ਤੇਲੂ ਰਾਮ ਕੁਹਾੜਾ
ਕਿਤਾਬਾਂ ਨਾਲ ਮੇਰਾ ਮੋਹ ਉਸ ਸਮੇਂ ਪਿਆ ਜਦੋਂ 1960 ਵਿਚ ਮੈਨੂੰ ਲੁਧਿਆਣਾ ਵਿਚ ਮਿਉਂਸਿਪਲ ਕਮੇਟੀ ਦੀ ਲਾਇਬ੍ਰੇਰੀ ਵਿਚ ਕੁਝ ਚਿਰ ਲਈ ਚਪੜਾਸੀ ਦੀ ਨੌਕਰੀ ਮਿਲੀ। ਸਮੇਂ ਨਾਲ ਕਿਤਾਬਾਂ ਪੜ੍ਹਨ ਦਾ ਮੇਰਾ ਮੋਹ ਲਿਖਣ ਵੱਲ ਮੋੜਾ ਕੱਟ ਗਿਆ; ਤੇ ਮੈਂ ਹੁਣ ਤੱਕ ਸੱਤ ਕਿਤਾਬਾਂ ਲਿਖੀਆਂ ਹਨ। 1986 ਵਿਚ ਪੰਜਾਬੀ ਫਿਲਮ ‘ਰਾਂਝਣ ਮੇਰਾ ਯਾਰ’ ਦੇ ਨਿਰਮਾਣ ਵਿਚ ਮੈਂ ਭਾਈਵਾਲ ਵੀ ਸੀ ਤੇ ਉਸ ਦਾ ਲੇਖਕ ਵੀ। ਉਸ ਫਿਲਮ ਦੇ ਨਿਰਮਾਣ ਸਮੇਂ ਹੰਢਾਏ ਅਨੁਭਵਾਂ ਨੂੰ ਮੈਂ ਕਿਤਾਬ ‘ਸ਼ਹਿਰ ਤੇ ਸਮੁੰਦਰ’ ਵਿਚ ਪਰਗਟ ਕੀਤਾ ਹੈ ਜਿਸ ਨੂੰ ਪਾਠਕਾਂ ਨੇ ਬਹੁਤ ਪਸੰਦ ਕੀਤਾ। ਫਿਲਮ ਨਿਰਮਾਣ ਅਤੇ ਫਿਲਮ ਨਗਰੀ ਮੁੰਬਈ ਬਾਰੇ ਪੰਜਾਬੀ ਵਿਚ ਇਹ ਪਹਿਲੀ ਕਿਤਾਬ ਸੀ।
ਮੁੱਢ ਤੋਂ ਮੇਰੀ ਲਿਖਣ ਪ੍ਰਕਿਰਿਆ ਭਾਵੇਂ ਧੀਮੀ ਰਹੀ ਹੈ ਪਰ ਲਗਾਤਾਰ ਜਾਰੀ ਰਹੀ ਹੈ। ਇਸੇ ਪ੍ਰਕਿਰਿਆ ਵਿਚੋਂ ਕਰੋਨਾ ਕਾਲ ਦੌਰਾਨ ਲਿਖੀ ਮੇਰੀ ਕਿਤਾਬ ‘ਜ਼ਿੰਦਗੀ ਦਾ ਮੇਲਾ’ (ਸਵੈ-ਜੀਵਨੀ ) 2021 ਵਿਚ ਪ੍ਰਕਾਸ਼ਤ ਹੋਈ। ਕਿਤਾਬ ਲਿਖਣ ਤੋਂ ਪਹਿਲਾਂ ਮੇਰੇ ਮਨ ਵਿਚ ਵਿਚਾਰ ਆਇਆ ਕਿ ਜ਼ਿੰਦਗੀ ਵਿਚ ਮੈਂ ਅਜਿਹਾ ਕੋਈ ਮਾਅਰਕਾ ਨਹੀਂ ਮਾਰਿਆ ਜਿਸ ਨੇ ਮੈਨੂੰ ਆਮ ਤੋਂ ਖਾਸ ਬਣਾਇਆ ਹੋਵੇ; ਫਿਰ ਇਹ ਖਿਆਲ ਆਇਆ ਕਿ ਜ਼ਿੰਦਗੀ ਵਿਚ ਜਿਹੜੀਆਂ ਦੁਸ਼ਵਾਰੀਆਂ ਨਾਲ ਮੈਂ ਦੋ ਚਾਰ ਹੁੰਦਾ ਰਿਹਾ ਹਾਂ, ਉਨ੍ਹਾਂ ਬਾਰੇ ਆਪਣੇ ਅਨੁਭਵ ਪਾਠਕਾਂ ਨਾਲ ਸਾਂਝੇ ਕਰਨੇ ਜ਼ਰੂਰੀ ਹਨ ਅਤੇ ਪੌਣੀ ਸਦੀ ਦੇ ਆਪਣੇ ਜੀਵਨ ਕਾਲ ਦੌਰਾਨ ਪੰਜਾਬ ਦੇ ਹਰ ਖੇਤਰ ਵਿਚ ਜੋ ਤਬਦੀਲੀਆਂ ਆਈਆਂ ਹਨ, ਉਨ੍ਹਾਂ ਨੂੰ ਕਿਤਾਬ ਦੇ ਰੂਪ ਵਿਚ ਸੰਭਾਲਿਆ ਜਾਵੇ।
