ਡਾ. ਮਿਲਖਾ ਸਿੰਘ ਔਲਖ* ਡਾ. ਕਾਬਲ ਸਿੰਘ ਗਿੱਲ**
ਪੌਦਿਆਂ ਨੂੰ ਬੀਜ, ਫਲ ਜਾਂ ਚਾਰਾ ਉਤਪਾਦਨ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਕੁਦਰਤੀ ਹਾਲਾਤ ਵਿਚ ਪੌਦੇ ਖ਼ਤਮ ਹੋਣ ਪਿੱਛੋਂ ਇਨ੍ਹਾਂ ਵਿਚਲੇ ਪੌਸ਼ਟਿਕ ਤੱਤ ਸੂਖਮ ਜੀਵਾਂ ਰਾਹੀਂ ਜ਼ਮੀਨ ਵਿਚ ਮਿਲ ਕੇ ਟਿਕਾਊ ਸੰਤੁਲਨ ਕਾਇਮ ਰਹਿੰਦਾ ਹੈ। ਕੁਦਰਤੀ ਖੇਤੀ ਵਿਚ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਜਾਨਵਰਾਂ ਦੇ ਮਲ-ਮੂਤਰ ਨੂੰ ਜ਼ਮੀਨ ਵਿਚ ਰਲਾਉਣ ਨਾਲ ਫ਼ਸਲਾਂ ਦੇ ਲਏ ਬਹੁਤੇ ਪੌਸ਼ਟਿਕ ਤੱਤ ਜ਼ਮੀਨ ਵਿਚ ਮਿਲ ਜਾਂਦੇ ਹਨ। ਹਰੀ ਕ੍ਰਾਂਤੀ (ਫ਼ਸਲਾਂ ਦੀਆਂ ਨਵੀਆਂ ਕਿਸਮਾਂ, ਸਿੰਜਾਈ, ਖਾਦਾਂ ਤੇ ਹੋਰ ਰਸਾਇਣਾਂ ਦੇ ਸੁਮੇਲ) ਕਾਰਨ ਰਸਾਇਣਕ ਖਾਦਾਂ (ਮੁੱਖ ਤੌਰ ’ਤੇ ਨਾਈਟ੍ਰੋਜਨ, ਫਾਸਫੋਰਸ ਅਤੇ ਸਲਫਰ/ਗੰਧਕ) ਤੱਤਾਂ ਦੀ ਵਰਤੋਂ ਫ਼ਸਲਾਂ ਦੀ ਢੁੱਕਵੀਂ ਪੈਦਾਵਾਰ ਤੇ ਗੁਣਵੱਤਾ ਲਈ ਜ਼ਰੂਰੀ ਹਨ। ਭਾਰਤ ਵਿਚ ਰਸਾਇਣਕ ਖਾਦਾਂ ਦੀ ਔਸਤ ਵਰਤੋਂ 65 ਕਿਲੋਗ੍ਰਾਮ ਪ੍ਰਤੀ ਏਕੜ ਪ੍ਰਤੀ ਸਾਲ ਹੈ। ਉੱਤਰ-ਪੱਛਮੀ ਖੇਤੀ ਰਾਜਾਂ ਅਤੇ ਭਾਰਤ ਵਿਚ ਜ਼ਿਲ੍ਹੇ ਅਨੁਸਾਰ ਖਾਦਾਂ ਦੀ ਵਰਤੋਂ ਵਿਚ ਵੱਡਾ ਵਖਰੇਵਾਂ ਹੈ। 