ਗੁਰਮੀਤ ਕੜਿਆਲਵੀ
ਅੱਜ ਜਦੋਂ ਵੀ ਕਿਤੇ ਪੁਸਤਕ ਮੇਲਾ ਲੱਗਦਾ ਹੈ ਤਾਂ ਵੀਹ ਤੋਂ ਵੱਧ ਪ੍ਰਕਾਸ਼ਕ ਤੇ ਬੁੱਕ ਸੈੱਲਰ ਉੱਥੇ ਪ੍ਰਦਰਸ਼ਨੀ ਲਾਉਣ ਲਈ ਪਹੁੰਚ ਜਾਂਦੇ ਹਨ। ਵੱਡੇ ਮੇਲਿਆਂ ਵਿਚ ਤਾਂ ਇਹ ਗਿਣਤੀ ਇਸ ਤੋਂ ਵੀ ਵਧੇਰੇ ਹੋ ਜਾਂਦੀ ਹੈ। ਕੋਈ ਵਕਤ ਹੁੰਦਾ ਸੀ ਜਦੋਂ ਪੰਜਾਬ ’ਚ ਦੋ ਹੀ ਬੁੱਕ ਸੈੱਲਰ ਨੁਮਾਇਸ਼ ’ਤੇ ਪਹੁੰਚਦੇ ਹੁੰਦੇ ਸਨ। ਇਕ ਪੰਜਾਬ ਬੁੱਕ ਸੈਂਟਰ ਚੰਡੀਗੜ੍ਹ ਤੇ ਦੂਜਾ ਲੈਨਿਨ ਕਿਤਾਬ ਘਰ ਮਹਿਲ ਕਲਾਂ। ਇਹਨਾਂ ’ਚੋਂ ਵੀ ਪਹਿਲੇ ਨੰਬਰ ਵਾਲੀ ਵੱਡੀ ਸੰਸਥਾ ਹੈ ਜਿਹੜੀ ਚੋਣਵੇਂ ਮੇਲਿਆਂ ਜਾਂ ਸਮਾਗਮਾਂ ’ਤੇ ਹੀ ਪਹੁੰਚਦੀ ਪਰ ਲੈਨਿਨ ਕਿਤਾਬ ਘਰ ਵਾਲਾ ਪ੍ਰੀਤਮ ਦਰਦੀ ਆਪਣਾ ਬੈਨਰ ਲੈ ਕੇ ਹਰ ਛੋਟੇ ਵੱਡੇ ਮੇਲੇ, ਕਾਨਫਰੰਸਾਂ, ਸਾਹਿਤਕ ਇਕੱਠਾਂ, ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਧਰਨਿਆਂ, ਨਾਟਕ ਮੇਲਿਆਂ ’ਚ ਹਾਜ਼ਰ ਰਹਿੰਦਾ। ਇਸ ਸਟਾਲ ਤੋਂ ਤਰਕਸ਼ੀਲਾਂ ਦੀਆਂ ਪੁਸਤਕਾਂ ਵੀ ਮਿਲ ਜਾਂਦੀਆਂ ਤੇ ਦੁਨੀਆ ਦੀਆਂ ਸ਼ਾਹਕਾਰ ਰਚਨਾਵਾਂ ਦਾ ਪੰਜਾਬੀ ਅਨੁਵਾਦ ਵੀ।
