ਰਸ਼ਪਾਲ ਸਿੰਘ
ਸੰਸਾਰ ਤੰਬਾਕੂ ਵਿਰੋਧੀ ਦਿਵਸ-2022 ਦਾ ਥੀਮ ‘ਵਾਤਾਵਰਨ ਦੀ ਰੱਖਿਆ ਕਰੋ’ ਹੈ। ਇਹ ਥੀਮ ਉਜਾਗਰ ਕਰਦਾ ਹੈ ਕਿ ਕਿਵੇਂ ਤੰਬਾਕੂ ਧਰਤੀ ਨੂੰ ਪ੍ਰਦੂਸ਼ਿਤ ਕਰਦਾ ਹੈ ਅਤੇ ਇਸ ਦੇ ਪੂਰੇ ਜੀਵਨ ਚੱਕਰ ਦੌਰਾਨ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਤੰਬਾਕੂ ਉਦਯੋਗ ਵਾਤਾਵਰਨ ਤਬਾਹ ਕਰਕੇ ਮੁਨਾਫਾ ਕਮਾ ਰਿਹਾ ਹੈ ਅਤੇ ਵਾਤਾਵਰਨ ਦੀ ਤਬਾਹੀ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਇਸ ਦੇ ਰਹਿੰਦ ਖੂੰਹਦ ਨੂੰ ਇਕੱਠਾ ਕਰਨ ਦੀ ਲਾਗਤ ਦੀ ਵਸੂਲੀ ਕਰਨ ਸਮੇਤ ਕੂੜੇ ਅਤੇ ਹੋਰ ਨੁਕਸਾਨ ਲਈ ਭੁਗਤਾਨ ਕਰਵਾਉਣ ਦੀ ਲੋੜ ਹੈ।
ਹਰ ਸਿਗਰਟ ਜਾਂ ਤੰਬਾਕੂ ਉਤਪਾਦ ਦੀ ਵਰਤੋਂ ਉਨ੍ਹਾਂ ਕੀਮਤੀ ਸਰੋਤਾਂ ਦੀ ਬਰਬਾਦੀ ਹੈ ਜਿਨ੍ਹਾਂ ’ਤੇ ਸਾਡੀ ਹੋਂਦ ਨਿਰਭਰ ਹੈ। ਤੰਬਾਕੂ ਦਾ ਧੂੰਆਂ ਹਵਾ ਪ੍ਰਦੂਸ਼ਣ ਕਰਦਾ ਹੈ। ਇਸ ਵਿਚ ਤਿੰਨ ਕਿਸਮ ਦੀਆਂ ਗ੍ਰੀਨਹਾਊਸ ਗੈਸਾਂ ਹੁੰਦੀਆਂ ਹਨ। ਤੰਬਾਕੂ ਦੇ ਪੌਦੇ ਵਿਚ ਨਸ਼ਾ ਕਰਨ ਵਾਲਾ ਰਸਾਇਣ ਨਿਕੋਟੀਨ ਹੁੰਦਾ ਹੈ। ਤੰਬਾਕੂ ਦੇ ਧੂੰਏਂ ਦਾ ਸਿੱਧਾ ਸਬੰਧ ਕਈ ਕਿਸਮਾਂ ਦੇ ਕੈਂਸਰ ਅਤੇ ਕਈ ਸਾਹ ਦੀਆਂ ਬਿਮਾਰੀਆਂ ਨਾਲ ਹੁੰਦਾ ਹੈ। ਤੰਬਾਕੂ ਦੀ ਵਰਤੋਂ ਅਤੇ ਖੇਤੀ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 31 ਮਈ ਨੂੰ ਸੰਸਾਰ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ। ਤੰਬਾਕੂ ਪਦਾਰਥਾਂ ਦੇ ਚੋਟੀ ਦੇ 10 ਉਤਪਾਦਕਾਂ ਵਿਚ ਚੀਨ, ਭਾਰਤ, ਅਮਰੀਕਾ, ਬ੍ਰਾਜ਼ੀਲ, ਇੰਡੋਨੇਸ਼ੀਆ, ਅਰਜਨਟੀਨਾ, ਮਲਾਵੀ, ਜ਼ਿੰਬਾਬਵੇ, ਤਨਜ਼ਾਨੀਆ ਅਤੇ ਪਾਕਿਸਤਾਨ ਹਨ।