7 ਤੋਂ 9% ਖਾਦਾਂ ਦੀ ਵਰਤੋਂ ਅਤੇ 9 ਤੋਂ 16% ਖੇਤੀ ਉਤਪਾਦਨ ਸਿਰਫ਼ 1.53% ਭੂਗੋਲਿਕ ਖੇਤਰ ਵਾਲੇ ਪੰਜਾਬ ਵਿਚ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਖਾਦਾਂ ਦੀਆਂ ਸਿਫ਼ਾਰਸ਼ਾਂ ਕੀਤੀਆਂ ਹਨ। ਨਾਈਟ੍ਰੋਜਨ ਦੋ ਹਿੱਸਿਆਂ ਵਿਚ (ਬੀਜਣ ਵੇਲੇ ਤੇ ਕੁਝ ਹਫ਼ਤਿਆਂ ਬਾਅਦ), ਫਾਸਫੋਰਸ ਸਿਰਫ਼ ਸਰਦੀਆਂ ਦੀਆਂ ਫ਼ਸਲਾਂ ਬੀਜਣ ਵੇਲੇ ਅਤੇ ਗੰਧਕ ਸਿਰਫ਼ ਖਾਸ ਫ਼ਸਲਾਂ ਨੂੰ ਪਾਓ। ਖਾਦਾਂ ਦੀ ਵਾਧੂ ਅਤੇ ਗ਼ੈਰ-ਵਾਜਬਿ ਵਰਤੋਂ ਕਾਰਨ ਇਨ੍ਹਾਂ ਵਿਚਲੇ ਤੱਤ ਜ਼ਮੀਨ ਵਿਚ ਜਮ੍ਹਾਂ ਹੋ ਜਾਂਦੇ ਹਨ ਜਿਨ੍ਹਾਂ ਦਾ ਜ਼ਮੀਨ ਹੇਠਲੇ ਪਾਣੀ ਵਿਚ ਰਚਣ ਦਾ ਖ਼ਤਰਾ ਬਣਦਾ ਹੈ।
ਨਾਈਟ੍ਰੋਜਨ: ਪੀਏਯੂ ਦੇ ਅਧਿਐਨ ਤੋਂ ਪਤਾ ਲੱਗਿਆ ਕਿ ਸੰਘਣੀ ਖੇਤੀ ਹੇਠ ਸਿੰਜਾਈ ਵਾਲੇ ਖੇਤਰ ਵਿਚ ਨਾਈਟ੍ਰੋਜਨ ਖਾਦਾਂ ਦੀ ਵਰਤੋਂ ਸਿਫ਼ਾਰਸ਼ਾਂ ਤੋਂ ਜ਼ਿਆਦਾ ਅਤੇ ਗ਼ੈਰ-ਵਾਜਬਿ ਢੰਗਾਂ ਨਾਲ ਹੁੰਦੀ ਹੈ। ਮੱਕੀ, ਚੌਲ, ਆਲੂ ਅਤੇ ਕਈ ਸਬਜ਼ੀਆਂ ਦੀ ਕਾਸ਼ਤ ਪਿੱਛੋਂ ਇਨ੍ਹਾਂ ਦੀਆਂ ਜੜ੍ਹਾਂ ਦੀ ਡੂੰਘਾਈ ਨਾਲੋਂ ਥੱਲੇ ਵਾਲੀ ਜ਼ਮੀਨ ਵਿਚ ਬਹੁਤ ਜ਼ਿਆਦਾ ਨਾਈਟ੍ਰੋਜਨ ਜਮ੍ਹਾਂ ਸੀ। ਚਾਰ ਸਾਲ ਝੋਨਾ-ਕਣਕ ਫ਼ਸਲੀ ਚੱਕਰ ਵਿਚ ਹਰ ਫ਼ਸਲ ਲਈ 50 ਕਿਲੋਗ੍ਰਾਮ ਨਾਈਟ੍ਰੋਜਨ/ਏਕੜ (ਪੀਏਯੂ ਸਿਫਾਰਸ਼ ਅਨੁਸਾਰ) ਵਰਤਣ ਨਾਲ ਝੋਨੇ ਤੋਂ ਬਾਅਦ 0-60 ਸੈਂਟੀਮੀਟਰ ਜ਼ਮੀਨ ਵਿਚ 38.5 ਕਿਲੋਗ੍ਰਾਮ ਨਾਈਟ੍ਰੇਟ/ਏਕੜ ਜਮ੍ਹਾਂ ਸੀ ਪਰ ਡੂੰਘੀਆਂ ਜੜ੍ਹਾਂ ਵਾਲੀ ਅਗਲੀ ਕਣਕ ਨੇ ਇਸ ਦਾ 59 ਫ਼ੀਸਦੀ ਵਰਤ ਲਿਆ ਸੀ। ਪੰਜਾਹ ਕਿਲੋਗ੍ਰਾਮ ਨਾਈਟ੍ਰੋਜਨ/ਏਕੜ ਵਰਤੋਂ ਨਾਲ 150 ਸੈਂਟੀਮੀਟਰ ਜ਼ਮੀਨ ਵਿਚ 71 ਕਿਲੋਗ੍ਰਾਮ ਨਾਈਟ੍ਰੇਟ/ਏਕੜ ਸੀ ਜਦੋਂਕਿ 20-ਟਨ ਹਰੀ ਖਾਦ+25 ਕਿਲੋਗ੍ਰਾਮ ਨਾਈਟ੍ਰੋਜਨ (50 ਫ਼ੀਸਦੀ ਘੱਟ) ਨਾਲ ਸਿਰਫ਼ 38 ਕਿਲੋ ਨਾੲਟ੍ਰੇਟ/ਏਕੜ ਸੀ (ਜ਼ਮੀਨੀ ਪਾਣੀ ਦੇ ਪ੍ਰਦੂਸ਼ਿਤ ਹੋਣ ਦੀ ਘੱਟ ਸੰਭਾਵਨਾ) ਅਤੇ ਫ਼ਸਲਾਂ ਦੀ ਪੈਦਾਵਾਰ ਵੱਧ ਸੀ। ਇਸੇ ਤਰ੍ਹਾਂ ਰੂੜੀ ਦੀ ਵਰਤੋਂ ਨਾਲ ਨਾਈਟ੍ਰੋਜਨ ਖਾਦ ਦੀ ਮਾਤਰਾ ਘਟਾ ਕੇ ਫ਼ਸਲਾਂ ਦਾ ਪੂਰਾ ਝਾੜ ਮਿਲਿਆ।
ਧਰਤੀ ਹੇਠਲੇ ਪਾਣੀ ਦੇ 3200 ਨਮੂਨਿਆਂ ਵਿਚੋਂ ਲੁਧਿਆਣਾ ਦੇ 13 ਫ਼ੀਸਦੀ ਅਤੇ ਫਿਰੋਜ਼ਪੁਰ ਦੇ 7 ਫ਼ੀਸਦੀ ਨਮੂਨਿਆਂ ਵਿਚ ਨਾਈਟ੍ਰੇਟ-ਨਾਈਟ੍ਰੋਜਨ ਦੀ ਮਾਤਰਾ ਪੀਣ ਵਾਲੇ ਪਾਣੀ ਲਈ ਮਾਨਤ-ਮਾਤਰਾ ਦੀ ਸੀਮਾ ਤੋਂ ਵੱਧ ਸੀ।
ਫਾਸਫੋਰਸ: ਪੀਏਯੂ ਦੀਆਂ ਸਿਫ਼ਾਰਸ਼ਾਂ (ਸਿਰਫ਼ ਸਰਦੀਆਂ ਦੀਆਂ ਫ਼ਸਲਾਂ ਲਈ, ਕਿਉਂਕਿ ਗਰਮੀ ਦੀਆਂ ਫ਼ਸਲਾਂ ਜ਼ਮੀਨ ਵਿਚ ਬਚਿਆ ਫਾਸਫੋਰਸ ਵਰਤ ਸਕਦੀਆਂ ਹਨ) ਦੇ ਉਲਟ, ਕਈ ਕਿਸਾਨ ਗਰਮੀਆਂ ਦੀਆਂ ਫ਼ਸਲਾਂ ਲਈ ਫਾਸਫੋਰਸ ਵਰਤਦੇ ਹਨ। ਲੰਮੇ ਸਮੇਂ ਲਈ (25 ਸਾਲ) ਸਿਫਾਰਸ਼ ਨਾਲੋਂ 33 ਫ਼ੀਸਦੀ ਵੱਧ ਫਾਸਫੋਰਸ ਦੀ ਵਰਤੋਂ ਬਾਅਦ 150 ਸੈਂਟੀਮੀਟਰ ਜ਼ਮੀਨ ਵਿਚ 193 ਕਿਲੋਗ੍ਰਾਮ ਫਾਸਫੋਰਸ/ਏਕੜ ਤੱਕ ਜਮ੍ਹਾਂ ਹੋਇਆ। ਇਸ ਦਾ 43-58 ਫ਼ੀਸਦੀ ਹਿੱਸਾ 60 ਸੈਂਟੀਮੀਟਰ ਤੋਂ ਵੀ ਡੂੰਘਾ ਸੀ ਜਿਸ ਦੀ ਫ਼ਸਲਾਂ ਦੁਆਰਾ ਵਰਤੋਂ ਦੀ ਸੰਭਾਵਨਾ ਨਹੀਂ ਹੈ। ਸਰਦੀਆਂ ਦੀਆਂ ਫ਼ਸਲਾਂ ਨਾਲੋਂ ਗਰਮੀਆਂ ਦੀਆਂ ਫ਼ਸਲਾਂ ਬਾਅਦ ਜ਼ਮੀਨ ਵਿਚ ਵਧੇਰੇ ਫਾਸਫੋਰਸ ਇਕੱਠਾ ਹੁੰਦਾ ਹੈ। ਇੱਕ ਹੋਰ ਖੋਜ ’ਚ ਜ਼ਮੀਨ ਦੀ 30-150 ਸੈਂਟੀਮੀਟਰ ਡੂੰਘੀ ਤਹਿ ’ਚ ਜਮ੍ਹਾਂ ਫਾਸਫੋਰਸ ਦੀ ਮਾਤਰਾ ਦਾ ਹਿੱਸਾ ਰੇਤਲੀ ਪੈਲੀ (59-64%) ਵਿਚ ਮੈਰਾ ਪੈਲੀ (20-30 ਫ਼ੀਸਦੀ) ਨਾਲੋਂ ਵੱਧ ਸੀ ਜਿਸ ਦਾ ਜ਼ਮੀਨ ਹੇਠਾਂ ਪਾਣੀ ਵਿਚ ਜਾਣ ਦਾ ਜ਼ਿਆਦਾ ਖ਼ਤਰਾ ਹੈ।
ਗੰਧਕ: ਸਿਫ਼ਾਰਸ਼ ਸਿਰਫ਼ ਤੇਲ-ਬੀਜਾਂ (ਸਰ੍ਹੋਂ, ਤੋਰੀਆ, ਅਲਸੀ, ਸੁਰਜਮੂਖੀ ਆਦਿ) ਦਾਲਾਂ ਅਤੇ ਕੁਝ ਹੋਰ ਫ਼ਸਲਾਂ ਲਈ ਹੈ ਜਿਨ੍ਹਾਂ ਨੂੰ ਇਸ ਦੀ ਜ਼ਿਆਦਾ ਲੋੜ ਹੈ। ਕਈ ਵਾਰ ਪੰਜਾਬ, ਹਰਿਆਣਾ ਅਤੇ ਕੁਝ ਹੋਰ ਸੂਬਿਆਂ ਦੀਆਂ ਜ਼ਮੀਨਾਂ ਵਿਚ ਗੰਧਕ ਦੀ ਘਾਟ ਦੇਖੀ ਜਾਂਦੀ ਹੈ ਜੋ ਬੂਟਿਆਂ ਦੀਆਂ ਜੜ੍ਹਾਂ ਡੂੰਘੀਆਂ ਜਾਣ ਬਾਅਦ ਹਟ ਜਾਂਦੀ ਹੈ। ਇਸ ਦਾ ਵੱਡਾ ਕਾਰਨ ਫਾਸਫੋਰਸ ਖਾਦਾਂ ਦੀ ਵਾਧੂ ਵਰਤੋਂ ਕਾਰਨ ਗੰਧਕ ਦਾ ਡੂੰਘਾ ਜਾਣਾ ਹੈ। ਰੇਤਲੀ ਜ਼ਮੀਨ ਵਿਚ ਗੰਧਕ ਡੂੰਘਾ ਜਾਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ।
ਵਾਧੂ ਅਤੇ ਗ਼ੈਰ-ਵਾਜਬਿ ਖਾਦਾਂ ਦੀ ਵਰਤੋਂ ਦੇ ਨੁਕਸਾਨ:
