ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਖੇਤਾਂ ਦਾ ਉਹ ਜੁਝਾਰੂ ਪੁੱਤ ਸੀ ਜਿਸ ਨੇ ਦਸ ਸਾਲ ਪਹਿਲਾਂ ਜ਼ਮੀਨ ਬਚਾਓ ਮੋਰਚੇ ਵਿਚ ਮਿੱਟੀ ਨਾਲ ਮਿੱਟੀ ਹੋਣ ਵਾਲੇ ਗਰੀਬ ਕਿਸਾਨ ਦੀ ਕੁਰਕ ਹੁੰਦੀ ਜ਼ਮੀਨ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਸੀ। ਉਹ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਬੁਢਲਾਡਾ ਦਾ ਜੁਝਾਰੂ ਸਾਥੀ ਸੀ ਜਿਸ ਨੇ ਕਰਜ਼ਿਆਂ ਨਾਲ ਖੁੰਗਲ ਹੋਈ ਪੰਜਾਬ ਦੀ ਕਿਸਾਨੀ ਦੇ ਜ਼ਮੀਨ ਬਚਾਓ ਮੋਰਚੇ ਨੂੰ ਆਪਣੇ ਖੂਨ-ਪਸੀਨੇ ਨਾਲ ਸਿੰਜਿਆ। ਜ਼ਮੀਨ ਬਚਾਓ ਮੋਰਚੇ ਦਾ ਉਹ ਪਹਿਲਾ ਸ਼ਹੀਦ ਸੀ ਜਿਸ ਨੇ ਇੱਕ ਗਰੀਬ ਕਿਸਾਨ ਦੀ ਜ਼ਮੀਨ ਸ਼ਾਹੂਕਾਰ-ਗੁੰਡਾ ਗੱਠਜੋੜ ਦੇ ਜਕੜ-ਪੰਜੇ ਵਿਚ ਜਾਣ ਤੋਂ ਰੋਕਣ ਲਈ ਦਸ ਸਾਲ ਪਹਿਲਾਂ ਅੱਜ ਦੇ ਦਿਨ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋਕੇ ਵਿਚ ਜਾਨ ਕੁਰਬਾਨ ਕਰ ਦਿੱਤੀ ਸੀ।
11 ਅਕਤੂਬਰ 2010 ਵਾਲੇ ਦਿਨ ਬੁਢਲਾਡਾ ਮੰਡੀ ਦੇ ਦੋ ਸ਼ਾਹੂਕਾਰ ਅਤੇ ਇਨ੍ਹਾਂ ਦੇ ਜੋਟੀਦਾਰ ਲਾਮ-ਲਸ਼ਕਰ ਸਮੇਤ ਪਿੰਡ ਬੀਰੋਕੇ ਖੁਰਦ ਦੇ ਕਿਸਾਨ ਭੋਲਾ ਸਿੰਘ ਦੀ ਜ਼ਮੀਨ ਕੁਰਕ ਕਰਵਾ ਕੇ ਕਾਬਜ਼ ਹੋਣ ਪਹੁੰਚੇ ਸਨ। ਉਨ੍ਹਾਂ ਦੇ ਹੱਥ ਵਿਚ ਕੋਰਟ ਤੋਂ ਪ੍ਰਾਪਤ ਕੁਰਕੀ ਦਾ ਹੁਕਮ ਸੀ ਅਤੇ ਹੱਕ ਵਿਚ ਨਾਇਬ ਤਹਿਸੀਲਦਾਰ ਸੀ ਜਿਸ ਨੇ ਜ਼ਮੀਨ ਦੀ ਕੁਰਕੀ ਲਈ ਬੋਲੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਕੁਰਕੀ ਅਤੇ ਬੋਲੀ ਦਾ ਵਿਰੋਧ ਕਰਨ ਲਈ ਸਵੇਰ ਤੋਂ ਹੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਬਲਾਕ ਇਕਾਈ ਦੀ ਅਗਵਾਈ ਵਿਚ ਜੁਝਾਰੂ ਕਿਸਾਨਾਂ ਦਾ ਜਥਾ ਡੰਡੇ ਅਤੇ ਝੰਡੇ ਲੈ ਕੇ ਪਹੁੰਚਿਆ ਹੋਇਆ ਸੀ। ਇੱਕ ਵਾਰ ਤਾਂ ਪਟਵਾਰੀ ਅਤੇ ਕਾਨੂੰਨਗੋ ‘ਹਾਲਤ ਵਿਗੜਨ ਦੇ ਮੱਦੇਨਜ਼ਰ ਕੁਰਕੀ ਦੀ ਕਾਰਵਾਈ ਮੁਲਤਵੀ ਕਰਨ’ ਦੀ ਕਾਰਵਾਈ ਪਾ ਕੇ ਚਲੇ ਗਏ। ਜਥੇ ਦੇ ਬਹੁਤੇ ਕਿਸਾਨ ਵੀ ਵਾਪਸ ਪਰਤ ਗਏ ਅਤੇ ਬਾਕੀ ਚਾਹ-ਪਾਣੀ ਪੀ ਕੇ ਜਾਣ ਦੀ ਤਿਆਰੀ ਵਿਚ ਸਨ। ਇਸੇ ਦੌਰਾਨ ਨਾਇਬ ਤਹਿਸੀਲਦਾਰ ਦੇ ਪਿੰਡ ਦੀ ਧਰਮਸ਼ਾਲਾ ਵਿਚ ਪਹੁੰਚਣ ਦੀ ਖ਼ਬਰ ਮਿਲਣ ਤੇ ਪਿੰਡ ਵਿਚ ਮੌਜੂਦ ਬਾਕੀ ਕਿਸਾਨ ਜਥੇ ਨੇ ਕੁਰਕੀ ਖ਼ਿਲਾਫ਼ ਮੋਰਚਾ ਸੰਭਾਲ ਲਿਆ ਅਤੇ ਤਹਿਸੀਲਦਾਰ ਦਾ ਘਿਰਾਓ ਕਰ ਕੇ ਸ਼ਾਹੂਕਾਰਾਂ ਅਤੇ ਉਨ੍ਹਾਂ ਦੇ ਜੋਟੀਦਾਰਾਂ ਨੂੰ ਧਰਮਸ਼ਾਲਾ ਅੰਦਰ ਵੜਨ ਤੋਂ ਰੋਕ ਦਿੱਤਾ। ਜਦੋਂ ਸ਼ਾਹੂਕਾਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਹੈਂਕੜਬਾਜ਼ੀ ਦਿਖਾਉਣ ਅਤੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਹਿੱਕ ਠੋਕ ਕੇ ਖੜ੍ਹ ਗਏ। ਇਨ੍ਹਾਂ ਲੋਕਾਂ ਨੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਿੱਖੀ ਝੜਪ ਸ਼ੁਰੂ ਹੋ ਗਈ ਅਤੇ ਕਿਸਾਨਾਂ ਨੇ ਸ਼ਾਹੂਕਾਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮੂਹਰੇ ਲਾ ਲਿਆ। ਬੁਰੀ ਤਰ੍ਹਾਂ ਘਿਰੇ ਇਸ ਟੋਲੇ ਨੇ ਬਾਜ਼ੀ ਪੁੱਠੀ ਪੈਂਦੀ ਦੇਖ ਕੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਇੱਕ ਗੋਲੀ ਪ੍ਰਿਥੀ ਦੀ ਛਾਤੀ ਵਿਚ ਵੱਜੀ ਅਤੇ ਇੱਕ ਇੱਕ ਗੋਲੀ ਲਛਮਣ ਅਲੀਸ਼ੇਰ ਦੀ ਬਾਂਹ ਅਤੇ ਤਰਸੇਮ ਸਿੰਘ ਦੇ ਪੈਰ ਵਿਚ ਲੱਗੀ। ਪ੍ਰਿਥੀਪਾਲ ਚੱਕ ਅਲੀਸ਼ੇਰ ਭਾਵੇਂ ਕੁਰਬਾਨ ਹੋ ਗਿਆ ਪਰ ਜੰਗ ਦਾ ਮੈਦਾਨ ਬਣੀਆਂ ਪਿੰਡ ਦੀਆਂ ਗਲੀਆਂ ‘ਗਲ ਪੈ ਜਾਣ ਜੇ ਅੱਕੇ ਲੋਕ, ਬੰਬ ਬੰਦੂਕਾਂ ਸਕਣ ਨਾ ਰੋਕ’ ਦੇ ਨਾਅਰੇ ਨੂੰ ਸੱਚ ਸਾਬਤ ਹੁੰਦਾ ਦੇਖ ਰਹੀਆਂ ਸਨ।
ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਕੁਰਬਾਨੀ ਨੇ ਇਲਾਕੇ ਸਮੇਤ ਪੰਜਾਬ ਭਰ ਵਿਚ ਕਿਸਾਨਾਂ ਦਾ ਰੋਹ ਪ੍ਰਚੰਡ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਬਲਾਕ ਤੇ ਜ਼ਿਲ੍ਹਾ ਇਕਾਈ ਨੇ ਸੂਬਾ ਕਮੇਟੀ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਕੇਸ ਦੀ ਪੈਰਵਾਈ ਕੀਤੀ ਅਤੇ ਬੇਖੌਫ਼ ਹੋ ਕੇ ਗਵਾਹੀਆਂ ਦਿੱਤੀਆਂ, ਉਸ ਨੇ ਦੋਵਾਂ ਸ਼ਾਹੂਕਾਰਾਂ ਸਮੇਤ ਉਨ੍ਹਾਂ ਦੇ ਦੋਵੇਂ ਪੁੱਤਰਾਂ ਅਤੇ ਦੋ ਹੋਰ ਜਣਿਆਂ ਨੂੰ ਉਮਰਕੈਦ ਦੀਆਂ ਸਜ਼ਾ ਕਰਵਾ ਦਿੱਤੀ। ਕਿਸਾਨ ਲਹਿਰ ਵਿਚ ਇਹ ਸ਼ਾਇਦ ਪਹਿਲਾ ਮਿਸਾਲੀ ਕੇਸ ਹੈ ਜਿਸ ਵਿਚ ਜਥੇਬੰਦਕ ਤਾਕਤ ਅਤੇ ਕਾਨੂੰਨੀ ਪੈਰਵਾਈ ਦੇ ਜ਼ੋਰ ਸਾਰੇ ਮੁਲਜ਼ਮਾਂ ਨੂੰ ਸਜ਼ਾਵਾਂ ਦੇ ਭਾਗੀ ਬਣਾਇਆ ਗਿਆ ਅਤੇ ਆਪਣੇ ਸਾਰੇ ਆਗੂਆਂ ਨੂੰ ਇਸਤਗਾਸੇ ਵਿਚੋਂ ਬਰੀ ਕਰਵਾਇਆ ਗਿਆ। ਬੁਢਲਾਡਾ ਅਦਾਲਤ ਵਿਚ ਪੇਸ਼ੀ ਮੌਕੇ ਜਿਹੜੀ ਲੜਾਈ ਹੋਈ ਸੀ, ਉਸ ਕੇਸ ਵਿਚ ਫਤਿਆਬਾਦ ਸੈਸ਼ਨ ਕੋਰਟ ਵੱਲੋਂ ਜਥੇਬੰਦੀਆਂ ਦੇ 13 ਸਾਥੀਆਂ ਨੂੰ ਜਿਹੜੀ ਤਿੰਨ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਉਹ ਅਜੇ ਹਾਈਕੋਰਟ ਵਿਚ ਪੈਂਡਿੰਗ ਹੈ। ਇਨ੍ਹਾਂ ਵਿਚੋਂ ਅੱਠ ਸਾਥੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਪੰਜ ਸਾਥੀ ਪੰਜਾਬ ਕਿਸਾਨ ਯੂਨੀਅਨ ਦੇ ਹਨ।
