ਅਮਰੀਕ ਹਮਰਾਜ਼
ਉਦੋਂ ਨੌਂ ਦਸ ਸਾਲ ਦਾ ਹੋਵਾਂਗਾ ਜਦੋਂ ਆਪਣੇ ਬਾਪ ਜਿਸ ਨੂੰ ਮੈਂ ਭਾਪਾ ਜੀ ਕਹਿੰਦਾ ਹੁੰਦਾ ਸਾਂ, ਦੇ ਮੂੰਹੋਂ ਪਹਿਲਵਾਨਾਂ ਦੀਆਂ ਤਰੀਫ਼ਾਂ ਸੁਣੀਆਂ ਸਨ। ਇਬਰਾਹੀਮਪੁਰੀਆ ਗੁਲਜ਼ਾਰਾ ਪਹਿਲਵਾਨ ਭਾਪੇ ਦਾ ਚੰਗਾ ਜੋਟੀਦਾਰ ਰਿਹਾ। ਉਸ ਦੀ ਚੜ੍ਹਦੀ ਜਵਾਨੀ ਦੀ ਕਹਾਣੀ ਸੁਣਾਉਂਦਿਆਂ ਉਹਨੇ ਦੱਸਣਾ: “ਇਕ ਵਾਰੀ ਗੁਲਜ਼ਾਰੇ ਦੀ ਮਾਂ ਨੇ ਦੋ ਕਿਲੋ ਦੇਸੀ ਘਿਓ ਆਪਣੀ ਕੁੜੀ ਨੂੰ ਦੇਣ ਲਈ ਉਹਦੇ ਸੁਹਰੇ ਘਰ ਭੇਜਿਆ। ਕੁੜੀ ਦਾ ਪਿੰਡ ਚਾਰ-ਪੰਜ ਮੀਲ ਦੂਰ ਸੀ। ਉਨ੍ਹੀਂ ਦਿਨੀਂ ਪੈਦਲ ਹੀ ਜਾਂਦੇ ਹੁੰਦੇ ਸਨ, ਜਾਂ ਕੋਈ ਸਰਦਾ ਪੁੱਜਦਾ ਬੰਦਾ ਘੋੜੀ ਜਾਂ ਸਾਈਕਲ ਤੇ ਜਾਂਦਾ। ਗੁਲਜ਼ਾਰਾ ਸਵੇਰੇ ਮੂੰਹ ਹਨੇਰੇ ਤੜਕਸਾਰ ਘਿਓ ਦਾ ਕੁੱਜਾ ਲੈ ਕੇ ਤੁਰ ਪਿਆ। ਕਹਿੰਦੇ, ਉਹ ਅਜੇ ਅੱਧ-ਵਾਟ ਹੀ ਗਿਆ ਸੀ ਕਿ ਉਸ ਨੂੰ ਦੋ ਬੰਦੇ ਹਨੇਰੇ ਵਿਚ ਆਉਂਦੇ ਦਿਸੇ। ਉਨ੍ਹਾਂ ਵੇਲਿਆਂ ਵਿਚ ਹਨੇਰ-ਸਵੇਰ ਲੁੱਟਾਂ-ਖੋਹਾਂ ਦਾ ਡਰ ਆਮ ਹੁੰਦਾ ਸੀ। ਗੁਲਜ਼ਾਰੇ ਨੇ ਸੋਚਿਆ, ਇਹ ਬੰਦੇ ਕਿਤੇ ਮੇਰਾ ਘਿਓ ਈ ਨਾ ਖੋਹ ਲੈਣ। ਘਿਓ ਖੋਹ ਹੋਣ ਤੋਂ ਡਰਦੇ ਨੇ ਉੱਥੇ ਹੀ ਖੜ੍ਹੇ-ਖਲੋਤੇ ਨੇ ਕੁੱਜਾ ਮੂੰਹ ਨੂੰ ਲਾ ਕੇ ਸਾਰਾ ਘਿਓ ਪੀ ਲਿਆ।…. ਇੱਦਾਂ ਦੇ ਹੁੰਦੇ ਸੀ ਉਹ ਭਲਵਾਨ! ਅੱਜ ਤਾਂ ਜੇ ਕੋਈ ਪਾਈਆ ਦੇਸੀ ਘਿਓ ਖਾ ਲਵੇ ਤਾਂ…।”
ਕਦੇ ਭਾਪੇ ਨੇ ਕਹਿਣਾ, “ਬਈ ਕਿੱਕਰ ਸਿੰਘ ਬੜਾ ਤਕੜਾ ਭਲਵਾਨ ਹੋਇਆ।” ਕਦੇ ਕਹਿਣਾ, “ਆਪਣੇ ਸ਼ਹਿਰ ਗੜ੍ਹਸ਼ੰਕਰ ਵਾਲੇ ਦੌਲੇ ਅਤੇ ਫ਼ਜਲੇ ਭਲਵਾਨ ਨੇ ਤਾਂ ਕਦੇ ਕਿਸੇ ਤੋਂ ਪਿੱਠ ਨਹੀਂ ਸੀ ਲਵਾਈ। ਜਦੋਂ ਜ਼ੋਰ ਕਰਦੇ ਸਨ ਤਾਂ ਮੀਲ ਤੱਕ ਤਾਂ ਉਨ੍ਹਾਂ ਦੇ ਹੌਂਕਣ ਦੀ ਆਵਾਜ਼ ਆਉਂਦੀ ਹੁੰਦੀ ਸੀ।” ਕਦੇ ਮਾਣ ਵਿਚ ਉਹਦੀ ਹਿੱਕ ਫੁੱਲ ਜਾਂਦੀ, “ਛਿੰਦਾ ਪੱਟੀ ਵਾਲ ਤਾਂ ਆਪਣਾ ਯਾਰ ਸੀ।” ਕਿਤੇ ਬਹੁਤ ਖੁਸ਼ ਹੋਏ ਨੇ ਦੱਸਣਾ, “ਦਾਰਾ ਸਿੰਘ ਨੇ ਹੁਸਿ਼ਆਰਪੁਰ ਵਿਚ ਕਿਸੇ ਵਿਦੇਸ਼ੀ ਭਲਵਾਨ ਨਾਲ ਤਿੰਨ ਦਿਨ ਕੁਸ਼ਤੀ ਲੜੀ ਸੀ। ਆਖਰੀ ਦਿਨ ਫਿਰ ਉਸ ਦਿਓ ਜਿਹੇ ਦੀ ਲੱਤ ਹੀ ਤੋੜ ਦਿੱਤੀ। ਕਿਆ ਕਹਿਣੇ ਦਾਰਾ ਸਿਓਂ ਦੇ।… ਦਾਰਾ ਸਿੰਘ ਜਦੋਂ ਗੜ੍ਹਸ਼ੰਕਰ ਚੋਂ ਲੰਘਦਾ ਸੀ ਤਾਂ ਮੋਤੇ ਦੀ ਦੁਕਾਨ ਤੋਂ ਰੱਜ ਕੇ ਮੀਟ ਖਾ ਕੇ ਜਾਂਦਾ ਹੁੰਦਾ ਸੀ।” ਭਾਪਾ ਅਨੇਕਾਂ ਪਹਿਲਵਾਨਾਂ ਦੀਆਂ ਕਹਾਣੀਆਂ ਮਸਾਲਾ ਲਾ ਲਾ ਕੇ ਸੁਣਾਉਂਦਾ ਕਦੇ ਨਾ ਥੱਕਦਾ। ਜਦੋਂ ਉਹ ਅਜਿਹੀਆਂ ਕਹਾਣੀਆਂ ਜੋਸ਼ ਨਾਲ ਸੁਣਾ ਰਿਹਾ ਹੁੰਦਾ ਤਾਂ ਮੈਨੂੰ ਆਪਣੇ ਪਿਓ ਦੇ ਪੱਟਾਂ ’ਤੇ ਖੁਣਵਾਈਆਂ ਮੋਰਨੀਆਂ ਇੰਝ ਜਾਪਦੀਆਂ ਜਿਵੇਂ ਉਹ ਵਰ੍ਹਿਆਂ ਤੋਂ ਆਪਣੀ ਮੜ੍ਹਕ ਅਤੇ ਸੁੰਦਰਤਾ ਭੁੱਲ ਕੇ ਉਦਾਸੀ ਕੱਟ ਰਹੀਆਂ ਹੋਣ।
