ਪਾਵੇਲ ਕੁੱਸਾ
15 ਜੂਨ ਮੁਲਕ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਉੱਘੀ ਆਗੂ ਸ਼ਖ਼ਸੀਅਤ ਕਾਮਰੇਡ ਹਰਭਜਨ ਸੋਹੀ ਦੀ ਬਾਰ੍ਹਵੀਂ ਬਰਸੀ ਹੈ। ਉਹ ਅੱਜ ਦੇ ਦਿਨ ਲੋਕ ਲਹਿਰ ਦੇ ਕਾਫ਼ਲੇ ਵਿਚੋਂ ਸਦਾ ਲਈ ਵਿਛੜ ਗਏ ਸਨ। ਉਹ ਅੰਡਰ-ਗਰਾਊਂਡ ਜਿ਼ੰਦਗੀ ਵਿਚ ਸਨ ਅਤੇ ਉਨ੍ਹਾਂ ਦੀ ਦੇਹ ਉਨ੍ਹਾਂ ਦੇ ਸ਼ਹਿਰ ਬਠਿੰਡੇ ਲਿਆ ਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।
67 ਵਰ੍ਹਿਆਂ ਦੀ ਉਮਰ ’ਚ ਵਿਛੜੇ ਕਾਮਰੇਡ ਸੋਹੀ ਨੇ ਉਮਰ ਦੇ ਲਗਭਗ ਸਾਢੇ ਚਾਰ ਦਹਾਕੇ ਇਨਕਲਾਬੀ ਲਹਿਰ ਵਿਚ ਗੁਜ਼ਾਰੇ। ਉਹ ਸੱਠਵਿਆਂ ਦੀ ਇਨਕਲਾਬੀ ਨੌਜਵਾਨ ਲਹਿਰ ਦੀ ਪੈਦਾਵਾਰ ਸਨ ਜਦੋਂ ਸੰਸਾਰ ਭਰ ਅੰਦਰ ਕਿਰਤੀ ਲੋਕਾਂ ਦੀ ਮੁਕਤੀ ਦੇ ਘੋਲਾਂ ਵਿਚ ਨੌਜਵਾਨ ਮੂਹਰਲੀਆਂ ਸਫ਼ਾਂ ਵਿਚ ਜੂਝ ਰਹੇ ਸਨ ਤੇ ਵੱਖ ਵੱਖ ਮੁਲਕਾਂ ਦੀਆਂ ਕੌਮੀ ਮੁਕਤੀ ਲਹਿਰਾਂ ਨੂੰ ਨਵਾਂ ਹੁਲਾਰਾ ਦੇ ਰਹੇ ਸਨ। ਪਟਿਆਲੇ ਦੇ ਭੂਤਵਾੜੇ ਵਰਗੇ ਬੌਧਿਕ ਸਰਗਰਮੀਆਂ ਵਾਲੇ ਗਰੁੱਪਾਂ ਵਿਚ ਵਿਚਰਦੇ ਰਹੇ ਨੌਜਵਾਨ ਸੋਹੀ ਭਰ ਜਵਾਨੀ ਵਿਚ ਕਮਿਊਨਿਸਟ ਲਹਿਰ ਵੱਲ ਖਿੱਚੇ ਗਏ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਸਦਾ ਲਈ ਕਿਰਤੀ ਲੋਕਾਂ ਦੀ ਹੋਣੀ ਨਾਲ ਜੋੜ ਲਿਆ।
ਆਪਣੀ ਸਿਆਸੀ ਜਿ਼ੰਦਗੀ ਦੀ ਸ਼ੁਰੂਆਤ ਉਨ੍ਹਾਂ ਨੇ ਸੀਪੀਐੱਮ ਰਾਹੀਂ ਕੀਤੀ। ਫਿਰ ਸੱਠਵਿਆਂ ਦੇ ਅਖੀਰਲੇ ਸਾਲਾਂ ਵਿਚ ਫੁੱਟੀ ਨਕਸਲਵਾੜੀ ਬਗ਼ਾਵਤ ਨਾਲ ਮੁਲਕ ਦੇ ਸਿਆਸੀ ਦ੍ਰਿਸ਼ ਤੇ ਉੱਭਰੀ ਕਮਿਊਨਿਸਟ ਇਨਕਲਾਬੀ ਲਹਿਰ ਦਾ ਹਿੱਸਾ ਬਣ ਗਏ। ਕਾਮਰੇਡ ਸੋਹੀ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਮਜ਼ਬੂਤ ਸਿਧਾਂਤਕ ਪਕੜ ਨਾਲ ਲਹਿਰ ਵਿਚ ਸ਼ਾਮਿਲ ਹੋਏ ਸਨ। ਇਸੇ ਪਕੜ ਦੇ ਜ਼ੋਰ ’ਤੇ ਹੀ ਉਨ੍ਹਾਂ ਨੇ ਨਕਸਲਵਾੜੀ ਲਹਿਰ ਅੰਦਰ ਖੱਬੀ ਮਾਅਰਕੇਬਾਜ਼ੀ ਦੇ ਰੁਝਾਨ ਖਿ਼ਲਾਫ਼ ਵਿਚਾਰਧਾਰਕ ਸੰਘਰਸ਼ ਕੀਤਾ। ਮਾਰਕਸਵਾਦ, ਲੈਨਿਨਵਾਦ ਤੇ ਮਾਓ ਵਿਚਾਰਧਾਰਾ ’ਤੇ ਮਜ਼ਬੂਤ ਪਕੜ ਕਾਰਨ ਉਹ ਇਨਕਲਾਬੀ ਜਨਤਕ ਲੀਹ ਸਥਾਪਤ ਕਰਨ ਲਈ ਅਡੋਲਤਾ ਨਾਲ ਜੂਝੇ। ਉਨ੍ਹਾਂ ਦੀ ਅਗਵਾਈ ਵਾਲੀ ਇਸ ਲੀਹ ਤੇ ਚਲਦਿਆਂ ਸੂਬੇ ਦੀ ਨੌਜਵਾਨ ਵਿਦਿਆਰਥੀ ਲਹਿਰ ਨੇ ਸ਼ਾਨਦਾਰ ਪੇਸ਼ਕਦਮੀਆਂ ਕੀਤੀਆਂ। ਕਾਮਰੇਡ ਸੋਹੀ ਦੀ ਅਗਵਾਈ ਵਿਚ ਸਥਾਪਤ ਇਸ ਜਨਤਕ ਲੀਹ ਦਾ ਸਿੱਟਾ ਸੀ ਕਿ ਸੱਤਰਵਿਆਂ ਦੀ ਵਿਦਿਆਰਥੀ ਲਹਿਰ ਅੱਜ ਵੀ ਪੰਜਾਬ ਦੀ ਲੋਕ ਲਹਿਰ ਦੇ ਇਤਿਹਾਸ ਵਿਚ ਇਨਕਲਾਬੀ ਜਮਹੂਰੀ ਸੰਘਰਸ਼ਾਂ ਦਾ ਸ਼ਾਨਾਂਮੱਤਾ ਅਧਿਆਇ ਬਣ ਕੇ ਚਮਕ ਰਹੀ ਹੈ।
ਸੱਤਰਵਿਆਂ ਦੌਰਾਨ ਕਾਮਰੇਡ ਸੋਹੀ ਨੂੰ ਦੋ ਵਾਰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਪੁਲੀਸ ਤਸ਼ੱਦਦ ਦਾ ਸਿਦਕਦਿਲੀ ਨਾਲ ਸਾਹਮਣਾ ਕੀਤਾ। ਐਮਰਜੈਂਸੀ ਦੌਰਾਨ ਗ੍ਰਿਫਤਾਰੀ ਤੋਂ ਮਗਰੋਂ ਜੇਲ੍ਹ ਵਿਚੋਂ ਬਾਹਰ ਆਉਣ ਬਾਅਦ ਉਹ ਰੂਪੋਸ਼ ਹੋ ਗਏ ਤੇ ਅੰਤਿਮ ਸਾਹਾਂ ਤਕ ਇਸੇ ਤਰ੍ਹਾਂ ਵਿਚਰੇ। ਸੱਤਰਵਿਆਂ ਦੇ ਸ਼ੁਰੂ ਵਿਚ ਬਣੀ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ਦੇ ਆਗੂ ਤੋਂ ਲੈ ਕੇ ਉਹ ਵੱਖ ਵੱਖ ਮੌਕਿਆਂ ਤੇ ਬਣੀਆਂ ਕਮਿਊਨਿਸਟ ਇਨਕਲਾਬੀ ਜਥੇਬੰਦ ਬਣਤਰਾਂ ਦੇ ਆਗੂਆਂ ਵਿਚ ਸ਼ੁਮਾਰ ਰਹੇ। ਆਪਣੀ ਮੌਤ ਵੇਲੇ ਉਹ ਕਮਿਊਨਿਸਟ ਇਨਕਲਾਬੀ ਜਥੇਬੰਦੀ ਸੀਪੀਆਰਸੀਆਈ (ਐੱਮਐੱਲ) ਦੇ ਕੇਂਦਰੀ ਸਕੱਤਰ ਸਨ।
ਕਾਮਰੇਡ ਸੋਹੀ ਨੇ ਇਨਕਲਾਬੀ ਲਹਿਰ ਅੰਦਰ ਉੱਠੇ ਗਲਤ ਰੁਝਾਨਾਂ ਖਿ਼ਲਾਫ਼ ਖੜ੍ਹਨ ਦੀ ਦਲੇਰੀ ਦਿਖਾਈ। ਉਹ ਭਾਵੇਂ ਨਕਸਲਬਾੜੀ ਲਹਿਰ ਦੇ ਸ਼ੁਰੂਆਤੀ ਅਰਸੇ ਵਿਚ ਖੱਬੀ ਮਾਅਰਕੇਬਾਜ਼ੀ ਖਿ਼ਲਾਫ਼ ਸੰਘਰਸ਼ ਹੋਵੇ, ਭਾਵੇਂ ਉਸ ਤੋਂ ਮਗਰੋਂ ਜਨਤਾ ਪਾਰਟੀ ਦੀ ਜਿੱਤ ਨੂੰ ਜਮਹੂਰੀਅਤ ਦੀ ਜਿੱਤ ਕਰਾਰ ਦੇ ਰਹੀ ਸੱਜੀ ਥਿੜਕਣ ਖ਼ਿਲਾਫ਼ ਡਟਣ ਦਾ ਵੇਲਾ ਹੋਵੇ, ਜਾਂ ਸਮਾਜਵਾਦੀ ਚੀਨ ਦੇ ਪੂੰਜੀਵਾਦੀ ਰਾਹ ਪੈ ਜਾਣ ਵੇਲੇ ਉਸ ਦੀ ਲੀਡਰਸ਼ਿਪ ਖ਼ਿਲਾਫ਼ ਸੰਘਰਸ਼ ਦਾ ਮਸਲਾ ਹੋਵੇ, ਤੇ ਭਾਵੇਂ 90ਵਿਆਂ ਦੇ ਸ਼ੁਰੂ ਵਿਚ ਸੋਵੀਅਤ ਯੂਨੀਅਨ ਦੇ ਟੁੱਟ ਜਾਣ ਮਗਰੋਂ ਇੱਕ ਧਰੁਵੀ ਸੰਸਾਰ ਬਣ ਜਾਣ ਦੇ ਬੁਲੰਦ-ਬਾਂਗ ਦਾਅਵਿਆਂ ਨੂੰ ਸੰਸਾਰ ਹਾਲਤ ਦੇ ਠੋਸ ਵਿਸ਼ਲੇਸ਼ਣ ਦੇ ਆਧਾਰ ਤੇ ਵਕਤੀ ਵਰਤਾਰਾ ਕਰਾਰ ਦੇਣ ਦਾ ਮਸਲਾ ਹੋਵੇ; ਇਨ੍ਹਾਂ ਸਾਰੇ ਸਮਿਆਂ ਦੌਰਾਨ ਉਨ੍ਹਾਂ ਮੌਲਿਕ ਕਮਿਊਨਿਸਟ ਪ੍ਰਤਿਭਾ ਦੀ ਮਿਸਾਲ ਪੇਸ਼ ਕੀਤੀ। ਉਹ ਕਾਮਰੇਡ ਮਾਓ ਦੀ ਮੌਤ ਮਗਰੋਂ ਚੀਨੀ ਰਾਜ ਦੇ ਰੰਗ ਬਦਲ ਕੇ ਪੂੰਜੀਵਾਦੀ ਹੋ ਜਾਣ ਦੀ ਸ਼ਨਾਖ਼ਤ ਕਰਨ ਵਾਲੇ ਸੰਸਾਰ ਦੇ ਮੋਹਰੀ ਆਗੂਆਂ ਵਿਚ ਸ਼ੁਮਾਰ ਸਨ। ਇਉਂ ਉਹ ਮਾਓ ਵਿਚਾਰਧਾਰਾ ਦੇ ਸ਼ਾਨਦਾਰ ਰਖਵਾਲੇ ਵਜੋਂ ਉਭਰੇ। ਨਵ-ਉਦਾਰਵਾਦੀ ਨੀਤੀਆਂ ਦੇ ਹਮਲੇ, ਪਾਰਲੀਮਾਨੀ ਚੋਣ ਸਿਸਟਮ, ਕਸ਼ਮੀਰ ਮਸਲੇ, ਪੰਜਾਬ ਦੇ ਦਹਿਸ਼ਤੀ ਦੌਰ, ਫ਼ਿਰਕਾਪ੍ਰਸਤੀ ਅਤੇ ਹੋਰ ਕਈ ਅਹਿਮ ਕੌਮੀ ਕੌਮਾਂਤਰੀ ਮਸਲਿਆਂ ਬਾਰੇ ਉਨ੍ਹਾਂ ਦੀਆਂ ਸਿਧਾਂਤਕ ਲਿਖਤਾਂ ਅੱਜ ਵੀ ਇਨਕਲਾਬੀ ਲਹਿਰ ਦਾ ਰਸਤਾ ਰੁਸ਼ਨਾਉਂਦੀਆਂ ਹਨ।
ਕਾਮਰੇਡ ਸੋਹੀ ਕਮਿਊਨਿਸਟ ਆਗੂ ਦੇ ਨਾਲ ਨਾਲ ਸ਼ਾਨਦਾਰ ਕਵੀ ਵੀ ਸਨ। ਇਹ ਉਨ੍ਹਾਂ ਦੀ ਕਲਮ ਦੀ ਤਾਕਤ ਸੀ ਕਿ ਵਿਦਿਆਰਥੀ ਲਹਿਰ ਦੌਰਾਨ ਸ਼ਹੀਦ ਹੋਏ ਜਗਤਾਰ ਦੀ ਸ਼ਹਾਦਤ ਮੌਕੇ ਲਿਖੀ ਉਨ੍ਹਾਂ ਦੀ ਕਵਿਤਾ ‘ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ’ ਇਨਕਲਾਬੀ ਵਿਦਿਆਰਥੀ ਲਹਿਰ ਦਾ ਤਰਾਨਾ ਬਣ ਗਈ ਅਤੇ ਹੁਣ ਵੀ ਜੂਝਾਰੂ ਕਾਫ਼ਲਿਆਂ ਅੰਦਰ ਗੂੰਜਦੀ ਹੈ। ਉਨ੍ਹਾਂ ਕਾਮਰੇਡ ਮਾਓ ਜ਼ੇ ਤੁੰਗ ਦੀਆਂ ਕਵਿਤਾਵਾਂ ਦਾ ਪੰਜਾਬੀ ਵਿਚ ਸ਼ਾਨਦਾਰ ਅਨੁਵਾਦ ਵੀ ਕੀਤਾ। ਸੱਤਰਵਿਆਂ ਦੇ ਦਹਾਕੇ ਦੌਰਾਨ ਉਨ੍ਹਾਂ ਦੇ ਘੜੇ ਨਾਅਰੇ ਅੱਜ ਵੀ ਘੋਲਾਂ ਅੰਦਰ ਮਕਬੂਲ ਹਨ। ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਨਵੀਆਂ ਪਿਰਤਾਂ ਪਾਉਣ ਵਾਲੇ ਕਾਮਰੇਡ ਸੋਹੀ ਨੇ ਵਿਚਾਰਾਂ ਦੀ ਬਹਿਸ ਅੰਦਰ ਵਿਅਕਤੀਗਤ ਦੂਸ਼ਣਬਾਜ਼ੀ ਨੂੰ ਦਰਕਿਨਾਰ ਕਰਦਿਆਂ ਕਮਿਊਨਿਸਟ ਇਨਕਲਾਬੀ ਕੈਂਪ ਅੰਦਰ ਬਹਿਸ ਦੇ ਉੱਚੇ ਮਿਆਰ ਵੀ ਸਿਰਜੇ।