ਕਿਤਾਬ ਛਪ ਕੇ ਆ ਗਈ। ਕਿਸੇ ਕਾਰਨ ਮੈਂ ਪ੍ਰਕਾਸ਼ਕ ਤੋਂ ਕਿਤਾਬ ਲੈਣ ਨਾ ਜਾ ਸਕਿਆ। ਸਾਡੇ ਪਿੰਡ ਦੇ ਅਮਰਜੀਤ ਸਿੰਘ ਸੇਖੋਂ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਉਹ ਜਦੋਂ ਲਾਹੌਰ ਬੁਕ ਸ਼ਾਪ ਲੁਧਿਆਣਾ ਤੋਂ ਕਿਤਾਬਾਂ ਖਰੀਦਣ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਪਿੰਡ ਦੇ ਤੇਲੂ ਰਾਮ ਦੀ ਕਿਤਾਬ ਛਪ ਕੇ ਆਈ ਹੈ। ਉਨ੍ਹਾਂ ਦੇ ਦੱਸਣ ’ਤੇ ਅਮਰਜੀਤ ਸਿੰਘ ਸੇਖੋਂ ਨੇ ਮੇਰੀ ਕਿਤਾਬ ‘ਜ਼ਿੰਦਗੀ ਦਾ ਮੇਲਾ’ ਖਰੀਦ ਲਈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਮੇਰੇ ਪਿੰਡ ਦੇ ਬੰਦੇ ਨੇ ਹੀ ਮੇਰੀ ਸਵੈ-ਜੀਵਨੀ ਦੀ ਪਹਿਲੀ ਕਾਪੀ ਖਰੀਦੀ ਹੈ। ਇਸ ਤਰ੍ਹਾਂ ਜ਼ਿੰਦਗੀ ਦਾ ਮੇਲਾ ਮਾਨਣ ਦਾ ਸਿਲਸਿਲਾ ਮੇਰੇ ਪਿੰਡ ਤੋਂ ਹੀ ਸ਼ੁਰੂ ਹੋਇਆ। ਇਹ ਕਿਤਾਬ ਮੇਰੇ ਤਾਇਆ ਜੀ ਦੇ ਮੁੰਡੇ ਗੁਰਮੁਖ ਸਿੰਘ ਤੋਂ ਅੱਗੇ ਕੁਝ ਹੋਰ ਬੰਦੇ ਪੜ੍ਹਨ ਲਈ ਲੈ ਗਏ ਤੇ ਕੁਝ ਹੋਰ ਬੰਦਿਆਂ ਨੇ ਵੀ ਕਿਤਾਬ ਮੁੱਲ ਲੈ ਕੇ ਪੜ੍ਹੀ। ਪਿੰਡ ਦੇ ਸਰਪੰਚ ਸਤਵੰਤ ਸਿੰਘ ਗਰਚਾ ਨੇ ਪੱਚੀ ਕਿਤਾਬਾਂ ਲਿਆ ਕੇ ਆਪਣੇ ਘਰ ਰੱਖ ਲਈਆਂ। ਪਿੰਡ ਦੇ ਕਈ ਬੰਦੇ ਉਥੋਂ ਕਿਤਾਬ ਲੈ ਜਾਂਦੇ, ਪੜ੍ਹ ਕੇ ਫਿਰ ਉਥੇ ਰੱਖ ਜਾਂਦੇ ਹਨ।
