ ਕੋਈ ਵੀ ਟੀਮ ਹਰਾ ਨਾ ਸਕੀ।
ਖਿਡਾਰੀਆਂ ਦੇ ਪ੍ਰਦਰਸ਼ਨ ਅਨੁਸਾਰ ਫਰਾਂਸ ਦਾ ਕੇਲੀਅਨ ਮਬਾਪੇ ਸਿਖਰ ‘ਤੇ ਹੈ। ਉਹਨੇ ਸਭ ਤੋਂ ਵੱਧ ਪੰਜ ਗੋਲ ਕੀਤੇ ਹਨ। ਅਰਜਨਟਾਈਨਾ ਦਾ ਲਿਓਨਲ ਮੈਸੀ, ਫਰਾਂਸ ਦਾ ਗਿਰੌਡ, ਇਕੁਆਡੋਰ ਦਾ ਵਲੇਨਸੀਆ, ਇੰਗਲੈਂਡ ਦਾ ਰੈਸ਼ਫੋਰਡ ਤੇ ਸਾਕਾ, ਹਾਲੈਂਡ ਦਾ ਗਾਕਪੋ, ਬ੍ਰਾਜ਼ੀਲ ਦਾ ਰਿਚਾਰਲੀਸਨ, ਸਪੇਨ ਦਾ ਮੋਰਾਟਾ, ਪੁਰਤਗਾਲ ਦਾ ਰੈਮੋਸ 3-3 ਗੋਲਾਂ ਨਾਲ ਮਬਾਪੇ ਤੋਂ ਪਿੱਛੇ ਹਨ। ਮਬਾਪੇ ਦੇ ਸੰਸਾਰ ਕੱਪ ‘ਚ ਕੀਤੇ ਗੋਲਾਂ ਦੀ ਗਿਣਤੀ 9 ਹੋ ਗਈ ਹੈ। ਉਹਨੇ ਪੇਲੇ ਦਾ ਰਿਕਾਰਡ ਤੋੜਿਆ ਜਿਸ ਨੇ 24 ਵਰ੍ਹਿਆਂ ਦੀ ਉਮਰ ਤੱਕ ਸਭ ਤੋਂ ਵੱਧ ਗੋਲ ਕੀਤੇ ਹਨ। ਪੇਲੇ ਨੇ ਇਸ ਉਮਰ ਵਿਚ 7 ਗੋਲ ਕੀਤੇ ਸਨ।
ਫਰਾਂਸ ਦਾ ਓਲੀਵਰ ਗਿਰੌਡ ਫਰਾਂਸ ਲਈ ਕੌਮਾਂਤਰੀ ਮੁਕਾਬਲਿਆਂ ਵਿਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ। ਗਿਰੌਡ ਨੇ 52 ਗੋਲ ਕੀਤੇ ਹਨ। ਉਸ ਨੇ ਥਇਏਰੀ ਹੈਨਰੀ ਦੇ 51 ਗੋਲਾਂ ਦਾ ਰਿਕਾਰਡ ਤੋੜਿਆ। ਅਰਜਨਟਾਈਨਾ ਦੇ ਲਿਓਨਲ ਮੈਸੀ ਨੇ ਆਸਟਰੇਲੀਆ ਖਿਲਾਫ ਮੈਚ ਖੇਡਦਿਆਂ ਆਪਣੇ ਫੁਟਬਾਲ ਕਰੀਅਰ ਦਾ 1000ਵਾਂ ਮੈਚ ਖੇਡਿਆ। ਮੈਸੀ ਨੇ ਮੈਰਾਡੋਨਾ ਨੂੰ ਪਾਰ ਕਰਦਿਆਂ ਸੰਸਾਰ ਕੱਪ ਵਿਚ ਕੁੱਲ 9 ਗੋਲ ਕੀਤੇ। ਮੈਰਾਡੋਨਾ ਨੇ 8 ਗੋਲ ਕੀਤੇ ਹਨ। ਮੈਸੀ ਹੁਣ ਅਰਜਨਟਾਈਨਾ ਦੇ ਟਾਪ ਸਕੋਰਰ ਗੈਬਰੀਅਲ ਬੈਟੀਸਟੂਟਾ ਦੇ 10 ਗੋਲਾਂ ਤੋਂ ਇਕ ਗੋਲ ਪਿੱਛੇ ਹੈ। ਆਪਣਾ ਪੰਜਵਾਂ ਸੰਸਾਰ ਕੱਪ ਖੇਡ ਰਿਹਾ ਰੋਨਾਲਡੋ ਸੰਸਾਰ ਫੁਟਬਾਲ ਦਾ ਇਕਲੌਤਾ ਖਿਡਾਰੀ ਹੈ ਜਿਸ ਨੇ ਪੰਜ ਵੱਖ ਵੱਖ ਸੰਸਾਰ ਕੱਪ ਮੁਕਾਬਲਿਆਂ ਵਿਚ ਘੱਟੋ-ਘੱਟ ਇਕ ਗੋਲ ਕੀਤਾ ਹੈ।
ਪ੍ਰੀ ਕੁਆਰਟਰ ਫਾਈਨਲ ‘ਚ ਸਵਿਟਜ਼ਰਲੈਂਡ ਖਿਲਾਫ ਮੈਚ ‘ਚ ਪੁਰਤਗਾਲ ਦੇ ਕੋਚ ਨੇ ਸਟਾਰ ਖਿਡਾਰੀ ਕ੍ਰਿਸਟੀਨੋ ਰੋਨਾਲਡੋ ਦੀ ਥਾਂ ਰੈਮੋਸ ਨੂੰ ਖਿਡਾ ਕੇ ਹੈਰਾਨ ਕਰ ਦਿੱਤਾ। ਇਸੇ ਮੈਚ ਵਿਚ ਰੈਮੋਸ ਨੇ ਤਿੰਨ ਗੋਲ ਕਰ ਕੇ ਹੈਟ੍ਰਿਕ ਜੜੀ; ਉਹ ਨਾਕਆਊਟ ਵਿਚ ਇਹ ਕਾਰਨਾਮਾ ਕਰਨ ਵਾਲਾ ਬ੍ਰਾਜ਼ੀਲ ਦੇ ਪੇਲੇ ਤੋਂ ਬਾਅਦ ਦੂਜਾ ਸਭ ਤੋਂ ਨੌਜਵਾਨ ਖਿਡਾਰੀ ਬਣਿਆ। ਮੋਰਾਕੋ ਦੇ ਸਟਾਰ ਖਿਡਾਰੀ ਹਕੀਮੀ ਨੇ ਸਪੇਨ ਨੂੰ ਸੰਸਾਰ ਕੱਪ ਵਿਚੋਂ ਬਾਹਰ ਕਰਨ ਵਿਚ ਅਹਿਮ ਰੋਲ ਨਿਭਾਇਆ। ਹਕੀਮੀ ਸਪੇਨ ਦੇ ਸ਼ਹਿਰ ਮੈਡਰਿਡ ਦਾ ਜੰਮਿਆ ਪਲਿਆ ਹੈ। ਸਾਊਦੀ ਅਰਬ ਦੇ ਕਿੰਗ ਸਲਮਾਨ ਨੇ ਸੰਸਾਰ ਕੱਪ ਵਿਚ ਆਪਣੇ ਮੁਲਕ ਦੀ ਅਰਜਨਟਾਈਨਾ ਉਤੇ ਜਿੱਤ ਦੀ ਖੁਸ਼ੀ ਵਿਚ ਪੂਰੇ ਦੇਸ਼ ਵਿਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਸੀ। ਅਜਿਹੀ ਹੀ ਸਰਕਾਰੀ ਛੁੱਟੀ 1990 ਵਿਚ ਕੈਮਰੂਨ ਦੇਸ਼ ਵਿਚ ਕੀਤੀ ਗਈ ਸੀ ਜਦੋਂ ਕੈਮਰੂਨ ਨੇ ਅਰਜਨਟਾਈਨਾ ਨੂੰ ਹਰਾਇਆ ਸੀ।
ਸੰਪਰਕ: 97800-36216