ਉਹ ਖਿੰਡਾਅ ਦਾ ਸ਼ਿਕਾਰ ਹੋਈ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਇੱਕਜੁੱਟ ਕਰਨ ਲਈ ਸਦਾ ਯਤਨਸ਼ੀਲ ਰਹੇ ਪਰ ਉਨ੍ਹਾਂ ਹਮੇਸ਼ਾਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੀ ਅਸੂਲੀ ਏਕਤਾ ’ਤੇ ਜ਼ੋਰ ਦਿੱਤਾ। ਆਪਣੀ ਮੌਤ ਤੋਂ ਕੁਝ ਅਰਸਾ ਪਹਿਲਾਂ ਲਿਖੇ ਦਸਤਾਵੇਜ਼ਾਂ ਵਿਚ ਉਨ੍ਹਾਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਨੂੰ ਇਕਜੁੱਟ ਪਾਰਟੀ ਅੰਦਰ ਜਥੇਬੰਦ ਕਰਨ ਦੇ ਕਾਰਜ ਨੂੰ ਮੌਜੂਦ ਅਰਸੇ ਦੇ ਕੇਂਦਰੀ ਕਾਰਜ ਦਾ ਸਥਾਨ ਦਿੱਤਾ ਅਤੇ ਇਨਕਲਾਬੀ ਸ਼ਕਤੀਆਂ ਨੂੰ ਆਪਣੇ ਸਾਰੇ ਯਤਨ ਇਸ ਪਾਸੇ ਵੱਲ ਸੇਧਤ ਕਰਨ ਦੀ ਦਿਸ਼ਾ ਦਿਖਾਈ।
ਉਨ੍ਹਾਂ ਦੇ ਅਚਾਨਕ, ਬੇਵਕਤ ਵਿਛੋੜੇ ਨਾਲ ਕਮਿਊਨਿਸਟ ਇਨਕਲਾਬੀ ਲਹਿਰ ਪ੍ਰਤਿਭਾਵਾਨ ਆਗੂ ਤੋਂ ਵਾਂਝੀ ਹੋ ਗਈ ਪਰ ਉਨ੍ਹਾਂ ਦੀ ਦੇਣ ਅੱਜ ਵੀ ਲੋਕ ਘੋਲਾਂ ਦਾ ਰਾਹ ਰੁਸ਼ਨਾ ਰਹੀ ਹੈ। ਕਾਮਰੇਡ ਮਾਓ ਦੇ ਦੇਹਾਂਤ ਮੌਕੇ ਉਨ੍ਹਾਂ ਨੇ ਕਵਿਤਾ ਰਾਹੀਂ ਮਾਓ ਦੀ ਗ਼ੈਰ ਮੌਜੂਦਗੀ ਵਿਚ ਕਾਫਲੇ ਦੇ ਤੁਰਦੇ ਰਹਿਣ ਦੀ ਨਿਹਚਾ ਨੂੰ ਇਉਂ ਪ੍ਰਗਟਾਇਆ ਸੀ: ‘ਸਾਥੀ ਮਲਾਹਾਂ ਦੀ ਹੇਕ ਤੇ ਚੱਪੂ ਤਾਂ ਚੱਲਦੇ ਰਹਿਣਗੇ…।’ ਕਾਮਰੇਡ ਸੋਹੀ ਦੇ ਜਾਣ ਮਗਰੋਂ ਵੀ ਉਸੇ ਨਿਹਚਾ ਨਾਲ ਉਨ੍ਹਾਂ ਦੀਆਂ ਪੈੜਾਂ ਤੇ ਚੱਲਦੇ ਕਾਫਲੇ ਅੱਗੇ ਵਧ ਰਹੇ ਹਨ।
ਸੰਪਰਕ: pavelnbs11@gmail.com