ਪ੍ਰੋ. ਪ੍ਰੀਤਮ ਸਿੰਘ
ਲੰਘੀ ਚਾਰ ਜੁਲਾਈ ਨੂੰ ਡਾ. ਦਰਸ਼ਨ ਸਿੰਘ ਤਤਲਾ ਦਾ ਬਰਮਿੰਘਮ ਵਿਚ ਦੇਹਾਂਤ ਹੋ ਗਿਆ। ਇਸ ਨਾਲ ਪੰਜਾਬ ਤੇ ਸਿੱਖ ਅਧਿਐਨ ਦੇ ਅਕਾਦਮਿਕ ਖੇਤਰ ਦਾ ਧਰੂ ਤਾਰਾ ਟੁੱਟ ਗਿਆ ਜਿਸ ਦੀ ਵਿਲੱਖਣ ਪ੍ਰਤਿਭਾ, ਤਨਦੇਹੀ ਤੇ ਪ੍ਰਾਪਤੀਆਂ ਦੀ ਧਾਂਕ ਕੌਮਾਂਤਰੀ ਪੱਧਰ ’ਤੇ ਪੈਂਦੀ ਰਹੀ ਹੈ।
ਜੇ ਮੈਨੂੰ ਕਿਸੇ ਇਕ ਸ਼ਖ਼ਸ ਦਾ ਨਾਂ ਲੈਣਾ ਪਵੇ ਜਿਸ ਦੀਆਂ ਸੋਚਾਂ, ਜਜ਼ਬਾਤ, ਸੁਫ਼ਨੇ, ਉਮੰਗਾਂ ਤੇ ਮਾਯੂਸੀਆਂ ਪੰਜਾਬ ਅਧਿਐਨ ਦੁਆਲੇ ਘੁੰਮਦੀਆਂ ਹੋਣ ਤਾਂ ਉਹ ਸੀ ਦਰਸ਼ਨ ਜਿਸ ਨੂੰ ਉਨ੍ਹਾਂ ਦੀ ਮਿੱਤਰ ਮੰਡਲੀ ਵਿਚ ਇਸੇ ਨਾਂ ਨਾਲ ਪੁਕਾਰਿਆ ਜਾਂਦਾ ਸੀ। ਸਿਆਸਤ, ਇਤਿਹਾਸ, ਵਿਕਾਸ, ਸਾਹਿਤ, ਧਰਮ, ਪਰਵਾਸੀ ਭਾਈਚਾਰਾ ਆਦਿ ਪੰਜਾਬ ਅਧਿਐਨ ਦਾ ਕੋਈ ਅਜਿਹਾ ਖੇਤਰ ਨਹੀਂ ਸੀ ਜਿਸ ਵਿਚ ਉਨ੍ਹਾਂ ਦਾ ਯੋਗਦਾਨ ਨਹੀਂ ਸੀ। ਉਹ ਇਨ੍ਹਾਂ ਵਿਸ਼ਿਆਂ ’ਤੇ ਤੁਰਦਾ-ਫਿਰਦਾ ਐਨਸਾਈਕਲੋਪੀਡੀਆ ਸੀ। ਦੁਨੀਆ ਦੇ ਕਿਸੇ ਵੀ ਖਿੱਤੇ ਵਿਚ ਬੈਠਾ ਪੰਜਾਬ ਦਾ ਅਧਿਐਨ ਕਰਨ ਵਾਲਾ ਕੋਈ ਵੀ ਖੋਜੀ ਅਜਿਹਾ ਨਹੀਂ ਸੀ ਜੋ ਉਨ੍ਹਾਂ ਦੀ ਨਜ਼ਰ ’ਚੋਂ ਨਾ ਲੰਘਿਆ ਹੋਵੇ। ਉਹ ਬਹੁਪੱਖੀ ਪ੍ਰਤਿਭਾ ਵਾਲੇ ਵਿਦਵਾਨ, ਹਰ ਵੇਲੇ ਚਿਹਰੇ ’ਤੇ ਮੁਸਕਾਨ ਰੱਖਣ ਵਾਲੇ ਫ਼ਕੀਰ ਇਨਸਾਨ ਸਨ। ਦੋ ਦਹਾਕਿਆਂ ਤੋਂ ਉਨ੍ਹਾਂ ਦੀ ਸਿਹਤ ਖ਼ਰਾਬ ਚਲੀ ਆ ਰਹੀ ਸੀ ਜੋ ਪਿਛਲੇ ਦੋ ਕੁ ਮਹੀਨਿਆਂ ਤੋਂ ਕੁਝ ਜ਼ਿਆਦਾ ਹੀ ਵਿਗੜ ਗਈ।
