ਕਿਸਾਨ ਸੰਘਰਸ਼ ਵਿਚ ਡਟੇ ਬੈਠੇ ਕੁਝ ਦੋਸਤਾਂ ਨੇ ‘ਟਰਾਲੀ ਟਾਈਮਜ਼’ ਨਾਂ ਦਾ ਅਖਬਾਰ ਪ੍ਰਕਾਸ਼ਿਤ ਕੀਤਾ ਤਾਂ ਰਵੀਸ਼ ਕੁਮਾਰ ਨੇ ਇਸ ਨੂੰ ਇਤਿਹਾਸਕ ਘਟਨਾ ਦੱਸ ਕੇ ਦੁਨੀਆ ਦਾ ਧਿਆਨ ਇਸ ਵੱਲ ਖਿੱਚਿਆ। ਇਹ ਨਾਂ ਧਰੇ ਜਾਣ ਵੇਲੇ ਹੀ ਚੰਗਾ ਲੱਗਾ ਸੀ ਲੇਕਿਨ ‘ਟਰਾਲੀ’ ਦਾ ਅਖਬਾਰ ਦੇ ਟਾਇਟਲ ਅਤੇ ਫਿਰ ਐੱਨਡੀਟੀਵੀ ਦੇ ਪ੍ਰਾਈਮ ਟਾਈਮ ਤੇ ਆ ਜਾਣਾ ਇਸ ਵਰਤਾਰੇ ਦੀਆਂ ਵਧੇਰੇ ਪਰਤਾਂ ਫਰੋਲਣ ਲਈ ਉਤਸ਼ਾਹਿਤ ਕਰ ਗਿਆ। ਕੀ ਅਸੀਂ ਵਾਕਿਆ ਹੀ ਟਰਾਲੀ ਟਾਈਮਜ਼ ਟਰਾਲੀਆਂ ਦੇ ਦੌਰ ਵਿਚ ਦਾਖਲ ਹੋ ਚੁੱਕੇ ਹਾਂ? ਟਰੈਕਟਰ ਟਾਈਮਜ਼ ਕਿਉਂ ਨਹੀਂ? ਟਰਾਲੀਆਂ ਨੂੰ ਖਿੱਚ ਕੇ ਤਾਂ ਟਰੈਕਟਰ ਲਿਆਏ ਨੇ? ਲੱਗਿਆ, ਇਸ ਘੁੰਡੀ ਦਾ ਕੋਈ ਵਸਤੂਗਤ ਆਧਾਰ ਹੋਣਾ ਚਾਹੀਦਾ ਹੈ। ਇਨ੍ਹਾਂ ਚਿੰਨ੍ਹਾਂ ਦੀਆਂ ਥੋੜ੍ਹੀਆਂ ਪਰਤਾਂ ਫਰੋਲੀਆਂ ਤਾਂ ਬੜੀ ਰੌਚਿਕ ਕਹਾਣੀ ਉਭਰ ਕੇ ਸਾਹਮਣੇ ਆਈ।
ਇਤਿਹਾਸ ਵਿਚ ਪਿਛੇ ਚਲੇ ਜਾਈਏ, ਹਰ ਸੰਘਰਸ਼ ਦਾ ਕੋਈ ਝੰਡਾ, ਕੋਈ ਨਿਸ਼ਾਨ, ਕੁਝ ਨਾਹਰੇ, ਕੁਝ ਬੋਲੇ ਜ਼ਰੂਰ ਰਹੇ ਹਨ; ਇਸ ਲਈ ਮੌਜੂਦਾ ਸੰਘਰਸ਼ ਵਿਚ ਨੌਜਵਾਨਾਂ ਅੰਦਰ ਕਿਸਾਨ ਯੂਨੀਅਨ ਦੇ ਝੰਡਿਆਂ ਦੀ ਵਧੀ ਖਿੱਚ ਬੜੀ ਸੁਭਾਵਕ ਹੈ। ਨਾਲ ਹੀ ਸੰਘਰਸ਼ ਵਿਚ ਜੋ ਨਵੇਂ ਦ੍ਰਿਸ਼ ਜਾਂ ਚਿੰਨ੍ਹ ਉਭਰ ਕੇ ਸਾਹਮਣੇ ਆਏ ਹਨ, ਉਨ੍ਹਾਂ ਵਿਚ ਪਿਛਲੇ ਕਿਸਾਨ ਸੰਘਰਸ਼ਾਂ ਵਿਚਲੇ ਹਲ, ਦਾਤੀ ਤੇ ਬਲਦਾਂ ਦੀ ਜੋੜੀ ਦੀ ਥਾਂ ਸਹਿਜੇ ਹੀ ਟਰੈਕਟਰ ਅਤੇ ਟ੍ਰਾਲੀ ਨੇ ਲੈ ਲਈ ਹੈ। ਥੋੜ੍ਹਾ ਜਿਹਾ ਸੋਚਣ ਤੇ ਹੀ ਮੌਜੂਦਾ ਸੰਘਰਸ਼ ਦੇ ਵੱਖ ਵੱਖ ਪੱਖਾਂ ਦੀ ਇਨ੍ਹਾਂ ਨਵੇਂ ਉਭਰ ਰਹੇ ਚਿੰਨ੍ਹਾਂ ਰਾਹੀਂ ਨੁਮਾਇੰਦਗੀ ਬੜੀ ਉਘੜਵੀਂ ਲੱਗੀ।
ਟਰੈਕਟਰ ਨੌਜਵਾਨਾਂ ਦੇ ਜੋਸ਼ੀਲੇ ਰੋਹ ਜਾਂ ਵਿਸ਼ੇਸ਼ ਸੋਚ ਰੱਖਦੇ ਆਗੂ-ਹਿੱਸਿਆਂ ਨੂੰ ਦਰਸਾਉਂਦਾ ਜਾਪਦਾ ਹੈ ਤੇ ਟ੍ਰਾਲੀਆਂ ਲੋਕਾਈ ਦੇ ਵਡੇਰੇ ਦਾਇਰੇ ਦੇ ਇਕੱਠ ਤੇ ਵੰਨ-ਸਵੰਨਤਾ ਨੂੰ। ਨੌਜਵਾਨ ਟਰੈਕਟਰਾਂ ਵਾਂਗ ਜ਼ੋਰ ਮਾਰ ਮਾਰ ਕੇ ਆਪਣੀ ਤਾਕਤ ਤੇ ਹੁਨਰ ਪਰਖਦੇ ਹਨ ਜਦੋਂ ਕਿ ਟਰਾਲੀਆਂ ਨਾਲ ਇੱਕ ਮਿਕ ਹੋਈ ਲੋਕਾਈ ਫਿਕਰਾਂ, ਸੋਚਾਂ, ਡਰ ਤੇ ਤੌਖਲਿਆਂ ਨਾਲ ਭਰੀਆਂ, ਆਪਣੀਆਂ ਹੱਦਾਂ ਜਾਣਦੀਆਂ ਹੋਈਆਂ ਸਾਬਤ ਕਦਮੀਂ ਨਾਲ ਚਲਦੀਆਂ ਹਨ। ਨੌਜਵਾਨਾਂ ਨੂੰ ਟਰੈਕਟਰਾਂ ਵਾਂਗ ਟਾਇਰਾਂ ਦੀਆਂ ਗੁੱਡੀਆਂ ਤੇ ਉਨ੍ਹਾਂ ਦੀ ਚੌੜਾਈ, ਇੰਜਣ ਦੇ ਸਿਲੰਡਰਾਂ ਬਾਰੇ ਤੇ ਉਸ ਵਿਚ ਕਿੰਨੀ ਜਾਨ ਹੈ, ਵਗੈਰਾ ਵਧੇਰੇ ਜ਼ਰੂਰੀ ਚੀਜ਼ਾਂ ਲਗਦੀਆਂ ਹਨ ਜਦੋਂ ਕਿ ਟਰਾਲੀਆਂ ਨੂੰ ਉਸ ਵਿਚ ਕਿੰਨੇ ਚੜ੍ਹਨਗੇ, ਡਾਲੇ ਤੇ ਨਾ ਬੈਠੇ ਕੋਈ ਅਤੇ ਟਰੈਕਟਰ ਹੌਲੀ ਤੇ ਧਿਆਨ ਨਾਲ ਚਲਾਇਆ ਜਾਵੇ, ਬਾਰੇ ਵਧੇਰੇ ਚਿੰਤਾ ਰਹਿੰਦੀ ਹੈ।