(1) ਵਾਧੂ ਨਾਈਟ੍ਰੋਜਨ ਪਾਉਣ ਨਾਲ ਲੋੜ ਤੋਂ ਵੱਧ ਉੱਚੀ ਫ਼ਸਲ ਢਹਿਣ ਕਾਰਨ ਝਾੜ ਘਟਦਾ ਹੈ; (2) ਜਿ਼ਆਦਾ ਨਾਈਟ੍ਰੋਜਨ ਵਾਲੇ ਭੋਜਨ ਤੋਂ ਵਾਧੂ ਨਾਈਟ੍ਰਾਈਟ ਬਣ ਕੇ ਲਹੂ ਵਿਚ ਜਜ਼ਬ ਹੋਣ ਨਾਲ ਖਾਣੇ ਵਾਲੀਆਂ ਨਾੜਾਂ ਦੇ ਕੈਂਸਰ ਅਤੇ ਨੀਲੇ ਬੱਚਿਆਂ ਵਰਗੇ ਭਿਆਨਕ ਰੋਗ (blue baby syndrome) ਹੋ ਸਕਦੇ ਹਨ; (3) ਜ਼ਮੀਨ ਵਿਚ ਵਾਧੂ ਤੱਤ ਜਮ੍ਹਾਂ ਹੋਣ ਤਾਂ ਬੂਟੇ ਲੋੜ ਤੋਂ ਵੱਧ ਤੱਤ ਜਮ੍ਹਾਂ ਕਰ ਲੈਦੇ ਹਨ ਜੋ ਮਨੁੱਖਾਂ ਅਤੇ ਜਾਨਵਰਾਂ ਲਈ ਜ਼ਹਿਰੀਲੇ ਹੋ ਸਕਦੇ ਹਨ। ਪੰਜਾਬ ਵਿਚ ਚਾਰੇ ਦੀਆਂ ਫ਼ਸਲਾਂ ਵਿਚ ਜ਼ਿਆਦਾ ਨਾਈਟ੍ਰੇਟ ਅਤੇ ਨਾਈਟ੍ਰਾਈਟ ਕਾਰਨ ਪਸ਼ੂਆਂ ਦੀਆਂ ਮੌਤਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ; (4) ਜ਼ਿਆਦਾ ਨਾਈਟ੍ਰੇਟ, ਫਾਸਫੋਰਸ ਅਤੇ ਗੰਧਕ ਦਰਿਆਵਾਂ, ਨਦੀਆਂ, ਨਾਲਿਆਂ ਤੇ ਛੱਪੜਾਂ ਦੇ ਪਾਣੀ ਵਿਚ ਲੋੜ ਤੋਂ ਵੱਧ ਹਰਾ ਜਾਲਾ, ਬਨਸਪਤੀ ਅਤੇ ਰੋਗਾਣੂ ਪੈਦਾ ਕਰਦੇ ਹਨ ਤੇ ਮੱਛੀਆਂ ਮਾਰਦੇ ਹਨ। ਹਰੇ ਜਾਲੇ ਨਾਲ ਸਬੰਧਿਤ ਜੀਵਾਂ ਦੇ ਮਰਨ ਬਾਅਦ ਪਾਣੀ ਵਿਚ ਘੁਲਣਸ਼ੀਲ ਹਾਨੀਕਾਰਰਕ ਪਦਾਰਥ ਪਸ਼ੂਆਂ ਦੀ ਮੌਤ ਅਤੇ ਗੰਭੀਰ ਮਨੁੱਖੀ ਬਿਮਾਰੀਆਂ ਕਾਰਨ ਬਣ ਸਕਦੇ ਹਨ; (5) ਅਣਚਾਹੀਆਂ ਗ੍ਰੀਨਹਾਊਸ (ਹਵਾ ਨੂੰ ਗਰਮ ਕਰਨ ਵਾਲੀਆਂ) ਗੈਸਾਂ ਆਲਮੀ ਤਪਸ਼ ਵਧਾਉਣ ਅਤੇ ਜਾਨਵਰਾਂ, ਮਨੁੱਖਾਂ ਤੇ ਵਾਤਾਵਰਨ ਪ੍ਰਣਾਲੀ ਦੀ ਸਿਹਤ ਲਈ ਖ਼ਤਰੇ ਦਾ ਕਾਰਨ ਬਣਦੀਆਂ ਹਨ।
ਨੁਕਸਾਨ ਘਟਾਉਣ ਦੇ ਤਰੀਕੇ: ਵਿਗਿਆਨੀਆਂ ਨੇ ਖਾਦਾਂ ਰਾਹੀਂ ਨੁਕਸਾਨ ਘਟਾਉਣ ਅਤੇ ਖਾਦਾਂ ਦੀ ਕੁਸ਼ਲਤਾ ਵਧਾਉਣ ਲਈ ਢੁੱਕਵੀਂਆਂ ਕਿਸਮਾਂ, ਦਰਾਂ, ਤਰੀਕਿਆਂ ਅਤੇ ਸਮੇਂ ਦੀ ਪਛਾਣ ਕੀਤੀ ਹੈ। ਨਾਈਟ੍ਰੋਜਨ ਖਾਦ ਤੇ ਫ਼ਸਲਾਂ ਦੀਆਂ ਲੋੜਾਂ ਸਮਕਾਲੀ ਕਰ ਕੇ (ਜਦੋਂ ਫ਼ਸਲ ਤੇਜ਼ੀ ਨਾਲ ਵਧਦੀ ਤੇ ਪੌਸ਼ਟਿਕ ਤੱਤ ਗ੍ਰਹਿਣ ਕਰਦੀ ਹੈ) ਨੁਕਸਾਨ ਘੱਟ ਹੋ ਸਕਦਾ ਹੈ। ਅਲੱਗ ਅਲੱਗ ਫ਼ਸਲਾਂ ਦੀਆਂ ਜੜ੍ਹਾਂ ਦੀ ਕਿਸਮ ਤੇ ਡੂੰਘਾਈ ਅਤੇ ਪੌਸ਼ਟਿਕ ਤੱਤਾਂ ਦੀ ਗਤੀਸ਼ੀਲਤਾ ਡੂੰਘੀ ਜ਼ਮੀਨ ਵੱਲ ਜਾਣ ਨੂੰ ਪ੍ਰਭਾਵਿਤ ਕਰਦੇ ਹਨ। ਘੱਟ ਡੂੰਘੀਆਂ ਜੜ੍ਹਾਂ ਵਾਲੀਆਂ ਫ਼ਸਲਾਂ ਤੋਂ ਬਾਅਦ ਡੂੰਘੀਆਂ ਜੜ੍ਹਾਂ ਵਾਲੀਆਂ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ। ਬਹੁਤ ਜ਼ਿਆਦਾ ਰੇਤਲੀਆਂ ਜ਼ਮੀਨਾਂ ਵਿਚ ਝੋਨਾ ਨਹੀਂ ਉਗਾਉਣਾ ਚਾਹੀਦਾ। ਭਾਰੀ ਸਿੰਜਾਈ ਤੋਂ ਸੰਕੋਚ ਕਰਨਾ ਚਾਹੀਦਾ ਹੈ। ਫਾਸਫੋਰਸ ਖਾਦ ਗਰਮੀਆਂ ਦੀਆਂ ਫ਼ਸਲਾਂ ਵਿਚ ਨਾ ਵਰਤੋ, ਸਿਵਾਇ ਜਦੋਂ ਮਿੱਟੀ ਪਰਖ ਤੋਂ ਪਤਾ ਲੱਗੇ ਜਾਂ ਜ਼ਮੀਨ ਕੱਲਰੀ ਹੋਵੇ। ਗੰਧਕ ਖਾਦ ਸਿਰਫ਼ ਖਾਸ ਫ਼ਸਲਾਂ ਲਈ ਵਰਤੋ। ਇਹ ਸਭ ਜ਼ਮੀਨ ਦੇ ਥੱਲੇ ਅਤੇ ਉੱਪਰ ਜਲ ਸਰੋਤਾਂ ਵਿਚ ਨਾਈਟ੍ਰੋਜਨ, ਫਾਸਫੋਰਸ ਤੇ ਗੰਧਕ ਜਾਣ ਨੂੰ ਠੱਲ੍ਹ ਪਾਉਣਗੇ।