ਪਿੰਡ ਦੇ ਤਹਿਸੀਲਦਾਰ ਅਜਾਇਬ ਸਿੰਘ ਗਰਚਾ ਤੇ ਮਾਤਾ ਰਣਜੀਤ ਕੌਰ ਗਰਚਾ ਯਾਦਗਾਰੀ ਟਰੱਸਟ ਨੇ ਸਾਲਾਨਾ ਇਨਾਮ ਵੰਡ ਸਮਾਗਮ ਵਿਚ ਵਿਦਿਆਰਥੀਆਂ ਨੂੰ ਇਹ ਕਿਤਾਬ ਇਨਾਮ ਵਿਚ ਦਿੱਤੀ। ਉੱਘੇ ਕਹਾਣੀਕਾਰ ਬਲਵਿੰਦਰ ਗਰੇਵਾਲ ਨੂੰ ਭੇਟ ਕੀਤੀ ਆਪਣੀ ਕਿਤਾਬ ‘ਜ਼ਿੰਦਗੀ ਦਾ ਮੇਲਾ’ ਬਾਬਤ ਜਦੋਂ ਮੈਂ ਉਨ੍ਹਾਂ ਨੂੰ ਪੁਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ, “ਇਸ ਕਿਤਾਬ ਨੂੰ ਮੇਰਾ ਪਿੰਡ ਬੂਥਗੜ੍ਹ ਪੜ੍ਹ ਰਿਹੈ।” ਮੈਂ ਪੁੱਛਿਆ “ਉਹ ਕਿਵੇਂ?” ਉਨ੍ਹਾਂ ਦਾ ਉਤਰ ਸੀ, “ਕਿਤਾਬ ਇਕ ਦੁਕਾਨ ਵਿਚ ਰੱਖੀ ਹੋਈ ਹੈ, ਉਥੋਂ ਕੋਈ ਨਾ ਕੋਈ ਬੰਦਾ ਪੜ੍ਹਨ ਲਈ ਲੈ ਜਾਂਦਾ ਹੈ ਤੇ ਪੜ੍ਹ ਕੇ ਉੱਥੇ ਰੱਖ ਜਾਂਦਾ ਹੈ, ਫਿਰ ਕੋਈ ਹੋਰ ਲੈ ਜਾਂਦਾ ਹੈ। ਮੇਰੇ ਪਿੰਡ ਦੇ ਲੋਕ ਬਹੁਤ ਸਾਰੀਆਂ ਕਿਤਾਬਾਂ ਈਕੁਣ ਹੀ ਪੜ੍ਹਦੇ।”
ਜਦੋਂ ਕਿਤਾਬ ਪਿੰਡ ਦੇ ਸਾਬਕਾ ਸਰਪੰਚ ਸੁਖਮਿੰਦਰ ਸਿੰਘ ਬਬਲੀ ਬਾਬਾ ਕੋਲ ਪੁੱਜੀ ਤਾਂ ਉਨ੍ਹਾਂ ਨੇ ਕਿਤਾਬ ਸੱਥ ਵਿਚ ਪੜ੍ਹਨੀ ਸ਼ੁਰੂ ਕਰ ਦਿੱਤੀ। ਉਹ ਕਿਤਾਬ ਦੇ ਇਕ ਜਾਂ ਦੋ ਭਾਗ ਰੋਜ਼ ਪੜ੍ਹਦੇ ਅਤੇ ਉਨ੍ਹਾਂ ਦੁਆਲੇ ਬੈਠੇ ਪਿੰਡ ਦੇ ਨੌਜੁਆਨਾਂ ਵਲੋਂ ਪੁੱਛੇ ਕਈ ਸ਼ਬਦਾਂ ਬਾਰੇ ਸਮਝਾਉਂਦੇ ਅਤੇ ਪਿੰਡ ਦੇ ਫ਼ੌਤ ਹੋਏ ਕਈ ਬੰਦਿਆਂ ਬਾਰੇ ਵੀ ਦੱਸਦੇ ਕਿ ਫਲਾਣਾ ਫਲਾਣੇ ਦਾ ਦਾਦਾ ਜਾਂ ਪੜਦਾਦਾ ਹੁੰਦਾ ਸੀ। ਨਿਰਪਾਲ ਸਿੰਘ ਗਰਚਾ ਪ੍ਰਧਾਨ ਵੀ ਆਪਣੇ ਕੋਲ ਬੈਠੇ ਲੋਕਾਂ ਨੂੰ ਕਿਤਾਬ ਪੜ੍ਹ ਕੇ ਸਣਾਉਂਦੇ। ਉਹ ਪੁਰਾਣੇ ਸ਼ਬਦਾਂ ਅਤੇ ਖੇਤੀਬਾੜੀ ਦੇ ਲੋਪ ਹੋਏ ਪੁਰਾਣੇ ਸੰਦਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੰਦੇ। ਮੇਰੇ ਪਿੰਡ ਵਿਚ ਕਿਤਾਬ ‘ਜ਼ਿੰਦਗੀ ਦਾ ਮੇਲਾ’ ਇਉਂ ਸੁਣੀ ਜਾਣ ਲੱਗੀ ਜਿਵੇਂ ਅਸੀਂ ਛੋਟੇ ਹੁੰਦੇ ਬਾਬਾ ਅਤਰ ਸਿੰਘ ਅਤੇ ਤਾਏ ਜੋਗਿੰਦਰ ਸਿੰਘ ਤੋਂ ਰੂਪ ਬਸੰਤ, ਪੂਰਨ ਭਗਤ ਅਤੇ ਜਾਨੀ ਚੋਰ ਦੇ ਕਿੱਸੇ ਸੁਣਦੇ ਹੁੰਦੇ ਸੀ। ਮੈਨੂੰ ਖੁਸ਼ੀ ਹੈ ਕਿ ਲੋਕ ਮੇਰੀ ਕਿਤਾਬ ਸੱਥਾਂ ਵਿਚ ਬੈਠ ਕੇ ਦਿਲਚਸਪੀ ਨਾਲ ਸੁਣਦੇ ਹਨ।
ਸਾਡੇ ਗੁਆਂਢੀ ਚਾਚਾ ਮੱਲ ਸਿੰਘ ਭੁੱਲਰ ਅਤੇ ਚਾਚੀ ਹਰਦੇਵ ਕੌਰ ਭੁੱਲਰ ਕੈਨੇਡਾ ਜਾਣ ਲੱਗੇ ‘ਜ਼ਿੰਦਗੀ ਦਾ ਮੇਲਾ’ ਨਾਲ ਲੈ ਗਏ ਤਾਂ ਕਿ ਉਥੇ ਰਹਿੰਦੇ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਪਰ ਉਥੇ ਪੁੱਜ ਕੇ ਉਨ੍ਹਾਂ ਫੋਨ ਕੀਤਾ, “ਤੇਲੂ ਰਾਮ, ਤੇਰੀ ਕਿਤਾਬ ਤਾਂ ਹਵਾਈ ਯਾਤਰਾ ਦੌਰਾਨ ਚੋਰੀ ਹੋ ਗਈ।” ਮੈਂ ਕਿਹਾ, “ਮੈਂ ਹੋਰ ਭੇਜ ਦਿੰਦਾ ਹਾਂ” ਪਰ ਉਨ੍ਹਾਂ ਦਾ ਉਤਰ ਸੀ, “ਅਸੀਂ ਛੇਤੀ ਆ ਜਾਣਾ ਵਾਪਸ, ਫਿਰ ਲੈ ਲਵਾਂਗੇ।”
ਉਰਦੂ ਸ਼ਾਇਰ ਜਨਾਬ ਸਫਦਰ ਹਾਸ਼ਮੀ ਲਿਖਦੇ ਹਨ:
ਕਿਤਾਬੇਂ ਕਰਤੀ ਹੈਂ ਬਾਤੇਂ ਬੀਤੇ ਜਮਾਨੋਂ ਕੀ,
ਦੁਨੀਆ ਕੀ, ਇਨਸਾਨੋਂ ਕੀ।
ਆਜ ਕੀ ਕਲ੍ਹ ਕੀ, ਏਕ ਏਕ ਪਲ ਕੀ।
ਖੁਸ਼ੀਓਂ ਕੀ ਗ਼ਮੋਂ ਕੀ, ਫੂਲੋਂ ਕੀ ਬਮੋਂ ਕੀ।
ਜੀਤ ਕੀ ਹਾਰ ਕੀ, ਪਿਆਰ ਕੀ ਮਾਰ ਕੀ।
ਕਿਆ ਤੁਮ ਨਹੀਂ ਸੁਨੋਗੇ, ਕਿਤਾਬੋਂ ਕੀ ਬਾਤੇਂ?
ਕਿਤਾਬੇਂ ਕੁਛ ਕਹਿਨਾ ਚਾਹਤੀ ਹੈਂ,
ਤੁਮਾਹਰੇ ਪਾਸ ਰਹਿਨਾ ਚਾਹਤੇ ਹੈਂ।
ਸੰਪਰਕ: 94633-53760