ਮਨਮੋਹਨ ਸਿੰਘ ਦਾਊਂ
ਪੰਜਾਬੀ ਸੂਬੇ ਦੀ ਮੰਗ ਦੇ ਨਤੀਜੇ ਵਜੋਂ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵੱਖ ਵੱਖ ਪ੍ਰਾਂਤ ਬਣ ਗਏ। ਚੰਡੀਗੜ੍ਹ ਨੂੰ ਆਪਣੀ ਰਾਜਧਾਨੀ ਬਣਾਉਣ ਲਈ ਪੰਜਾਬ ਤੇ ਹਰਿਆਣਾ ਝਗੜ ਪਏ। ਤਤਕਾਲੀ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਯੂਟੀ ਦਾ ਦਰਜਾ ਦੇ ਦਿੱਤਾ ਪਰ ਲੜਾਈ ਕਾਇਮ ਰਹੀ ਤੇ ਪੰਜਾਬ ਦੇ ਬਣਦੇ ਹੱਕ ਲਮਕਾ ਦਿੱਤੇ। ਉਨ੍ਹੀਂ ਦਿਨੀਂ ਡਾ. ਐੱਮਐੱਸ ਰੰਧਾਵਾ ਦਿੱਲੀ ਸਨ ਤੇ ਭਾਰਤ ਦੀ ਅੰਨ ਸਮੱਸਿਆ ਦੇ ਹੱਲ ਕਰਨ ਲਈ ਮਿਹਨਤ ਕਰ ਰਹੇ ਸਨ। ਉਹ ਪੰਜਾਬ ਆਉਣਾ ਚਾਹੁੰਦੇ ਸਨ ਅਤੇ ਚੰਡੀਗੜ੍ਹ ਦੀ ਯੋਜਨਾ ਤੇ ਵਿਕਾਸ ਉਸਾਰੀ ਲਈ ਦਿਲਚਸਪੀ ਵੀ ਰੱਖਦੇ ਸਨ। ਕੇਂਦਰੀ ਕੈਬਨਿਟ ਸਕੱਤਰ ਧਰਮਵੀਰ, ਡਾ. ਰੰਧਾਵਾ ਦੇ ਨਿੱਘੇ ਮਿੱਤਰ ਸਨ। ਉਸ ਨੇ ਡਾ. ਰੰਧਾਵਾ ਦੀ ਇੱਛਾ ਪੂਰੀ ਕਰ ਦਿੱਤੀ। ਇਸ ਦਾ ਕਾਰਨ ਇਹ ਵੀ ਸੀ ਕਿ ਪੰਜਾਬ ਸਰਕਾਰ ਨੇ 1952 ਵਿਚ ਚੰਡੀਗੜ੍ਹ ਪ੍ਰਾਜੈਕਟ ਖ਼ਾਤਿਰ ਲੈਂਡਸਕੇਪ ਕਮੇਟੀ ਬਣਾਈ ਸੀ ਤੇ ਡਾ. ਰੰਧਾਵਾ ਕਮੇਟੀ ਦੇ ਪ੍ਰਧਾਨ ਸਨ। ਕਮੇਟੀ ਵਿਚ ਲੀ-ਕਾਰਬੂਜ਼ੀਏ, ਜਾਨਰੇ ਅਤੇ ਪੀਐੱਲ ਵਰਮਾ (ਚੀਫ ਇੰਜਨੀਅਰ) ਵੀ ਸਨ। ਉਦੋਂ ਲੈਂਡਸਕੇਪ ਅਤੇ ਬਾਗਾਂ ਦੀਆਂ ਜਿੰਨੀਆਂ ਸਕੀਮਾਂ ਸਨ, ਉਹ ਡਾ. ਰੰਧਾਵਾ ਨੇ ਕਮੇਟੀ ਦੀ ਮਦਦ ਨਾਲ ਬਣਵਾਈਆਂ। ਫਿਰ ਚੰਡੀਗੜ੍ਹ ਦਾ ਸਮੁੱਚਾ ਪ੍ਰਬੰਧ ਕਰਨ ਲਈ ਡਾ. ਰੰਧਾਵਾ ਨੂੰ ਚੰਡੀਗੜ੍ਹ ਦਾ ਪਹਿਲਾ ਚੀਫ ਕਮਿਸ਼ਨਰ ਨਿਯੁਕਤ ਕੀਤਾ ਗਿਆ, ਤੇ ਉਨ੍ਹਾਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਦਾ ਮੌਕਾ ਮਿਲ ਗਿਆ। ਉਨ੍ਹਾਂ ਦੇ ਨੇੜਲੇ ਅਫਸਰ ਉਨ੍ਹਾਂ ਦੀ ਨਿਰਪੱਖਤਾ ਅਤੇ ਕਾਰਜ-ਸ਼ੈਲੀ ਤੋਂ ਬਹੁਤ ਪ੍ਰਭਾਵਿਤ ਸਨ।
ਚੀਫ ਕਮਿਸ਼ਨਰ ਬਣਨ ਬਾਅਦ ਡਾ. ਰੰਧਾਵਾ ਨੇ ਚੰਡੀਗੜ੍ਹ ਆਰਟ ਤੇ ਸਾਇੰਸ ਮਿਊਜ਼ੀਅਮ ਦੀ ਯੋਜਨਾ ਬਣਾਈ। ਇਹ ਮਿਊਜ਼ੀਅਮ ਉਸ ਨਵੀਂ ਇਮਾਰਤ ਵਿਚ ਬਣਾਇਆ ਜਿੱਥੇ ਅੱਜ ਕੱਲ੍ਹ ਚੀਫ ਕਮਿਸ਼ਨਰ ਤੇ ਆਰਕੀਟੈਕਟਾਂ ਦਾ ਦਫ਼ਤਰ ਹੈ। ਇਸ ਮਿਊਜ਼ੀਅਮ ਦੇ ਕੋਨੇ ਵਿਚ ਮਿਸਟਰ ਜਾਨਰੇ ਨੇ ਸਭ ਤੋਂ ਵੱਧ ਲਗਨ ਨਾਲ ਕੰਮ ਕੀਤਾ। ਉਸ ਦੀਆਂ ਅੱਖਾਂ ਦੀ ਜੋਤ ਚਲੇ ਗਈ ਤੇ ਬੇਵਸੀ ਵਿਚ ਉਸ ਨੂੰ ਸਵਿਟਜ਼ਰਲੈਂਡ ਜਾਣਾ ਪਿਆ। ਡਾ. ਰੰਧਾਵਾ ਉਸ ਨੂੰ ਪਾਲਮ ਹਵਾਈ ਅੱਡੇ ਤੇ ਖ਼ੁਦ ਛੱਡਣ ਗਏ। ਕੁਝ ਮਹੀਨਿਆਂ ਪਿੱਛੋਂ ਉਸ ਦਾ ਦੇਹਾਂਤ ਹੋ ਗਿਆ। ਉਸ ਦੀ ਇੱਛਾ ਸੀ ਕਿ ਉਸ ਦੀਆਂ ਅਸਥੀਆਂ ਚੰਡੀਗੜ੍ਹ ਸੁਖਨਾ ਝੀਲ ਵਿਚ ਪਾਈਆਂ ਜਾਣ। ਜਾਨਰੇ ਦੀ ਭਤੀਜੀ ਅਸਥੀਆਂ ਲੈ ਕੇ ਆਈ ਅਤੇ ਡਾ. ਰੰਧਾਵਾ ਨੇ ਉਹ ਅਸਥੀਆਂ ਝੀਲ ਵਿਚ ਪ੍ਰਵਾਹ ਕੀਤੀਆਂ। ਜਾਨਰੇ ਦੀ ਯਾਦ ਤਾਜ਼ਾ ਰੱਖਣ ਲਈ ਡਾ. ਰੰਧਾਵਾ ਨੇ ਉਹ ਵੱਡੀ ਬਿਲਡਿੰਗ ਜਿਸ ਵਿਚ ਚੀਫ ਕਮਿਸ਼ਨਰ, ਚੀਫ ਇੰਜਨੀਅਰ ਤੇ ਆਰਕੀਟੈਕਟ ਕੰਮ ਕਰਦੇ ਸਨ, ਉਹਦੇ ਨਾਂ ਤੇ ਰੱਖ ਦਿੱਤੀ। ਪੰਜ ਸੈਕਟਰ ਦੇ ਜਿਸ ਮਕਾਨ ਵਿਚ ਉਹ ਰਹਿੰਦਾ ਸੀ, ਜਾਨਰੇ ਦੇ ਨਾਂ ਦੀ ਪਲੇਟ ਲਾਈ ਤੇ ਉਕਰਿਆ- ਇੱਥੇ ਜਾਨਰੇ 1952 ਤੋਂ 1964 ਤੱਕ ਰਿਹਾ।
