ਪਿਛਲੇ ਕੁਝ ਦਿਨਾਂ ਤੋਂ ਅਜ਼ਰਬਾਇਜਾਨ ਅਤੇ ਆਰਮੇਨੀਆ ਵਿਚਕਾਰ ਯੁੱਧ ਚੱਲ ਰਿਹਾ ਹੈ ਜਿਹੜਾ ਨਾਗੋਰਨੋ-ਕਰਾਬਾਖ ਦੇ ਇਲਾਕੇ ਲਈ ਦੋਹਾਂ ਦੇਸ਼ਾਂ ਵਿਚਲੇ ਵਿਵਾਦ ਦੇ ਕਾਰਨ ਹੈ। ਚਿਰਾਂ ਤੋਂ ਚੱਲ ਰਹੇ ਇਸ ਵਿਵਾਦ ਨਾਲ ਜੁੜੀਆਂ ਕੁਝ ਯਾਦਾਂ ਸਾਂਝੀਆਂ ਕਰ ਰਿਹਾ ਹਾਂ।…
1989 ਦੇ ਸਤੰਬਰ ਮਹੀਨੇ ਮੈਨੂੰ ਉਚੇਰੀ ਸਿੱਖਿਆ ਲਈ ਸੋਵੀਅਤ ਯੂਨੀਅਨ ਜਾਣ ਦਾ ਮੌਕਾ ਮਿਲਿਆ। ਭਾਪਾ ਜੀ ਭਾਰਤੀ ਕਮਿਊਨਿਸਟ ਪਾਰਟੀ ਦੇ ਕੁੱਲ-ਵਕਤੀ ਮੈਂਬਰ ਸਨ, ਇਸ ਕਰ ਕੇ ਕਿਸੇ ਇੱਕ ਸਮਾਜਵਾਦੀ ਦੇਸ਼ (ਸੋਵੀਅਤ ਯੂਨੀਅਨ, ਪੂਰਬੀ ਜਰਮਨੀ, ਪੋਲੈਂਡ, ਬੁਲਗਾਰੀਆ, ਰੋਮਾਨੀਆ, ਹੰਗਰੀ, ਚੈਕੋਸਲੋਵਾਕੀਆ) ਪੜ੍ਹਨ ਜਾ ਸਕਦਾ ਸੀ। ਮੇਰੀ ਚੋਣ ਸੋਵੀਅਤ ਯੂਨੀਅਨ ਲਈ ਹੋਈ। ਕੁੱਲ ਛੇ ਵਰ੍ਹੇ ਰਹਿਣਾ-ਪੜ੍ਹਨਾ ਸੀ। ਦੋ ਸਤੰਬਰ ਨੂੰ ਮਾਸਕੋ ਪਹੁੰਚਿਆ ਜਿਥੋਂ ਅੱਗੇ ਇੱਕ ਸਾਲ ਦੀ ਆਰੰਭਕ ਸਿੱਖਿਆ ਲਈ ਸੋਵੀਅਤ ਗਣਰਾਜ ਅਜ਼ਰਬਾਇਜਾਨ ਦੀ ਰਾਜਧਾਨੀ ਬਾਕੂ ਵਿਚ ਭੇਜ ਦਿੱਤਾ ਗਿਆ।
ਬਾਕੂ ਪੁੱਜਦੇ ਸਾਰ ਜਿਹੜੀ ਗੱਲ ਮੈਂ ਨੋਟ ਕੀਤੀ, ਉਹ ਸੀ ਮਾਸਕੋ ਅਤੇ ਬਾਕੂ ਵਿਚ ਵਸਦੇ ਲੋਕਾਂ ਦੇ ਰਹਿਣ-ਸਹਿਣ, ਵਿਚਰਨ ਦਾ ਅੰਤਰ। ਮਾਸਕੋ ਵਿਚ ਆਪਣੀ 10-12 ਦਿਨਾਂ ਦੀ ਰਿਹਾਇਸ਼ ਦੇ ਦੌਰਾਨ ਮੈਂ ਦੇਖਿਆ ਕਿ ਮਾਸਕੋ ਵਿਚ ਜਿੱਥੇ ਲੋਕ ਜ਼ਿਆਦਾ ਅਨੁਸ਼ਾਸਤ ਸਨ, ਉਥੇ ਬਾਕੂ ਵਿਚ ਬੇਪਰਵਾਹ। ਜ਼ਮੀਨ-ਅਸਮਾਨ ਦਾ ਅੰਤਰ। ਕਹਿਣ ਨੂੰ ਇਹ ਸੋਵੀਅਤ ਰਾਜ ਸੀ ਪਰ ਮਹਿਸੂਸ ਹੁੰਦਾ ਸੀ ਕਿ ਲੋਕ ਇਸ ਰਾਜ ਤੋਂ ਅੱਕ ਚੁਕੇ ਹਨ, ਤੇ ਗਾਹੇ-ਬਗਾਹੇ ਇਸ ਬਾਰੇ ਜ਼ਾਹਿਰ ਵੀ ਕਰਦੇ ਸਨ। ਨਿਯਮਾਂ-ਕਾਨੂੰਨਾਂ ਦੀ ਉਲੰਘਣਾ ਕਰ ਕੇ ਮਾਣ ਮਹਿਸੂਸ ਕਰਦੇ ਸਨ; ਜਿਵੇਂ ਬੱਸਾਂ ਵਿਚ ਕੰਡਕਟਰ ਟਿਕਟ ਨਹੀਂ ਸੀ ਦਿੰਦਾ, ਸਿਰਫ ਪੈਸੇ ਲੈਂਦਾ ਸੀ ਅਤੇ ਸਫਰ ਕਰਵਾਉਂਦਾ ਸੀ; ਹੋਸਟਲ ਵਿਚ ਮਨਚਾਹਿਆ ਕਮਰਾ ਲੈਣ ਲਈ ਮਾਰਲਬੋਰੋ ਦਾ ਡੱਬਾ ਜਾਂ ਚਮੜੇ ਦੀ ਜੈਕੇਟ ਕੰਮ ਕਰ ਜਾਂਦੇ ਸਨ। ਰੂਸੀ ਬੋਲਣ ਵਾਲੇ ਨੂੰ ਬਹੁਤ ਚੰਗੀ ਨਿਗ੍ਹਾ ਨਾਲ ਨਹੀਂ ਸੀ ਦੇਖਿਆ ਜਾਂਦਾ।
ਆਉਣ ਤੋਂ ਕੁਝ ਦਿਨ ਬਾਅਦ ਹੀ ਪਤਾ ਲੱਗ ਗਿਆ ਕਿ ਅਜ਼ਰਬਾਇਜਾਨ (ਮੁਸਲਿਮ ਬਹੁਗਿਣਤੀ) ਦਾ ਗੁਆਂਢੀ ਰਾਜ ਆਰਮੇਨੀਆ (ਈਸਾਈ ਬਹੁਗਿਣਤੀ) ਨਾਲ ਪੁਰਾਣਾ ਸੀਮਾ ਵਿਵਾਦ ਚੱਲ ਰਿਹਾ ਹੈ ਜਿਹੜਾ ਕਈ ਵਾਰ ਭਿਆਨਕ ਰੂਪ ਲੈ ਚੁੱਕਾ ਹੈ। ਇਹ ਵਿਵਾਦ ਨਾਗੋਰਨੋ-ਕਰਾਬਾਖ ਦੇ ਖੇਤਰ ਕਰ ਕੇ ਹੈ ਜਿਥੇ ਆਰਮੇਨੀਅਨ ਲੋਕਾਂ ਦੀ ਬਹੁਗਿਣਤੀ ਹੈ ਪਰ ਹੈ ਇਹ ਇਲਾਕਾ ਅਜ਼ਰਬਾਇਜਾਨ ਦੀ ਸੀਮਾ ਦੇ ਅੰਦਰ। ਕਹਿੰਦੇ ਸਨ ਕਿ ਸਟਾਲਿਨ ਨੇ ਤੁਰਕੀ ਨੂੰ ਖੁਸ਼ ਕਰਨ ਅਤੇ ਉਸ ਨੂੰ ਕਿਸੇ ਤਰ੍ਹਾਂ ਸੋਵੀਅਤ ਯੂਨੀਅਨ ਵਿਚ ਸ਼ਾਮਿਲ ਕਰਨ ਲਈ ਇਹ ਰੱਫ਼ੜ ਪਾਇਆ ਸੀ; ਹਾਲਾਂਕਿ ਨਾ ਤਾਂ ਕਦੇ ਤੁਰਕੀ ਸੋਵੀਅਤ ਯੂਨੀਅਨ ਦਾ ਹਿੱਸਾ ਬਣ ਸਕਿਆ ਅਤੇ ਨਾ ਅੱਜ ਤੱਕ ਇਹ ਰੱਫ਼ੜ ਮੁਕ ਸਕਿਆ।