ਉਨ੍ਹਾਂ ਦਾ ਜਨਮ ਪਿੰਡ ਭਰੋਵਾਲ (ਲੁਧਿਆਣਾ) ਵਿਚ ਹੋਇਆ ਤੇ ਉਨ੍ਹਾਂ ਲਾਜਪਤ ਰਾਏ ਮੈਮੋਰੀਅਲ ਕਾਲਜ, ਜਗਰਾਉਂ ਤੋਂ ਸਾਇੰਸ ਵਿਚ ਅੰਡਰਗ੍ਰੈਜੂਏਟ ਪੜ੍ਹਾਈ ਪੂਰੀ ਕੀਤੀ ਤੇ ਫਿਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਵਿਲੱਖਣਤਾ ਸਹਿਤ ਅਰਥਸ਼ਾਸਤਰ ਦੀ ਐਮਏ ਕੀਤੀ ਸੀ। 1970ਵਿਆਂ ਵਿਚ ਉਹ ਬਰਤਾਨੀਆ ਚਲੇ ਗਏ ਜਿੱਥੇ ਉਨ੍ਹਾਂ ਕੈਂਬਰਿਜ ਯੂਨੀਵਰਸਿਟੀ ਦੇ ਫਿਟਜ਼ਵਿਲੀਅਮ ਕਾਲਜ ਤੋਂ ਮੁੜ ਬੀਏ ਕੀਤੀ ਅਤੇ ਅਰਥਸ਼ਾਸਤਰ ਤੇ ਸਮਾਜ ਸ਼ਾਸਤਰ ਵਿਚ ਮਾਸਟਰਜ਼ ਡਿਗਰੀਆਂ ਹਾਸਲ ਕੀਤੀਆਂ। ਇੱਥੇ ਹੀ ਉਨ੍ਹਾਂ ਨੂੰ ਡਾ. ਅਜੀਤ ਸਿੰਘ ਨਾਲ ਮਿਲਣ ਦਾ ਮੌਕਾ ਮਿਲਿਆ ਜੋ ਉਸ ਵੇਲੇ ਕੈਂਬਰਿਜ ਦੀ ਅਰਥਸ਼ਾਸਤਰ ਫੈਕਲਟੀ ਦੇ ਉਭਰਦੇ ਸਿਤਾਰੇ ਸਨ। ਮਗਰੋਂ ਉਨ੍ਹਾਂ 1977 ਵਿਚ ਮੁੜ ਬਰਮਿੰਘਮ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਦੀ ਮਾਸਟਰਜ਼ ਡਿਗਰੀ ਹਾਸਲ ਕੀਤੀ। ਪੰਜਾਬ ਦੇ ਅਧਿਐਨ ਵਿਚ ਉਨ੍ਹਾਂ ਦੀ ਅਕਾਦਮਿਕ ਰੁਚੀ ਦੀ ਬਹੁ-ਪਰਤੀ ਖ਼ਾਸੀਅਤ ਸਦਕਾ ਉਨ੍ਹਾਂ 1994 ਵਿਚ ਵਾਰਵਿਕ ਯੂਨੀਵਰਸਿਟੀ ਤੋਂ ਪੰਜਾਬ ਤੇ ਸਿੱਖ ਅਧਿਐਨ ਦੇ ਖੇਤਰ ਵਿਚ ਪੀਐੱਚ.ਡੀ. ਮੁਕੰਮਲ ਕੀਤੀ। ਉਨ੍ਹਾਂ ਦੀ ਕਿਤਾਬ ‘ਦਿ ਸਿੱਖ ਡਾਇਸਪੋਰਾ: ਦਿ ਸਰਚ ਫਾਰ ਸਟੇਟਹੁਡ’ (1998) ਉਨ੍ਹਾਂ ਦੇ ਪੀਐੱਚ.