ਪਿਛਲੇ ਵਕਤਾਂ ਵਿਚ ਨਾ ਤਾਂ ਬਹੁਤੇ ਮਨੋਰੰਜਨ ਦੇ ਸਾਧਨ ਸਨ, ਤੇ ਨਾ ਹੀ ਮਹਿੰਗੀਆਂ ਖੇਡਾਂ ਨਾਲ ਮੱਥਾ ਲਾਉਣ ਦੀ ਦਰਮਿਆਨੇ ਰਹਿਣੀ ਸਹਿਣੀ ਵਾਲੇ ਲੋਕਾਂ ਕੋਲ ਹਿੰਮਤ ਹੁੰਦੀ ਸੀ। ਗਰੀਬੀ ਦਾਵੇ ਵਾਲੀਆਂ ਖੇਡਾਂ ਨਾਲ ਕੰਮ ਸਾਰ ਲਿਆ ਜਾਂਦਾ ਸੀ। ਅਸਲ ਵਿਚ ਮੇਰੇ ਪਿਓ ਨੂੰ ਪਹਿਲਵਾਨੀ ਦਾ ਬਹੁਤ ਸ਼ੌਕ ਸੀ ਪਰ ਘਰ ਦੀ ਗਰੀਬੀ ਅਤੇ ਟੱਬਰ ਦੀਆਂ ਮਜਬੂਰੀਆਂ ਨੇ ਉਸ ਦੇ ਸ਼ੌਕ ਦੇ ਬੂਟੇ ਨੂੰ ਫ਼ਲ ਨਹੀਂ ਸੀ ਲੱਗਣ ਦਿੱਤਾ। ਤਿੰਨ-ਚਾਰ ਸਾਲ ਅਖਾੜਿਆਂ ਦੀ ਮਿੱਟੀ ਵਿਚ ਲਿੱਬੜ-ਤਿੱਬੜ ਕੇ ਉਹਨੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਅੱਗੇ ਗੋਡੇ ਟੇਕ ਦਿੱਤੇ। ਮੈਂ ਕਈ ਵਾਰ ਕਹਿਣਾ, “ਭਾਪਾ ਜੀ, ਐਨੇ ਪਹਿਲਵਾਨ ਤਾਂ ਜਾਣਦੇ ਸੀ ਤੁਹਾਨੂੰ, ਤੁਸੀਂ ਵੀ ਘੁਲਣਾ ਸਿੱਖ ਲੈਂਦੇ।” ਉਹਨੇ ਲੰਮਾ ਹੌਕਾ ਭਰਦਿਆਂ ਕਹਿਣਾ, “ਜੋ ਕੁਦਰਤ ਨੂੰ ਮਨਜ਼ੂਰ।” ਉਸ ਸਮੇਂ ਘੁਲ ਨਾ ਸਕਣ ਦੇ ਹੇਰਵੇ ਦਾ ਪਰਛਾਵਾਂ ਭਾਪੇ ਦੇ ਮੂੰਹ ਉੱਤੇ ਸਾਫ਼ ਝਲਕਦਾ ਅਤੇ ਉਹ ਬੜੇ ਮਾਸੂਮ ਜਿਹੇ ਲੱਗਦੇ। ਇਕ ਵਾਰ ਉਹ ਮੇਰਾ ਹੱਥ ਫੜ ਕੇ ਪਿਛਲੇ, ਹਨੇਰੇ ਜਿਹੇ ਕੋਠੜੇ ਵਿਚ ਲੈ ਗਏ, ਫਿਰ ਇਕ ਲੱਕੜ ਤੇ ਹੱਥ ਫੇਰ ਕੇ ਕਹਿੰਦੇ, “ਇਹਨੂੰ ਮੂੰਗਲ਼ੀ ਕਹਿੰਦੇ ਆ। ਜਵਾਨੀ ਵੇਲੇ ਬੜੀ ਮੂੰਗਲ਼ੀ ਫੇਰੀ। ਸਾਡੀ ਕਸਰਤ ਲਈ ਇਹੋ ਜਿਹਾ ਹੀ ਸਮਾਨ ਹੁੰਦਾ ਸੀ ਉਦੋਂ।”