ਰਸਾਇਣਕ ਖਾਦਾਂ ਤੇ ਫ਼ਸਲਾਂ ਦੀ ਰਹਿੰਦ-ਖੂੰਹਦ, ਪਸ਼ੂਆਂ ਦੇ ਪਿਸ਼ਾਬ, ਰੂੜੀ ਆਦਿ ਦੇ ਸੁਮੇਲ ਰਾਹੀਂ ਜ਼ਮੀਨ ਤੇ ਪਾਣੀ ਦੇ ਭੰਡਾਰਾਂ ਦਾ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ।
ਸਬੰਧਿਤ ਵਿਭਾਗਾਂ ਅਤੇ ਸੰਸਥਾਵਾਂ ਵੱਲੋਂ ਕਿਸਾਨਾਂ ਨੂੰ ਭੂਮੀ ਪਰਖ ਆਧਾਰਿਤ ਪ੍ਰਭਾਵੀ ਸਿਫ਼ਾਰਸ਼ਾਂ ਅਤੇ ਲੋੜ ਤੋਂ ਵੱਧ ਤੇ ਗ਼ੈਰ-ਵਾਜਬਿ ਰਸਾਇਣਕ ਖਾਦਾਂ ਵਰਤਣ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨਾ ਸਫ਼ਲਤਾ ਦੀ ਕੁੰਜੀ ਹੈ। ਸਰਕਾਰਾਂ ਨੂੰ ਇਸ ਬਾਰੇ ਦਲੇਰ ਫ਼ੈਸਲੇ ਲੈਣੇ ਜ਼ਰੂਰੀ ਹਨ। ਕਿਸਾਨਾਂ ਨੂੰ ਖਾਦਾਂ ਵੇਚਣ ਵਾਲਿਆਂ ਲਈ ਬਣਦੀ ਸਿਖਲਾਈ ਜ਼ਰੂਰੀ ਹੈ। ਵਿਕਸਤ ਦੇਸ਼ਾਂ ਦੀ ਤਰਜ਼ ’ਤੇ ਕਿਸਾਨਾਂ ਨੂੰ ਖੇਤੀ ਮਾਹਿਰਾਂ ਦੇ ਮਾਰਗਦਰਸ਼ਨ ਨਾਲ ਖਾਦਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਅਮਰੀਕਾ ਵਿਚ ਕਿਸਾਨਾਂ ਨੂੰ ਖਾਦ ਖ਼ਰੀਦਣ ਅਤੇ ਵਰਤਣ ਲਈ ਖੇਤੀ ਮਾਹਿਰਾਂ ਤੋਂ ਸਲਾਹ ਜ਼ਰੂਰੀ ਹੈ। ਕੈਨੇਡਾ ਵਿਚ ਸਰਕਾਰ ਤੇ ਉਦਯੋਗਾਂ ਵੱਲੋਂ ਕਿਸਾਨਾਂ ਨੂੰ ਵਾਤਾਵਰਨ ਪ੍ਰਬੰਧਕ ਯੋਜਨਾਵਾਂ ਬਣਾਉਣ ਲਈ ਉਤਸ਼ਾਹ ਅਤੇ ਸਹਾਇਤਾ ਮਿਲਦੇ ਹਨ। ਕੈਨੇਡਾ ਦੇ ਖਾਦਾਂ ਬਣਾਉਣ ਤੇ ਵੇਚਣ ਵਾਲਿਆਂ ਦੀ ਸੰਸਥਾ ਵੱਲੋਂ ਕਿਸਾਨਾਂ ਲਈ ਕਾਨਫਰੰਸਾਂ ਤੇ ਹੋਰ ਤਰੀਕਿਆਂ ਰਾਹੀਂ ਮਾਰਗਦਰਸ਼ਨ ਅਤੇ ਚਾਰ ਸਿਧਾਂਤਾਂ (ਸਹੀ ਖਾਦ, ਸਹੀ ਦਰ, ਸਹੀ ਸਮਾਂ ਅਤੇ ਸਹੀ ਸਥਾਨ) ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਸਾਰ-ਅੰਸ਼: ਸਹੀ ਰਸਾਇਣਕ ਖਾਦਾਂ ਦੀ ਕਿਸਮ, ਦਰ, ਸਮਾਂ ਤੇ ਜਗ੍ਹਾ, ਫ਼ਸਲੀ ਚੱਕਰ ਅਤੇ ਸਿੰਜਾਈ ਤਰੀਕੇ ਦੇ ਸੁਮੇਲ ਨਾਲ ਜ਼ਮੀਨ ਦੀ ਸਿਹਤ ਤੇ ਪੌਸ਼ਟਿਕ ਤੱਤਾਂ ਦੀ ਹੇਠਾਂ ਵੱਲ ਗਤੀ, ਜਲ ਸਰੋਤਾਂ ਦਾ ਪ੍ਰਦੂਸ਼ਨ ਅਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਰਸਾਇਣਕ ਖਾਦਾਂ ਤੇ ਖੇਤਾਂ ਤੋਂ ਪੈਦਾ ਹੋਏ ਪੌਸ਼ਟਿਕ ਸਰੋਤਾਂ (ਹਰੀ ਖਾਦ, ਰੂੜੀ, ਜਾਨਵਰਾਂ ਦੇ ਪਿਸ਼ਾਬ, ਫ਼ਸਲਾਂ ਦੀ ਰਹਿੰਦ-ਖੂੰਹਦ ਆਦਿ) ਦਾ ਸੁਮੇਲ ਜ਼ਮੀਨ ਦੀ ਸਿਹਤ, ਫ਼ਸਲ ਉਤਪਾਦਨ, ਭੋਜਨ ਸੁਰੱਖਿਆ ਅਤੇ ਵਾਤਾਵਰਨ ਚੰਗਾ ਬਣਾਉਣ ਲਈ ਟਿਕਾਊ ਤੇ ਸੁਚੱਜਾ ਰਾਹ ਹੈ।
*ਸਾਬਕਾ ਡੀਨ (ਖੇਤੀ) ਪੀਏਯੂ, ਲੁਧਿਆਣਾ ਅਤੇ ਬਾਨੀ ਉਪ ਕੁਲਪਤੀ, ਬਾਂਦਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਤਕਨਾਲੋਜੀ, ਉੱਤਰ ਪ੍ਰਦੇਸ਼। ਸੰਪਰਕ: 96468-58598
**ਸਾਬਕਾ ਖੋਜ ਵਿਗਿਆਨੀ (ਇਕਰੀਸੈਟ, ਜ਼ਾਂਬੀਆ ਯੂਨਵਰਸਿਟੀ, ਐਗਰੀਕਲਚਰ ਤੇ ਐਗਰੀ ਫੂਡ ਕੈਨੇਡਾ)। ਸੰਪਰਕ: +1-780-837-1143