ਮਾ. ਹਰਭਿੰਦਰ ਮੁੱਲਾਂਪੁਰ
ਸਦੀਆਂ ਤੋਂ ਸਮਾਜਿਕ, ਧਾਰਮਿਕ, ਆਰਥਿਕ, ਮਾਨਸਿਕ ਅਤੇ ਰਾਜਨੀਤਿਕ ਗ਼ੁਲਾਮੀ ਦਾ ਸੰਤਾਪ ਹੰਢਾਅ ਰਹੇ ਦਲਿਤ ਅਤੇ ਪੱਛੜੇ ਵਰਗਾਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਤੋਂ ਬਾਅਦ ਬਾਬੂ ਕਾਸ਼ੀ ਰਾਮ ਨੂੰ ਮੁਕਤੀ ਦਾਤਾ ਮੰਨਿਆ। ਇਸ ਸ਼ਖ਼ਸ ਨੇ ਆਪਣਾ ਸਾਰਾ ਜੀਵਨ ਇਨ੍ਹਾਂ ਲੋਕਾਂ ਦੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਅਤੇ ਰਾਜ-ਭਾਗ ’ਚ ਸ਼ਮੂਲੀਅਤ ਯਕੀਨੀ ਬਣਾਉਣ ਹਿੱਤ ਚੇਤਨਾ ਲਹਿਰ ਦੀ ਅਲਖ ਜਗਾਉਣ ’ਤੇ ਲਗਾਇਆ।
15 ਮਾਰਚ 1934 ਨੂੰ ਰੂਪਨਗਰ ਜ਼ਿਲ੍ਹੇ ਦੇ ਪਿੰਡ ਖੁਆਸਪੁਰ ਵਿਚ ਰਾਮਦਾਸੀਆ ਭਾਈਚਾਰੇ ’ਚ ਜਨਮੇ ਕਾਸ਼ੀ ਰਾਮ ਨੇ ਗ਼ਰੀਬਾਂ, ਮਜ਼ਲੂਮਾਂ, ਨਿਆਸਰਿਆਂ ਅਤੇ ਜੀਵਨ ਦੇ ਹਰੇਕ ਪੱਧਰ ’ਤੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਨਿਮਨ ਵਰਗਾਂ ਦੀ ਚੌਤਰਫ਼ਾ ਆਜ਼ਾਦੀ, ਵਿਕਾਸ ਅਤੇ ਸਿਆਸੀ ਉਭਾਰ ਵਾਸਤੇ ਨਾ ਕੇਵਲ ਆਪਣਾ ਘਰ, ਪਰਿਵਾਰ ਅਤੇ ਉੱਚ ਅਹੁਦਾ ਤਿਆਗਿਆ ਸਗੋਂ ਉਮਰ ਭਰ ਵਿਆਹ ਨਾ ਕਰਵਾਉਣ ਦਾ ਸੰਕਲਪ ਵੀ ਲਿਆ।
ਕਾਸ਼ੀ ਰਾਮ ਹੋਰਾਂ ਦੀ ਵਿਸ਼ਾਲ ਅਤੇ ਉੱਚ ਦਰਜੇ ਦੀ ਸਮਾਜਿਕ ਤੇ ਰਾਜਨੀਤਿਕ ਪਹੁੰਚ ਨੇ ਭਾਰਤੀ ਸਿਆਸਤ ਵਿਚ ਤਰਥੱਲੀ ਮਚਾਈ। ਉਨ੍ਹਾਂ ਦੀ ਬਦੌਲਤ ਨਿਮਨ ਸਮਝੇ ਜਾਂਦੇ ਲੋਕਾਂ ਵਿਚ ਸਵੈਮਾਣ ਅਤੇ ਸੱਤਾ ਤੇ ਸ਼ਾਸਨ ਵਿਚ ਸ਼ਮੂਲੀਅਤ ਕਰਨ ਦੀ ਪ੍ਰੇਰਨਾ ਨੇ ਅੰਗੜਾਈ ਭਰੀ। ਸ਼੍ਰੀ ਕਾਸ਼ੀ ਰਾਮ ਦਾ ਮੰਨਣਾ ਸੀ ਕਿ ਸੱਤਾ ਸ਼ਾਸਨ ’ਚ ਸ਼ਮੂਲੀਅਤ ਹੀ ਦਲਿਤ ਵਰਗ ਦੀ ਮੁਕਤੀ ਅਤੇ ਆਜ਼ਾਦੀ ਦਾ ਬ੍ਰਹਮ-ਅਸਤਰ ਹੈ। ਮਹਿਜ਼ ਮੰਗ ਪੱਤਰਾਂ, ਸਿਆਸੀ ਪਾਰਟੀਆਂ ਨੂੰ ਛੋਟੇ ਛੋਟੇ ਦਬਾਅ ਸਮੂਹਾਂ ਰਾਹੀਂ ਸਹਿਯੋਗ ਦੇਣਾ ਸਮੱਸਿਆ ਦਾ ਸਥਾਈ ਹੱਲ ਨਹੀਂ ਹੈ।
ਡੀ.ਐੱਸ.ਫੋਰ, ਬਾਮਸੇਫ, ‘ਪੇ ਬੈਕ ਟੂ ਸੁਸਾਇਟੀ’ ਦੇ ਸੰਕਲਪ ਅਤੇ ਰਾਸ਼ਟਰੀ ਪੱਧਰ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਰਾਹੀਂ ਸ਼੍ਰੀ ਕਾਸ਼ੀ ਰਾਮ ਨੇ ਦੇਸ਼ ਵਿਆਪੀ ਦਲਿਤ ਚੇਤਨਾ ਲਹਿਰ ਨੂੰ ਹੁਲਾਰਾ ਦਿੱਤਾ।
ਉਹ ਸਾਫ਼, ਸਪੱਸ਼ਟ, ਨਿਡਰ, ਨਿਧੜਕ ਅਤੇ ਬੇਖ਼ੌਫ਼ ਲੀਡਰ ਸਨ ਕਿਉਂਕਿ ਆਪਣੀਆਂ ਸਿਆਸੀ ਮੀਟੰਗਾਂ ਵਿਚ ਸਿੱਧੀ, ਸਾਦੀ ਤੇ ਸਾਧਾਰਨ ਬੋਲੀ ਰਾਹੀਂ ਸੰਬੋਧਿਤ ਕਰਦਿਆਂ ਦਲਿਤ ਵਰਗ ਦੀ ਅੰਤਰ-ਆਤਮਾ ਨੂੰ ਝੰਜੋੜਦਿਆਂ ਆਖਦੇ ਸਨ, ‘‘ਓ ਮੇਰੇ ਸਮਾਜ ਦੇ ਲੋਕੋ ਆਪਣੀ ਵੋਟ ਦੀ ਤਾਕਤ ਪਛਾਣੋ। ਮਹਿਜ ਸ਼ਰਾਬ ਦੀ ਬੋਤਲ, ਧਨਾਢਾਂ ਦੇ ਖੇਤਾਂ ਵਿਚ ਪੱਠਿਆਂ ਦੀ ਪੰਡ ਦੇ ਬਦਲੇ ਇਸ ਨੂੰ ਨਾ ਵੇਚੋ।’’ ਅਜਿਹੇ ਸ਼ਬਦ ਬਾਣਾਂ ਅਤੇ ਤਕਰੀਰਾਂ ਨੇ ਸਿਆਸੀ ਚੇਤਨਾ ਪੱਖੋਂ ਕੁੰਭਕਰਨੀ ਨੀਂਦ ਸੁੱਤੇ ਦਲਿਤ ਵਰਗ ਵਿਚ ਸਿਆਸੀ ਜਾਗਰੂਕਤਾ ਲਿਆਂਦੀ।
ਉਨ੍ਹਾਂ ਨੇ ਦਲਿਤ ਸਮਾਜ ਦੀ ‘ਦਿੱਲੀ ਤੋਂ ਦੂਰੀ’ ਦੇ ਮੂਲ ਦੋਸ਼ੀਆਂ, ਨਿਮਨ ਵਰਗ ਦੇ ਵਿਰੋਧੀਆਂ ਅਤੇ ਮਾਨਸਿਕ ਗ਼ੁਲਾਮਾਂ ਵਜੋਂ ਵਿਚਰਨ ਵਾਲੇ ਸਿਆਸੀ ਲੋਕਾਂ ਬਾਰੇ ਆਪਣੀ ਪੁਸਤਕ ‘ਚਮਚਾ ਯੁੱਗ’ ਵਿਚ ਬਾਖ਼ੂਬੀ ਬਿਆਨ ਕੀਤਾ ਹੈ। ਸ਼੍ਰੀ ਕਾਸ਼ੀ ਰਾਮ ਹੋਰੀਂ ਅਜਿਹੇ ਰਾਜਨੀਤਿਕ ਪ੍ਰਤੀਨਿਧੀਆਂ ਜਾਂ ਲੋਕਾਂ ਨੂੰ ‘ਚਮਚੇ’ ਕਹਿਣ ਤੋਂ ਗੁਰੇਜ਼ ਨਹੀਂ ਕਰਦੇ ਸਨ। ਦਲਿਤ ਲੋਕਾਂ ਪ੍ਰਤੀ ਅਜਿਹੇ ਲੋਕਾਂ ਦੀ ਪਹੁੰਚ ਦੀ ਭਵਿੱਖਬਾਣੀ ਕਰਦਿਆਂ ਉਨ੍ਹਾਂ ਨੇ ਇਕ ਸਮਾਗਮ ਵਿਚ ਕਿਹਾ ਸੀ ਕਿ ‘‘ਜਦੋਂ ਵੀ ਦਲਿਤ ਸਮਾਜ ਵਿਚ ਸਰਬਪੱਖੀ ਚੇਤਨਾ ਪੈਦਾ ਕਰਨ ਵਾਸਤੇ ਅੰਦੋਲਨ ਖੜ੍ਹੇ ਹੋਣਗੇ ਤਾਂ ਅਜਿਹੇ ਸਿਆਸੀ ਰਸੂਖ਼ ਵਾਲੇ ਦਲਿਤ ਸਮਾਜ ਦੇ ਪ੍ਰਤੀਨਿਧੀਆਂ ਦੀ ਕਦਰ ਵਧੇਗੀ ਕਿਉਂ ਜੋ ਕਿਸੇ ਵੀ ਸੰਘਰਸ਼ ਨੂੰ ਤਾਰੋਪੀਡੋ ਕਰਨ ਵਾਸਤੇ ‘ਚਮਚੇ’ ਸਿਆਸੀ ਵਿਰੋਧੀਆਂ ਦਾ ਤਕੜਾ ਹਥਿਆਰ ਹੁੰਦੇ ਹਨ।’’
ਆਰਥਿਕ ਪੱਖੋਂ ਕਮਜ਼ੋਰ ਪਾਰਟੀ ਹੋਣ ਕਾਰਨ ਉਨ੍ਹਾਂ ਨੇ ਲੋਕਾਂ ਤੱਕ ਸਾਈਕਲ ਯਾਤਰਾਵਾਂ ਰਾਹੀਂ ਪਹੁੰਚ ਬਣਾਈ। ਦਲਿਤ ਸਮਾਜ ਦੀ ਪੀੜ, ਦਰਦ, ਵੇਦਨਾ ਅਤੇ ਚੀਸ ਨੂੰ ਭਾਂਪਣ ਵਾਲੇ ਮਿਸ਼ਨਰੀ ਲੋਕਾਂ ਨੇ ਦੇਸ਼ ਵਿਦੇਸ਼ ਤੋਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜਿਆ ਅਤੇ ਇਹ ਕਾਰਵਾਂ ਵੱਡਾ ਹੋਰ ਵੱਡਾ ਹੁੰਦਾ ਗਿਆ। ਇਸ ਦੀ ਬਦੌਲਤ ਸ਼੍ਰੀ ਕਾਸ਼ੀ ਰਾਮ ਦੀ ਸਿਆਸੀ ਤਾਜਪੋਸ਼ੀ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਤੋਂ ਹੋਈ ਅਤੇ ਸਿਆਸੀ ਗਲਿਆਰਿਆਂ ਵਿੱਚ ‘ਭੈਣ ਜੀ’ ਦੇ ਨਾਮ ਨਾਲ ਸਤਿਕਾਰੀ ਜਾਂਦੀ ਕੁਮਾਰੀ ਮਾਇਆਵਤੀ ਨੂੰ ਉਨ੍ਹਾਂ ਨੇ ਜਿਉਂਦੇ ਜੀਅ ਆਪਣੀ ਉੱਤਰਾਧਿਕਾਰੀ ਬਣਾਇਆ।
ਸ਼੍ਰੀ ਕਾਸ਼ੀ ਰਾਮ ਨੇ 9 ਅਕਤੂਬਰ 2006 ਨੂੰ ਨਵੀਂ ਦਿੱਲੀ ਵਿਖੇ ਅੰਤਿਮ ਸਾਹ ਲਏ। ਵਿਸ਼ਵ ਭਰ ਵਿਚ ਉਨ੍ਹਾਂ ਦੇ ਪੈਰੋਕਾਰਾਂ ਵੱਲੋਂ ਇਸ ਦਿਨ ਨੂੰ ਉਨ੍ਹਾਂ ਦੇ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਂਦਿਆਂ ਉਨ੍ਹਾਂ ਦੇ ਪਦ ਚਿੰਨ੍ਹਾਂ ’ਤੇ ਚੱਲਣ ਦਾ ਪ੍ਰਣ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇੱਕ ਯੋਗ ਲੀਡਰ, ਸਿਆਸੀ ਰਾਹਦਸੇਰੇ ਅਤੇ ਸਮਾਜ ਸੁਧਾਰਕ ਵਜੋਂ ਵਿਚਰਦਿਆਂ ਦਲਿਤਾਂ, ਨਿਮਨ ਵਰਗਾਂ ਅਤੇ ਪੱਛੜੇ ਲੋਕਾਂ ਨੂੰ ਲਾਮਬੰਦ ਕਰਨ ਦੀਆਂ ਅਣਥੱਕ ਤੇ ਲਾਮਿਸਾਲ ਕੋਸ਼ਿਸ਼ਾਂ ਕੀਤੀਆਂ। ਫਿਰ ਵੀ ਮੌਜੂਦਾ ਸਮਿਆਂ ਦੌਰਾਨ ਪ੍ਰੰਪਰਾਵਾਦੀ, ਅਮੀਰ ਅਤੇ ਲੰਮੇ ਸਮੇਂ ਤੋਂ ਸੱਤਾ ਦਾ ਸੁਖ ਭੋਗ ਰਹੀਆਂ ਪਾਰਟੀਆਂ ਦੀਆਂ ਡੂੰਘੀਆਂ ਸਿਆਸੀ ਚਾਲਾਂ ਰਾਹੀਂ ਭਾਰਤ ਦੇਸ਼ ਅੰਦਰ ਇਨ੍ਹਾਂ ਲੋਕਾਂ ’ਤੇ ਮਾਨਸਿਕ, ਸਮਾਜਿਕ, ਆਰਥਿਕ, ਧਾਰਮਿਕ ਤਸ਼ੱਦਦ ਬਾਦਸਤੂਰ ਜਾਰੀ ਹੈ।
ਸੰਪਰਕ: 94646-01001