ਬੁਢਾਪੇ ਦੀ ਛਤਰੀ ਹੇਠਾਂ ਬੈਠਾ ਇਨਸਾਨ ਜਦੋਂ ਕਦੀ ਹਾਰਿਆ ਮਹਿਸੂਸ ਕਰਦਾ ਹੈ ਤਾਂ ਉਸ ਦੇ ਮਨਪ੍ਰਚਾਵੇ ਦਾ ਬਹੁਤਾ ਦਾਰੋਮਦਾਰ ਨਿੱਕਲ ਚੁੱਕੀ ਜਿ਼ੰਦਗੀ ਦੀਆਂ ਹੱਡਬੀਤੀਆਂ ਜੱਗਬੀਤੀਆਂ ਦੀਆਂ ਕਥਾਵਾਂ ਹੀ ਹੁੰਦੀਆਂ ਹਨ। ਇਨ੍ਹਾਂ ਨੂੰ ਉਹ ਕਿਸੇ ਵੀ ਮਿਲਦੇ ਨੂੰ ਸੁਣਾ ਕੇ ਆਪਣੇ ਮਨ ਦਾ ਬੋਝ ਹਲਕਾ ਕਰ ਲੈਂਦਾ ਹੈ ਅਤੇ ਅਧੂਰੇ ਰਹਿ ਗਏ ਅਰਮਾਨਾਂ ਨੂੰ ਨਵਾਂ ਨਾਂ ਦੇ ਕੇ, ਮਾਨਸਿਕ ਸੰਤਾਪ ਖ਼ਾਰਿਜ ਕਰਨ ਦੀ ਕੋਸਿ਼ਸ਼ ਕਰਦਾ ਹੈ। ਪਹਿਲਵਾਨਾਂ ਦੀਆਂ ਗੱਲਾਂ ਕਰਦਿਆਂ ਭਾਪੇ ਨੂੰ ਜੋਸ਼ ਆ ਜਾਂਦਾ; ਜਿਵੇਂ ਕੋਈ ਪਹਿਲਵਾਨ ਨਹੀਂ ਸਗੋਂ ਭਾਪਾ ਖ਼ੁਦ ਕੁਸ਼ਤੀ ਲੜਦਾ ਦਾਅ ਮਾਰ ਰਿਹਾ ਹੋਵੇ! ਉਹਨੇ ਕਚੀਚੀ ਵੱਟ ਲੈਣੀ ਅਤੇ ਪੈਰਾ ਭਾਰ ਹੋ ਜਾਣਾ, “ਜਾਨ ਸੀ ਕਿਤੇ ਪੁਰਾਣੇ ਭਲਵਾਨਾਂ ਵਿਚ!… ਜਦੋਂ ਧੋਬੀ ਪਟਕਾ ਮਾਰਦੇ ਤਾਂ ਅਖਾੜਿਆਂ ਵਿਚ ਲਲਕਾਰੇ ਵੱਜਦੇ।” ਕਈ ਵਾਰ ਗੱਲ ਸੁਣਾ ਕੇ ਉਹਨੇ ਅੱਧ-ਕੱਜੇ ਪੱਟ ਚਾਦਰੇ ਦਾ ਲੜ ਜਿਹਾ ਖਿੱਚ ਕੇ ਢਕਣ ਦੀ ਕੋਸਿ਼ਸ਼ ਕਰਨੀ। ਮੈਨੂੰ ਮਹਿਸੂਸ ਹੋਣਾ ਕਿ ਭਾਪਾ ਢਿਲਕੇ ਮਾਸ ਨੂੰ ਦੇਖ ਕੇ ਲੰਘ ਗਈ ਜਵਾਨੀ ਉੱਤੇ ਝੂਰ ਰਿਹਾ ਹੈ।…
…ਬਾਪ ਨੂੰ ਸਿਵੇ ਦੀ ਮਿੱਟੀ ਨਾਲ ਮਿੱਟੀ ਹੋਇਆਂ ਤੀਹ ਸਾਲ ਬੀਤ ਗਏ; ਮੈਨੂੰ ਯਾਦ ਹੈ ਕਿ ਮੇਰੇ ਬਾਪ ਦੀ ਮੂੰਗਲੀ ਜਿਸ ਨੂੰ ਉਹ ਕਸਰਤ ਕਰਨ ਵਾਲਾ ਗਹਿਣਾ ਕਹਿੰਦਾ ਹੁੰਦਾ ਸੀ, ਉਹਦੇ ਜਿਊਂਦੇ ਜੀਅ ਹੀ ਚੁੱਲ੍ਹੇ ਦੀ ਭੇਟ ਚੜ੍ਹ ਗਈ ਸੀ।
ਸੰਪਰਕ: 94173-41848