ਟਰੈਕਟਰ ਵਿਚ ਪਾਵਰ ਹੈ, ਜੋਸ਼ ਹੈ, ਗੜ੍ਹਕ ਹੈ; ਟ੍ਰਾਲੀ ਵਿਚ ਟਿਕਾਅ ਹੈ, ਮੜ੍ਹਕ ਹੈ ਤੇ ਥੋੜ੍ਹੀ ਸੁਸਤੀ ਵੀ ਹੈ। ਟਰੈਕਟਰ ਅੱਗੇ ਚਲਦਾ ਹੈ, ਟ੍ਰਾਲੀ ਪਿਛੇ ਆਉਂਦੀ ਹੈ। ਇਹ ਪੱਖ ਸਾਡੇ ਅੰਦੋਲਨ ਅੰਦਰ ਵੀ ਜਿਉਂ ਦੇ ਤਿਉਂ ਹਨ। ਸ਼ੰਭੂ, ਖਨੌਰੀ ਦੇ ਬੈਰਕੇਡਾਂ ਉੱਤੇ ਕੁਝ ਨੌਜਵਾਨ ਟਰੈਕਟਰਾਂ ਨੇ ਵੱਡੇ ਭਾਰੇ ਬੋਲਡਰਾਂ ਦੁਆਲਿਓਂ ਕੇਬਲਾਂ ਤੇ ਸੰਗਲਾਂ ਦੇ ਵਲ ਦੇ ਕੇ, ਹੁੱਕ ਫਸਾ ਕੇ ਗੀਅਰ ਪਾਏ ਤਾਂ ਰਾਹ ਖੁੱਲ੍ਹਦੇ ਗਏ। ਦਿੱਲੀ ਬਾਰਡਰਾਂ ਤੇ ਸ਼ੁਰੂਆਤੀ ਬਹਿਸਾਂ ਤੋਂ ਬਾਅਦ ਇੱਕ ਵਾਰ ਜਦੋਂ ਪੱਕਾ ਹੋ ਗਿਆ ਕਿ ਹੁਣ ਡੇਰੇ ਇਥੇ ਹੀ ਲੱਗਣਗੇ ਤਾਂ ਟਰਾਲੀਆਂ ਖੜ੍ਹ ਗਈਆਂ, ਠਰੰਮੇ ਨਾਲ। ਸ਼ਾਮ ਦੇ ਲੰਗਰ ਦਾ ਓਹੜ-ਪੋਹੜ ਹੋਣ ਲੱਗਾ। ਰਾਤ ਨੂੰ ਸੌਣ ਦਾ ਕਿਵੇਂ ਕਰਨਾ? ਸੱਤ ਅੱਠ ਘੰਟੇ ਪਾਸੇ ਭਨਾਉਣ ਤੋਂ ਬਾਅਦ ਆਰਾਮ ਵੀ ਜ਼ਰੂਰੀ ਹੈ। ਫਤਹਿਗੜ੍ਹ ਸਾਹਿਬ ਸਭਾ ਤੇ ਹਰ ਸਾਲ ਜਾਣ ਵਾਲੀਆਂ ਟਰਾਲੀਆਂ ਤਾਂ ਪਹਿਲਾਂ ਹੀ ਟ੍ਰੇਂਡ ਨੇ। ਕੁਝ ਗੱਦੇ ਅੰਦਰ ਕੁਝ ਹੇਠਾਂ ਵਿਛਾ ਕੇ ਲੱਕ ਸਿੱਧੇ ਕਰਨ ਦਾ ਇੰਤਜ਼ਾਮ ਕਰ ਲਿਆ। ਕਈਆਂ ਨੇ ਆਲੇ ਦੁਆਲੇ ਤੇ ਤਰਦੀ ਤਰਦੀ ਨਿਗਾਹ ਮਾਰ ਕੇ ਜਾਇਜ਼ਾ ਵੀ ਲੈ ਲਿਆ ਕਿ ਸਵੇਰੇ ਜੰਗਲ-ਪਾਣੀ ਕਿੱਧਰ ਜਾਣਾ ਹੈ… ਪਰ ਟਰੈਕਟਰਾਂ ਨੂੰ ਚੈਨ ਕਿਥੇ! ਇੰਨੀ ਵੱਡੀ ਮੁਹਿੰਮ ਫ਼ਤਹਿ ਕਰ ਕੇ ਪਹੁੰਚੇ ਨੇ! ਸਾਰੇ ਮੁਲਕ ਨੂੰ ਲਗਦਾ ਕਿ ਸਰਕਾਰ ਸ਼ੰਭੂ ਨਹੀਂ ਟੱਪਣ ਦਿੰਦੀ, ਪਰ ਆਹ ਲਓ, ਪਹੁੰਚਾ ਦਿੱਤੀਆਂ ਟਰਾਲੀਆਂ ਕੁੰਡਲੀ ਬਾਰਡਰ! ਅਜੇ ਤਾਂ ਅੱਗੇ ਕਹੋਂ ਤਾਂ ਲਾ ਦੇਈਏ ਸਿੱਧਾ ਜੰਤਰ ਮੰਤਰ? ਨਹੀਂ, ਇਥੇ ਬੈਠੇ ਵੀ ਮਾੜੇ ਨਹੀਂ, ਦਿੱਲੀ ਤਾਂ ਘਿਰ ਗਈ। ਚਲੋ ਫਿਰ ਠੀਕ ਹੈ!… ਕੰਵਰ ਗਰੇਵਾਲ ਦਾ ਗੀਤ ਫੁੱਲ ਆਵਾਜ਼ ਤੇ ਲਾ ਕੇ ਨਾਲੋ-ਨਾਲ ‘ਕਿਸਾਨ ਏਕਤਾ ਜਿ਼ੰਦਾਬਾਦ’ ਦੇ ਨਾਅਰੇ, ਟਰੈਕਟਰ ਅੱਧੀ ਰਾਤ ਤੱਕ ਗੇੜੇ ਕੱਢਦੇ ਹੋਏ ਆਪਣਾ ਜੋਸ਼ ਤੇ ਜ਼ਾਬਤਾ ਦੋਵੇਂ ਕਾਇਮ ਰੱਖਦੇ ਹਨ।
ਟਰਾਲੀ ਵਿਚ 20 ਬੰਦੇ ਬਹਿ ਜਾਂਦੇ ਅਤੇ ਟਰੈਕਟਰ ਤੇ ਚੜ੍ਹਦੇ ਨੇ ਪੰਜ। ਟਰਾਲੀ ਵਿਚ ਲੋੜੀਂਦਾ ਸਮਾਨ ਵੀ ਹੁੰਦਾ- ਰਾਸ਼ਨ, ਬਾਲਣ, ਝੰਡਿਆਂ ਲਈ ਡੰਡੇ, ਕੱਪੜੇ ਲੀੜੇ, ਗੱਦੇ ਬਿਸਤਰੇ। ਟਰੈਕਟਰ ਨੂੰ ਇੰਨੇ ਦੂਰ ਦੀ ਸੋਚਣ ਦੀ ਲੋੜ ਨਹੀਂ ਜੇ ਟਰਾਲੀ ਮਗਰ ਹੋਵੇ। ਟਰੈਕਟਰ ਇਕੱਲਾ ਹੋਵੇ ਤਾਂ ਭਾਵੇਂ ਇੱਕ ਟਾਇਰ ਤੇ ਮੁੜ ਜਾਵੇ। ਇਕੱਲੇ ਟਰੈਕਟਰ ਨੂੰ ਅੱਗੇ ਤੋਰਨਾ ਹੋਵੇ, ਤੇ ਭਾਵੇਂ ਬੈਕ ਕਰਨਾ ਹੋਵੇ, ਬੱਸ ਇੱਕ ਗੀਅਰ ਦੀ ਹਰਕਤ ਹੈ ਪਰ ਟਰਾਲੀ ਨਾਲ ਜੁੜਿਆ ਟਰੈਕਟਰ ਮੋੜ ਕੱਟਣ ਲੱਗਿਆ ਸੌ ਕੁਝ ਦੇਖਦਾ ਹੈ; ਤੇ ਟ੍ਰਾਲੀ ਬੈਕ ਕਰਨੀ ਤਾਂ ਬਾਕਾਇਦਾ ਕਲਾ ਹੈ। ਇਹ ਵੀ ਇੱਕ ਕਾਰਨ ਲਗਦੈ ਕਿ ਇਸ ਅੰਦੋਲਨ ਵਿਚ ਟਰੈਕਟਰਾਂ ਦੇ ਅੱਗੇ ਵਧਦੇ ਰਹਿਣ ਜਾਂ ਰੁਕੇ ਰਹਿਣ ਤੱਕ ਤਾਂ ਸਭ ਠੀਕ ਹੈ, ‘ਬੈਕ’ ਜਾਣਾ ‘ਹਾਦਸੇ’ ਵਰਗੀ ਗੱਲ ਹੋਵੇਗੀ। ਇਹ ਗੱਲ ਇਸ ਸੰਘਰਸ਼ ਦੀ ਲੀਡਰਸ਼ਿਪ ਜਾਂ ਹੋਰ ਟਿੱਪਣੀਕਾਰਾਂ ਦੀਆਂ ਗੱਲਾਂ ਵਿਚ ਬੜੀ ਸਪੱਸ਼ਟ ਨਜ਼ਰ ਆਉਂਦੀ ਹੈ। ਸੰਘਰਸ਼ ਦਾ ਜੋ ਰੂਪ ਇਸ ਵਾਰ ਉਭਰਿਆ ਹੈ, ਉਸ ਵਿਚ ਭਾਵੇਂ ਟਰੈਕਟਰਾਂ ਦੇ ਬੈਰੀਕੇਡ ਪੱਟਣ ਵਾਲੇ ਜੋਸ਼ ਦੀ ਬੜੀ ਅਹਿਮ ਭੂਮਿਕਾ ਰਹੀ ਅਤੇ ਸ਼ਲਾਘਾ ਵੀ ਹੋਈ ਹੈ ਲੇਕਿਨ ਅੰਤ ਨੂੰ ਟਰਾਲੀਆਂ ਦਾ ਠੰਢੇ ਮਤੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਪੜਾਅ ਕਰ ਜਾਣਾ ਹੀ ਇਸ ਦੀ ਮੁੱਖ ਧਾਰਾ ਬਣ ਗਈ ਹੈ। ਟਰੈਕਟਰ ਤੇ ਟ੍ਰਾਲੀ ਦਾ ਦੁਵੱਲਾ ਸਬੰਧ ਹੀ ਇਸ ਸੰਘਰਸ਼ ਦੀ ਜਿੰਦ ਜਾਨ ਹੈ। ਟਰੈਕਟਰ ਕੁਝ ਮੌਕਿਆਂ ਦੇ ਚੈਂਪੀਅਨ ਬਣੇ ਅਤੇ ਟਰਾਲੀਆਂ ਦਾ ਦੌਰ ਲਈ ਆਏ ਹਨ।
ਅਸੀਂ ਕਾਰਲ ਮਾਰਕਸ ਦੇ ਮਸ਼ਹੂਰ ਕਥਨ ਦੀ ਤਰਜ਼ ਤੇ ਕਹਿ ਸਕਦੇ ਹਾਂ: ਟਰੈਕਟਰਜ਼ ਵ੍ਹੈੱਨ ਫੌਲੋਡ ਬਾਈ ਟ੍ਰਾਲੀਜ਼ ਬਿਕਮ ਏ ਫੋਰਸ (tractors when followed by trolleys become a force); ਮਤਲਬ, ਟਰੈਕਟਰਾਂ ਪਿੱਛੇ ਜਦੋਂ ਟ੍ਰਾਲੀਆਂ ਦਾ ਲਾਰਾ ਤੁਰਦਾ ਹੈ ਤਾਂ ਤਾਕਤ ਬਣਦੀ ਹੈ।
ਸੰਪਰਕ: 98781-34728