ਡੀ. ਦੇ ਖੋਜ ਕਾਰਜ ’ਤੇ ਆਧਾਰਿਤ ਸੀ ਜੋ ਪਰਵਾਸੀ ਭਾਈਚਾਰੇ ਦੇ ਅਧਿਐਨ ਦੇ ਖੇਤਰ ਵਿਚ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ਅਪਰੈਲ 1984 ਵਿਚ ਪੰਜਾਬ ਰਿਸਰਚ ਗਰੁੱਪ (ਪੀਆਰਜੀ) ਪਿੱਛੇ ਡਾ. ਦਰਸ਼ਨ ਸਿੰਘ ਤਤਲਾ ਦਾ ਸੰਕਲਪ ਕਾਰਜਸ਼ੀਲ ਸੀ। 1984 ਵਿਚ ਇਹ ਹਮਖ਼ਿਆਲ ਪੀਐੱਚ.ਡੀ. ਵਿਦਵਾਨਾਂ ਦਾ ਇਕ ਛੋਟਾ ਜਿਹਾ ਗਰੁੱਪ ਸੀ ਜਿਸ ਦਾ ਅੱਗੇ ਚੱਲ ਕੇ ਦੱਖਣੀ ਏਸ਼ੀਆ ਦੇ ਸਭ ਤੋਂ ਵੱਕਾਰੀ ਖੇਤਰੀ ਅਧਿਐਨ ਗਰੁੱਪਾਂ ਵਿਚ ਸ਼ੁਮਾਰ ਹੋਣ ਲੱਗ ਪਿਆ ਸੀ। ‘ਪੀਆਰਜੀ’ ਵਿਚ ਬਹੁਤ ਹੀ ਉਮਦਾ ਮਾਹੌਲ ਸੀ ਜਿੱਥੇ ਉੱਘੇ ਵਿਦਵਾਨ ਤੇ ਨੌਜਵਾਨ ਖੋਜਕਾਰ ਆ ਕੇ ਆਪਣੀਆਂ ਖੋਜਾਂ ਇਕ ਦੂਜੇ ਨਾਲ ਸਾਂਝੀਆਂ ਕਰਿਆ ਕਰਦੇ ਸਨ। ‘ਪੀਆਰਜੀ’ ਨੇ 1994 ਵਿਚ ਕੋਵੈਂਟਰੀ ਯੂਨੀਵਰਸਿਟੀ ਵਿਚ ਪੰਜਾਬੀ ਪਛਾਣ ਬਾਰੇ ਪਹਿਲੀ ਕੌਮਾਂਤਰੀ ਕਾਨਫਰੰਸ ਕਰਾਉਣ ਵਿਚ ਯੋਗਦਾਨ ਦਿੱਤਾ। ਉਸ ਕਾਨਫਰੰਸ ਵਿਚ ‘ਇੰਟਰਨੈਸ਼ਨਲ ਜਰਨਲ ਆਫ ਪੰਜਾਬ ਸਟੱਡੀਜ਼’ ਦਾ ਪਹਿਲਾ ਅੰਕ ਜਾਰੀ ਕੀਤਾ ਗਿਆ। ਇਹ ਰਸਾਲਾ ‘ਜਰਨਲ ਆਫ ਪੰਜਾਬ ਸਟੱਡੀਜ਼’ ਦੇ ਤੌਰ ’ਤੇ ਕਈ ਸਾਲ ਜਾਰੀ ਰਿਹਾ ਤੇ ਹਾਲ ਹੀ ਵਿਚ ‘ਜਰਨਲ ਆਫ ਪੰਜਾਬ ਸਟੱਡੀਜ਼’ ਦੇ ਨਾਂ ਹੇਠ ਛਪਦਾ ਆ ਰਿਹਾ ਹੈ। ਕਾਨਫਰੰਸ ਵਿਚ ਪੇਸ਼ ਕੀਤੇ ਗਏ ਪੇਪਰ ਇਕ ਕਿਤਾਬ ਦੇ ਰੂਪ ਵਿਚ ਪ੍ਰਕਾਸ਼ਿਤ ਕੀਤੇ ਗਏ। ਕਿਤਾਬ ਦਾ ਨਾਂ ਸੀ ‘ਪੰਜਾਬੀ ਆਇਡੈਂਟਿਟੀ ਇਨ ਏ ਗਲੋਬਲ ਕੰਟੈਕਸਟ’ ਜੋ ਪ੍ਰੀਤਮ ਸਿੰਘ ਤੇ ਸ਼ਿੰਦਰ ਸਿੰਘ ਥਾਂਦੀ ਵੱਲੋਂ ਸੰਪਾਦਤ ਅਤੇ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵਲੋਂ 1999 ਵਿਚ ਪ੍ਰਕਾਸ਼ਤ ਕੀਤੀ ਗਈ। 