ਪ੍ਰੀਤਮ ਸਿੰਘ ਦਰਦੀ ਨੇ ਜਨਵਰੀ 1951 ਵਿਚ ਮਹਿਲ ਕਲਾਂ ਦੇ ਕਾਮਰੇਡ ਮੱਲ ਸਿੰਘ ਅਤੇ ਜੰਗੀਰ ਕੌਰ ਦੇ ਘਰ ਜਨਮ ਲਿਆ। ਦਰਦੀ ਉਦੋਂ ਬਹੁਤ ਛੋਟਾ ਸੀ ਜਦੋਂ ਮਾਂ ਅਗਲੇ ਜਹਾਨ ਤੁਰ ਗਈ। ਉਸ ਨੂੰ ਤਾਂ ਆਪਣੀ ਮਾਂ ਦਾ ਚਿਹਰਾ ਵੀ ਯਾਦ ਨਹੀਂ ਸੀ। ਬਾਪੂ ਨੇ ਦੂਜਾ ਵਿਆਹ ਕਰਵਾ ਲਿਆ। ਉਹ ਇਲਾਕੇ ਦੇ ਸਰਗਰਮ ਕਮਿਊਨਿਸਟ ਕਾਰਕੁਨ ਸਨ ਜਿਸ ਨੂੰ ਪ੍ਰਸਿੱਧ ਗਦਰੀ ਬਾਬੇ ਦੁੱਲਾ ਸਿੰਘ ਜਲਾਲਦੀਵਾਲ ਨੇ ਕਮਿਊਨਿਸਟ ਪਾਰਟੀ ਵਿਚ ਭਰਤੀ ਕੀਤਾ ਸੀ। ਘਰ ਵਿਚ ਉਸ ਸਮੇਂ ਦੇ ਉੱਘੇ ਕਮਿਊਨਿਸਟ ਆਗੂਆਂ ਦਾ ਆਉਣ ਜਾਣ ਰਹਿੰਦਾ। ਪ੍ਰੀਤਮ ਸਿੰਘ ਆਪਣੇ ਬਾਪ ਨਾਲ ਨੇੜੇ ਤੇੜੇ ਹੁੰਦੀਆਂ ਪਾਰਟੀ ਕਾਨਫਰੰਸਾਂ ਅਤੇ ਨਾਟਕ ਮੇਲਿਆਂ ਵਿਚ ਜਾਂਦਾ ਰਹਿੰਦਾ। ਪਰਿਵਾਰਕ ਮਾਹੌਲ ਅਤੇ ਆਲੇ ਦੁਆਲੇ ਵਿਚੋਂ ਮਿਲਦੀ ਸੰਗਤ ਨੇ ਪ੍ਰੀਤਮ ਨੂੰ ਛੋਟੀ ਉਮਰ ਵਿਚ ਹੀ ਕਮਿਊਨਿਸਟ ਵਿਚਾਰਧਾਰਾ ਨਾਲ ਜੋੜ ਦਿੱਤਾ। ਉਸ ਵੇਲੇ ਦੇ ਆਗੂਆਂ ਦਾ ਲਾਸਾਨੀ ਜੀਵਨ ਉਸ ਲਈ ਪ੍ਰੇਰਨਾ ਸ੍ਰੋਤ ਬਣਿਆ। ਇਹਨਾਂ ਆਗੂਆਂ ਦਾ ਲੋਕਾਂ ਵਿਚ ਬਹੁਤ ਸਤਿਕਾਰ ਸੀ।
1962 ਦੀਆਂ ਅਸੈਂਬਲੀ ਚੋਣਾਂ ਵੇਲੇ ਪ੍ਰੀਤਮ ਅਜੇ ਗਿਆਰਾਂ ਸਾਲ ਦਾ ਸੀ ਜਦੋਂ ਉਹ ਸਾਈਕਲ ਦੇ ਹੈਂਡਲ ਨਾਲ ਲਾਲ ਝੰਡੀ ਬੰਨ੍ਹ ਕੇ ਕਾਮਰੇਡ ਹਰਨਾਮ ਸਿੰਘ ਚਮਕ ਦੀ ਚੋਣ ਮੁਹਿੰਮ ਲਈ ਪਿੰਡਾਂ ਵਿਚ ਗੇੜੇ ਦਿੰਦਾ ਰਿਹਾ। ਕਾਮਰੇਡ ਚਮਕ ਜੇਤੂ ਰਹੇ ਪਰ ਕਿਸੇ ਕਾਰਨ ਚਮਕ ਜੀ ਦੀ ਚੋਣ ਰੱਦ ਹੋ ਗਈ ਤਾਂ 1964 ਵਿਚ ਇਸ ਸੀਟ ’ਤੇ ਮੁੜ ਚੋਣ ਹੋਈ। ਪ੍ਰਤਾਪ ਸਿੰਘ ਕੈਰੋਂ ਉਦੋਂ ਮੁੱਖ ਮੰਤਰੀ ਸੀ ਤੇ ਧੱਕੜ ਕਾਂਗਰਸੀ ਨੇਤਾ ਵਜੋਂ ਜਾਣਿਆ ਜਾਂਦਾ ਸੀ। ਉਹਨੇ ਕਾਂਗਰਸੀ ਉਮੀਦਵਾਰ ਰਣਜੀਤ ਸਿੰਘ ਨੈਣੇਵਾਲੀਆ ਨੂੰ ਜਿਤਾਉਣ ਲਈ ਇਕ ਮਹੀਨਾ ਇਸ ਸੀਟ ’ਤੇ ਡੇਰੇ ਲਾਈ ਰੱਖੇ। ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਨੇ ਸੱਤਾ ਦੇ ਜ਼ੋਰ ਨਾਲ ਪ੍ਰੀਤਮ ਦਰਦੀ ਦੇ ਘਰ ਤੋਂ ਲਾਲ ਝੰਡਾ ਲਹਾਉਣ ਲਈ ਡਰ, ਲਾਲਚ, ਧਮਕੀਆਂ ਸਮੇਤ ਬਹੁਤ ਸਾਰੇ ਹੀਲੇ ਵਸੀਲੇ ਵਰਤੇ ਪਰ ਕਾਮਰੇਡ ਮੱਲ ਸਿੰਘ ਦਾ ਪਰਿਵਾਰ ਆਪਣੀ ਪਾਰਟੀ ਨਾਲ ਡਟ ਕੇ ਖੜ੍ਹਿਆ ਰਿਹਾ।
ਪ੍ਰੀਤਮ ਸੀਪੀਆਈ ਦਾ ਕਾਰਡ ਹੋਲਡਰ ਸੀ। ਸਮਰਪਿਤ ਤੇ ਸੱਚਾ ਸੁੱਚਾ ਵਰਕਰ। ਉਹਨੇ ਸੰਗਰੂਰ ਪਾਰਲੀਮੈਂਟ ਚੋਣ ਵੇਲੇ ਤੇਜਾ ਸਿੰਘ ਸੁਤੰਤਰ ਲਈ ਦਿਨ ਰਾਤ ਇਕ ਕੀਤਾ। ਉਦੋਂ ਪਾਰਟੀ ਕੋਲ ਪ੍ਰਚਾਰ ਲਈ ਮਹਿਲ ਕਲਾਂ ਵਿਧਾਨ ਸਭਾ ਹਲਕੇ ਵਿਚ ਇਕ ਹੀ ਪੈਟਰੋਲ ਗੱਡੀ ਸੀ ਪਰ ਪੂਰੇ ਹਲਕੇ ’ਚੋਂ ਤੇਲ ਨਹੀਂ ਸੀ ਮਿਲਦਾ। ਦਰਦੀ ਸਾਰਾ ਦਿਨ ਪ੍ਰਚਾਰ ਕਰਦਾ ਤੇ ਆਥਣੇ ਅਖੀਰਲੀ ਬੱਸੇ ਜਾ ਕੇ ਬਰਨਾਲੇ ਤੋਂ ਤੇਲ ਲੈ ਕੇ ਆਉਂਦਾ। ਉਨ੍ਹੀਂ ਦਿਨੀਂ ਕਮਿਊਨਿਸਟ ਸਾਈਕਲਾਂ ’ਤੇ ਹੀ ਚੋਣ ਜਿੱਤ ਲੈਂਦੇ ਹੁੰਦੇ ਸਨ। ਪਾਰਟੀ ਕੋਲ ਨੇਤਾ ਘੱਟ, ਵਰਕਰ ਬਹੁਤੇ ਹੁੰਦੇ। ਇਸ ਚੋਣ ਵਿਚ ਦਰਦੀ ਵਧੀਆ ਬੁਲਾਰੇ ਵਜੋਂ ਉੱਭਰਿਆ। ਉਸ ਦੀ ਜਾਣ-ਪਛਾਣ ਕਾਮਰੇਡ ਛੱਜੂ ਮੱਲ ਵੈਦ ਵਰਗੇ ਸਮਰਪਿਤ ਕਾਮਰੇਡਾਂ ਨਾਲ ਹੋਈ।
ਪ੍ਰੀਤਮ ਨੇ ਨਕਸਲੀ ਲਹਿਰ ਵੇਲੇ ਪੁਲੀਸ ਤਸ਼ੱਦਦ ਵੀ ਪਿੰਡੇ ’ਤੇ ਹੰਢਾਇਆ। ਨੌਜਵਾਨਾਂ ਦੇ ਨਾਜਾਇਜ਼ ਪੁਲੀਸ ਮੁਕਾਬਲਿਆਂ ਖ਼ਿਲਾਫ ਇਸ਼ਤਿਹਾਰ ਲਾਉਣ ਦੇ ਦੋਸ਼ ਹੇਠ ਪੁਲਿਸ ਨੇ ਉਸ ਨੂੰ ਫੜ ਲਿਆ ਤੇ ਤਸ਼ੱਦਦ ਕੀਤਾ। ਘਰ-ਬਾਰ ਚਲਾਉਣ ਲਈ ਦਰਦੀ ਦੇ ਪਰਿਵਾਰ ਕੋਲ ਦਾਣੇ ਕੱਢਣ ਵਾਲੀ ਮਸ਼ੀਨ ਸੀ ਜਿਸ ਨੂੰ ਪਿੰਡਾਂ ਵਾਲੇ ਡਰੰਮੀ ਆਖਦੇ। 17 ਮਈ 1975 ਵਾਲੇ ਦਿਨ ਇਸ ਡਰੰਮੀ ਵਿਚ ਰੁੱਗ ਲਾਉਂਦਿਆਂ ਟੋਕੇ ਵਿਚ ਆ ਕੇ ਉਹਦੀ ਬਾਂਹ ਕੱਟੀ ਗਈ। ਫਿਰ ਇਸੇ ਸਾਲ ਉਹ ਘਰ ਦੇ ਸਾਰੇ ਝਮੇਲੇ ਛੱਡ ਕੇ ਕੁਲਵਕਤੀ ਬਣ ਗਿਆ। ਬਾਪੂ ਦੇ ਆਖੇ ਦਰਦੀ ਨੇ ਕਿਤਾਬਾਂ ਦਾ ਕੰਮ ਚਾਲੂ ਕਰ ਲਿਆ। ਮਹਿਲ ਕਲਾਂ ਦੇ ਐਨ ਚੌਕ ਵਿਚ ਲੈਨਿਨ ਕਿਤਾਬ ਘਰ ਦਾ ਲੱਗਾ ਫੱਟਾ ਆਉਣ ਜਾਣ ਵਾਲਿਆਂ ਦਾ ਧਿਆਨ ਖਿੱਚਣ ਲੱਗਾ।
ਸ਼ੁਰੂ ਵਿਚ ਦਰਦੀ ਨੇ ਮਾਰਕਸਵਾਦ ਦੀਆਂ ਕਿਤਾਬਾਂ ਰੱਖੀਆਂ ਜਿਹੜੀਆਂ ਰਾਦੂਗਾ ਪ੍ਰਕਾਸ਼ਨ ਤੋਂ ਛਪੀਆਂ ਹੁੰਦੀਆਂ। ਇਨ੍ਹਾਂ ਦੇ ਟਾਈਟਲ ਆਮ ਕਰਕੇ ਲਾਲ ਰੰਗੇ ਹੁੰਦੇ। ਹੌਲੀ ਹੌਲੀ ਲੈਨਿਨ ਕਿਤਾਬ ਘਰ ਦੇ ਸਟਾਲ ’ਤੇ ਹੋਰ ਕਿਤਾਬਾਂ ਅਤੇ ਅਤੇ ਜਸਵੰਤ ਸਿੰਘ ਕੰਵਲ ਦੇ ‘ਲਹੂ ਦੀ ਲੋਅ’, ‘ਰਾਤ ਬਾਕੀ ਹੈ’ ਵਰਗੇ ਨਾਵਲ ਦਿਖਾਈ ਦੇਣ ਲੱਗੇ। ਉਹ ਆਪਣੀ ਸਟਾਲ ’ਤੇ ਕੇਵਲ ਅਗਾਂਹਵਧੂ ਕਿਤਾਬਾਂ ਹੀ ਰੱਖਦਾ। ਰੁੁਪਏ ਪੈਸੇ ਨੂੰ ਉਹਨੇ ਕਦੇ ਬਹੁਤੀ ਮਹੱਤਤਾ ਨਹੀਂ ਦਿੱਤੀ। ਉਹ ਮਾਣ ਨਾਲ ਆਖਦਾ ਹੁੰਦਾ ਸੀ, “ਪੰਜਾਹ ਸਾਲ ਹੋਗੇ ਕਿਤਾਬਾਂ ਵੇਚਦੇ ਨੂੰ, ਕਦੇ ਮਾੜੀ ਕਿਤਾਬ ਨੀ ਵੇਚੀ।”
ਪ੍ਰੀਤਮ ਦਰਦੀ ਨੇ ਭਲੇ ਵੇਲਿਆਂ ਵਿਚ ਸ਼ੋਲੋਖੋਵ ਦਾ ਸੰਸਾਰ ਪ੍ਰਸਿੱਧ ਸ਼ਾਹਕਾਰ ‘ਤੇ ਡਾਨ ਵਹਿੰਦਾ ਰਿਹਾ’ ਗਿਆਰਾਂ ਰੁਪਏ ’ਚ ਵੇਚਿਆ ਜੋ ਹੁਣ ਪੰਦਰਾਂ ਸੌ ਤੋਂ ਵੀ ਉਤੇ ਹੈ। ‘ਅਸਲੀ ਇਨਸਾਨ ਦੀ ਕਹਾਣੀ’ 6 ਰੁਪਏ ਵਿਚ ਅਤੇ ਗੋਰਕੀ ਦੀ ਸ਼ਾਹਕਾਰ ਕਿਰਤ ‘ਮਾਂ’ 7 ਰੁਪਏ ਵਿਚ ਪਾਠਕਾਂ ਤੱਕ ਪਹੁੰਚਾਈ। ਪਾਠਕ ਤੇ ਲੇਖਕ ਪੁਰਾਣੀਆਂ ਤੇ ਨਾਯਾਬ ਕਿਤਾਬਾਂ ਖਰੀਦਣ ਉਹਦੇ ਸਟਾਲ ’ਤੇ ਆਉਂਦੇ। ਉਹ ਕਿਤਾਬਾਂ ਭਾਲ ਭਾਲ ਲਿਆਉਂਦਾ ਤੇ ਪਾਠਕਾਂ ਤੱਕ ਪਹੁੰਚਾਉਂਦਾ। ਉਹ ਬੜਾ ਹੁੱਬ ਕੇ ਦੱਸਦਾ, “ਆਰਸੀ ਪ੍ਰਕਾਸ਼ਨ ਵਾਲੇ ਦਿੱਲੀਓਂ ਉਚੇਚੇ ਦੇਖਣ ਆਏ ਕਿ ਪਛੜੇ ਜਿਹੇ ਪਿੰਡ ਵਿਚ ਬੈਠਾ ਬੰਦਾ ਐਨਾ ਸਾਹਿਤ ਕਿਵੇਂ ਵੇਚ ਰਿਹਾ। ਉਦੋਂ ਹਫਤੇ ’ਚ ਦੋ ਵਾਰ ਤਾਂ ਦਿੱਲੀਓਂ ਕਿਤਾਬਾਂ ਦੀ ਬਿਲਟੀ ਆਉਂਦੀ ਸੀ।”