ਇਸ ਵਾਰੀ ਤੰਬਾਕੂ ਵਿਰੋਧੀ ਮੁਹਿੰਮ ਦਾ ਮਕਸਦ ਤੰਬਾਕੂ ਦੇ ਵਾਤਾਵਰਨ ’ਤੇ ਪੈਣ ਵਾਲੇ ਪ੍ਰਭਾਵਾਂ ਜੋ ਖੇਤੀ, ਉਤਪਾਦਨ ਅਤੇ ਵੰਡ ਤੋਂ ਲੈ ਕੇ ਰਹਿੰਦ ਖੂੰਹਦ ਪ੍ਰਬੰਧ ਤੱਕ ਦੇ ਹਨ, ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ। ਇਸ ਦਾ ਮਕਸਦ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਘਟਾਉਣਾ ਹੈ। ਨਾਲ ਹੀ ਤੰਬਾਕੂ ਕੰਪਨੀਆਂ ਦੁਆਰਾ ਆਪਣੇ ਆਪ ਨੂੰ ਵਾਤਾਵਰਨ ਹਿਤੈਸ਼ੀ ਸਿੱਧ ਕਰਨ ਦੇ ਯਤਨਾਂ ਦਾ ਪਰਦਾਫਾਸ਼ ਕਰਨਾ ਹੈ। ਇਹ ਮੁਹਿੰਮ ਨੀਤੀ ਨਿਰਮਾਤਾਵਾਂ ਅਤੇ ਸਰਕਾਰਾਂ ਨੂੰ ਕੁਝ ਨਿਯਮ ਤੈਅ ਕਰਨ, ਉਨ੍ਹਾਂ ਨੂੰ ਲਾਗੂ ਕਰਨ ਅਤੇ ਤੰਬਾਕੂ ਉਦਯੋਗਾਂ ਨੂੰ ਵਾਤਾਵਰਨ ਤੇ ਆਰਥਿਕਤਾ ਦੀ ਕੀਮਤ ’ਤੇ ਤੰਬਾਕੂ ਉਤਪਾਦਾਂ ਦੀ ਰਹਿੰਦ ਖੂੰਹਦ ਲਈ ਜ਼ਿੰਮੇਵਾਰ ਬਣਾਉਣ ਲਈ ਮੌਜੂਦਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਕਹਿੰਦੀ ਹੈ।
ਤੰਬਾਕੂ ਦੀ ਵਰਤੋਂ ਨਾਲ ਹਰ ਸਾਲ 80 ਲੱਖ ਤੋਂ ਵੱਧ ਲੋਕ ਮਾਰੇ ਜਾਂਦੇ ਹਨ। ਇਹ ਅੰਕੜਾ 2030 ਤੱਕ 8 ਕਰੋੜ ਤੋਂ ਵੱਧ ਹੋਣ ਦਾ ਖ਼ਦਸ਼ਾ ਹੈ। ਸੰਸਾਰ ਸਿਹਤ ਸੰਸਥਾ ਅਨੁਸਾਰ ਸਿਗਰਟ ਦੇ ਧੂੰਏਂ ਵਿਚ 7000 ਤੋਂ ਵੱਧ ਰਸਾਇਣ ਹੁੰਦੇ ਹਨ ਜਿਨ੍ਹਾਂ ਵਿਚੋਂ 70 ਕੈਂਸਰ ਪੈਦਾ ਕਰਨ ਲਈ ਜਾਣੇ ਜਾਂਦੇ ਹਨ। ਸਿਗਰਟਾਂ ਬਣਾਉਣ ਲਈ ਅਰਬਾਂ ਦਰੱਖਤ ਕੱਟੇ ਜਾਂਦੇ ਹਨ, ਕਰੋੜਾਂ ਟਨ ਕਾਰਬਨ ਡਾਈਆਕਸਾਈਡ ਹਵਾ ਵਿਚ ਛੱਡੀ ਜਾਂਦੀ ਹੈ ਅਤੇ ਸਿਗਰਟਾਂ ਬਣਾਉਣ ਲਈ ਖਰਬਾਂ ਲਿਟਰ ਪਾਣੀ ਬਰਬਾਦ ਹੁੰਦਾ ਹੈ। ਇਕ ਸਿਗਰਟ ਪੀਣ ਨਾਲ ਜ਼ਿੰਦਗੀ ਦੇ 11 ਮਿੰਟ ਘਟ ਜਾਂਦੇ ਹਨ।