ਬਾਕੂ ਵਿਚ ਚਾਰ ਕੁ ਮਹੀਨੇ ਲੰਘ ਗਏ। 1990 ਦੀ ਜਨਵਰੀ ਦੇ ਦਿਨ ਸਨ। ਠੰਢ ਕਾਫੀ ਸੀ। ਇੱਕ ਦਿਨ ਸ਼ਾਮ ਨੂੰ ਇੱਕ ਸੀਨੀਅਰ ਨੇ ਆ ਕੇ ਦੱਸਿਆ ਕਿ ਸ਼ਹਿਰ ਵਿਚ ਕਾਫੀ ਤਣਾਅ ਹੈ। ਅਜ਼ਰਬਾਇਜਾਨੀ ਆਰਮੇਨੀਅਨ ਲੋਕਾਂ ਦੇ ਘਰਾਂ ਅੰਦਰ ਵੜ ਵੜ ਕੇ ਉਨ੍ਹਾਂ ਨੂੰ ਮਾਰ ਰਹੇ ਹਨ, ਉਨ੍ਹਾਂ ਨਾਲ ਮਾੜਾ ਸਲੂਕ ਕਰ ਰਹੇ ਹਨ। ਕਾਫੀ ਲੋਕ ਮਰ ਗਏ ਹਨ। ਪਤਾ ਲੱਗਾ ਕਿ ਲੋਕ ਸੋਵੀਅਤ ਯੂਨੀਅਨ ਤੋਂ ਆਜ਼ਾਦ ਹੋਣ ਲਈ ਜਲਸੇ-ਮੁਜ਼ਾਹਰੇ ਕਰ ਰਹੇ ਸਨ ਕਿ ਭੀੜ ਵਿਚੋਂ ਕੁਝ ਸ਼ਰਾਰਤੀ ਅਨਸਰਾਂ ਨੇ ਕੱਲ੍ਹ ਇਹ ਕਾਰਾ ਕੀਤਾ ਸੀ। ਹੈਰਾਨੀ ਦੀ ਗੱਲ ਤਾਂ ਇਹ ਸੀ ਕੀ ਸਥਾਨਕ ਪੁਲੀਸ/ਪ੍ਰਸ਼ਾਸਨ ਇਸ ਹਿੰਸਾ ਨੂੰ ਰੋਕਣ ਲਈ ਕੁਝ ਵੀ ਨਹੀਂ ਕਰ ਰਿਹਾ ਸੀ।
ਉਨ੍ਹਾਂ ਹੀ ਦਿਨਾਂ ਵਿਚ ਵਿਸ਼ਵ ਹਿੰਦੂ ਪਰਿਸ਼ਦ ਨੇ ਰਾਮ ਮੰਦਿਰ ਦਾ ਨੀਂਹ ਪੱਥਰ ਵੀ ਰੱਖਿਆ ਸੀ ਜਿਸ ਕਾਰਨ ਭਾਰਤ ਵਿਚ ਵੀ ਤਣਾਅ ਦਾ ਮਾਹੌਲ ਸੀ। ਇਸ ਦਾ ਨਤੀਜਾ ਇਹ ਸੀ ਕਿ ਕੁਝ ਹੱਦ ਤੱਕ ਹਿੰਦੋਸਤਾਨੀਆਂ (ਹਿੰਦੂਆਂ) ਨੂੰ ਵੀ ਅਜ਼ਰਬਾਇਜਾਨੀਆਂ ਦੀ ਤੰਗ-ਦਿਲੀ/ਸ਼ਬਦੀ ਈਰਖਾ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਖ਼ੈਰ, ਅਸੀਂ ਉਨ੍ਹਾਂ ਦਿਨਾਂ ਵਿਚ ਅੰਦਰ-ਬਾਹਰ ਜਾਣਾ ਕਾਫੀ ਘਟਾ ਦਿੱਤਾ।
ਦਿਨੋ-ਦਿਨ ਅਜ਼ਰਬਾਇਜਾਨੀਆਂ ਅਤੇ ਆਰਮੇਨੀਅਨਾਂ ਵਿਚਕਾਰ ਨਸਲੀ ਤਣਾਅ ਵਧਣ ਲੱਗਾ। ਇਸ ਘਟਨਾ ਤੋਂ ਹਫਤੇ ਕੁ ਮਗਰੋਂ ਅਚਾਨਕ ਇੱਕ ਦਿਨ ਰਾਤ ਵੇਲੇ ਭਾਰੀ ਵਾਹਨਾਂ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਹੋਸਟਲ ਮੁੱਖ ਸੜਕ ਦੇ ਨੇੜੇ ਹੋਣ ਕਰ ਕੇ ਇਹ ਆਵਾਜ਼ਾਂ ਸਾਫ ਸੁਣ ਰਹੀਆਂ ਸਨ। ਪਤਾ ਲੱਗਾ ਕਿ ਮਾਸਕੋ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਹਜ਼ਾਰਾਂ ਦੀ ਤਾਦਾਦ ਵਿਚ ਸੋਵੀਅਤ ਫੌਜਾਂ, ਟੈਂਕਾਂ ਸਮੇਤ ਬਾਕੂ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਆਣ ਵੜੀਆਂ ਹਨ। ਅਜ਼ਰਬਾਇਜਾਨੀਆਂ-ਆਰਮੇਨੀਅਨਾਂ ਦੇ ਵਿਵਾਦ ਦੀ ਆੜ ਵਿਚ ਉਹ ਆਜ਼ਾਦੀ ਦੀ ਚੰਗਿਆੜੀ ਬੁਝਾਉਣ ਲਈ ਆਈਆਂ ਸਨ। ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਗਟ ਕਰਦੇ ਲੋਕਾਂ, ਆਮ ਲੋਕਾਂ ਉੱਪਰ ਰੱਜ ਕੇ ਗੋਲੀਆਂ ਬਰਸਾਈਆਂ। ਚਲਦੀਆਂ ਗੱਡੀਆਂ ਉੱਤੇ ਟੈਂਕ ਚੜ੍ਹਾਏ, ਹਸਪਤਾਲਾਂ, ਘਰਾਂ, ਬਿਲਡਿੰਗਾਂ ਉੱਤੇ ਗੋਲੀਆਂ ਵਰ੍ਹਾਈਆਂ। ਸੈਂਕੜੇ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਸੈਂਕੜੇ ਜ਼ਖਮੀ ਹੋ ਗਏ। ਇਹ ਅਤਿਆਚਾਰ ਕਈ ਦਿਨ ਚਲਦਾ ਰਿਹਾ। ਸ਼ਾਮ ਹੁੰਦਿਆਂ ਹੀ ਸਭ ਲਾਈਟਾਂ ਬੰਦ ਹੋ ਜਾਂਦੀਆਂ ਸਨ। ਖਿੜਕੀਆਂ ਉੱਤੇ ਅਸੀਂ ਮੋਟੀਆਂ ਚਾਦਰਾਂ ਚੜ੍ਹਾ ਲੈਂਦੇ ਸਾਂ ਕਿ ਕਿਤੇ ਹਲਕੀ ਜਿਹੀ ਰੌਸ਼ਨੀ ਵੀ ਨਾ ਦਿਸ ਜਾਵੇ। ਕਹਿੰਦੇ ਸਨ ਕਿ ਜਿਥੇ ਵੀ ਕਿਤੇ ਰੌਸ਼ਨੀ ਦਿਸੇਗੀ, ਗੋਲੀ ਚਲਾ ਦਿੱਤੀ ਜਾਵੇਗੀ। ਸੈਂਕੜੇ ਅਜ਼ਰਬਾਇਜਾਨੀ ਲੀਡਰਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ।
ਆਖਿਰਕਾਰ ਅਜ਼ਰਬਾਇਜਾਨੀਆਂ ਦੇ ਤਿੱਖੇ ਵਿਰੋਧ ਕਰ ਕੇ ਟੈਂਕ ਹਾਰ ਗਏ ਅਤੇ ਲੋਕ ਜਿੱਤ ਗਏ। ਲੋਕਾਂ ਦੀ ਏਕਤਾ ਅਤੇ ਆਜ਼ਾਦੀ ਦੇ ਦ੍ਰਿੜ ਇਰਾਦੇ ਅੱਗੇ ਗੋਲੀਆਂ ਹਾਰ ਗਈਆਂ। ਇਸ ਕਤਲੇਆਮ ਨਾਲ ਸੋਵੀਅਤ ਯੂਨੀਅਨ ਨੂੰ ਕੁਝ ਪ੍ਰਾਪਤ ਨਹੀਂ ਹੋਇਆ ਬਲਕਿ ਇਸ ਨੇ ਲੋਕਾਂ ਦੇ ਇਰਾਦਿਆਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਅਤੇ ਇਸ ਘਟਨਾ ਤੋਂ ਤਕਰੀਬਨ 18 ਮਹੀਨਿਆਂ ਬਾਅਦ ਅਜ਼ਰਬਾਇਜਾਨ ਸੋਵੀਅਤ ਯੂਨੀਅਨ ਤੋਂ ਵੱਖ ਹੋ ਗਿਆ।
ਇਹ ਸਭ ਕੁਝ ਬਹੁਤ ਡਰਾਉਣਾ ਸੀ। ਇੰਨੇ ਸੁਹਣੇ ਸ਼ਹਿਰ ਨੂੰ ਤਬਾਹ ਕਰ ਕੇ ਰੱਖ ਦਿੱਤਾ ਸੀ। ਗੋਲੀਆਂ ਨਾਲ ਵਿੰਨ੍ਹੀਆਂ ਇਮਾਰਤਾਂ, ਟੁੱਟੇ-ਭੱਜੇ ਸ਼ੀਸ਼ੇ, ਪਿਚਕੀਆਂ ਹੋਈਆਂ ਗੱਡੀਆਂ, ਵਿਰਲਾਪ ਕਰਦੀ ‘ਦਾਦੀ’ (ਹੋਸਟਲ ਦੀ ਬਜ਼ੁਰਗ ਸੇਵਾਦਾਰ), ਗਲੀ ਦੇ ਮੋੜ ਤੇ ਸੂਰਜਮੁਖੀ ਦੇ ਬੀਜ ਵੇਚਦੀ ‘ਦਾਦੀ’, ਹੋਸਟਲ ਦੇ ਨਾਲ ਲਗਦੀ ਦੁਕਾਨ ਵਾਲੀ ‘ਲੜਕੀ’ (ਸੇਲਜ਼ਗਰਲ), ਰੂਸੀ ਭਾਸ਼ਾ ਵਾਲੀ ਅਧਿਆਪਕ ਲਾਏਲਾ ਖਾਨੁਮ ਅਤੇ ਹੋਰ ਕਈ ਲੋਕ। ਇੰਜ ਲਗਦਾ ਸੀ, ਜਿਵੇਂ ਪੂਰੇ ਸ਼ਹਿਰ ਦੇ ਹਰ ਪਰਿਵਾਰ ਨੂੰ ਇਸ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਸੀ। ਇਸ ਘਟਨਾ ਤੋਂ ਬਾਅਦ ਕਈ ਕਈ ਵਰ੍ਹਿਆਂ ਤੋਂ ਉਥੇ ਵਸਦੇ ਬਹੁਤ ਸਾਰੇ ਰੂਸੀਆਂ, ਆਰਮੇਨੀਅਨਾਂ ਨੂੰ ਸ਼ਹਿਰ ਛੱਡ ਕੇ ਜਾਣਾ ਪਿਆ। ਰੂਸੀ ਭਾਸ਼ਾ ਦੀ ਅਧਿਆਪਕ ਲਯੂਬੋਵ ਮਿਖਾਇਲੋਵਨਾ ਵੀ ਉਨ੍ਹਾਂ ਵਿਚੋਂ ਇੱਕ ਸੀ ਜਿਹੜੀ ਵਾਪਿਸ ਆਪਣੇ ਜੱਦੀ ਸ਼ਹਿਰ ਓਮਸਕ (ਸਾਇਬੇਰੀਆ) ਚਲੀ ਗਈ। ਅੱਜ ਵੀ ਜਦੋਂ ਇਹ ਘਟਨਾਵਾਂ ਯਾਦ ਆਉਂਦੀਆਂ ਹਨ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
ਸੰਪਰਕ: 98147-11605