2016 ਵਿਚ ‘ਪੀਆਰਜੀ’ ਨੇ ‘ਬੈਸਟ ਡਾਕਟੋਰਲ ਸਟੂਡੈਂਟ ਪ੍ਰੈਂਜ਼ੇਂਟੇਸ਼ਨ ਐਵਾਰਡ’ ਸ਼ੁਰੂ ਕੀਤਾ ਜਿਸ ਵਿਚ ਨਕਦ ਇਨਾਮ ਤੇ ਇਕ ਪ੍ਰਮਾਣ ਪੱਤਰ ਪੀਐੱਚ.ਡੀ. ਦੇ ਅਜਿਹੇ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ ਜਿਸ ਦਾ ਪੇਪਰ ਪੀਆਰਜੀ ਕਾਨਫਰੰਸ ਵਿਚ ਪੇਸ਼ ਕੀਤੇ ਗਏ ਪੇਪਰਾਂ ’ਚੋਂ ਸਰਬੋਤਮ ਗਿਣਿਆ ਜਾਂਦਾ ਹੈ। ਅੱਜ ਤੱਕ ਸੱਤ ਪੁਰਸਕਾਰ ਦਿੱਤੇ ਜਾ ਚੁੱਕੇ ਹਨ। ਪੀਆਰਜੀ ਆਪਣੇ ਮੁੱਢਲੇ ਸਾਲਾਂ ਦੌਰਾਨ ਡਾ. ਤਤਲਾ ਵੱਲੋਂ ਪਾਏ ਯੋਗਦਾਨ ਅਤੇ ਬਾਅਦ ਵਿਚ ਵੀ ਇਸ ਦੇ ਵਿਕਾਸ ਲਈ ਕੀਤੇ ਬਹੁ-ਦਿਸ਼ਾਵੀ ਕਾਰਜਾਂ ਬਦਲੇ ਹਮੇਸ਼ਾ ਉਨ੍ਹਾਂ ਨੂੰ ਯਾਦ ਰੱਖੇਗਾ।
ਪਿਛਲੇ ਕੁਝ ਸਾਲਾਂ ਤੋਂ ਡਾ. ਤਤਲਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਰਿਸਰਚ ਫੈਲੋ ਵਜੋਂ ਸੇਵਾਵਾਂ ਦੇ ਰਹੇ ਸਨ ਜਿੱਥੇ ਉਨ੍ਹਾਂ ਆਜ਼ਾਦੀ ਅੰਦੋਲਨ ਬਾਰੇ ਮੂਲ ਖੋਜ ਕਾਰਜ ਪ੍ਰਕਾਸ਼ਤ ਕਰਵਾਇਆ ਜਿਸ ਵਿਚ ਗ਼ਦਰ ਪਾਰਟੀ ਬਾਰੇ ਵੀ ਕੁਝ ਅਹਿਮ ਕਾਰਜ ਸ਼ਾਮਲ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵਿਚ ਵਿਸ਼ਵ ਪੰਜਾਬੀ ਅਧਿਐਨ ਦਾ ਵਿਸ਼ਾ ਸਥਾਪਤ ਕਰਨ ਲਈ ਮੁੱਲਵਾਨ ਮਾਰਗਦਰਸ਼ਨ ਕੀਤਾ। ਹਾਲਾਂਕਿ ਡਾ. ਤਤਲਾ ਆਪਣੇ ਪਸੰਦੀਦਾ ਖੇਤਰ ਵਿਚ ਕਾਰਜ ਕਰਨ ਵਿਚ ਕਾਮਯਾਬ ਰਹੇ, ਪਰ ਉਹ ਇਹ ਦੇਖ ਕੇ ਦੁਖੀ ਵੀ ਸਨ ਕਿ ਪੰਜਾਬ ਦੀ ਸਿਆਸੀ ਤੇ ਅਕਾਦਮਿਕ ਲੀਡਰਸ਼ਿਪ ਦੀ ਪੰਜਾਬ ਵਿਚ ਖੋਜ ਸੰਸਥਾਵਾਂ ਅਤੇ ਸਮੱਰਥਾਵਾਂ ਉਸਾਰਨ ਵਿਚ ਕੋਈ ਰੁਚੀ ਨਹੀਂ।
ਪੰਜਾਬ ਰਿਸਰਚ ਗਰੁੱਪ ਦੇ ਮੈਂਬਰਾਂ ਨੇ ਕੋਵਿਡ-19 ਮਹਾਮਾਰੀ ਦੀ ਆਮਦ ਤੋਂ ਪਹਿਲਾਂ ਡਾ. ਤਤਲਾ ਨੂੰ ਉਨ੍ਹਾਂ ਦੇ ਵਿਲੱਖਣ ਯੋਗਦਾਨ ਬਦਲੇ ਤਾਉਮਰ ਪ੍ਰਾਪਤੀ ਪੁਰਸਕਾਰ ਨਾਲ ਨਿਵਾਜਣ ਦਾ ਫ਼ੈਸਲਾ ਕੀਤਾ ਸੀ ਅਤੇ ਕਾਨਫਰੰਸ ਵਿਚ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਸਨਮਾਨ ਦਿੱਤਾ ਜਾ ਸਕੇ। ਮੰਦੇਭਾਗੀਂ ਹੁਣ ਇਹ ਪੁਰਸਕਾਰ ਉਨ੍ਹਾਂ ਨੂੰ ਮਰਨ ਉਪਰੰਤ ਦਿੱਤਾ ਜਾਵੇਗਾ।
ਡਾ. ਤਤਲਾ ਕਈ ਖ਼ੈਰਾਤੀ ਕਾਰਜਾਂ ਵਿਚ ਹੱਥ ਵਟਾਉਂਦੇ ਰਹਿੰਦੇ ਸਨ। ਉਨ੍ਹਾਂ ਆਪਣੇ ਰਹਿੰਦੇ ਕਾਰਜ ਪੂਰੇ ਕਰਨ ਅਤੇ ਇੰਗਲੈਂਡ ਤੇ ਪੰਜਾਬ ਵਿਚ ਆਪਣੀਆਂ ਅਮੀਰ ਕੁਲੈਕਸ਼ਨਾਂ ਨੂੰ ਸਹੀ ਮੁਕਾਮ ’ਤੇ ਪਹੁੰਚਾਉਣ ਲਈ ਡਾ. ਦਰਸ਼ਨ ਸਿੰਘ ਤਤਲਾ ਟਰੱਸਟ ਕਾਇਮ ਕੀਤਾ ਸੀ। ਡਾ. ਤਤਲਾ ਦੀਆਂ ਖੋਜ ਪ੍ਰਕਾਸ਼ਨਾਵਾਂ ਤੇ ਕੁਲੈਕਸ਼ਨਾਂ ਦੁਨੀਆ ਭਰ ’ਚ ਪੰਜਾਬ ਅਧਿਐਨ ਦੇ ਖੋਜਕਾਰਾਂ ਲਈ ਗਿਆਨ, ਮੁਹਾਰਤ ਤੇ ਮਾਰਗਦਰਸ਼ਨ ਦਾ ਬੇਸ਼ਕੀਮਤੀ ਸਰੋਤ ਬਣੀਆਂ ਰਹਿਣਗੀਆਂ।
ਸੰਪਰਕ: +44 7922 657 957
* ਪ੍ਰੋਫ਼ੈਸਰ ਐਮੀਰਟਸ, ਆਕਸਫੋਰਡ ਬਰੁਕਸ ਯੂਨੀਵਰਸਿਟੀ।