ਪ੍ਰਵੀਨ ਪੁਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ 47ਵੀਂ ਸਾਲਾਨਾ ਕਨਵੋਕੇਸ਼ਨ ਮੌਕੇ ਡਾ. ਟੀਐੱਸ ਕਲੇਰ ਅਤੇ ਭਾਰਤੀ ਚਿੱਤਰਕਾਰ ਅਰਪਨਾ ਕੌਰ ਨੂੰ ਆਨਰਜ਼ ਕਾਜ਼ਾ ਡਿਗਰੀ ਦਿੱਤੀ ਜਾ ਰਹੀ ਹੈ। ਇਹ ਦੋਵੇਂ ਸ਼ਖਸੀਅਤਾਂ ਕਿਸੇ ਜਾਣ ਪਛਾਣ ਦੀਆਂ ਮੁਹਤਾਜ ਨਹੀਂ। ਇਨ੍ਹਾਂ ਨੇ ਆਪੋ-ਆਪਣੇ ਖੇਤਰ ਵਿਚ ਜੋ ਮਾਣ-ਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ, ਉਨ੍ਹਾਂ ਦੇ ਆਧਾਰ ਤੇ ਹੀ ਉਨ੍ਹਾਂ ਨੂੰ ਇਹ ਮਾਣ ਦਿੱਤਾ ਜਾ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਯੂਨੀਵਰਸਿਟੀ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਪੈੜਾਂ ਪਾਉਣ ਦਾ ਯਤਨ ਕਰਦੀ ਰਹੇਗੀ।
22 ਨਵੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਜਿੱਥੇ ਹੋਰ ਵਿਦਿਆਰਥੀਆਂ ਨੂੰ ਡਿਗਰੀਆਂ ਦੇਣਗੇ, ਉੱਥੇ ਉਹ ਮੈਡੀਸਨ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਤੇ ਡਾਕਟਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਪੇਸ਼ ਕਰਨ ਵਾਲੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਟੀਐੱਸ ਕਲੇਰ ਨੂੰ ਡਾਕਟਰ ਆਫ ਸਾਇੰਸ (ਆਨਰਜ਼ ਕਾਜ਼ਾ) ਦੀ ਡਿਗਰੀ ਦਿੱਤੀ ਜਾਵੇਗੀ ਜਦੋਂਕਿ ਕਲਾ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਲਈ ਜਾਣੇ ਜਾਂਦੇ ਮਿਸ ਅਰਪਨਾ ਕੌਰ ਨੂੰ ਡਾਕਟਰ ਆਫ ਫਿਲਾਸਫੀ (ਆਨਰਜ਼ ਕਾਜ਼ਾ) ਦੀ ਡਿਗਰੀ ਨਾਲ ਨਵਾਜਿਆ ਜਾਵੇਗਾ।
ਬਹੁ ਸਭਿਆਚਾਰਕ ਵਿਰਾਸਤਾਂ ਵਿਚ ਪਲੀ ਹੋਣ ਦੇ ਬਾਵਜੂਦ ਅਰਪਨਾ ਕੌਰ ਆਪਣੇ ਆਪ ਨੂੰ ‘ਪੰਜਾਬ ਦੀ ਧੀ’ ਅਖਵਾਉਣ ਤੇ ਮਾਣ ਮਹਿਸੂਸ ਕਰਦੇ ਹਨ, ਉੱਥੇ ਡਾ. ਟੀਐੱਸ ਕਲੇਰ ਨੂੰ ਵੀ ਆਪਣੇ ਪਿਛੋਕੜ ਤੇ ਪੂਰਾ ਮਾਣ ਹੈ। ਉਨ੍ਹਾਂ ਜੱਦੀ ਪਿੰਡ ਅਮਰਗੜ੍ਹ ਅਤੇ ਆਲੇ-ਦੁਆਲੇ ਦੇ ਕਸਬਿਆਂ ਤੋਂ ਸਕੂਲੀ ਪੜ੍ਹਾਈ ਪੂਰੀ ਕਰਕੇ ਮੈਡੀਸਨ ਦੇ ਖੇਤਰ ਦੇ ਸਿਖਰ ਨੂੰ ਛੂਹਿਆ ਹੈ। ਉਨ੍ਹਾਂ ਪਟਿਆਲਾ ਤੋਂ ਐੱਮਬੀਬੀਐੱਸ, ਪੀਜੀਆਈ ਚੰਡੀਗੜ੍ਹ ਤੋਂ ਮੈਡੀਸਨ ਵਿਚ ਐੱਮਡੀ ਅਤੇ ਕਾਰਡੀਆਲੋਜੀ ਵਿਚ ਡੀਐੱਮ ਦੀ ਪੜ੍ਹਾਈ ਕੀਤੀ। ਸਾਊਦੀ ਅਰਬ ਤੋਂ ਬਾਅਦ ਉਨ੍ਹਾਂ ਯੂਕੇ ਵਿਚ ਐੱਮਆਰਸੀਪੀ ਮੁਕੰਮਲ ਕਰਨ ਮਗਰੋਂ ਐਸਕਾਰਟਸ ਹਾਰਟ ਇੰਸਟੀਚਿਊਟ ਅਤੇ ਰਿਸਰਚ ਸੈਂਟਰ, ਨਵੀਂ ਦਿੱਲੀ ਦੀ ਸਥਾਪਨਾ ਕਰਨ ਵਿਚ ਮੋਹਰੀ ਰੋਲ ਨਿਭਾਇਆ। ਮਿਲਵਾਕੀ (ਯੂਐੱਸਏ) ਇਲੈਕਟ੍ਰੋ-ਫਿਜ਼ੀਆਲੋਜੀ ਵਿਚ ਆਪਣੀ ਫੈਲੋਸ਼ਿਪ ਤੋਂ ਬਾਅਦ 1993 ਵਿਚ ਐਸਕਾਰਟਸ ਹਾਰਟ ਇੰਸਟੀਚਿਊਟ, ਭਾਰਤ ਵਿਚ ਇਲੈਕਟ੍ਰੋ-ਫਿਜ਼ੀਆਲੋਜੀ ਅਤੇ ਪੇਸਿੰਗ ਨੂੰ ਸਮਰਪਿਤ ਪਹਿਲੇ ਵਿਭਾਗ ਦੀ ਸਥਾਪਨਾ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਬੱਝਦਾ ਹੈ। ਫੋਰਟਿਸ ਐਸਕਾਰਟਸ ਹਾਰਟ ਇੰਸਟੀਚਿਊਟ, ਨਵੀਂ ਦਿੱਲੀ ਵਿਚ 28 ਸਾਲ ਕੰਮ ਕਰਨ ਦੌਰਾਨ ਉਹ 12 ਸਾਲ ਬਤੌਰ ਕਾਰਜਕਾਰੀ ਨਿਰਦੇਸ਼ਕ ਕਰਮਸ਼ੀਲ ਰਹੇ।
ਡਾ. ਕਲੇਰ ਸਾਰਕ ਖੇਤਰ ’ਚ ਆਈਸੀਡੀ, ਹਾਰਟ ਫੇਲੀਅਰ ਯੰਤਰ, ਕੌਂਬੋ ਯੰਤਰ ਲਗਾਉਣ, ਸ੍ਰੀਲੰਕਾ ਤੇ ਬੰਗਲਾਦੇਸ਼ ’ਚ ਰੇਡੀਓ ਫਰੀਕੁਐਂਸੀ ਅਬਲੇਸ਼ਨ ਕਰਨ ਵਾਲੇ, ਪੰਜਾਬ ਇੰਸਟੀਚਿਊਟ ਆਫ ਕਾਰਡੀਆਲੋਜੀ, ਲਾਹੌਰ ’ਚ ਆਈਸੀਡੀ ਸਥਾਪਤ ਕਰਨ ਵਾਲੇ ਅਤੇ 2015 ’ਚ ਭਾਰਤ ਵਿਚ ਐੱਚਆਈਐੱਸ ਬੰਡਲ ਪੇਸਿੰਗ ਕਰਨ ਵਾਲੇ ਪਹਿਲੇ ਸ਼ਖ਼ਸ ਹਨ। ਰੇਡੀਓ ਫਰੀਕੁਐਂਸੀ ਅਬਲੇਸ਼ਨ, ਕਾਰਡੀਅਕ ਅਰਿਥਮੀਆ ਅਤੇ ਹਾਰਟ ਫੇਲੀਅਰ ਡਿਵਾਈਸ ਥੈਰੇਪੀ ਦੇ ਮੋਢੀ ਡਾ. ਕਲੇਰ ਨੇ ਐਂਜੀਓਗਰਾਫੀ, ਐਂਜੀਓਪਲਾਸਟੀ ਅਤੇ ਇਲੈਕਟ੍ਰੋ-ਫਿਜ਼ੀਆਲੋਜੀ ਦੀਆਂ ਉੱਨਤ ਤਕਨੀਕਾਂ ਨਾਲ ਕਾਰਜ ਕਰਨ ਸਬੰਧੀ 300 ਤੋਂ ਵੱਧ ਭਾਰਤੀ ਅਤੇ ਵਿਦੇਸ਼ੀ ਕਾਰਡੀਆਲੋਜਿਸਟਾਂ ਦੀ ਅਗਵਾਈ ਕੀਤੀ ਹੈ। ਡਾ. ਕਲੇਰ ਨੇ ਪਦਮ ਭੂਸ਼ਣ ਸਨਮਾਨ (2005) ਤੋਂ ਇਲਾਵਾ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇ।
ਇਸੇ ਤਰ੍ਹਾਂ ਅਰਪਨਾ ਕੌਰ ਉਹ ਕਲਾਕਾਰ ਹਨ ਜੋ ਗਹਿਰੀਆਂ ਕਲਪਨਾਤਮਕ ਕਲਾਕ੍ਰਿਤਾਂ, ਔਰਤ ਤੇ ਪ੍ਰਕਿਰਤੀ ਦੀਆਂ ਆਕ੍ਰਿਤੀਆਂ ਦੇ ਸਾਹਸੀ ਅਤੇ ਵਿਲੱਖਣ ਖੋਜ ਭਰਪੂਰ ਚਿਤਰਨ ਲਈ ਜਾਣੇ ਜਾਂਦੇ ਹਨ ਜਿਨ੍ਹਾਂ ਨੇ ਸਮਾਜੀ-ਇਤਿਹਾਸ, ਪੁਰਾਤਨ ਮਿਥਿਹਾਸ ਅਤੇ ਲੋਕ ਕਲਾ ਰੂਪਾਂ ਨੂੰ ਵੱਖਰਾ ਰੰਗ ਦਿੱਤਾ ਹੈ। ਉਨ੍ਹਾਂ ਦੇ ਚਿੱਤਰ ਪੁਰਾਣੇ ਯੁੱਗ ਜਾਂ ਸ਼ਹਿਰੀ ਵਪਾਰਕ ਲੋਕਾਚਾਰ, ਦੋਹਾਂ ਉੱਤੇ ਟਿੱਪਣੀ ਕਰਦੇ ਹਨ। ਉਨ੍ਹਾਂ ਦੇ ਵਿਸ਼ੇ ਵਾਤਾਵਰਨ, ਸਮਾਂ, ਜੀਵਨ ਅਤੇ ਮੌਤ ਵਰਗੇ ਦਾਰਸ਼ਨਿਕ ਖੇਤਰਾਂ ਤੋਂ ਲੈ ਕੇ ਇਤਿਹਾਸਕ ਘਟਨਾਵਾਂ ਜਿਵੇਂ 1984 ਦਾ ਸਿੱਖ ਕਤਲੇਆਮ, 1947, ਸੋਹਣੀ ਮਹੀਂਵਾਲ ਵਰਗੀਆਂ ਪ੍ਰਸਿੱਧ ਹਸਤੀਆਂ, ਗੁਰੂ ਨਾਨਕ, ਬੁੱਧ ਅਤੇ ਕਬੀਰ ਵਰਗੇ ਸੰਤਾਂ ਤੇ ਕਵੀਆਂ ਤਕ ਫੈਲੇ ਹੋਏ ਹਨ। ‘ਹੌਲੋਕੋਸਟ’ ਦੀ 50ਵੀਂ ਵਰੇਗੰਢ ਮੌਕੇ ਉਹ ਇਕਲੌਤੇ ਭਾਰਤੀ ਕਲਾਕਾਰ ਸਨ ਜਿਨ੍ਹਾਂ ਨੂੰ ਹੀਰੋਸ਼ੀਮਾ ਅਜਾਇਬ ਘਰ ਦੁਆਰਾ ਆਪਣੇ ਸਥਾਈ ਸੰਗ੍ਰਹਿ ਲਈ ਇਕ ਵੱਡੇ ਕਾਰਜ ਨੂੰ ਅੰਜਾਮ ਦੇਣ ਲਈ ਚੁਣਿਆ ਗਿਆ। ਅਰਪਨਾ ਕੌਰ ਦੀਆਂ ਕਲਾਕ੍ਰਿਤਾਂ ਸੰਸਾਰ ਦੇ ਅਹਿਮ ਅਜਾਇਬਰਾਂ ਘਰਾਂ ਦਾ ਹਿੱਸਾ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਟੀਐੱਸ ਕਲੇਰ ਦੇ ਅਸਾਧਾਰਨ ਅਤੇ ਅਰਪਨਾ ਕੌਰ ਦੇ ਕਲਾ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਕਰਕੇ ਆਨਰਜ਼ ਕਾਜ਼ਾ ਡਿਗਰੀਆਂ ਦੇ ਕੇ ਮਾਣ ਮਹਿਸੂਸ ਕਰ ਰਹੀ ਹੈ।
ਸੰਪਰਕ: 98782-77423