ਕਿਤਾਬਾਂ ਵਾਲਾ ਪ੍ਰੀਤਮ ਲੋਕ ਘੋਲਾਂ ਦਾ ਸਿਪਾਹੀ ਸੀ। ਉਹ ਸੀਪੀਆਈ ਦੇ ਹਰ ਮੋਰਚੇ ’ਚ ਅੱਗੇ ਹੋ ਕੇ ਲੜਦਾ ਰਿਹਾ। ਮਹਿੰਗਾਈ ਵਿਰੁੱਧ ਮੋਰਚੇ ਵੇਲੇ ਉਹ ਸੰਗਰੂਰ ਜੇਲ੍ਹ ’ਚ ਬੰਦ ਰਿਹਾ। ਕਿਰਨਜੀਤ ਕਤਲ ਕੇਸ ਵਾਲੇ ਘੋਲ ਸਮੇਂ 14 ਮੈਂਬਰੀ ਸੰਘਰਸ਼ ਕਮੇਟੀ ਦਾ ਮੈਂਬਰ ਸੀ। ਕਿਰਪਾਲ ਸਿੰਘ ਵਾਲਾ ਪਿੰਡ ’ਚ ਮਜ਼ਦੂਰ ਦੀ ਮੌਤ ਵੇਲੇ ਵੀ ਉਹਨੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੋਹਰੇ ਹੋ ਕੇ ਘੋਲ ਲੜਿਆ। ਉਹ ਧਰਤੀ ਦਾ ਪੁੱਤ ਸੀ ਜਿਸ ਨੂੰ ਸ਼ਕਤੀ ਆਪਣੇ ਵਿਰਸੇ ਅਤੇ ਸਾਹਿਤਕ ਕਿਤਾਬਾਂ ਤੋਂ ਮਿਲਦੀ ਸੀ।
ਦਰਦੀ ਨੇ ਸ਼ਾਇਰ ਸੰਤ ਰਾਮ ਉਦਾਸੀ ਨਾਲ ਵੀ ਨੇੜਤਾ ਹੰਢਾਈ। ਉਸ ਕੋਲ ਉਦਾਸੀ ਦੀਆਂ ਬੜੀਆਂ ਯਾਦਾਂ ਸਨ ਪਰ ਲਿਖਣ ਦਾ ਸਬਬ ਨਾ ਬਣਿਆ। ਉਹ ਸਾਹਿਤ ਸਿਰਜਕ ਨਹੀਂ ਸੀ। ਉਹ ਪਾਠਕਾਂ ਤੱਕ ਕਲਾਸਿਕ ਸਾਹਿਤ ਪਹੁੰਚਾਉਣ ਵਾਲਾ ਸਫ਼ੀਰ ਸੀ। ਉਹਨੇ ਰਾਮ ਲਾਲ ਪ੍ਰੇਮੀ ਨਾਲ ਰਲ ਕੇ ‘ਬਾਗ਼ੀ ਪੌਣਾਂ’ ਕਿਤਾਬ ਸੰਪਾਦਿਤ ਕਰਕੇ ਛਾਪੀ। ਫਿਰ ਸੁਰਜੀਤ ਤਲਵਾਰ ਤੋਂ ਸਟਾਲਿਨ ਦੀ ਜੀਵਨੀ ਅਨੁਵਾਦ ਕਰਵਾ ਕੇ ਛਾਪੇ ਚਾੜ੍ਹੀ। ਜਰਨੈਲ ਸਿੰਘ ਅੱਚਰਵਾਲ ਅਤੇ ਧਰਮ ਕੰਮੇਆਣਾ ਦੀਆਂ ਕਿਤਾਬਾਂ ਛਾਪੀਆਂ। ਅੱਜ ਦੇ ਚਰਚਿਤ ਗੀਤਕਾਰ ਅਮਰਦੀਪ ਗਿੱਲ, ਮੋਹਨ ਮਤਿਆਲਵੀ ਤੇ ਮਨਜੀਤ ਕਾਦਰ ਦੀ ਸਾਂਝੀ ਕਿਤਾਬ ‘ਵਰਤਮਾਨ ਦਾ ਜਨਾਜ਼ਾ’ ਦਰਦੀ ਨੇ ਹੀ ਛਾਪੀ ਸੀ। ਦਰਦੀ ਦਾ ਲੈਨਿਨ ਕਿਤਾਬ ਘਰ ਮੇਰੇ ਵਰਗੇ ਬੇਰੁਜ਼ਗਾਰਾਂ ਅਤੇ ਮਜ਼ਦੂਰਾਂ ਨੂੰ ਵੀ ਪੜ੍ਹਨ ਜੋਗਾ ਸਾਹਿਤ ਮੁਹੱਈਆ ਕਰਵਾ ਦਿੰਦਾ ਸੀ। ਉਹਨੂੰ ਮਾਣ ਸੀ ਕਿ ਉਹਨੇ ਹਜ਼ਾਰਾਂ ਨਵੇਂ ਪਾਠਕ ਪੈਦਾ ਕੀਤੇ।
ਪਿਛਲੇ ਸਮੇਂ ਦੌਰਾਨ ਉਸ ’ਤੇ ਅਧਰੰਗ ਦਾ ਹਮਲਾ ਹੋਇਆ। ਉਹ ਕਿੰਨਾ ਚਿਰ ਮੰਜੇ ਨਾਲ ਮੰਜਾ ਹੋਇਆ ਰਿਹਾ ਪਰ ਆਪਣੀ ਇੱਛਾ ਸ਼ਕਤੀ ਨਾਲ ਫੇਰ ਕਿਤਾਬਾਂ ਦੇ ਪਿੜ ’ਚ ਆ ਗਿਆ। ਉਹਦੀ ਸਿਹਤ ਢਿੱਲੀ ਰਹਿੰਦੀ ਸੀ ਪਰ ਉਹ ਕਦੇ ਢਿੱਲੀ ਗੱਲ ਨਹੀਂ ਸੀ ਕਰਦਾ। ਉਸ ਕੋਲ ਲੈਨਿਨ ਕਿਤਾਬ ਘਰ ਦੀ ਚੜ੍ਹਤ ਦੇ ਦਿਨਾਂ ਦਾ ਅਣਮੁੱਲ ਸਰਮਾਇਆ ਸੀ। ਲੋਕਤਾ ਨੂੰ ਸਮਰਪਿਤ ਇਹ ਸੱਜਣ ਇਸ ਦੁਨੀਆ ਤੋਂ ਚਲੇ ਜਾਣ ਬਾਅਦ ਵੀ ਲੋਕਤਾ ਨੂੰ ਸਮਰਪਿਤ ਰਹੇਗਾ। ਉਸ ਦੀ ਦੇਹ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਪਾੜ੍ਹਿਆਂ ਨੂੰ ਖੋਜ ਕਾਰਜਾਂ ਵਿਚ ਸਹਾਇਤਾ ਕਰਦੀ ਰਹੇਗੀ।
ਸੰਪਰਕ: 98726-40994