ਅਵਤਾਰ ਸਿੰਘ ਸੰਧੂ
ਮੈਂ ਕਮਰੇ ਵਿਚ ਬੈਠਾ ਨਾਵਲ ਪੜ੍ਹ ਰਿਹਾ ਸੀ। ਅਚਾਨਕ ਮੋਬਾਈਲ ਦੀ ਘੰਟੀ ਵੱਜੀ। ਫੋਨ ਆਨ ਕੀਤਾ।
‘‘ਵੱਡੇ ਭਾਈ! ਸਤਿ ਸ੍ਰੀ ਅਕਾਲ। ਕਿਵੇਂ ਯਾਦ ਕੀਤਾ?’’ ਮੇਰੇ ਦੋਸਤ ਦੀ ਕਾਲ ਸੀ।
‘‘ਛੋਟੇ ਭਾਈ! ਅਗਲੇ ਹਫ਼ਤੇ ਮੇਰਾ ਅੱਸੀਵਾਂ ਜਨਮ ਦਿਨ ਹੈ। ਤੁਹਾਡੇ ਸ਼ਹਿਰ ਹੀ ਹੋਟਲ ਵਿਚ ਮਨਾਉਣਾ ਐ। ਟੈਮ ਕੱਢ ਕੇ ਸਮੇਂ ਸਿਰ ਪਹੁੰਚ ਜਾਵੀਂ। ਕਾਰਡ ਤੇਰੇ ਵਟਸਐਪ ਉੱਤੇ ਪਾ ਦਿੱਤਾ।’’ ਇਹ ਕਹਿ ਕੇ ਉਸ ਨੇ ਫੋਨ ਬੰਦ ਕਰ ਦਿੱਤਾ, ਸ਼ਾਇਦ ਕਾਹਲ ਵਿਚ ਸੀ। ਹੋਰ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਫੋਨ ਕਰਨੇ ਹੋਣਗੇ। ਮੈਨੂੰ ਉਸ ਦਾ ਫੋਨ ਸੋਚਾਂ ਵਿਚ ਪਾ ਗਿਆ। ਇਸ ਉਮਰ ਵਿਚ ਜਨਮ ਦਿਨ! ਕੋਈ ਨੌਜਵਾਨ ਮੁੰਡਾ ਹੋਵੇ ਤਾਂ ਜਨਮ ਦਿਨ ਮਨਾਵੇ, ਕੇਕ ਕੱਟੇ ਤੇ ਭੰਗੜੇ ਪਾਵੇ। ਇਸ ਉਮਰ ਵਿਚ ਮੇਰੇ ਮਿੱਤਰ ਨੂੰ ਕੀ ਝੱਲ ਪਿਆ। ਵੱਟਸਐਪ ਖੋਲ੍ਹਿਆ ਤਾਂ ਸ਼ਹਿਰ ਦੇ ਜਿਸ ਵੱਡੇ ਹੋਟਲ ਦਾ ਨਾਮ ਲਿਖਿਆ ਸੀ ਉੱਥੇ ਸੌ ਬੰਦਾ ਇਕੱਠਾ ਕਰ ਕੇ ਖਾਣ ਪੀਣ ਕਰਨਾ ਹੋਵੇ ਤਾਂ ਸਮਝੋ ਤਿੰਨ ਮਹੀਨੇ ਦੀ ਪੈਨਸ਼ਨ ਉੱਡ ਗਈ। ਮਨ ਬੜਾ ਕਾਹਲਾ ਪੈ ਰਿਹਾ ਸੀ। ਮੈਂ ਆਪਣੇ ਇਕ ਨਜ਼ਦੀਕੀ ਦੋਸਤ ਨੂੰ ਫੋਨ ਕੀਤਾ। ਉਸ ਨੇ ਜੋ ਜਾਣਕਾਰੀ ਦਿੱਤੀ ਤਾਂ ਤਸੱਲੀ ਹੋਈ। ਉਸ ਨੇ ਦੱਸਿਆ ਕਿ ਮੇਰੇ ਦੋਸਤ ਦੀਆਂ ਦੋਵੇਂ ਧੀਆਂ ਜੋ ਅਮਰੀਕਾ ਤੇ ਕੈਨੇਡਾ ਵਿਚ ਅਧਿਆਪਕ ਹਨ, ਆਪਣੇ ਡੈਡੀ ਦਾ ਅੱਸੀਵਾਂ ਜਨਮ ਦਿਨ ਮਨਾਉਣ ਲਈ ਪੰਜਾਬ ਆਈਆਂ ਹੋਈਆਂ ਨੇ। ਸਾਰਾ ਪ੍ਰਬੰਧ ਉਨ੍ਹਾਂ ਹੀ ਕਰਨਾ ਹੈ।
ਮਿੱਥੇ ਦਿਨ ਤੇ ਸਮੇਂ ਅਨੁਸਾਰ ਮੈਂ ਹੋਟਲ ਪਹੁੰਚ ਗਿਆ। ਕਾਰ ਪਾਰਕ ਕੀਤੀ। ਬਾਹਰ ਤਾਂ ਅੱਗ ਵਰ੍ਹ ਰਹੀ ਸੀ। ਦੌੜ ਕੇ ਹੋਟਲ ਦੀਆਂ ਪੌੜੀਆਂ ਚੜ੍ਹੀਆਂ। ਕਾਊਂਟਰ ’ਤੇ ਖੜ੍ਹੀ ਕੁੜੀ ਨੂੰ ਸਮਾਗਮ ਬਾਰੇ ਪੁੱਛਿਆ। ਉਹ ਮੇਰੇ ਅੱਗੇ ਅੱਗੇ ਤੁਰ ਪਈ, ਲਿਫਟ ਰਾਹੀਂ ਮੈਨੂੰ ਉਸ ਹਾਲ ਵਿਚ ਛੱਡ ਆਈ ਜਿੱਥੇ ਜਨਮ ਦਿਨ ਦਾ ਪ੍ਰੋਗਰਾਮ ਚੱਲ ਰਿਹਾ ਸੀ। ਸਾਰਾ ਹਾਲ ਰਿਸ਼ਤੇਦਾਰਾਂ ਤੇ ਮਿੱਤਰ ਪ੍ਰੇਮੀਆਂ ਨਾਲ ਭਰਿਆ ਹੋਇਆ ਸੀ। ਸਾਹਮਣੇ ਵੱਡੀ ਸਕਰੀਨ ਉਪਰ ਮੇਰੇ ਦੋਸਤ ਦੀ ਜਵਾਨੀ ਵੇਲੇ ਦੀ ਫੋਟੋ ਮੁਸਕਰਾ ਰਹੀ ਸੀ। ਪੂਰੇ ਹਾਲ ਨੂੰ ਸ਼ਿੰਗਾਰਿਆ ਹੋਇਆ ਸੀ। ਬੈਰੇ ਮਹਿਮਾਨਾਂ ਅੱਗੇ ਖਾਣ ਪੀਣ ਦਾ ਵਧੀਆ ਸਮਾਨ ਪਰੋਸ ਰਹੇ ਸਨ। ਮੈਂ ਵੀ ਆਪਣੇ ਪੁਰਾਣੇ ਦੋਸਤਾਂ ਨਾਲ ਸ਼ਾਮਿਲ ਹੋ ਗਿਆ ਤੇ ਕੁਰਸੀ ਉੱਤੇ ਜਾ ਬੈਠਾ। ਹਰ ਬੁਲਾਰਾ ਮੇਰੇ ਅਧਿਆਪਕ ਸਾਥੀ ਦੀਆਂ ਸਿਫ਼ਤਾਂ ਕਰ ਰਿਹਾ ਸੀ।
ਹੁਣ ਵਾਰੀ ਆਈ ਅਮਰੀਕਾ ਵਾਲੀ ਧੀ ਦੀ। ਉਹ ਬੋਲੀ, ‘‘ਅੱਜ ਡੈਡੀ ਦਾ ਅੱਸੀਵਾਂ ਜਨਮ ਦਿਨ ਮਨਾ ਕੇ ਅਸੀਂ ਬਹੁਤ ਖ਼ੁਸ਼ ਹਾਂ। ਸਾਡੇ ਧੰਨਭਾਗ ਸਾਨੂੰ ਇਹ ਦਿਨ ਦੇਖਣਾ ਨਸੀਬ ਹੋਇਆ। ਮਾਂ ਜਨਮ ਦਿੰਦੀ ਹੈ। ਬਾਪੂ ਬੱਚਿਆਂ ਨੂੰ ਪਾਲਦਾ ਹੈ। ਉਹ ਜੇਠ ਹਾੜ੍ਹ ਦੀਆਂ ਧੁੱਪਾਂ ਵੇਲੇ ਬੱਚਿਆਂ ਨੂੰ ਹੱਥੀਂ ਛਾਵਾਂ ਕਰਦਾ ਹੈ, ਪੋਹ ਮਾਘ ਦੀਆਂ ਠਰੀਆਂ ਰਾਤਾਂ ਵਿਚ ਉਹ ਅੱਧੀ ਰਾਤ ਨੂੰ ਉੱਠ ਕੇ ਬੱਚਿਆਂ ਦੇ ਕੰਬਲ ਤੇ ਰਜਾਈਆਂ ਠੀਕ ਕਰਦਾ ਹੈ। ਬਰਸਾਤਾਂ ਵਿਚ ਮੋਹ ਪਿਆਰ ਦੀ ਛੱਤਰੀ ਤਾਣ ਕੇ ਉਹ ਬੱਚਿਆਂ ਨੂੰ ਬਚਾਉਂਦਾ ਹੈ। ਲੋਕ ਧੀਆਂ ਨੂੰ ਬੋਝ ਸਮਝਦੇ ਹਨ ਪਰ ਸਾਡੇ ਡੈਡੀ ਨੇ ਸਾਨੂੰ ਖਿੜੇ ਮੱਥੇ ਅਪਣਾਇਆ। ਅਸੀਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਜਿੰਨਾ ਪੜ੍ਹਨਾ ਚਾਹਿਆ ਸਾਨੂੰ ਪੜ੍ਹਾਇਆ, ਪਹਿਨਣ ਲਈ ਜਿਸ ਕੱਪੜੇ ਦੀ ਮੰਗ ਕੀਤੀ ਉਹ ਪੂਰੀ ਹੋਈ, ਸਾਨੂੰ ਖਾਣ ਨੂੰ ਮਨ ਭਾਉਂਦਾ ਮਿਲਿਆ। ਇੱਥੇ ‘ਮਾਂ ਦਿਵਸ’ ਤਾਂ ਧੂਮਧਾਮ ਨਾਲ ਮਨਾਇਆ ਜਾਂਦਾ ਏ ਪਰ ਪਿਤਾ ਦਿਵਸ ਨਹੀਂ। ਪਿਤਾ ਵੀ ਬੱਚਿਆਂ ਲਈ ਖ਼ੂਨ ਪਸੀਨਾ ਇਕ ਕਰ ਦਿੰਦਾ ਹੈ। ਪਿਤਾ ਦਾ ਪੂਰਾ ਸਨਮਾਨ ਹੋਣਾ ਚਾਹੀਦਾ ਏ। ਰੱਬ ਕਰੇ! ਅਸੀਂ ਆਪਣੇ ਬਾਪੂ ਦਾ ਸੌਵਾਂ ਜਨਮ ਦਿਨ ਵੀ ਮਨਾਈਏ।’’ ਫਿਰ ਧੀ ਦੀ ਆਵਾਜ਼ ਭਾਰੀ ਹੋ ਗਈ।
ਦੋਸਤ ਦੀ ਧੀ ਦੇ ਵਿਚਾਰ ਸੁਣ ਕੇ ਕਈਆਂ ਦੀਆਂ ਅੱਖਾਂ ਨਮ ਹੋ ਗਈਆਂ। ਮੈਨੂੰ ਵੀ ਬੀਤੇ ਸਾਲ ਦੀ ਘਟਨਾ ਯਾਦ ਆ ਗਈ। ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦੇ ਲਾਲਚ ਕਾਰਨ ਮੇਰਾ ਕਰੋਨਾ ਵਿਗੜ ਗਿਆ। ਮੈਂ ਮੌਤ ਨਾਲ ਜੰਗ ਲੜ ਰਿਹਾ ਸੀ ਤਦ ਮੇਰੀਆਂ ਦੋਵੇਂ ਧੀਆਂ ਅੱਧੀ ਰਾਤ ਵੇਲੇ ਬੇਹੋਸ਼ੀ ਦੀ ਹਾਲਤ ਵਿਚ ਮੈਨੂੰ ਪੀ.ਜੀ.