ਤੰਬਾਕੂ ਕੰਪਨੀਆਂ ਆਰਥਿਕ ਤੌਰ ’ਤੇ ਤੰਗ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਘੱਟ ਤੋਂ ਮੱਧ ਆਮਦਨੀ ਵਾਲੇ ਦੇਸ਼ਾਂ ਵਿਚ ਆਪਣੇ ਉਤਪਾਦਾਂ ਦਾ ਵਾਪਾਰ ’ਤੇ ਕਂੇਦਰਿਤ ਕਰਦੀਆਂ ਹਨ। ਅਜਿਹੇ ਸਾਰੇ ਕਾਰਕ ਸਭ ਤੋਂ ਵੱਧ ਵਾਤਾਵਰਨ ਬੋਝ ਵੱਲ ਲੈ ਜਾਂਦੇ ਹਨ। ਤੰਬਾਕੂ ਖੇਤੀ ਅਤੇ ਸਨਅਤ ਦੁਆਰਾ ਵਾਤਾਵਰਨ ਦੀ ਤਬਾਹੀ ਦੇ ਬਾਵਜੂਦ ਤੰਬਾਕੂ ਸਲਤਨਤ ਦੇ ਪਸਾਰੇ ਪਿੱਛੇ ਖਪਤਵਾਦ ਦਾ ਰੁਝਾਨ ਹੈ। ਅੱਜ ਖਪਤਵਾਦ ਵਾਤਾਵਰਨ ਲਈ ਸਭ ਤੋਂ ਵੱਡਾ ਖ਼ਤਰਾ ਹੈ। ਉਹ ਖਪਤਵਾਦ ਜਿੱਥੇ ਲੋੜ ਦੀ ਥਾਂ ਲੋਭ ਨੇ ਲੈ ਲਈ ਹੋਵੇ। ਖਪਤਵਾਦ ਕਾਰਨ ਕੁਦਰਤੀ ਵਸੀਲਿਆਂ ਦੀ ਅੰਨ੍ਹੇਵਾਹ ਤਬਾਹੀ ਕੀਤੀ ਜਾ ਰਹੀ ਹੈ।
ਖੇਤੀਬਾੜੀ ਵੀ ਖਪਤਵਾਦ ਦੀ ਜਕੜ ਵਿਚ ਹੈ। ਖੇਤੀ ਲੋੜਾਂ ਦੀ ਪੂਰਤੀ ਦੀ ਥਾਂ ਮੰਡੀ ਲਈ ਕੀਤੀ ਜਾ ਰਹੀ ਹੈ। ਖੇਤੀ ਵਿਚ ਖਾਦਾਂ, ਕੀਟਨਾਸ਼ਕ ਅਤੇ ਨਦੀਨਨਾਸ਼ਕ ਜ਼ਹਿਰਾਂ ਦੀ ਵਰਤੋਂ ਨੇ ਵਾਤਾਵਰਨ ਨੂੰ ਜ਼ਹਿਰੀ ਬਣਾ ਦਿੱਤਾ ਹੈ।
ਖਪਤਵਾਦ ਦਾ ਬੁਨਿਆਦੀ ਕਾਰਨ ਸਾਹਮਣੇ ਆਉਂਦਾ ਹੈ ਕਿ ਵਸਤਾਂ ਦਾ ਉਤਪਾਦਨ ਮਨੁੱਖ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਹੀਂ ਬਲਕਿ ਮੁਨਾਫੇ ਹਿਤ ਕੀਤਾ ਜਾ ਰਿਹਾ ਹੈ। ਵਾਤਾਵਰਨ ਦੀ ਤਬਾਹੀ ਦੁਆਰਾ ਲੋਕਾਂ ਦੇ ਜਿਊਣ ਦੇ ਹੱਕ ਖੋਹੇ ਜਾ ਰਹੇ ਹਨ। ਤੰਬਾਕੂ ਦੀ ਖੇਤੀ, ਵਪਾਰ ਅਤੇ ਵਰਤੋਂ ਵੀ ਮੰਡੀਕਰਨ ਦਾ ਮੰਡਲ ਹੈ। ਅਮਰੀਕਾ ਦੇ ਜੰਗਲਾਂ ਵਿਚ ਇਕ ਬੂਟੀ ਰੂਪ ਵਿਚ ਜੰਮੇ ਤੰਬਾਕੂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਤੰਬਾਕੂ ਦੀ ਵਰਤੋਂ ਕਰਨ ਦੇ ਵਾਤਾਵਰਨਕ ਪ੍ਰਭਾਵ ਸਾਡੇ ਗ੍ਰਹਿ ਦੇ ਦੁਰਲੱਭ ਸਰੋਤਾਂ ਅਤੇ ਨਾਜ਼ਕ ਪ੍ਰਣਾਲੀਆਂ ਉੱਤੇ ਬੇਲੋੜਾ ਦਬਾਅ ਵਧਾਉਂਦੇ ਹਨ। ਤੰਬਾਕੂ ਸੰਸਾਰਵਿਆਪੀ ਸਮੱਸਿਆ ਹੈ ਪਰ ਇਸ ਸਮੱਸਿਆ ਦੇ ਸਾਹਮਣੇ ਹੱਲ ਦੇ ਢੰਗ ਬਹੁਤ ਬੌਣੇ ਹਨ। ਸੁਹਿਰਦਤਾ ਅਤੇ ਦ੍ਰਿੜਤਾ ਨਾਲ ਹੀ ਇਸ ਸਮੱਸਿਆ ਦਾ ਹੱਲ ਨਿੱਕਲ ਸਕਦਾ ਹੈ।
ਸੰਪਰਕ: 98554-40151