ਡਾ. ਰੰਧਾਵਾ ਨੇ ਆਪਣਾ ਦਫ਼ਤਰ ਅਸਟੇਟ ਆਫਿਸ ਦੀ ਇਮਾਰਤ ਵਿਚ ਬਣਾਇਆ ਤੇ ਇਮਾਰਤ ਦੀ ਮੰਦੀ ਹਾਲਤ ਨੂੰ ਸੁੰਦਰ ਰੂਪ ਦਿੱਤਾ। ਫਾਲਤੂ ਫਾਈਲਾਂ ਤੇ ਕੂੜਾ-ਕਬਾੜ ਸੁਟਵਾ ਦਿੱਤਾ। ਆਪਣੇ ਨਾਲ ਇਮਾਨਦਾਰ ਤੇ ਮਿਹਨਤੀ ਦਲਜੀਤ ਸਿੰਘ ਨੂੰ ਵਿੱਤ ਸਕੱਤਰ ਅਤੇ ਦਮੋਦਰ ਦਾਸ ਨੂੰ ਗ੍ਰਹਿ ਸਕੱਤਰ ਰੱਖਿਆ। ਲਾਇਕ ਚੀਫ ਇੰਜਨੀਅਰ ਕੁਲਬੀਰ ਸਿੰਘ ਤੇ ਉਸ ਨਾਲ ਚੀਫ ਆਰਕੀਟੈਕਟ, ਦੋਵਾਂ ਨੂੰ ਸੈਕਟਰੀ ਦੇ ਅਖ਼ਤਿਆਰ ਦਿੱਤੇ। ਸਭ ਤੋਂ ਪਹਿਲਾਂ ਉਨ੍ਹਾਂ ਆਰਟ ਮਿਊਜ਼ੀਅਮ ਵਾਲੀ ਡੂੰਘੀ ਥਾਂ ਭਰਤ ਪੁਆ ਕੇ ਉਸਾਰੀ ਕਰਵਾਈ। ਕਲਾਕਾਰ ਰਤਨਾ ਫਾਬਰੀ ਨੂੰ ਦਿੱਲੀ ਤੋਂ ਮਿਊਜ਼ੀਅਮ ਦੀ ਦਿੱਖ ਬਣਾਉਣ ਲਈ ਸੱਦਿਆ। ਤਸਵੀਰਾਂ ਲੁਆਈਆਂ ਤੇ ਗੰਧਾਰਾਂ ਦੀਆਂ ਮੂਰਤੀਆਂ ਤੇ ਕਾਂਗੜੇ ਦੀਆਂ ਤਸਵੀਰਾਂ ਦਾ ਸਭ ਤੋਂ ਵੱਡਾ ਸੰਗ੍ਰਹਿ ਕਾਇਮ ਕੀਤਾ। ਇਸ ਦੇ ਨਾਲ ਹੀ ਦੂਜਾ ਮਿਊਜ਼ੀਅਮ ਬਨਸਪਤੀ, ਜੀਵ-ਜੰਤੂਆਂ, ਆਦਿ-ਮਨੁੱਖ ਤੋਂ ਆਧੁਨਿਕ ਮਨੁੱਖ ਦੇ ਵਿਕਾਸ ਨਾਲ ਸੰਬੰਧਿਤ ਬਣਵਾਇਆ। ਡਾ. ਰੰਧਾਵਾ ਨੇ ਚੰਡੀਗੜ੍ਹ ’ਚ ਵਸੋਂ ਲਈ ਬਿਨੈਕਾਰਾਂ ਨੂੰ ਪਲਾਟ ਦਿੱਤੇ, ਘਰ ਬਣਾਉਣ ਲਈ ਵੱਧ ਤੋਂ ਵੱਧ ਸਮਾਂ ਦਿੱਤਾ, ਕਿਸੇ ਦਾ ਪਲਾਟ ਜ਼ਬਤ ਨਹੀਂ ਹੋਣ ਦਿੱਤਾ। 22 ਸੈਕਟਰ ਦੀ ਸ਼ਾਸਤਰੀ ਮਾਰਕੀਟ ਨੂੰ ਉਠਾਉਣਾ ਬੜਾ ਔਖਾ ਸੀ, ਉਨ੍ਹਾਂ ਨੂੰ ਇਕ ਪਾਸੇ ਜਗ੍ਹਾ ਦੇ ਕੇ ਸੈਕਟਰ-22 ਦੀ ਸੁੰਦਰਤਾ ਕਾਇਮ ਕੀਤੀ। ਕੁਦਰਤ ਨੂੰ ਪਿਆਰ ਕਰਨ ਵਾਲੇ ਡਾ. ਰੰਧਾਵਾ ਨੇ 16 ਸੈਕਟਰ ਵਿਚ ਰੋਜ਼ ਗਾਰਡਨ ਬਣਵਾਇਆ।
ਡਾ. ਰੰਧਾਵਾ ਨੇ ਸ਼ਹਿਰ ਦਾ ਵਾਤਾਵਰਨ ਬਚਾਉਣ ਲਈ ਇੰਡਸਟਰੀਅਲ ਏਰੀਆ ਵਿਚ ਕਿਸੇ ਅਜਿਹੀ ਫੈਕਟਰੀ ਨੂੰ ਇਜਾਜ਼ਤ ਨਹੀਂ ਦਿੱਤੀ ਜੋ ਕੋਇਲੇ ਦੇ ਧੂੰਏਂ ਨਾਲ ਹਵਾ ਅਸ਼ੁੱਧ ਕਰੇ। ਪਿੰਡ ਬਜਵਾੜਾ ਜਦੋਂ ਉਠਾਲਿਆ ਤਾਂ ਇੱਥੇ ਕਿੱਤਾਕਾਰ ਲੁਹਾਰਾਂ, ਤਰਖਾਣਾਂ ਅਤੇ ਛੋਟੀਆਂ ਮਸ਼ੀਨਾਂ ਨਾਲ ਆਪਣਾ ਕੰਮ ਕਰਨ ਵਾਲਿਆਂ ਨੂੰ ਸਨਅਤੀ ਪਲਾਟ ਅਤੇ ਕੰਮ-ਧੰਦਾ ਚਲਾਉਣ ਲਈ ਕਰਜ਼ੇ ਦਿੱਤੇ। ਡਾ. ਰੰਧਾਵਾ ਦੂਰ-ਦ੍ਰਿਸ਼ਟੀ ਅਤੇ ਪਰਉਪਕਾਰੀ ਸੋਚ ਦੇ ਧਾਰਨੀ ਸਨ। ਦੂਜਿਆਂ ਲਈ ਕੁਝ ਨਾ ਕੁਝ ਉਸਾਰੂ ਵਿਉਂਤਾਂ ਬਣਾਉਂਦੇ ਰਹਿੰਦੇ। ਪੀਜੀਆਈ ਦੇ ਡਾਕਟਰਾਂ, ਪ੍ਰਾਜੈਕਟ ਦੇ ਇੰਜਨੀਅਰਾਂ ਅਤੇ ਆਰਕੀਟੈਕਟਾਂ ਜਿਨ੍ਹਾਂ ਨੇ ਪ੍ਰਾਜੈਕਟ ਦੀ ਸੇਵਾ ਕੀਤੀ, ਸਭ ਨੂੰ ਪਲਾਟ ਦਿੱਤੇ। ਇਹ ਡਾ. ਰੰਧਾਵਾ ਦੀ ਹੀ ਕਲਾ ਪੱਖੀ ਸੋਚ ਸੀ ਕਿ ਉਨ੍ਹਾਂ 16 ਸੈਕਟਰ ਵਿਚ ਤਿੰਨ ਅਕਾਦਮੀਆਂ- ਸਾਹਿਤ, ਸੰਗੀਤ ਨਾਟਕ ਤੇ ਲਲਿਤ ਕਲਾ, ਬਣਾਈਆਂ।
ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੂੰ ਚੰਗੇਰਾ ਬਣਾਉਣ ਲਈ ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਕਮੇਟੀ ਬਣਾ ਕੇ ਨਵੀਂ ਦਿਸ਼ਾ ਦਿੱਤੀ। ਪ੍ਰਿੰਸੀਪਲ ਕੁਸ਼ੱਲਿਆ ਆਤਮਾ ਰਾਮ ਦੇ ਸੁਝਾਅ ਅਮਲ ਵਿਚ ਲਿਆਂਦੇ। ਉਨ੍ਹਾਂ ਪੀਜੀਆਈ ਦੇ ਡਾਇਰੈਕਟਰ ਸੰਤੋਖ ਸਿੰਘ ਅਤੇ ਡਾ. ਪੀਐੱਨ ਚੁਟਾਨੀ ਦੇ ਸਹਿਯੋਗ ਨਾਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਲਈ ਠਹਿਰਨ ਲਈ ਸਰਾਂ ਬਣਾਉਣ ਲਈ ਉੱਦਮ ਕੀਤਾ। ਅੱਠ ਏਕੜ ਜ਼ਮੀਨ ਇਸ ਕਾਰਜ ਲਈ ਸੰਸਥਾ ਨੂੰ ਦਿਵਾਈ।
ਰੌਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਦੇ ਉੱਦਮ ਤੇ ਹੁਨਰ ਦੀ ਜੇ ਡਾ. ਰੰਧਾਵਾ ਸਰਪ੍ਰਸਤੀ ਨਾ ਕਰਦੇ ਤਾਂ ਅਜੂਬਾ ਗਿਣਿਆ ਜਾਂਦਾ ਰੌਕ ਗਾਰਡਨ ਪ੍ਰਸਿੱਧੀ ਹਾਸਿਲ ਨਾ ਕਰ ਸਕਦਾ। ਚੰਡੀਗੜ੍ਹ ਦੀਆਂ ਸੜਕਾਂ ਨੂੰ ਮਨਮੋਹਕ ਬਣਾਉਣ ਲਈ ਇਨ੍ਹਾਂ ਦੇ ਨਾਲ ਨਾਲ ਰੁੱਖ-ਬੂਟੇ ਤੇ ਫੁੱਲ ਲਾਉਣ ਦੀ ਯੋਜਨਾ ਡਾ. ਰੰਧਾਵਾ ਦੀ ਹੀ ਹੈ। ਪੁਸਤਕ ਸਭਿਆਚਾਰ ਪ੍ਰਫੁੱਲਤ ਕਰਨ ਲਈ 17 ਸੈਕਟਰ ਵਿਚ ਇਕ ਬਲਾਕ ਪੁਸਤਕਾਂ ਦੇ ਭੰਡਾਰ ਲਈ ਰਾਖਵਾਂ ਰੱਖਿਆ। ਇੱਥੇ ਪੁਸਤਕਾਂ ਵੇਚਣ ਤੋਂ ਬਿਨਾਂ ਹੋਰ ਕਿਸੇ ਵਪਾਰ ਲਈ ਆਗਿਆ ਨਹੀਂ ਦਿੱਤੀ। ਡਾ. ਰੰਧਾਵਾ ਚੰਡੀਗੜ੍ਹ ਸ਼ਹਿਰ ਨੂੰ ਦੁਨੀਆ ਦਾ ਅਤਿ-ਆਧੁਨਿਕ ਸੁੰਦਰ ਸ਼ਹਿਰ ਬਣਾਉਣ ਦੀ ਲੋਚਾ ਤੇ ਇੱਛਾ ਰੱਖਦੇ ਸਨ। ਚੰਡੀਗੜ੍ਹ ਸਿਟੀ ਬਿਊਟੀਫੁਲ ਨਾਮ ਉਨ੍ਹਾਂ ਦੀ ਹੀ ਦੇਣ ਹੈ।
ਸੰਪਰਕ: 98151-23900