ਆਈ. ਲੈ ਗਈਆਂ। ਡਾਕਟਰਾਂ ਦੀ ਦੇਖਰੇਖ ਵਿਚ ਮੇਰੀ ਸੇਵਾ ਸੰਭਾਲ ਕੀਤੀ। ਜਦੋਂ ਤੱਕ ਮੈਂ ਤੰਦਰੁਸਤ ਨਹੀਂ ਹੋ ਗਿਆ, ਉਨ੍ਹਾਂ ਇਕ ਪਲ ਆਰਾਮ ਨਹੀਂ ਕੀਤਾ। ਧੀਆਂ ਔਖੇ ਵੇਲੇ ਮਾਪਿਆਂ ਨੂੰ ਸਾਂਭਦੀਆਂ ਹਨ। ਬਹੁਤੇ ਮੁੰਡੇ ਤਾਂ ਬੁੱਢੇ ਬਾਪੂ ਦਾ ਮੰਜਾ ਹਵੇਲੀ ਇਸ ਕਰਕੇ ਡਾਹ ਦਿੰਦੇ ਨੇ ਕਿ ਬੁੱਢਾ ਸਾਰੀ ਰਾਤ ਖੰਘਦਾ ਹੈ ਜਾਂ ਘਰ ਦੇ ਕਲੇਸ਼ ਦਾ ਬਹਾਨਾ ਕਰ ਕੇ ਬਾਪੂ ਨੂੰ ਬਿਰਧ ਆਸ਼ਰਮ ਛੱਡ ਆਉਂਦੇ ਹਨ। ਸਿਆਣੇ ਆਖਦੇ ਹਨ ਕਿ ਧੀਆਂ ਪੇਕੇ ਤੇ ਸਹੁਰੇ ਘਰ ਵਿਚ ਪੁਲ਼ ਵਾਂਗ ਹੁੰਦੀਆਂ ਹਨ। ਇਹ ਮੋਹ ਪਿਆਰ ਨਾਲ ਰਿਸ਼ਤਿਆਂ ਨੂੰ ਪੱਕਿਆਂ ਕਰਦੀਆਂ ਹਨ। ਜਿਹੜੀਆਂ ਧੀਆਂ ਆਪਣੇ ਮਾਪਿਆਂ ਦੀ ਸੇਵਾ ਸੰਭਾਲ ਕਰਦੀਆਂ ਉਹ ਸਹੁਰੇ ਪਰਿਵਾਰ ਨੂੰ ਵੀ ਹੱਥੀਂ ਛਾਵਾਂ ਕਰਦੀਆਂ ਹਨ। ਧੀ ਕਰਕੇ ਕਦੇ ਕੋਈ ਬਾਪੂ ਬਿਰਧ ਆਸ਼ਰਮ ਵਿਚ ਨਹੀਂ ਰੁਲ਼ਦਾ।
ਖ਼ੈਰ! ਮੈਂ ਸੋਚਾਂ ਵਿਚੋਂ ਬਾਹਰ ਆਇਆ ਤਾਂ ਵੱਡੀ ਸਕਰੀਨ ਉੱਤੇ ਮੇਰੇ ਦੋਸਤ ਦੇ ਜੀਵਨ ਦੀਆਂ ਵਿਸ਼ੇਸ਼ ਘਟਨਾਵਾਂ ਦੀ ਫਿਲਮ ਦਿਖਾਈ ਜਾ ਰਹੀ ਸੀ ਜੋ ਉਸ ਦੀਆਂ ਧੀਆਂ ਨੇ ਤਿਆਰ ਕੀਤੀ ਸੀ। ਹੁਣ ਵਾਰੀ ਆਈ ਕੇਕ ਕੱਟਣ ਦੀ। ਧੀਆਂ ਨੇ ਕੇਕ ਕੱਟ ਕੇ ਬਾਪੂ ਦਾ ਮੂੰਹ ਮਿੱਠਾ ਕਰਾਇਆ, ਲੰਮੀ ਉਮਰ ਦੀ ਦੁਆ ਕੀਤੀ। ਸਾਰਾ ਹਾਲ ਤਾੜੀਆਂ ਨਾਲ ਗੂੰਜ ਰਿਹਾ ਸੀ। ਅੱਜ ਧੀਆਂ ਨੇ ਬਾਪੂ ਦਾ ਅੱਸੀਵਾਂ ਜਨਮ ਦਿਨ ਮਨਾ ਕੇ ਸਮਾਜ ਨੂੰ ਨਵੀਂ ਸੇਧ ਦਿੱਤੀ, ਇਕ ਨਵੀਂ ਪਿਰਤ ਪਾਈ। ਰੱਬ ਕਰੇ! ਅਜਿਹੀਆਂ ਸੂਝਵਾਨ ਧੀਆਂ ਹਰ ਘਰ ਜੰਮਣ।
ਸੰਪਰਕ: 99151-82971