ਪ੍ਰਿਥੀ ਕੋਈ ਸਾਧਾਰਨ ਕਿਸਾਨ ਵਰਕਰ ਨਹੀਂ ਸੀ, ਉਹ ਜਮਾਤੀ ਤੌਰ ਤੇ ਸੁਚੇਤ, ਸੁਲਝਿਆ ਕਿਸਾਨ ਕਾਰਕੁਨ ਸੀ। ਜਿੱਥੇ ਉਹ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦਾ ਇਲਾਕਾਈ ਆਗੂ ਸੀ, ਉੱਥੇ ਉਹ ਇਨਕਲਾਬੀ ਕੇਂਦਰ ਪੰਜਾਬ ਨਾਲ ਜੁੜਿਆ ਹੋਇਆ ਸੀ। ਉਹ ਅਜਿਹੀ ਸਮਾਜਿਕ ਤਬਦੀਲੀ ਦਾ ਚਾਹਵਾਨ ਸੀ ਜਿਹੜੀ ਭਗਤ-ਸਰਾਭੇ ਵਾਲੀ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਵਾਲੇ ਸਮਾਜ ਵੱਲ ਸੇਧਤ ਹੋਵੇ।
ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਦਸਵੀਂ ਬਰਸੀ ਮੌਕੇ ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਲੋਕ ਮਾਰੂ ਖੇਤੀ ਕਾਨੂੰਨਾਂ ਖਿਲਾਫ਼ ਸ਼ੁਰੂ ਕੀਤੀ ਜੱਦੋਜਹਿਦ, ਸਮੂਹ ਪੰਜਾਬੀਆਾਂਂ ਦੀ ਜਨਤਕ ਲਹਿਰ ਬਣ ਗਈ ਹੈ। ਇਹ ਪਹਲੀ ਵਾਰ ਹੈ ਜਦੋਂ ਪੰਜਾਬ ਦੇ ਕਿਸਾਨ-ਮਜ਼ਦੂਰ, ਆੜ੍ਹਤੀ-ਦੁਕਾਨਦਾਰ, ਲੇਖਕ-ਕਲਾਕਾਰ, ਬੁੱਢੇ ਤੇ ਨੌਜਵਾਨ ਲੋਕ-ਵਿਰੋਧੀ ਕੇਂਦਰ ਸਰਕਾਰ ਖਿਲਾਫ਼ ਸੰਘਰਸ਼ ਵਿਚ ਨਿੱਤਰੇ ਹਨ। ਇਹ ਪਹਿਲੀ ਵਾਰ ਹੈ ਜਦੋਂ ਅੰਬਾਨੀ-ਅਡਾਨੀ ਵਰਗੇ ਕਾਰਪੋਰੇਟ ਘਰਾਣੇ ਅਤੇ ਉਨ੍ਹਾਂ ਦੇ ਕਾਰੋਬਾਰੀ ਅਦਾਰੇ ਲੋਕ ਘੋਲ ਦਾ ਨਿਸ਼ਾਨਾ ਬਣੇ ਹਨ। ਜੇਕਰ ਇਸ ਜੱਦੋਜਹਿਦ ਦੀ ਅਗਵਾਈ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਹੱਥ ਰਹੀ ਅਤੇ ਇਨ੍ਹਾਂ ਦੇ ਆਗੂਆਂ ਵੱਲੋਂ ਵਿਸ਼ਾਲ ਹਿਰਦਿਆਂ ਨਾਲ ਲੜੀ ਗਈ ਤਾਂ ਇਹ ਜੱਦੋਜਹਿਦ ਪੰਜਾਬ ਦੀ ਧਰਤੀ ਤੇ ਇਤਿਹਾਸ ਸਿਰਜ ਸਕਦੀ ਹੈ। ਇਹ ਦੂਜੀ ਵਾਰ ਹੈ ਜਦੋਂ ਪ੍ਰਿਥੀਪਾਲ ਚੱਕ ਅਲੀਸ਼ੇਰ ਦੀ ਬਰਸੀ ਉਸ ਦੇ ਸੰਗਰਾਮੀ ਸਾਥੀਆਂ ਵੱਲੋਂ ਸੰਘਰਸ਼ ਦੇ ਮੈਦਾਨ ਵਿਚ ਹੀ ਮਨਾਈ ਜਾਵੇਗੀ। ਇਹੋ ਉਸ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸੰਪਰਕ: 94175-88616