ਸ਼ਿਵੰਦਰ ਕੌਰ
ਰਾਤ ਦਾ ਆਖਰੀ ਹਿੱਸਾ ਦਿਨ ਦੇ ਆਰੰਭਕ ਹਿੱਸੇ ਨੂੰ ਜੀ ਆਇਆਂ ਕਹਿੰਦਾ ਹਨੇਰੇ ਨੂੰ ਸਮੇਟ ਕੇ ਤੁਰ ਗਿਆ ਸੀ। ਸੱਜਰੀ ਸਵੇਰ ਸੂਹੀਆਂ ਕਿਰਨਾਂ ਨਾਲ ਚਾਰ ਚੁਫੇਰੇ ਰੋਸ਼ਨੀ ਖਿਲਾਰ ਰਹੀ ਸੀ। ਸਵੇਰ ਜੋ ਕਦੇ ਧੁੰਦ ਗ਼ੁਬਾਰ ਵਿਚ ਲਿਪਟੀ ਉਦਾਸ ਜਿਹੀ ਹੁੰਦੀ ਹੈ ਤੇ ਕਦੇ ਭਾਰੇ ਬੂਟਾਂ ਦੀ ਦਗੜ ਦਗੜ ਹੇਠ ਸਹਿਮੀ ਜਿਹੀ ਹੁੰਦੀ ਹੈ ਪਰ ਪਿਛਲੇ ਛੇ ਕੁ ਮਹੀਨਿਆਂ ਤੋਂ ਚੜ੍ਹਦੀ ਸੱਜਰੀ ਸਵੇਰ ਲਾਲ ਸੂਹੀਆਂ ਕਿਰਨਾਂ ਨਾਲ ਆਲੇ ਦੁਆਲੇ ਨੂੰ ਰੁਸ਼ਨਾ ਰਹੀ ਹੈ। ਇਸ ਦੀਆਂ ਕਿਰਨਾਂ ਨੇ ਔਰਤ ਦੀ ਜ਼ਿੰਦਗੀ ਵਿਚ ਨਵੀਂ ਚੇਤਨਾ ਪੈਦਾ ਕੀਤੀ ਹੈ।
ਔਰਤ ਪ੍ਰਤੀ ਮਰਦ ਦੀ ਨਕਾਰਾਤਮਕ ਸੋਚ ਦੀਆਂ ਜੜ੍ਹਾਂ ਸਾਡੇ ਸਮਾਜ ਵਿਚ ਬਹੁਤ ਡੂੰਘੀਆਂ ਲੱਗੀਆਂ ਹੋਈਆਂ ਹਨ। ਮਨੂੰਵਾਦੀਆਂ ਦੀ ਸੋਚ ਮੁਤਾਬਕ ਔਰਤ ਪਤੀ ਦੀ ਮਲਕੀਅਤ ਹੈ। ਉਸ ਦਾ ਕੰਮ ਬੱਚੇ ਪੈਦਾ ਕਰਨੇ ਹਨ। ਜੀਵਨ ਦੇ ਕਿਸੇ ਵੀ ਖੇਤਰ ਵਿਚ ਵੀ ਔਰਤ ਅੱਖਾਂ ਉਤਾਂਹ ਚੁੱਕ ਕੇ ਨਹੀਂ ਦੇਖ ਸਕਦੀ ਅਤੇ ਉਸ ਦੀ ਹਰ ਗੱਲ ਦਾ ਫੈਸਲਾ ਮਰਦ ਨੇ ਕਰਨਾ ਹੈ। ਉਸ ਨੂੰ ‘ਜ਼ਹਿਰ ਦੀ ਗੰਦਲ’ ਤੱਕ ਕਿਹਾ ਗਿਆ ਹੈ। ਸੰਤ ਕਵੀ ਤੁਲਸੀ ਦਾਸ ਔਰਤ ਨੂੰ ਕੁੱਟਣ ਦੀ ਅਤਿ ਘਿਨਾਉਣੀ ਹਰਕਤ ਨੂੰ ਜਾਇਜ਼ ਠਹਿਰਾਉਂਦੇ ਹੋਏ ਫ਼ਰਮਾਉਂਦੇ ਹਨ: ਢੋਰ ਗੰਵਾਰ ਸ਼ੂਦਰ ਪਸ਼ੂ ਨਾਰੀ। ਯੇ ਸਭ ਤਾੜਨ ਕੇ ਅਧਿਕਾਰੀ। ਕਈ ਹੋਰ ਗ੍ਰੰਥ ਵੀ ਹਨ ਜਿਨ੍ਹਾਂ ਵਿਚ ਔਰਤ ਨੂੰ ਜ਼ਲੀਲ ਕੀਤਾ ਗਿਆ ਹੈ। ਘਰਾਂ ਅਤੇ ਸਮਾਜ ਵਿਚ ਔਰਤ ਦਾ ਸਥਾਨ ਮਰਦਾਂ ਨਾਲੋਂ ਨੀਵਾਂ ਮੰਨਿਆ ਜਾਂਦਾ ਹੈ। ਉਘੀ ਲਿਖਾਰੀ ਦਲੀਪ ਕੌਰ ਟਿਵਾਣਾ ਦੇ ਸ਼ਬਦਾਂ ਵਿਚ ‘ਇੱਕ ਔਰਤ ਕੀ ਕੁਝ ਨਹੀਂ ਸਮਝੀ ਗਈ, ਇੱਕ ਇਨਸਾਨ ਤੋਂ ਸਿਵਾ।’
ਔਰਤਾਂ ਇਨ੍ਹਾਂ ਸਾਰੀਆਂ ਰੂੜੀਵਾਦੀ ਸੋਚਾਂ ਨੂੰ ਪਿਛਾੜ ਕੇ ਅੱਜ ਦੇ ਕਿਸਾਨ ਸੰਘਰਸ਼ ਦੀ ਜਿੰਦਜਾਨ ਬਣੀਆਂ ਹੋਈਆਂ ਹਨ। ਉਹ ਵੱਡੀ ਗਿਣਤੀ ਵਿਚ ਸੜਕਾਂ ਤੇ ਆ ਗਈਆਂ ਹਨ। ਸਭ ਕੁਝ ਚੁੱਪ-ਚੁਪੀਤੇ ਦੇਖਣ ਦੀ ਥਾਂ ਉਹ ਸੰਘਰਸਾਂ ਦਾ ਹਿੱਸਾ ਬਣ ਰਹੀਆਂ ਹਨ। ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਨੂੰ ਬਚਾਉਣ ਲਈ ਨਵੀਂ ਕਿਸਮ ਦੀ ਜੰਗ ਲੜ ਰਹੀਆਂ ਹਨ। ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਨੂੰ ਜਿੱਤ ਤੱਕ ਲੈ ਜਾਣ ਲਈ ਉਹ ਜ਼ੋਰਦਾਰ ਭੂਮਿਕਾ ਨਿਭਾਅ ਰਹੀਆਂ ਹਨ।
ਇਸ ਸੰਘਰਸ਼ ਨੇ ਸਾਡੇ ਸਾਹਮਣੇ ਬੜਾ ਕੁਝ ਨਵਾਂ ਸਿਰਜ ਦਿੱਤਾ ਹੈ। ਸਾਡੀਆਂ ਮਾਵਾਂ ਦਾਦੀਆਂ ਜੋ ਕੱਲ੍ਹ ਤੱਕ ਪਰਿਵਾਰ ਦੇ ਨਿੱਘ ਦੀ ਛਾਂ ਮਾਣਦੀਆਂ ਮੰਜੇ ਤੇ ਬੈਠੀਆਂ ਸਮਾਂ ਲੰਘਾਉਂਦੀਆਂ ਸਨ, ਅੱਜ ਦਿੱਲੀ ਦੇ ਮਾਰਗਾਂ ਤੇ ਪ੍ਰਦਰਸ਼ਨਾਂ ਦਾ ਹਿੱਸਾ ਬਣੀਆਂ ਹੋਈਆਂ ਹਨ। ਉਹ ਉੱਥੇ ਬੈਠੀਆਂ ਸਬਜ਼ੀ ਕੱਟ ਰਹੀਆਂ ਹਨ, ਬਰਤਨ ਸਾਫ਼ ਕਰ ਰਹੀਆਂ ਹਨ, ਆਪਣੇ ਪੁੱਤ ਪੋਤਿਆਂ ਨੂੰ ਹੌਸਲਾ ਦੇ ਰਹੀਆਂ ਹਨ, ਉਨ੍ਹਾਂ ਦੀ ਤਾਕਤ ਬਣ ਰਹੀਆਂ ਹਨ। ਕੜਾਕੇ ਦੀ ਠੰਢ ਦੀ ਪਰਵਾਹ ਨਾ ਕਰਦੀਆਂ ਇਤਿਹਾਸ ਦਾ ਨਵਾਂ ਵਰਕਾ ਲਿਖ ਰਹੀਆਂ ਹਨ।
ਸਾਡੀਆਂ ਧੀਆਂ ਭੈਣਾਂ ਧਰਨੇ ਵਿਚ ਬੈਠੀਆਂ ਕਿਸਾਨ ਸੰਘਰਸ਼ ਨੂੰ ਉਤਸ਼ਾਹਿਤ ਕਰਦੇ ਨਵੇਂ ਗੀਤ, ਨਵੀਆਂ ਬੋਲੀਆਂ ਸਿਰਜ ਕੇ ਸੰਘਰਸ਼ ਨੂੰ ਹੁਲਾਰਾ ਦੇ ਰਹੀਆਂ ਹਨ। ਉਨ੍ਹਾਂ ਨੇ ‘ਜਾਗੋ ਆਈ ਆ’ ਵਿਚ ਅਜਿਹੇ ਟੱਪੇ ਜੋੜੇ ਹਨ ਜੋ ਹਾਕਮਾਂ ਨੂੰ ਧੁਰ ਅੰਦਰ ਕਾਂਬਾ ਛੇੜ ਰਹੇ ਹਨ।
ਇਸ ਸੰਘਰਸ਼ ਨੇ ਸਾਡੇ ਸੱਭਿਆਚਾਰ ਨੂੰ ਨਰੋਏ ਅਤੇ ਵੱਖਰੇ ਰਾਹ ਤੋਰ ਦਿੱਤਾ ਹੈ। ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਘਰੋਂ ਬਾਹਰ ਜਾਣ ਸਮੇਂ ਇਕੱਲੀਆਂ ਘੱਲਣ ਤੋਂ ਡਰਦੇ ਸੀ। ਵਾਹ ਲੱਗਦੀ, ਘਰ ਦੇ ਮਰਦਾਂ ਵਿਚੋਂ ਕੋਈ ਨਾ ਕੋਈ ਨਾਲ ਜਾਂਦਾ ਸੀ। ਅੱਜ ਸਾਡੀਆਂ ਧੀਆਂ ਭੈਣਾਂ ਦਿੱਲੀ ਦੇ ਕੌਮੀ ਮਾਰਗਾਂ ਤੇ ਸੰਘਰਸ਼ ਨੂੰ ਮੱਘਦਾ ਰੱਖਣ ਲਈ ਆਪਣੀ ਜ਼ੋਰਦਾਰ ਭੂਮਿਕਾ ਨਿਭਾ ਰਹੀਆਂ ਹਨ। ਨੌਜਵਾਨ ਅਤੇ ਬਜ਼ੁਰਗਾਂ ਵਿਚ ਬੇਖੌਫ ਬੈਠੀਆਂ ਉਹ ਔਰਤਾਂ ਦੀ ਨਵੀਂ ਭੂਮਿਕਾ ਲਿਖ ਰਹੀਆਂ ਹਨ।
ਜਿੱਥੇ ਇਹ ਸੰਘਰਸ਼ ਸਰਕਾਰਾਂ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਕਿਸਾਨੀ ਨੂੰ ਲੁੱਟਣ ਦੀ ਦਿੱਤੀ ਖੁੱਲ੍ਹੀ ਛੁੱਟੀ ਖ਼ਿਲਾਫ਼ ਮਜ਼ਦੂਰਾਂ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਲੜਿਆ ਜਾ ਰਿਹਾ ਹੈ। ਉੱਥੇ ਔਰਤਾਂ ਵਲੋਂ ਵੀ ਇਸ ਸੰਘਰਸ਼ ਵਿਚ ਘਰ ਦੀਆਂ ਵਲਗਣਾਂ ਵਿਚੋਂ ਬਾਹਰ ਨਿਕਲ ਕੇ ਬਰਾਬਰ ਦਾ ਹਿੱਸਾ ਪਾਇਆ ਜਾ ਰਿਹਾ ਹੈ। ਤਹੱਤਰ ਸਾਲਾਂ ਦੀ ਨਵਰੂਪ ਕੌਰ ਖੁਦ ਟਰੈਕਟਰ ਚਲਾ ਕੇ ਟਰਾਲੀ ਵਿਚ ਆਪਣੀਆਂ ਸਾਥਣਾਂ ਨੂੰ ਬਿਠਾ ਕੇ ਆਉਂਦੀ ਦੇਖੀ ਜਾ ਸਕਦੀ ਹੈ। ਰਾਜਸਥਾਨ ਅਤੇ ਹਰਿਆਣੇ ਦੀਆਂ ਔਰਤਾਂ ਵੀ ਪੁਰਾਣੀਆਂ ਮਿੱਥਾਂ ਤੋੜ ਕੇ ਆਪ ਟਰੈਕਟਰ ਚਲਾ, ਇਸ ਸੰਘਰਸ਼ ਨੂੰ ਮਘਦਾ ਰੱਖਣ ਲਈ ਯੋਗਦਾਨ ਪਾ ਰਹੀਆਂ ਹਨ। ਔਰਤਾਂ ਦੀ ਦ੍ਰਿੜਤਾ ਅਤੇ ਹੌਸਲਾ ਦੇਸ਼ ਦੀਆਂ ਹੋਰ ਔਰਤਾਂ ਲਈ ਮਿਸਾਲ ਬਣ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਬਦਲਾਓ ਲਈ ਤਿਆਰ ਕਰ ਰਿਹਾ ਹੈ।
ਆਪਣੇ ਇਸ ਸੰਘਰਸ਼ ਦੀ ਜੋਤ ਨੂੰ ਲਟ ਲਟ ਬਲਦਾ ਰੱਖਣ ਲਈ ਦੋ ਬੀਬੀਆਂ ਫ਼ੌਤ ਗਈਆਂ। ਉਨ੍ਹਾਂ ਦਾ ਥਾਂ ਪੂਰਨ ਲਈ ਘਰ ਛੱਡ ਹਜ਼ਾਰਾਂ ਦੀ ਗਿਣਤੀ ਵਿਚ ਹੋਰ ਪਹੁੰਚ ਰਹੀਆਂ ਹਨ। ਜਿਹੜੀਆਂ ਬੀਬੀਆਂ ਕਦੇ ਘਰਾਂ ਤੋਂ ਬਾਹਰ ਨਹੀਂ ਨਿਕਲੀਆਂ ਸਨ, ਉਹ ਅੱਜ ਦਿੱਲੀ ਬਾਰਡਰਾਂ ਉੱਤੇ ਬੈਠੀਆਂ ਮੀਡੀਆ ਵਾਲਿਆਂ ਨਾਲ ਖੁੱਲ੍ਹ ਕੇ ਗੱਲ ਕਰ ਰਹੀਆਂ ਹਨ। ਜਦੋਂ ਉਹ ਇਨ੍ਹਾਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਦੇ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦੀਆਂ ਹਨ ਤਾਂ ਉਹ ਇਨ੍ਹਾਂ ਘਰੇਲੂ ਔਰਤਾਂ ਦੇ ਮੂੰਹ ਵੱਲ ਤੱਕਦੇ ਰਹਿ ਜਾਂਦੇ ਹਨ।
ਇਸ ਸੰਘਰਸ਼ ਦੇ ਨਤੀਜੇ ਕੀ ਨਿਕਲਦੇ ਹਨ, ਇਹ ਤਾਂ ਆਉਣ ਵਾਲੇ ਸਮੇਂ ਵਿਚ ਪਤਾ ਲੱਗਣਾ ਹੈ ਪਰ ਇਸ ਸੰਘਰਸ਼ ਨੇ ਔਰਤਾਂ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਹ ਆਪਣੇ ਰਾਹਾਂ ਦੀਆਂ ਬੰਦਿਸ਼ਾਂ ਤੋੜ ਕੇ ਨਵੇਂ ਦਿਸਹੱਦਿਆਂ ਵੱਲ ਮਾਣਮੱਤੇ ਕਦਮ ਚੁੱਕ ਰਹੀਆਂ ਹਨ। ਉਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਔਰਤ ਜਾਤੀ ਦਾ ਸ਼ੋਸ਼ਣ ਕਰਨ ਵਾਲੇ, ਉਸ ਨੂੰ ਜ਼ਲੀਲ ਕਰਨ ਵਾਲੇ ਕਥਨਾਂ ਤੇ ਫਤਵਿਆਂ-ਫ਼ਰਮਾਨਾਂ ਲਈ ਹੁਣ ਕੋਈ ਸਥਾਨ ਨਹੀਂ। ਉਹ ਇਸ ਸੰਘਰਸ਼ ਰਾਹੀਂ ਇਤਿਹਾਸ ਦੇ ਨਵੇਂ ਪੰਨੇ ਸਿਰਜ ਰਹੀਆਂ ਹਨ। ਉਨ੍ਹਾਂ ਦੀ ਜ਼ਿੰਦਗੀ ਵਿਚ ਆਈ ਇਸ ਸੂਹੀ ਸਵੇਰ ਨੂੰ ਸਲਾਮ।
ਸੰਪਰਕ: 76260-63596